UK ਜਾ ਰਿਹਾ plane ਬਣਿਆ ਜੰਗ ਦਾ ਮੈਦਾਨ
35 ਹਜ਼ਾਰ ਫੁੱਟ ਦੀ ਉਚਾਈ 'ਤੇ ਉਡਦੇ ਜਹਾਜ਼ ਵਿਚ ਮੁਸਾਫ਼ਰਾਂ ਦੇ ਘਸੁੰਨ-ਮੁੱਕੀ ਹੋਣ ਦੀ ਹੈਰਾਨਕੁੰਨ ਘਟਨਾ ਸਾਹਮਣੇ ਆਈ ਹੈ
ਲੰਡਨ : 35 ਹਜ਼ਾਰ ਫੁੱਟ ਦੀ ਉਚਾਈ 'ਤੇ ਉਡਦੇ ਜਹਾਜ਼ ਵਿਚ ਮੁਸਾਫ਼ਰਾਂ ਦੇ ਘਸੁੰਨ-ਮੁੱਕੀ ਹੋਣ ਦੀ ਹੈਰਾਨਕੁੰਨ ਘਟਨਾ ਸਾਹਮਣੇ ਆਈ ਹੈ। ਜੀ ਹਾਂ, ਤੁਰਕੀ ਤੋਂ ਯੂ.ਕੇ. ਦੇ ਮਾਨਚੈਸਟਰ ਹਵਾਈ ਅੱਡੇ ਵੱਲ ਜਾ ਰਹੇ ਹਵਾਈ ਜਹਾਜ਼ ਵਿਚ ਵਾਪਰੇ ਘਟਨਾਕ੍ਰਮ ਦੌਰਾਨ ਇਕ ਜਾਂ ਦੋ ਨਹੀਂ ਸਗੋਂ ਵੱਡੀ ਗਿਣਤੀ ਵਿਚ ਮੁਸਾਫ਼ਰਾਂ ਦੀ ਸ਼ਮੂਲੀਅਤ ਦੇਖੀ ਜਾ ਸਕਦੀ ਹੈ ਅਤੇ ਔਰਤਾਂ ਦੀਆਂ ਚੀਕਾਂ ਸਾਫ਼ ਸੁਣੀਆਂ ਜਾ ਸਕਦੀਆਂ ਹਨ। ਹਾਲਾਤ ਐਨੇ ਬੇਕਾਬੂ ਹੋ ਗਏ ਕਿ ਜਹਾਜ਼ ਨੂੰ ਹੰਗਾਮੀ ਹਾਲਾਤ ਵਿਚ ਬ੍ਰਸਲਜ਼ ਹਵਾਈ ਅੱਡੇ 'ਤੇ ਉਤਾਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਝਗੜੇ ਦੀ ਸ਼ੁਰੂਆਤ ਇਕ ਮੁਸਾਫ਼ਰ ਵੱਲੋਂ ਦੂਜੇ ਦਾ ਫੋਨ ਖੋਹਣ ਦੇ ਯਤਨ ਤੋਂ ਹੋਈ। ਜਹਾਜ਼ ਵਿਚ ਮੌਜੂਦ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫ਼ਰਸ਼ ਅਤੇ ਸੀਟਾਂ 'ਤੇ ਖੂਨ ਦੇ ਛਿੱਟੇ ਸਾਫ਼ ਨਜ਼ਰ ਆ ਰਹੇ ਸਨ।
2 ਸ਼ਰਾਬੀਆਂ ਨੇ ਕੁੱਟੇ ਦਰਜਨ ਤੋਂ ਵੱਧ ਮੁਸਾਫ਼ਰ
ਬ੍ਰਸਲਜ਼ ਹਵਾਈ ਅੱਡੇ 'ਤੇ ਲੈਡਿੰਗ ਮਗਰੋਂ ਪੁਲਿਸ ਜਹਾਜ਼ ਵਿਚ ਦਾਖਲ ਹੋਈ ਅਤੇ ਘੱਟੋ ਘੱਟ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰੀ ਕੀਤੇ ਮੁਸਾਫ਼ਰ ਸ਼ਰਾਬੀ ਹਾਲਤ ਵਿਚ ਸਨ ਅਤੇ ਹਾਲਾਤ ਵਿਗੜਨ ਤੋਂ ਪਹਿਲਾਂ ਨਸਲੀ ਟਿੱਪਣੀਆਂ ਵੀ ਸੁਣਨ ਨੂੰ ਮਿਲੀਆਂ। ਝਗੜਾ ਵਧਣ ਕਰ ਕੇ ਪਰਵਾਰ ਸਣੇ ਸਫ਼ਰ ਕਰ ਰਹੇ ਮੁਸਾਫ਼ਰਾਂ ਦੀਆਂ ਚਿੰਤਾਵਾਂ ਵਧ ਗਈਆਂ। ਇਕ ਮੁਸਾਫ਼ਰ ਨੇ ਦੱਸਿਆ ਕਿ ਕੁਝ ਲੋਕਾਂ ਨੇ ਝਗੜਾ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਰਾਬੀ ਦੇ ਨਸ਼ੇ ਵਿਚ ਟੱਲੀ ਖਰੂਦੀਆਂ ਨੇ ਉਨ•ਾਂ ਨੂੰ ਵੀ ਖਿੱਚਣ ਦਾ ਯਤਨ ਕੀਤਾ। ਜਹਾਜ਼ ਦੇ ਪਾਇਲਟ ਨੇ ਕਿਹਾ ਕਿ ਉਸ ਨੇ ਆਪਣੀ 30 ਸਾਲ ਦੀ ਨੌਕਰੀ ਦੌਰਾਨ ਕਦੇ ਵੀ ਅਜਿਹਾ ਮਾਹੌਲ ਨਹੀਂ ਦੇਖਿਆ ਅਤੇ ਨਾ ਹੀ ਭਵਿੱਖ ਵਿਚ ਕਦੇ ਦੇਖਣਾ ਚਾਹੇਗਾ। ਮਾਮਲਾ ਠੰਢਾ ਹੋਣ ਮਗਰੋਂ ਜੈਟ-2 ਦੀ ਫਲਾਈਟ ਯੂ.ਕੇ. ਵੱਲ ਰਵਾਨਾ ਹੋ ਗਈ ਪਰ ਪੂਰਾ ਜਹਾਜ਼ ਸਿਰ 'ਤੇ ਚੁੱਕਣ ਵਾਲੇ ਮੁਸਾਫ਼ਰ ਹੁਣ ਕੇ ਵੀ ਹਵਾਈ ਸਫ਼ਰ ਨਹੀਂ ਕਰ ਸਕਣਗੇ।
ਬੈਲਜੀਅਮ ਵਿਚ ਕਰਵਾਉਣੀ ਪਈ ਐਮਰਜੰਸੀ ਲੈਂਡਿੰਗ
ਦੂਜੇ ਪਾਸੇ ਅਫ਼ਰੀਕਾ ਮਹਾਂਦੀਪ ਵਿਚ ਇਕ ਹਵਾਈ ਜਹਾਜ਼ ਦੀ ਕ੍ਰੈਸ਼ ਲੈਂਡਿੰਗ ਹੋਣ ਦੀ ਰਿਪੋਰਟ ਹੈ ਜਿਥੇ ਦਰਜਨਾਂ ਮੁਸਾਫ਼ਰ ਵਾਲ-ਵਾਲ ਬਚ ਗਏ। ਸੋਮਾਲੀਆ ਦੇ ਮੋਗਾਦੀਸ਼ੂ ਹਵਾਈ ਅੱਡੇ ਤੋਂ ਟੇਕ ਔਫ਼ ਕਰ ਰਹੇ ਹਵਾਈ ਜਹਾਜ਼ ਵਿਚ ਅਚਨਚੇਤ ਤਕਨੀਕੀ ਖਰਾਬੀ ਆਉਣ ਕਰ ਕੇ ਸਮੁੰਦਰੀ ਕੰਢੇ 'ਤੇ ਕਰੈਸ਼ ਲੈਂÎਡਿੰਗ ਕਰਵਾਉਣੀ ਪਈ। ਹਾਦਸੇ ਵੇਲੇ ਜਹਾਜ਼ ਵਿਚ 50 ਮੁਸਾਫ਼ਰ ਅਤੇ 5 ਕਰੂ ਮੈਂਬਰ ਸਵਾਰ ਸਨ। ਸੋਮਾਲੀਆ ਦੀ ਸਿਵਲ ਐਵੀਏਸ਼ਨ ਅਥਾਰਿਟੀ ਨੇ ਦੱਸਿਆ ਕਿ ਤਕਨੀਕੀ ਖਰਾਬੀ ਮਗਰੋਂ ਜਹਾਜ਼ ਨੂੰ ਰਨਵੇਅ 'ਤੇ ਉਤਾਰਨ ਦਾ ਯਤਨ ਕੀਤਾ ਗਿਆ ਪਰ ਇਹ ਅੱਗੇ ਨਿਕਲ ਗਿਆ ਅਤੇ ਡੂੰਘੇ ਪਾਣੀ ਵਿਚ ਜਾ ਕੇ ਹੀ ਰੁਕਿਆ। ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ।