ਅਮਰੀਕਾ ਵਿਚ ਪੜ੍ਹਦੀ ਸੁਦੀਕਸ਼ਾ ਕੋਨਾਂਕੀ ਦੀ ਮੌਤ
ਡੌਮੀਨਿਕਨ ਰਿਪਬਲਿਕ ਵਿਚ ਲਾਪਤਾ ਸੁਦੀਕਸ਼ਾ ਕੋਨਾਂਕੀ ਇਸ ਦੁਨੀਆਂ ਵਿਚ ਨਹੀਂ ਰਹੀ।

ਪੁੰਟਾ ਕਾਨਾ : ਡੌਮੀਨਿਕਨ ਰਿਪਬਲਿਕ ਵਿਚ ਲਾਪਤਾ ਸੁਦੀਕਸ਼ਾ ਕੋਨਾਂਕੀ ਇਸ ਦੁਨੀਆਂ ਵਿਚ ਨਹੀਂ ਰਹੀ। ਅਮਰੀਕਾ ਤੋਂ ਪੁੰਟਾ ਕਾਨਾ ਪੁੱਜੇ ਸੁਦੀਕਸ਼ਾ ਦੇ ਮਾਪਿਆਂ ਨੇ ਇਹ ਕੌੜਾ ਸੱਚ ਪ੍ਰਵਾਨ ਕਰ ਲਿਆ ਹੈ ਅਤੇ ਡੌਮੀਨਿਕਨ ਰਿਪਬਲਿਕ ਦੀ ਪੁਲਿਸ ਨੂੰ ਸਰਕਾਰੀ ਤੌਰ ’ਤੇ ਮੌਤ ਦਾ ਐਲਾਨ ਕਰਨ ਦੀ ਲਿਖਤੀ ਗੁਜ਼ਾਰਿਸ਼ ਕੀਤੀ ਹੈ। ਪੁਲਿਸ ਨੂੰ ਲਿਖੇ ਪੱਤਰ ਵਿਚ ਸੁਬਾਰਾਯਦੂ ਕੋਨਾਂਕੀ ਅਤੇ ਸ੍ਰੀਦੇਵੀ ਕੋਨਾਂਕੀ ਨੇ ਕਿਹਾ ਹੈ ਕਿ ਹਰ ਪਾਸੇ ਕੀਤੇ ਭਾਲ ਮਗਰੋਂ ਇਹੋ ਮਹਿਸੂਸ ਹੋ ਰਿਹਾ ਹੈ ਕਿ ਉਹ ਸਮੁੰਦਰ ਵਿਚ ਡੁੱਬ ਗਈ। ਸੁਦੀਕਸ਼ਾ ਦੇ ਕੱਪੜੇ ਉਸੇ ਬੀਚ ਤੋਂ ਮਿਲੇ ਜਿਥੇਉਸ ਨੂੰ ਆਖਰੀ ਵਾਰ ਦੇਖਿਆ ਗਿਆ। ਸੁਦੀਕਸ਼ਾ ਦੇ ਮਾਪਿਆਂ ਨੇ ਅੱਗੇ ਲਿਖਿਆ ਕਿ ਉਨ੍ਹਾਂ ਦੀ ਬੇਟੀ ਨਾਲ ਆਖਰੀ ਵਾਰ ਨਜ਼ਰ ਆਏ ਜੋਸ਼ੂਆ ਰੀਬੇ ਵੱਲੋਂ ਪੁਲਿਸ ਨਾਲ ਪੂਰਾ ਸਹਿਯੋਗ ਕੀਤਾ ਗਿਆ ਅਤੇ ਕਿਸੇ ਸਾਜ਼ਿਸ਼ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ।
ਲਾਪਤਾ ਵਿਦਿਆਰਥਣ ਦੇ ਮਾਪਿਆਂ ਨੇ ਕੌੜਾ ਸੱਚ ਕੀਤਾ ਪ੍ਰਵਾਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਦੀਕਸ਼ਾ ਦੇ ਪਿਤਾ ਵੱਲੋਂ ਉਸ ਦੇ ਅਗਵਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ। ਪਰ ਹੁਣ ਦੁੱਖਾਂ ਵਿਚ ਡੁੱਬਿਆ ਭਾਰਤੀ ਪਰਵਾਰ ਆਪਣੀ ਧੀ ਦੀਆਂ ਯਾਦਾਂ ਨੂੰ ਦਿਲ ਵਿਚ ਸਮੇਟ ਕੇ ਵਾਪਸ ਅਮਰੀਕਾ ਜਾਣਾ ਚਾਹੁੰਦਾ ਹੈ। ਡੌਮੀਨਿਕਨ ਰਿਪਬਲਿਕ ਦੀ ਪੁਲਿਸ ਵੱਲੋਂ ਸੁਦੀਕਸ਼ਾ ਦੇ ਮਾਪਿਆਂ ਵੱਲੋਂ ਲਿਖੀ ਚਿੱਠੀ ’ਤੇ ਫਿਲਹਾਲ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਗਈ। ਸੁਬਾਰਾਯਦੂ ਕੋਨਾਂਕੀ ਮੁਤਾਬਕ ਸੁਦੀਕਸ਼ਾ ਨਾਲ ਉਨ੍ਹਾਂ ਦੀ ਆਖਰੀ ਗੱਲਬਾਤ 5 ਮਾਰਚ ਦੀ ਸ਼ਾਮ ਹੋਈ ਅਤੇ ਇਸ ਤੋਂ ਕੁਝ ਘੰਟੇ ਬਾਅਦ ਉਹ ਲਾਪਤਾ ਹੋ ਗਈ। ਅਮਰੀਕਾ ਦੇ ਆਇਓਵਾ ਸੂਬੇ ਨਾਲ ਸਬੰਧਤ ਜੋਸ਼ੂਆ ਰੀਬੇ ਪੁਲਿਸ ਨੂੰ ਦੋ ਕਹਾਣੀਆਂ ਸੁਣਾ ਚੁੱਕਾ ਹੈ ਅਤੇ ਉਸ ਦਾ ਪਾਸਪੋਰਟ ਜ਼ਬਤ ਕਰਦਿਆਂ ਸੁਦੀਕਸ਼ਾ ਦੀ ਗੁੰਮਸ਼ੁਦਗੀ ਨਾਲ ਸਬੰਧਤ ਪਰਸਨ ਆਫ਼ ਇੰਟ੍ਰਸਟ ਕਰਾਰ ਦਿਤਾ ਗਿਆ। ਜੋਸ਼ੂਆ ਮੁਤਾਬਕ ਉਹ ਅਤੇ ਸੁਦੀਕਸ਼ਾ ਤਕਰੀਬਨ ਢਾਈ ਫੁੱਟ ਡੂੰਘੇ ਪਾਣੀ ਵਿਚ ਸਨ ਅਤੇ ਇਸੇ ਦੌਰਾਨ ਇਕ ਤੇਜ਼ ਛੱਲ ਨੇ ਦੋਹਾਂ ਨੂੰ ਖਿੱਚ ਕੇ ਲੈ ਗਈ।
ਡੌਮੀਨਿਕਨ ਰਿਪਬਲਿਕ ਦੀ ਪੁਲਿਸ ਨੂੰ ਰਸਮੀ ਐਲਾਨ ਕਰਨ ਦੀ ਗੁਜ਼ਾਰਿਸ਼
ਉਹ ਕਿਸੇ ਤਰੀਕੇ ਨਾਲ ਬਾਹਰ ਆ ਗਿਆ ਪਰ ਸੁਦੀਕਸ਼ਾ ਨਜ਼ਰ ਨਾ ਆਈ ਜਦਕਿ ਇਸ ਤੋਂ ਪਹਿਲਾਂ ਜੋਸ਼ੂਆ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਉਹ ਸੁਦੀਕੋਸ਼ਾ ਨੂੰ ਬਾਹਰ ਖਿੱਚ ਕੇ ਲਿਆਉਣ ਵਿਚ ਸਫ਼ਲ ਰਿਹਾ। ਜਾਂਚਕਰਤਾਵਾਂ ਨੇ ਜਦੋਂ ਉਸ ਪੁੱਛਿਆ ਕਿ ਕੀ ਉਹ ਜਾਣਦਾ ਸੀ ਕਿ ਸੁਦੀਕਸ਼ਾ ਨੂੰ ਤੈਰਨਾ ਆਉਂਦਾ ਹੈ ਤਾਂ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਾ ਆਇਆ। ਇਕ ਦਿਨ ਪਹਿਲਾਂ ਹੀ ਮੀਡੀਆ ਨਾਲ ਪਹਿਲੀ ਵਾਰ ਗੱਲਬਾਤ ਕਰਦਿਆਂ ਜੋਸ਼ੂਆ ਨੇ ਕਿਹਾ ਸੀ ਕਿ ਸੁਦੀਕਸ਼ਾ ਦੀ ਭਾਲ ਕਰਨ ਵਿਚ ਉਹ ਡੌਮੀਨਿਕਨ ਰਿਪਬਲਿਕ ਪੁਲਿਸ ਦੀ ਮਦਦ ਕਰ ਰਿਹਾ ਹੈ ਪਰ ਸਮੁੰਦਰ ਬੇਹੱਦ ਖ਼ਤਰਨਾਕ ਹੁੰਦਾ ਹੈ। ਇਥੇ ਦਸਣਾ ਬਣਦਾ ਹੈ ਕਿ ਸੁਦੀਕਸ਼ਾ ਕੋਨਾਂਕੀ 3 ਮਾਰਚ ਨੂੰ ਪੰਜ ਜਣਿਆਂ ਨਾਲ ਡੌਮੀਨਿਕਨ ਰਿਪਬਲਿਕ ਪੁੱਜੀ ਸੀ ਅਤੇ 6 ਮਾਰਚ ਦੀ ਸਵੇਰ ਲਾਪਤਾ ਹੋ ਗਈ। ਸੁਦੀਕਸ਼ਾ ਦਾ ਪਰਵਾਰ 2006 ਤੋਂ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਸਾਰੇ ਗਰੀਨ ਕਾਰਡ ਹੋਲਡਰ ਹਨ।