ਅਪਰਾਧੀਆਂ ਦੇ ਹੌਸਲੇ ਬੁਲੰਦ: ਉਂਗਲ ਵੱਢ ਕੇ ਅੰਗੂਠੀ ਲੁੱਟੀ, ਬਜ਼ੁਰਗ ਦੀ ਮੌਤ
ਜ਼ਖਮੀ ਹੋਏ ਬਜ਼ੁਰਗ ਜਗੀਰ ਸਿੰਘ (60) ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੰਡਿਆਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਜਿੱਥੇ ਲੁਟੇਰਿਆਂ ਨੇ ਇੱਕ ਬਜ਼ੁਰਗ ਵਿਅਕਤੀ ਦੀ ਉਂਗਲ ਵੱਢ ਕੇ ਸੋਨੇ ਦੀ ਅੰਗੂਠੀ ਲੁੱਟ ਲਈ। ਜ਼ਖਮੀ ਹੋਏ ਬਜ਼ੁਰਗ ਜਗੀਰ ਸਿੰਘ (60) ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਪਰਿਵਾਰਕ ਮੈਂਬਰਾਂ ਅਨੁਸਾਰ, ਇਹ ਘਟਨਾ 16 ਸਤੰਬਰ ਨੂੰ ਵਾਪਰੀ, ਜਦੋਂ ਜਗੀਰ ਸਿੰਘ ਆਪਣੇ ਘਰ ਵਿੱਚ ਸੁੱਤੇ ਪਏ ਸਨ। ਰਾਤ ਨੂੰ ਲੁਟੇਰਿਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਅੰਗੂਠੀ ਉਤਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਅੰਗੂਠੀ ਫਸੀ ਰਹਿ ਗਈ, ਤਾਂ ਉਨ੍ਹਾਂ ਨੇ ਬਜ਼ੁਰਗ ਦੀ ਉਂਗਲ ਨੂੰ ਚਾਕੂ ਨਾਲ ਵੱਢ ਦਿੱਤਾ। ਲੁਟੇਰੇ ਅੰਗੂਠੀ ਦੇ ਨਾਲ-ਨਾਲ ਉਨ੍ਹਾਂ ਦੀ ਜੇਬ ਵਿੱਚੋਂ ₹40,000 ਦੀ ਨਕਦੀ ਵੀ ਲੈ ਕੇ ਫਰਾਰ ਹੋ ਗਏ।
ਪਰਿਵਾਰਕ ਮੈਂਬਰਾਂ ਨੇ ਰੌਲਾ ਸੁਣ ਕੇ ਤੁਰੰਤ ਜਗੀਰ ਸਿੰਘ ਨੂੰ ਹਸਪਤਾਲ ਪਹੁੰਚਾਇਆ, ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ 19 ਸਤੰਬਰ ਨੂੰ ਚੱਲ ਵਸੇ। ਥਾਣਾ ਘਰਿੰਡਾ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਘਟਨਾ ਨੇ ਪੰਜਾਬ ਵਿੱਚ ਵੱਧ ਰਹੇ ਅਪਰਾਧਾਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।