America : ਇੰਮੀਗ੍ਰੇਸ਼ਨ officers ਨੇ ਘੇਰਿਆ ਪੰਜਾਬੀ
ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਪੰਜਾਬੀ ਨੌਜਵਾਨ ਨੂੰ ਰੇਂਜ ਰੋਵਰ ਦੀ ਡਰਾਈਵਿੰਗ ਰਾਸ ਨਾ ਆਈ ਅਤੇ ਹੁਣ ਉਸ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ
ਕੋਲੰਬਸ : ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਪੰਜਾਬੀ ਨੌਜਵਾਨ ਨੂੰ ਰੇਂਜ ਰੋਵਰ ਦੀ ਡਰਾਈਵਿੰਗ ਰਾਸ ਨਾ ਆਈ ਅਤੇ ਹੁਣ ਉਸ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜੀ ਹਾਂ, ਓਹਾਇਓ ਸੂਬੇ ਦੀ ਡਾਰਕ ਕਾਊਂਟੀ ਵਿਚ ਵਾਪਰੇ ਦਰਦਨਾਕ ਹਾਦਸੇ ਦੌਰਾਨ 33 ਸਾਲਾ ਤਰਸੇਮ ਸਿੰਘ ਨੇ ਕਥਿਤ ਤੌਰ ’ਤੇ ਅੰਨ੍ਹੇਵਾਹ ਗੱਡੀ ਚਲਾਉਂਦਿਆਂ ਇਕ ਜੀਪ ਨੂੰ ਟੱਕਰ ਮਾਰ ਦਿਤੀ ਜਿਸ ਵਿਚ ਸਵਾਰ 17 ਸਾਲਾ ਗਰਭਵਤੀ ਕੁੜੀ ਬੁੜਕ ਕੇ ਬਾਹਰ ਜਾ ਡਿੱਗੀ ਅਤੇ ਮੌਕੇ ’ਤੇ ਦਮ ਤੋੜ ਗਈ। ਹਾਦਸੇ ਦੌਰਾਨ ਤਰਸੇਮ ਸਿੰਘ ਵੀ ਜ਼ਖ਼ਮੀ ਹੋਇਆ ਪਰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਪੁਲਿਸ ਨੇ ਫੜ ਕੇ ਜੇਲ ਭੇਜ ਦਿਤਾ। ਪੁਲਿਸ ਮੁਤਾਬਕ ਹਾਦਸੇ ਵੇਲੇ ਤਰਸੇਮ ਸਿੰਘ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਤਰਸੇਮ ਸਿੰਘ ਨੂੰ ਵੀਡੀਓ ਕਾਨਫਰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ। ਤਰਸੇਮ ਸਿੰਘ ਵਿਰੁੱਧ ਗੈਰ-ਇਰਾਦਤਨ ਹੱਤਿਆ, ਲਾਪ੍ਰਵਾਹੀ ਨਾਲ ਡਰਾਈਵਿੰਗ ਕਰਦਿਆਂ ਮੌਤ ਦਾ ਜ਼ਿੰਮੇਵਾਰ ਹੋਣ, ਵਹੀਕੁਲ ਹੌਮੀਸਾਈਡ ਅਤੇ ਪੁਲਿਸ ਅਫ਼ਸਰ ਵੱਲੋਂ ਰੁਕਣ ਦੇ ਇਸ਼ਾਰੇ ਦੀ ਪਾਲਣਾ ਨਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।
ਹਾਦਸੇ ਦੌਰਾਨ 17 ਸਾਲਾ ਗਰਭਵਤੀ ਨੇ ਤੋੜਿਆ ਸੀ ਦਮ
ਜ਼ਮਾਨਤ ’ਤੇ ਰਿਹਾਈ ਵਾਸਤੇ ਤਰਸੇਮ ਸਿੰਘ ਨੂੰ 10 ਲੱਖ ਡਾਲਰ ਦਾ ਬੌਂਡ ਭਰਨਾ ਹੋਵੇਗਾ ਅਤੇ ਆਈਸ ਵੱਲੋਂ ਇੰਮੀਗ੍ਰੇਸ਼ਨ ਡਿਟੇਨਰ ਵੱਖਰੇ ਤੌਰ ’ਤੇ ਲਾਗੂ ਕਰ ਦਿਤਾ ਗਿਆ ਹੈ। ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜ ਟ੍ਰੈਵਿਸ ਫ਼ਲਾਈਮੈਨ ਨੇ ਤਰਸੇਮ ਸਿੰਘ ਨੂੰ ਪਹਿਲਾ ਸਵਾਲ ਇਹ ਕੀਤਾ ਕਿ ਕੀ ਉਹ ਯੂ.ਐਸ. ਸਿਟੀਜ਼ਨ ਹੈ ਪਰ ਕੋਈ ਹੁੰਗਾਮਾ ਨਾ ਮਿਲਿਆ ਜਿਸ ਮਗਰੋਂ ਜੱਜ ਨੇ ਤਰਸੇਮ ਸਿੰਘ ਨੂੰ ਦੁਭਾਸ਼ੀਏ ਦੀ ਮਦਦ ਲੈਣ ਵਾਸਤੇ ਆਖਿਆ। ਮਾਮਲੇ ਦੀ ਅਗਲੀ ਸੁਣਵਾਈ 3 ਅਪ੍ਰੈਲ ਨੂੰ ਹੋਵੇਗੀ। ਦੱਸ ਦੇਈਏ ਕਿ ਹਾਦਸਾ 16 ਫ਼ਰਵਰੀ ਨੂੰ ਦੇਰ ਸ਼ਾਮ ਤਕਰੀਬਨ ਸਵਾ ਅੱਠ ਵਜੇ ਵਾਪਰਿਆ ਜਦੋਂ ਡਾਰਕ ਕਾਊਂਟੀ ਸ਼ੈਰਿਫ਼ ਦਫ਼ਤਰ ਦੇ ਇਕ ਅਫ਼ਸਰ ਨੇ ਸਟੇਟ ਰੂਟ 47 ’ਤੇ ਇਕ ਰੇਂਜ ਰੋਵਰ ਨੂੰ 55 ਮੀਲ ਪ੍ਰਤੀ ਘੰਟਾ ਰਫ਼ਤਾਰ ਵਾਲੇ ਇਲਾਕੇ ਵਿਚ 80 ਮੀਲ ਰਫ਼ਤਾਰ ਨਾਲ ਜਾਂਦਿਆਂ ਦੇਖਿਆ। ਪੁਲਿਸ ਨੇ ਐਮਰਜੰਸੀ ਲਾਈਟਸ ਅਤੇ ਸਾਇਰਨ ਰਾਹੀਂ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਡਰਾਈਵਰ ਨੇ ਸਪੀਡ ਹੋਰ ਵਧਾ ਦਿਤੀ। ਪੁਲਿਸ ਨੇ ਤਕਰੀਬਨ 5 ਮੀਲ ਤੱਕ ਤਰਸੇਮ ਸਿੰਘ ਦਾ ਪਿੱਛਾ ਕੀਤਾ ਅਤੇ ਇਸ ਦੌਰਾਨ ਗੱਡੀ ਦੀ ਰਫ਼ਤਾਰ 124 ਮੀਲ ਪ੍ਰਤੀ ਘੰਟਾ ਤੱਕ ਪੁੱਜ ਗਈ। ਹੱਦ ਤੋਂ ਜ਼ਿਆਦਾ ਰਫ਼ਤਾਰ ਕਰ ਕੇ ਗੱਡੀ ਬੇਕਾਬੂ ਹੋ ਗਈ ਅਤੇ ਸਾਹਮਣੇ ਤੋਂ ਆ ਰਹੀ ਜੀਪ ਨੂੰ ਟੱਕਰ ਮਾਰ ਦਿਤੀ।
ਤਰਸੇਮ ਸਿੰਘ ਨੂੰ ਜ਼ਮਾਨਤ ਵਾਸਤੇ 10 ਲੱਖ ਡਾਲਰ ਲੋੜੀਂਦੇ
ਟੱਕਰ ਐਨੀ ਜ਼ੋਰਦਾਰ ਸੀ ਕਿ ਰੇਂਜ ਰੋਵਰ ਕਈ ਲੋਟਣੀਆਂ ਖਾ ਗਈ ਜਦਕਿ ਜੀਪ ਦੀ ਪੈਸੰਜਰ ਸੀਟ ’ਤੇ ਬੈਠੀ ਐਸ਼ਲੀ ਹੋਮਜ਼ ਗੱਡੀ ਤੋਂ ਬਾਹਰ ਜਾ ਡਿੱਗੀ ਅਤੇ ਅਣਜੰਮੇ ਬੱਚੇ ਸਣੇ ਦਮ ਤੋੜ ਦਿਤਾ। ਜੀਪ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਵੱਜੀਆਂ ਪਰ ਤਰਸੇਮ ਸਿੰਘ ਨੂੰ ਏਅਰ ਲਿਫ਼ਟ ਕਰ ਕੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿਚ ਇਲਾਜ ਦਾ ਬਿਲ ਵੀ ਤਰਸੇਮ ਸਿੰਘ ਦੇ ਸਿਰ ਹੈ ਪਰ ਉਸ ਕੋਲ ਅਦਾਇਗੀ ਯੋਗ ਰਕਮ ਹੋਣ ਦੇ ਆਸਾਰ ਨਹੀਂ। ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ’ਤੇ ਤਰਸੇਮ ਸਿੰਘ ਸਜ਼ਾ ਭੁਗਤਣ ਤੋਂ ਪਹਿਲਾਂ ਹੀ ਡਿਪੋਰਟ ਕੀਤਾ ਜਾ ਸਕਦਾ ਹੈੇ। ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਨੇ ਐਕਸ ਅਕਾਊਂਟ ’ਤੇ ਲਿਖਿਆ ਕਿ ਭਾਰਤ ਨਾਲ ਸਬੰਧਤ ਗੈਰਕਾਨੂੰਨੀ ਪ੍ਰਵਾਸੀ ਦੇ ਜ਼ਖ਼ਮਾਂ ਅਤੇ ਐਸ਼ਲੀ ਹੋਮਜ਼ ਨਾਲ ਵਰਤੇ ਭਾਣੇ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ।