ਆਲੂ ਦੇ ਪੌਦੇ ’ਤੇ ਲੱਗੇ ਟਮਾਟਰ
ਚਰਖੀ ਦਾਦਰੀ, 6 ਜਨਵਰੀ (ਸ਼ਾਹ) : ਹਰਿਆਣਾ ਵਿਚ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਏ, ਜਿੱਥੇ ਇਕ ਕਿਸਾਨ ਦੇ ਖੇਤਾਂ ਵਿਚ ਆਲੂ ਦੇ ਪੌਦਿਆਂ ਦੇ ਹੇਠਾਂ ਆਲੂ ਅਤੇ ਉਪਰ ਟਮਾਟਰ ਉਗ ਆਏ, ਜਿਸ ਨੂੰ ਦੇਖ ਕੇ ਕਿਸਾਨ ਵੀ ਹੈਰਾਨ ਰਹਿ ਗਿਆ। ਜਿਵੇਂ ਹੀ ਇਲਾਕੇ ਦੇ ਲੋਕਾਂ ਨੂੰ ਇਹ ਗੱਲ ਪਤਾ ਚੱਲੀ ਤਾਂ […]
By : Makhan Shah
ਚਰਖੀ ਦਾਦਰੀ, 6 ਜਨਵਰੀ (ਸ਼ਾਹ) : ਹਰਿਆਣਾ ਵਿਚ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਏ, ਜਿੱਥੇ ਇਕ ਕਿਸਾਨ ਦੇ ਖੇਤਾਂ ਵਿਚ ਆਲੂ ਦੇ ਪੌਦਿਆਂ ਦੇ ਹੇਠਾਂ ਆਲੂ ਅਤੇ ਉਪਰ ਟਮਾਟਰ ਉਗ ਆਏ, ਜਿਸ ਨੂੰ ਦੇਖ ਕੇ ਕਿਸਾਨ ਵੀ ਹੈਰਾਨ ਰਹਿ ਗਿਆ। ਜਿਵੇਂ ਹੀ ਇਲਾਕੇ ਦੇ ਲੋਕਾਂ ਨੂੰ ਇਹ ਗੱਲ ਪਤਾ ਚੱਲੀ ਤਾਂ ਕਿਸਾਨ ਦੇ ਖੇਤਾਂ ਵਿਚ ਇਹ ਨਜ਼ਾਰਾ ਦੇਖਣ ਵਾਲਿਆਂ ਦੀ ਭੀੜ ਜਮ੍ਹਾਂ ਹੋ ਗਈ।
ਹਰਿਆਣਾ ਦੇ ਚਰਖੀ ਦਾਦਰੀ ਵਿਚ ਇਕ ਕਿਸਾਨ ਦੇ ਖੇਤਾਂ ਵਿਚ ਉਸ ਸਮੇਂ ਇਕ ਚਮਤਕਾਰ ਦੇਖਣ ਨੂੰ ਮਿਲਿਆ ਜਦੋਂ ਕਿਸਾਨ ਵੱਲੋਂ ਬੀਜੇ ਗਏ ਆਲੂਆਂ ਦੇ ਪੌਦਿਆਂ ’ਤੇ ਟਮਾਟਰ ਲੱਗ ਗਏ ਜਦਕਿ ਹੇਠਾਂ ਆਲੂ ਵੀ ਲੱਗੇ ਹੋਏ ਸਨ।
ਇਹ ਘਟਨਾ ਪਿੰਡ ਰਾਨੀਲਾ ਵਿਖੇ ਕਿਸਾਨ ਓਮਕਾਰ ਦੇ ਖੇਤਾਂ ਵਿਚ ਵਾਪਰੀ। ਕਿਸਾਨ ਦਾ ਕਹਿਣਾ ਏ ਕਿ ਉਹ ਕਾਫ਼ੀ ਸਮੇਂ ਤੋਂ ਆਲੂ ਦੀ ਫ਼ਸਲ ਬੀਜਦਾ ਆ ਰਿਹਾ ਏ ਪਰ ਅਜਿਹਾ ਕੁੱਝ ਪਹਿਲੀ ਵਾਰ ਦੇਖਣ ਨੂੰ ਮਿਲਿਆ।
ਕਿਸਾਨ ਓਮਕਾਰ ਨੇ ਦੱਸਿਆ ਕਿ ਉਸ ਨੇ ਕਰੀਬ ਅੱਧਾ ਏਕੜ ਵਿਚ ਆਲੂ ਦੀ ਫ਼ਸਲ ਬੀਜੀ ਸੀ, ਫ਼ਸਲ ਲਗਭਗ ਤਿਆਰ ਹੋ ਚੁੱਕੀ ਐ। ਠੰਡ ਕਾਰਨ ਆਲੂ ਦੇ ਪੌਦਿਆਂ ਤੋਂ ਪੱਤੇ ਜਲਣੇ ਸ਼ੁਰੂ ਹੋ ਗਏ ਸਨ, ਇਸ ਕਰਕੇ ਉਸ ਨੇ ਉਪਰ ਦੇ ਪੌਦਿਆਂ ਨੂੰ ਕੱਟ ਕੇ ਆਲੂ ਦੀ ਪੁਟਾਈ ਕਰਨ ਬਾਰੇ ਸੋਚਿਆ, ਪਰ ਜਿਵੇਂ ਹੀ ਉਸ ਨੇ ਕਟਾਈ ਸ਼ੁਰੂ ਕੀਤੀ ਤਾਂ ਆਲੂ ਦੇ ਪੌਦਿਆਂ ਦੇ ਉਪਰਲੇ ਹਿੱਸੇ ਵਿਚ ਟਮਾਟਰ ਲੱਗੇ ਹੋਏ ਦੇਖ ਉਹ ਹੈਰਾਨ ਹੋ ਗਿਆ।
