Canadian ਲੁਟੇਰੇ ਨੂੰ ਨਾਨੀ ਕਰਵਾਤੀ ਚੇਤੇ

ਕੈਨੇਡੀਅਨ ਲੁਟੇਰੇ ਨੂੰ ਨਾਨੀ ਚੇਤੇ ਕਰਵਾਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਤੇਜੇਸ਼ਵਰ ਕਾਲੀਆ ਨੂੰ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿਤਾ ਹੈ।

Update: 2026-02-14 12:58 GMT

ਟੋਰਾਂਟੋ : ਕੈਨੇਡੀਅਨ ਲੁਟੇਰੇ ਨੂੰ ਨਾਨੀ ਚੇਤੇ ਕਰਵਾਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਤੇਜੇਸ਼ਵਰ ਕਾਲੀਆ ਨੂੰ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿਤਾ ਹੈ। ਜੀ ਹਾਂ, ਉਨਟਾਰੀਓ ਦੇ ਪੀਟਰਬ੍ਰੋਅ ਵਿਖੇ 5 ਜਨਵਰੀ 2024 ਨੂੰ ਵਾਪਰੀ ਵਾਰਦਾਤ ਬਾਰੇ ਸੁਪੀਰੀਅਰ ਕੋਰਟ ਦੀ ਜਿਊਰੀ ਨੇ ਸਰਬਸੰਮਤੀ ਨਾਲ ਸੁਣਾਏ ਫੈਸਲੇ ਵਿਚ ਕਿਹਾ ਕਿ ਤੇਜੇਸ਼ਵਰ ਕਾਲੀਆ ਨੇ ਸਵੈ ਰੱਖਿਆ ਲਈ ਲੁਟੇਰੇ ਉਤੇ ਵਾਰ ਕੀਤੇ। ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਵੱਡੇ ਤੜਕ ਤਕਰੀਬਨ ਢਾਈ ਵਜੇ ਇਕ ਨਕਾਬਪੋਸ਼ ਲੁਟੇਰਾ ਡਾਊਨ ਟਾਊਨ ਦੇ ਇਕ ਸਟੋਰ ਅੰਦਰ ਦਾਖਲ ਹੁੰਦਾ ਹੈ। ਉਸ ਦੇ ਹੱਥ ਵਿਚ ਬੇਸਬਾਲ ਬੈਟ ਅਤੇ ਡੱਬ ਵਿਚ ਲਾਇਆ ਵੱਡਾ ਛੁਰਾ ਵੀ ਨਜ਼ਰ ਆਉਂਦੇ ਹਨ। ਸਟੋਰ ਲੁੱਟਣ ਦੇ ਇਰਾਦੇ ਨਾਲ ਉਹ ਬੇਸਬਾਲ ਬੈਟ ਹਵਾ ਵਿਚ ਲਹਿਰਾਉਂਦਾ ਹੋਇਆ ਤੇਜੇਸ਼ਵਰ ਕਾਲੀਆ ਵੱਲ ਵਧਦਾ ਹੈ ਪਰ ਇਸੇ ਦੌਰਾਨ ਇਕ ਗਾਹਕ ਦੋਹਾਂ ਵਿਚਾਲੇ ਆ ਜਾਂਦਾ ਹੈ ਅਤੇ ਜੱਫਾ ਪੈ ਜਾਂਦਾ ਹੈ। ਵੀਡੀਓ ਜਾਰੀ ਰਹਿੰਦੀ ਹੈ ਅਤੇ ਧੱਕਾ-ਮੁੱਕੀ ਕਰਦੇ ਤਿੰਨੋ ਜਣੇ ਸਟੋਰ ਤੋਂ ਬਾਹਰ ਨਿਕਲ ਜਾਂਦੇ ਹਨ। ਇਸੇ ਦੌਰਾਨ ਬੇਸਬਾਲ ਬੈਟ ਤੇਜੇਸ਼ਵਰ ਕਾਲੀਆ ਦੇ ਹੱਥ ਆ ਜਾਂਦਾ ਹੈਅਤੇ ਉਹ ਬਾਹਰ ਨਕਾਬਪੋਸ਼ ਲੁਟੇਰੇ ਉਤੇ ਮੋੜਵਾਂ ਵਾਰ ਕਰ ਦਿੰਦਾ ਹੈ। ਇਥੇ ਹੀ ਗਾਹਕ ਉਸ ਨੂੰ ਰੋਕਣ ਦਾ ਯਤਨ ਕਰਦਾ ਹੈ ਪਰ ਲੁਟੇਰਾ ਧਰਤੀ 'ਤੇ ਡਿੱਗ ਜਾਂਦਾ ਹੈ। ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਤੇਜੇਸ਼ਵਰ ਕਾਲੀਆ ਖੁਦ 911 'ਤੇ ਕਾਲ ਕਰਦਾ ਅਤੇ ਮੌਕੇ 'ਤੇ ਪੁੱਜੀ ਪੁਲਿਸ ਦੋਹਾਂ ਜਣਿਆਂ ਵਿਰੁੱਧ ਦੋਸ਼ ਆਇਦ ਕਰ ਦਿੰਦੀ ਹੈ।

ਭਾਰਤੀ ਨੌਜਵਾਨ ਨੂੰ ਅਦਾਲਤ ਨੇ ਕੀਤਾ ਬਰੀ

ਪੁਲਿਸ ਮੁਖੀ ਸਟੂਅਰਟ ਬੈਟਸ ਨੇ ਦੋਸ਼ਾਂ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਇਹ ਕੋਈ ਸਿਆਸਤ ਨਹੀਂ ਅਤੇ ਨਾ ਹੀ ਨਸਲੀ ਵਿਤਕਰੇ ਦਾ ਕੋਈ ਮਾਮਲਾ ਹੈ। ਦੋਸ਼ ਆਇਦ ਕਰਨ ਦਾ ਮਤਲਬ ਇਹ ਵੀ ਨਾ ਕੱਢਿਆ ਜਾਵੇ ਕਿ ਪੁਲਿਸ ਅਪਰਾਧੀਆਂ ਨੂੰ ਖੁੱਲ•ਾ ਛੱਡਦਿਆਂ ਪੀੜਤਾਂ ਵਿਰੁੱਧ ਕਾਰਵਾਈ ਕਰਨਾ ਚਾਹੁੰਦੀ ਹੈ। ਇਹ ਸਿਰਫ਼ ਕਾਨੂੰਨ ਲਾਗੂ ਕਰਨ ਦਾ ਮਾਮਲਾ ਹੈ। ਦੂਜੇ ਪਾਸੇ ਮੁਕੱਦਮੇ ਦੀ ਸੁਣਵਾਈ ਦੌਰਾਨ ਜਿਊਰੀ ਮੈਂਬਰਾਂ ਨੂੰ ਦੱਸਿਆ ਗਿਆ ਕਿ ਜੱਫ਼ੇ ਦੌਰਾਨ ਤੇਜੇਸ਼ਵਰ ਕਾਲੀਆ ਦੇ ਸਿਰ ਵਿਚ ਸੱਟ ਵੱਜੀ ਜਦਕਿ ਲੁਟੇਰੇ ਦੀ ਸ਼ਨਾਖਤ 37 ਸਾਲ ਦੇ ਜੌਨਾਥਨ ਹੈਂਡਲ ਵਜੋਂ ਕੀਤੀ ਗਈ ਅਤੇ ਉਸ ਦੇ ਸਿਰ 'ਤੇ ਵੀ ਗੰਭੀਰ ਸੱਟਾਂ ਵੱਜੀਆਂ। 2024 ਦੇ ਅੰਤ ਵਿਚ ਜੌਨਾਥਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਉਸ ਨੂੰ 18 ਮਹੀਨੇ ਕੈਦ ਦੀ ਸਜ਼ਾ ਸੁਣਾ ਦਿਤੀ ਗਈ। ਹੁਣ ਮੁਕੱਦਮੇ ਦੀ ਸੂਈ ਤੇਜੇਸ਼ਵਰ ਕਾਲੀਆ ਵੱਲ ਘੁੰਮੀ ਅਤੇ ਅਦਾਲਤ ਨੇ ਇਹ ਤੈਅ ਕਰਨ ਦਾ ਯਤਨ ਕੀਤਾ ਕਿ ਕੀ ਸਵੈ ਰੱਖਿਆ ਕਰਦਿਆਂ ਤੇਜੇਸ਼ਵਰ ਨੇ ਹੱਦਾਂ ਪਾਰ ਕਰ ਦਿਤੀਆਂ। ਤੇਜੇਸ਼ਵਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਲੁਟੇਰੇ ਕੋਲ ਵੱਡਾ ਛੁਰਾ ਮੌਜੂਦ ਸੀ ਅਤੇ ਇਸ ਨੂੰ ਹਲਕੇ ਤੌਰ 'ਤੇ ਨਹੀਂ ਲਿਆ ਜਾ ਸਕਦਾ।

ਤੇਜੇਸ਼ਵਰ ਕਾਲੀਆ ਨੇ ਢਾਹ ਲਿਆ ਸੀ ਲੁਟੇਰਾ

ਤੇਜੇਸ਼ਵਰ ਕਾਲੀਆ ਨੇ ਅਦਾਲਤੀ ਫੈਸਲਾ ਆਉਣ ਮਗਰੋਂ ਆਪਣੇ ਦੋਸਤਾਂ, ਵਕੀਲ ਅਤੇ ਕਮਿਊਨਿਟੀ ਦਾ ਸ਼ੁਕਰੀਆ ਅਦਾ ਕੀਤਾ। ਦੂਜੇ ਪਾਸੇ ਵਾਰਦਾਤ ਨਾਲ ਸਬੰਧਤ ਵੀਡੀਓ ਦੀ ਡੂੰਘਾਈ ਨਾਲ ਘੋਖ ਕਰਨ ਵਾਲੇ ਜਿਊਰੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਹੀ ਟਿੱਪਣੀ ਤੋਂ ਬਗੈਰ ਉਸ ਦਾ ਬਰੀ ਹੋਣਾ ਮੁਸ਼ਕਲ ਹੋ ਜਾਂਦਾ। ਤੇਜੇਸ਼ਵਰ ਵਾਸਤੇ ਇਹ ਮੁਕੱਦਮਾ ਚੁਣੌਤੀਆਂ ਭਰਿਆ ਰਿਹਾ ਕਿਉਂਕਿ ਉਸ ਨੇ ਖੁਦ ਨੂੰ ਬੇਦਾਗ ਸਾਬਤ ਕਰਨ ਲਈ ਬੱਚਤ ਕੀਤੀ ਸਾਰੀ ਰਕਮ ਖਰਚ ਕਰ ਦਿਤੀ। ਤੇਜੇਸ਼ਵਰ ਆਪਣੇ ਬਚਾਅ ਲਈ ਹੰਭਲਾ ਨਾ ਮਾਰਦਾ ਤਾ ਕੈਨੇਡਾ ਵਿਚ ਭਵਿੱਖ ਧੁੰਦਲਾ ਹੋ ਸਕਦਾ ਸੀ ਅਤੇ ਡਿਪੋਰਟੇਸ਼ਨ ਦੀ ਨੌਬਤ ਵੀ ਆ ਜਾਂਦੀ।

Tags:    

Similar News