ਅਮਰੀਕਾ ਚੋਣਾਂ : 7 ਕਰੋੜ ਤੋਂ ਵੱਧ ਲੋਕਾਂ ਨੇ ਐਡਵਾਂਸ ਪੋਲਿੰਗ ਦੌਰਾਨ ਪਾਈ ਵੋਟ
ਅਮਰੀਕਾ ਦਾ ਨਵਾਂ ਰਾਸ਼ਟਰਪਤੀ ਚੁਣਨ ਲਈ 7 ਕਰੋੜ ਤੋਂ ਵੱਧ ਲੋਕ ਐਡਵਾਂਸ ਵੋਟਿੰਗ ਦੌਰਾਨ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਚੁੱਕੇ ਹਨ ਅਤੇ ਮੁਕਾਬਲਾ ਹੋਰ ਗਹਿਗੱਚ ਹੁੰਦਾ ਮਹਿਸੂਸ ਹੋ ਰਿਹਾ ਹੈ।
By : Upjit Singh
ਵਾਸ਼ਿੰਗਟਨ : ਅਮਰੀਕਾ ਦਾ ਨਵਾਂ ਰਾਸ਼ਟਰਪਤੀ ਚੁਣਨ ਲਈ 7 ਕਰੋੜ ਤੋਂ ਵੱਧ ਲੋਕ ਐਡਵਾਂਸ ਵੋਟਿੰਗ ਦੌਰਾਨ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਚੁੱਕੇ ਹਨ ਅਤੇ ਮੁਕਾਬਲਾ ਹੋਰ ਗਹਿਗੱਚ ਹੁੰਦਾ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਰਾਸ਼ਟਰਪਤੀ ਚੋਣਾਂ ਵਿਚ ਇਕ ਕਾਟੋ ਚਰਚਾ ਦਾ ਮੁੱਦਾ ਬਣ ਗਈ ਹੈ ਜਿਸ ਨੂੰ ਰੇਬੀਜ਼ ਕਾਰਨ ਮਾਰ ਦਿਤਾ ਗਿਆ ਸੀ। ਪੀਨਟ ਨਾਂ ਦੀ ਕਾਟੋ ਨੂੰ ਨਿਊ ਯਾਰਕ ਵਿਖੇ ਮਾਰਿਆ ਕਿਉਂਕਿ ਇਸ ਨੂੰ ਰੇਬੀਜ਼ ਦੀ ਬਿਮਾਰੀ ਹੋਣ ਬਾਰੇ ਕਈ ਸ਼ਿਕਾਇਤਾਂ ਆ ਚੁੱਕੀਆਂ ਸਨ। ਦਰਅਸਲ ਮਾਰਕ ਲੈਂਗੋ ਨਾਂ ਦੇ ਸ਼ਖਸ ਵੱਲੋਂ ਇਕ ਕਾਟੋ ਅਤੇ ਰੈਕੂਨ ਪਾਲੇ ਹੋਏ ਸਨ ਅਤੇ ਦੋਹਾਂ ਵਿਚ ਹਲਕਾਅ ਦੇ ਲੱਛਣ ਨਜ਼ਰ ਆਏ।
ਨਿਊ ਯਾਰਕ ਵਿਖੇ ਮਾਰੀ ‘ਕਾਟੋ’ ਚੋਣਾਂ ਵਿਚ ਚਰਚਾ ਦਾ ਮੁੱਦਾ ਬਣੀ
ਅਧਿਕਾਰੀਆਂ ਵੱਲੋਂ 30 ਅਕਤੂਬਰ ਨੂੰ ਮਾਰਕ ਦੇ ਘਰ ’ਤੇ ਛਾਪਾ ਮਾਰਿਆ ਗਿਆ ਅਤੇ ਟੈਸਟ ਕਰਨ ਮਗਰੋਂ ਦੋਹਾਂ ਨੂੰ ਖ਼ਤਮ ਕਰ ਦਿਤਾ ਗਿਆ। ਰਿਪਬਲਿਕਨ ਉਮੀਦਵਾਰ ਡੌਨਲਡ ਟਰੰਪ ਦੇ ਜੋੜੀਦਾਰ ਜੇ.ਡੀ. ਵੈਂਸ ਨੇ ਕਿਹਾ ਕਿ ਪੀਨਟ ਦੀ ਮੌਤ ਮਗਰੋਂ ਟਰੰਪ ਗਮ ਵਿਚ ਡੁੱਬ ਗਏ। ਉਨ੍ਹਾਂ ਕਿਹਾ ਕਿ ਪੀਨਟ ਦੀ ਮੌਤ ਬਾਇਡਨ ਸਰਕਾਰ ਦੇ ਜ਼ਾਲਮਾਨਾ ਰਵੱਈਏ ਵੱਲ ਇਸ਼ਾਰਾ ਕਰਦੀ ਹੈ ਜੋ ਜਾਨਵਰਾਂ ਨੂੰ ਵੀ ਨਹੀਂ ਬਖਸ਼ਦਾ। ਮੁੱਦੇ ਨੂੰ ਪ੍ਰਵਾਸੀਆਂ ਵੱਲ ਘੁਮਾਉਂਦਿਆਂ ਵੈਂਸ ਨੇ ਕਿਹਾ ਕਿ ਬਾਇਡਨ ਸਰਕਾਰ ਨੇ ਹਰ ਸਾਲ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ ਵਿਚ ਦਾਖਲ ਹੋਣ ਦੀ ਇਜਾਜ਼ਤ ਦਿਤੀ ਅਤੇ ਹੁਣ ਉਹ ਚਾਹੁੰਦੇ ਹਨ ਕਿ ਪਾਲਤੂ ਜਾਨਵਰ ਵੀ ਆਪਣੇ ਕੋਲ ਨਾ ਰੱਖੇ ਜਾਣ। ਦੂਜੇ ਪਾਸੇ ਟਰੰਪ ਦੀ ਹਮਾਇਤ ਕਰ ਰਹੇ ਅਰਬਪਤੀ ਇਲੌਨ ਮਸਕ ਨੇ ਬਾਇਡਨ ਸਰਕਾਰ ਨੂੰ ਮੂਰਖ ਅਤੇ ਬੇਰਹਿਮ ਕਰਾਰ ਦਿਤਾ। ਟੈਸਲਾ ਦੇ ਮਾਲਕ ਨੇ ਸੋਸ਼ਲ ਮੀਡੀਆ ਰਾਹੀਂ ਪੀਨਟ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇ ਟਰੰਪ ਰਾਸ਼ਟਰਪਤੀ ਬਣੇ ਤਾਂ ਪੀਨਟ ਵਰਗੇ ਜਾਨਵਰਾਂ ਦਾ ਰਾਖੀ ਯਕੀਨੀ ਬਣਾਈ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਮਾਰਕ ਲੈਂਗੋ ਵੱਲੋਂ ਪੀਨਟ ਦੇ ਨਾਂ ’ਤੇ ਗੋਫੰਡਮੀ ਪੇਜ ਸਥਾਪਤ ਕਰਦਿਆਂ 1 ਲੱਖ 40 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਤਰ ਕਰ ਲਈ। ਮਾਰਕ ਦਾ ਕਹਿਣਾ ਹੈ ਕਿ ਉਹ ਸਰਕਾਰੀ ਅਫਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇਗਾ ਜਿਨ੍ਹਾਂ ਨੇ ਪੀਨਟ ਨੂੰ ਸਦਾ ਲਈ ਉਸ ਤੋਂ ਵਿਛੋੜ ਦਿਤਾ। ਉਧਰ ਐਡਵਾਂਸ ਪੋÇਲੰਗ ਦਾ ਜ਼ਿਕਰ ਕੀਤਾ ਜਾਵੇ ਤਾਂ ਜਾਰਜੀਆ ਵਿਚ 7 ਲੱਖ ਅਜਿਹੇ ਵੋਟਰ, ਵੋਟ ਪਾ ਚੁੱਕੇ ਹਨ ਜਿਨ੍ਹਾਂ ਵੱਲੋਂ 2020 ਵਿਚ ਵੋਟ ਨਹੀਂ ਸੀ ਪਾਈ ਗਈ। ਇਨ੍ਹਾਂ ਵੋਟਰਾਂ ਵਿਚੋਂ ਜ਼ਿਆਦਾਤਰ ਰਿਪਬਲਿਕਨ ਪਾਰਟੀ ਨਾਲ ਸਬੰਧਤ ਮੰਨੇ ਜਾ ਰਹੇ ਹਨ। ਜਾਰਜੀਆ ਦੇ ਲੈਫ਼ਟੀਨੈਂਟ ਗਵਰਨਰ ਬਰਟ ਜੋਨਜ਼ ਨੇ ਕਿਹਾ ਕਿ 2016 ਵਿਚ ਵੋਟ ਪਾਉਣ ਵਾਲੇ ਹਜ਼ਾਰਾਂ ਲੋਕਾਂ ਨੇ 2020 ਵਿਚ ਵੋਟ ਨਹੀਂ ਸੀ ਪਾਈ ਪਰ ਇਸ ਵਾਰ ਰਿਪਬਲਿਕਨ ਪਾਰਟੀ ਵਧੇਰੇ ਮਜ਼ਬੂਤ ਨਜ਼ਰ ਆ ਰਹੀ ਹੈ।