ਉਸ ਨੇ ਇਹ ਗੱਲ ਆਪਣੇ ਦੂਜੇ ਕਿਸਾਨ ਸਾਥੀਆਂ ਨੂੰ ਦੱਸੀ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਓਮਕਾਰ ਦੇ ਖੇਤਾਂ ਵਿਚ ਇਹ ਨਜ਼ਾਰਾ ਦੇਖਣ ਲਈ ਪਹੁੰਚ ਗਏ। ਕੁੱਝ ਕਿਸਾਨਾਂ ਨੇ ਜਦੋਂ ਟਮਾਟਰ ਤੋੜ ਕੇ ਉਸ ਦਾ ਸਵਾਦ ਚੱਖਿਆ ਤਾਂ ਉਹ ਵੀ ਹੈਰਾਨ ਰਹਿ ਗਏ ਕਿਉਂਕਿ ਇਹ ਵਾਕਈ ਟਮਾਟਰ ਸਨ।
ਕਿਸਾਨ ਮੁਤਾਬਕ ਆਲੂਆਂ ਦੇ ਹਰੇਕ ਪੌਦੇ ’ਤੇ ਇਹ ਟਮਾਟਰ ਨਹੀਂ ਲੱਗੇ ਬਲਕਿ ਜਿਹੜੇ ਵੱਡੇ ਪੌਦੇ ਸਨ, ਸਿਰਫ਼ ਉਨ੍ਹਾਂ ਦੇ ਉਪਰ ਹੀ ਟਮਾਟਰ ਲੱਗੇ ਨੇ।
ਖੇਤੀ ਮਾਹਿਰਾਂ ਦਾ ਮੰਨਣਾ ਏ ਕਿ ਇਹ ਕੋਈ ਕ੍ਰਿਸ਼ਮਾ ਨਹੀਂ, ਬਲਕਿ ਟਮਾਟਰ ਦੇ ਬੀਜ ਦੇ ਨਲ ਆਲੂ ਨੂੰ ਸਰਵਾਈਵ ਕਰਨ ਦਾ ਨਤੀਜਾ ਏ। ਇਸ ਤੋਂ ਪਹਿਲਾਂ ਸਾਲ 2010 ਵਿਚ ਵੀ ਭਿਵਾਨੀ ਦੇ ਜੂਈ ਇਲਾਕੇ ਵਿਚ ਅਜਿਹਾ ਮਾਮਲਾ ਸਾਹਮਣੇ ਆ ਚੁੱਕਿਆ ਏ।
ਖੇਤੀ ਮਾਹਿਰ ਡਾ. ਚੰਦਰਭਾਨ ਸ਼ਯੋਰਾਣ ਨੇ ਦੱਸਿਆ ਕਿ ਇਹ ਟੋਮੈਟੋ ਨਹੀਂ, ਬਲਕਿ ਪੋਮੈਟੋ ਐ। ਇਸ ਦਾ ਆਕਾਰ ਅਤੇ ਸਵਾਦ ਬਿਲਕੁਲ ਟਮਾਟਰ ਦੀ ਤਰ੍ਹਾਂ ਹੀ ਹੁੰਦਾ ਏ ਜਾਂ ਇਹ ਕਹਿ ਲਓ ਕਿ ਇਹ ਇਕ ਕਿਸਮ ਦੇ ਟਮਾਟਰ ਹੀ ਹੁੰਦੇ ਨੇ।
ਕਈ ਵਾਰ ਟਮਾਟਰ ਦੇ ਬੀਜ ਆਲੂ ਦੇ ਨਾਲ ਸਰਵਾਈਵ ਕਰ ਜਾਂਦੇ ਨੇ, ਅਜਿਹੇ ਵਿਚ ਉਹ ਆਲੂ ਤੋਂ ਖ਼ੁਰਾਕ ਪ੍ਰਾਪਤ ਕਰਦੇ ਨੇ। ਅਜਿਹੇ ਵਿਚ ਤਣਾ ਤਾਂ ਆਲੂ ਦਾ ਹੀ ਹੁੰਦਾ ਏ ਪਰ ਉਪਰ ਫ਼ਲ ਟਮਾਟਰ ਦਾ ਹੁੰਦਾ ਏ। ਫਿਲਹਾਲ ਇਹ ਮਾਮਲਾ ਇਲਾਕੇ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ।