ਸੁਲਤਾਨਪੁਰ ਲੋਧੀ ’ਚ ਵਾਪਰ ਗਿਆ ਵੱਡਾ ਕਹਿਰ
ਸੁਲਤਾਨਪੁਰ ਲੋਧੀ, 24 ਸਤੰਬਰ (ਕਸ਼ਮੀਰ ਸਿੰਘ ਭੰਡਾਲ) : ਸੁਲਤਾਨਪੁਰ ਲੋਧੀ ਵਿਖੇ ਉਸ ਸਮੇਂ ਵੱਡਾ ਕਹਿਰ ਵਾਪਰ ਗਿਆ ਜਦੋਂ ਬੰਨ੍ਹ ਬਣਾਉਣ ਦੀ ਚੱਲ ਰਹੀ ਸੇਵਾ ਦੌਰਾਨ ਦੋ ਜਵਾਕ ਖੇਡਦੇ ਹੋਏ ਬਿਆਸ ਦਰਿਆ ਦੇ ਪਾਣੀ ਵਿਚ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਜਿੱਥੇ ਦੋਵੇਂ ਬੱਚਿਆਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ […]
By : Hamdard Tv Admin
ਸੁਲਤਾਨਪੁਰ ਲੋਧੀ, 24 ਸਤੰਬਰ (ਕਸ਼ਮੀਰ ਸਿੰਘ ਭੰਡਾਲ) : ਸੁਲਤਾਨਪੁਰ ਲੋਧੀ ਵਿਖੇ ਉਸ ਸਮੇਂ ਵੱਡਾ ਕਹਿਰ ਵਾਪਰ ਗਿਆ ਜਦੋਂ ਬੰਨ੍ਹ ਬਣਾਉਣ ਦੀ ਚੱਲ ਰਹੀ ਸੇਵਾ ਦੌਰਾਨ ਦੋ ਜਵਾਕ ਖੇਡਦੇ ਹੋਏ ਬਿਆਸ ਦਰਿਆ ਦੇ ਪਾਣੀ ਵਿਚ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਜਿੱਥੇ ਦੋਵੇਂ ਬੱਚਿਆਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਐ, ਉਥੇ ਹੀ ਪੂਰੇ ਇਲਾਕੇ ਵਿਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਐ।
ਸੁਲਤਾਨਪੁਰ ਲੋਧੀ ਦੇ ਪਿੰਡ ਬਾਊਪੁਰ ਵਿਖੇ ਬੰਨ੍ਹ ਬਣਾਉਣ ਦੀ ਚੱਲ ਰਹੀ ਸੇਵਾ ਦੌਰਾਨ ਪਿੰਡ ਰਾਮਪੁਰ ਗੋਰੇ ਦੇ ਰਹਿਣ ਵਾਲੇ ਦੋ ਪਰਿਵਾਰਾਂ ਦੇ ਦੋ ਬੱਚੇ ਖੇਡਦੇ ਹੋਏ ਬਿਆਸ ਦਰਿਆ ਦੇ ਪਾਣੀ ਵਿਚ ਡਿੱਗ ਗਏ, ਜਦੋਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕਾਫ਼ੀ ਮਸ਼ੱਕਤ ਮਗਰੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੀ ਪਛਾਣ ਗੁਰਬੀਰ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਸਮਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਗੌਰੇ ਵਜੋਂ ਹੋਈ। ਦੋਵੇਂ ਪਰਿਵਾਰਾਂ ਦਾ ਹਾਲ ਕਿਸੇ ਕੋਲੋਂ ਦੇਖਿਆ ਨਹੀਂ ਜਾ ਰਿਹਾ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਕਾਫ਼ੀ ਦਿਨਾਂ ਤੋਂ ਬੰਨ੍ਹ ਬਣਾਉਣ ਦਾ ਕਾਰਜ ਚੱਲ ਰਿਹਾ ਸੀ ਜੋ ਪੂਰਾ ਹੋਣ ਦੇ ਕਿਨਾਰੇ ਪੁੱਜ ਚੁੱਕਿਆ ਸੀ ਪਰ ਸੇਵਾ ਦੌਰਾਨ ਦੋ ਬੱਚਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ।
ਘਟਨਾ ਦਾ ਪਤਾ ਚਲਦਿਆਂ ਹੀ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਦੋਵੇਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਘਟਨਾ ਨੂੰ ਬੇਹੱਦ ਮੰਦਭਾਗੀ ਦੱਸਿਆ।
ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਅਚਾਨਕ ਵਾਪਰੀ ਐ ਅਤੇ ਜੋ ਵੀ ਮਾਪੇ ਬਿਆਨ ਲਿਖਵਾਉਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਇਸ ਮੰਦਭਾਗੀ ਘਟਨਾ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਐ, ਹਰ ਕਿਸੇ ਦੀ ਅੱਖ ਵਿਚੋਂ ਹੰਝੂ ਵਗ ਰਹੇ ਨੇ। ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਬੰਨ੍ਹ ਦਾ ਕੰਮ ਅੱਜ ਪੂਰੀ ਤਰ੍ਹਾਂ ਮੁਕੰਮਲ ਹੋ ਜਾਣਾ ਸੀ।