ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ ਪੰਜਾਬੀ ਹੋ ਜਾਣ ਸਾਵਧਾਨ, ਲਾਗੂ ਹੋਏ ਨਵੇਂ ਨਿਯਮ
ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਪ੍ਰਵਾਸੀ ਹੁਣ ਅਸਾਇਲਮ ਦਾ ਦਾਅਵਾ ਨਹੀਂ ਕਰ ਸਕਣਗੇ। ਜੀ ਹਾਂ, ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਲਾਗੂ ਨਵੀਆਂ ਬੰਦਿਸ਼ਾਂ ਤਹਿਤ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਪ੍ਰਵਾਸੀਆਂ ਨੂੰ ਸਿੱਧੇ ਤੌਰ ’ਤੇ ਡਿਪੋਰਟ ਕੀਤਾ ਜਾ ਸਕੇਗਾ ਅਤੇ ਬਾਰਡਰ ਏਜੰਟਾਂ ’ਤੇ ਪੈ ਰਿਹਾ ਬੋਝ ਘਟਾਉਣ ਵਿਚ ਮਦਦ ਮਿਲੇਗੀ। ਉਧਰ ਇੰਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਵੱਲੋਂ ਬਾਇਡਨ ਸਰਕਾਰ ਦੇ ਇਸ ਕਦਮ ਨੂੰ ਟਰੰਪ ਦੀਆਂ ਨੀਤੀਆਂ ਦਾ ਰੂਪ ਦੱਸਿਆ ਜਾ ਰਿਹਾ ਹੈ।;
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਪ੍ਰਵਾਸੀ ਹੁਣ ਅਸਾਇਲਮ ਦਾ ਦਾਅਵਾ ਨਹੀਂ ਕਰ ਸਕਣਗੇ। ਜੀ ਹਾਂ, ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਲਾਗੂ ਨਵੀਆਂ ਬੰਦਿਸ਼ਾਂ ਤਹਿਤ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਪ੍ਰਵਾਸੀਆਂ ਨੂੰ ਸਿੱਧੇ ਤੌਰ ’ਤੇ ਡਿਪੋਰਟ ਕੀਤਾ ਜਾ ਸਕੇਗਾ ਅਤੇ ਬਾਰਡਰ ਏਜੰਟਾਂ ’ਤੇ ਪੈ ਰਿਹਾ ਬੋਝ ਘਟਾਉਣ ਵਿਚ ਮਦਦ ਮਿਲੇਗੀ। ਉਧਰ ਇੰਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਵੱਲੋਂ ਬਾਇਡਨ ਸਰਕਾਰ ਦੇ ਇਸ ਕਦਮ ਨੂੰ ਟਰੰਪ ਦੀਆਂ ਨੀਤੀਆਂ ਦਾ ਰੂਪ ਦੱਸਿਆ ਜਾ ਰਿਹਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਅਤੇ ਟਰੰਪ ਦਰਮਿਆਨ ਵੱਡਾ ਫਰਕ ਹੋਣ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪ੍ਰਵਾਸੀਆਂ ਨੂੰ ਖੂਨ ਪੀਣੀਆਂ ਜੋਕਾਂ ਨਹੀਂ ਆਖਿਆ ਅਤੇ ਨਾ ਹੀ ਬਾਰਡਰ ’ਤੇ ਪੁੱਜੇ ਪਰਵਾਰਾਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕੀਤਾ।
ਪ੍ਰਵਾਸੀਆਂ ਦੇ ਅਮਰੀਕਾ ਵਿਚ ਦਾਖਲ ਹੋਣ ’ਤੇ ਸਿਰਫ ਇਸ ਕਰ ਕੇ ਪਾਬੰਦੀ ਨਹੀਂ ਲਾਈ ਕਿ ਉਹ ਕਿਸੇ ਧਰਮ ਵਿਸ਼ੇਸ਼ ਨਾਲ ਸਬੰਧਤ ਹਨ। ਜੋਅ ਬਾਇਡਨ ਨੇ ਦੋਸ਼ ਲਾਇਆ ਕਿ ਰਿਪਬਲਿਕਨ ਪਾਰਟੀ ਇੰਮੀਗ੍ਰੇਸ਼ਨ ਦੇ ਮਸਲੇ ਨਾਲ ਨਜਿੱਠਣ ਲਈ ਸਰਕਾਰ ਦਾ ਸਾਥ ਨਹੀਂ ਦੇ ਰਹੀ। ਉਧਰ ਬਾਇਡਨ ਦੀ ਆਪਣੀ ਪਾਰਟੀ ਦੇ ਹੀ ਕਈ ਸੰਸਦ ਮੈਂਬਰਾਂ ਵੱਲੋਂ ਨਵੀਆਂ ਬੰਦਿਸ਼ਾਂ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਅਮਰੀਕਾ ਵਿਚ ਪਨਾਹ ਮਿਲਣ ਦੇ ਇਰਾਦੇ ਨਾਲ ਆ ਰਹੇ ਪ੍ਰਵਾਸੀਆਂ ਨੂੰ ਰੋਕਣਾ ਬਿਲਕੁਲ ਉਸੇ ਨੀਤੀ ਵਾਂਗ ਹੈ ਜਿਵੇਂ ਡੌਨਲਡ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਮੁਸਲਮਾਨਾਂ ’ਤੇ ਪਾਬੰਦੀ ਲਾਈ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦਾ ਇੰਮੀਗ੍ਰੇਸ਼ਨ ਕਾਨੂੰਨ ਕਹਿੰਦਾ ਹੈ ਕਿ ਜੇ ਕੋਈ ਆਪਣੇ ਜੱਦੀ ਮੁਲਕ ਵਿਚ ਜ਼ੁਲਮਾਂ ਦਾ ਸ਼ਿਕਾਰ ਬਣ ਰਿਹਾ ਹੈ ਤਾਂ ਉਹ ਅਮਰੀਕਾ ਵਿਚ ਪਨਾਹ ਮੰਗ ਸਕਦਾ ਹੈ ਪਰ ਇੰਮੀਗ੍ਰੇਸ਼ਨ ਅਦਾਲਤ ਵੱਲੋਂ ਦਾਅਵੇ ਦਾ ਮੁਲਾਂਕਣ ਕਰਨ ਮਗਰੋਂ ਲਿਆ ਫੈਸਲਾ ਅੰਤਮ ਹੋਵੇਗਾ। ਵਾਈਟ ਹਾਊਸ ਦੇ ਸੂਤਰਾਂ ਨੇ ਦੱਸਿਆ ਕਿ ਤਾਜ਼ਾ ਬੰਦਿਸ਼ਾਂ ਬੁਧਵਾਰ ਤੋਂ ਲਾਗੂ ਹੋ ਗਈਆਂ ਅਤੇ ਜਦੋਂ ਰੋਜ਼ਾਨਾ ਬਾਰਡਰ ਕਰਨ ਵਾਲਿਆਂ ਦਾ ਅੰਕੜਾ ਢਾਈ ਹਜ਼ਾਰ ਤੋਂ ਟੱਪੇਗਾ ਤਾਂ ਪ੍ਰਵਾਸੀਆਂ ਨੂੰ ਪੁੱਠਾ ਮੋੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਜਾਵੇਗੀ।
ਅਮਰੀਕੀ ਸਿਆਸਤ ਵਿਚ ਇੰਮੀਗ੍ਰੇਸ਼ਨ ਹਮੇਸ਼ਾ ਹੀ ਭਖਦਾ ਮੁੱਦਾ ਬਣਿਆ ਰਹਿੰਦਾ ਹੈ ਅਤੇ ਜੋਅ ਬਾਇਡਨ ਦੇ ਸੱਤਾ ਵਿਚ ਆਉਣ ਮਗਰੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿਚ ਹੋਏ ਤੇਜ਼ ਵਾਧੇ ਤੋਂ ਰਿਪਬਲਿਕਨ ਪਾਰਟੀ ਨੂੰ ਨੁਕਤਾਚੀਨੀ ਕਰਨ ਦਾ ਮੌਕਾ ਮਿਲ ਗਿਆ। ਟੈਕਸਸ ਵਰਗੇ ਰਾਜਾਂ ਵਿਚ ਪ੍ਰਵਾਸੀਆਂ ਨੂੰ ਬਸਾਂ ਵਿਚ ਬਿਠਾ ਕੇ ਨਿਊ ਯਾਰਕ ਭੇਜਿਆ ਜਾਣ ਲੱਗਾ ਜਦਕਿ ਹੁਣ ਰਿਪਬਲਿਕਨ ਪਾਰਟੀ ਵਾਲੇ ਬਾਇਡਨ ਵੱਲੋਂ ਲਾਗੂ ਨਵੀਆਂ ਬੰਦਿਸ਼ਾਂ ’ਤੇ ਸਵਾਲ ਉਠਾ ਰਹੇ ਹਨ। ਉਧਰ ਰਫਿਊਜੀਆਂ ਲਈ ਕੰਮ ਕਰਨ ਵਾਲੀ ਇਕ ਜਥੇਬੰਦੀ ਦੀ ਵਕੀਲ ਹਾਨਾਹ ਫਲੈਮ ਨੇ ਕਿਹਾ ਕਿ ਨਵੀਆਂ ਬੰਦਿਸ਼ਾਂ ਤੋਂ ਪਹਿਲਾਂ ਹੀ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਦੇ ਰਾਹ ਵਿਚ ਕਈ ਅੜਿੱਕੇ ਸਨ ਪਰ ਹੁਣ ਤਾਂ ਦਰਵਾਜ਼ੇ ਹੀ ਬੰਦ ਕੀਤੇ ਜਾ ਰਹੇ ਹਨ। ਅਮੈਰਿਕਨ ਸਿਵਲ ਲਿਬਰਟੀਜ਼ ਯੂਨੀਅਨ ਵੱਲੋਂ ਜਾਰੀ ਬਿਆਨ ਮੁਤਾਬਕ ਬਾਇਡਨ ਸਰਕਾਰ ਦੇ ਤਾਜ਼ਾ ਹੁਕਮਾਂ ਨਾਲ ਹਜ਼ਾਰਾਂ ਜਾਨਾਂ ਖਤਰੇ ਵਿਚ ਪੈ ਚੁੱਕੀਆਂ ਹਨ। ਦੁਨੀਆਂ ਦੇ ਕੋਨੇ ਕੋਨੇ ਤੋਂ ਅਮਰੀਕਾ ਦੇ ਬਾਰਡਰ ’ਤੇ ਪੁੱਜ ਚੁੱਕੇ ਪ੍ਰਵਾਸੀ ਹੁਣ ਕਿੱਧਰ ਜਾਣਗੇ, ਇਹ ਕੋਈ ਨਹੀਂ ਜਾਣਦਾ।