Begin typing your search above and press return to search.

ਸਿੱਖਾਂ ਨੂੰ ਪੱਗ ਬੰਨ੍ਹਣ ਲਈ ਮੰਗਣੀ ਪੈ ਰਹੀ ਇਜਾਜ਼ਤ :ਰਾਹੁਲ ਗਾਂਧੀ

ਅਮਰੀਕਾ ਵਿਚ ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਰੇ ਕੀਤੀ ਟਿੱਪਣੀ ’ਤੇ ਵਿਵਾਦ ਪੈਦਾ ਹੋ ਗਿਆ ਹੈ ਅਤੇ ਭਾਜਪਾ ਆਗੂ ਰਾਹੁਲ ਨੂੰ ਅਦਾਲਤ ਵਿਚ ਘੜੀਸਣ ਦੀਆਂ ਧਮਕੀਆਂ ਦੇ ਰਹੇ ਹਨ।

ਸਿੱਖਾਂ ਨੂੰ ਪੱਗ ਬੰਨ੍ਹਣ ਲਈ ਮੰਗਣੀ ਪੈ ਰਹੀ ਇਜਾਜ਼ਤ :ਰਾਹੁਲ ਗਾਂਧੀ
X

Upjit SinghBy : Upjit Singh

  |  10 Sept 2024 1:26 PM GMT

  • whatsapp
  • Telegram

ਵਾਸ਼ਿੰਗਟਨ ਡੀ.ਸੀ. : ਅਮਰੀਕਾ ਵਿਚ ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਰੇ ਕੀਤੀ ਟਿੱਪਣੀ ’ਤੇ ਵਿਵਾਦ ਪੈਦਾ ਹੋ ਗਿਆ ਹੈ ਅਤੇ ਭਾਜਪਾ ਆਗੂ ਰਾਹੁਲ ਨੂੰ ਅਦਾਲਤ ਵਿਚ ਘੜੀਸਣ ਦੀਆਂ ਧਮਕੀਆਂ ਦੇ ਰਹੇ ਹਨ। ਟੈਕਸਸ ਮਗਰੋਂ ਵਰਜੀਨੀਆ ਪੁੱਜੇ ਕਾਂਗਰਸੀ ਆਗੂ ਨੇ ਕਿਹਾ ਕਿ ਭਾਰਤ ਵਿਚ ਸਿਰਫ ਸਿਆਸੀ ਲੜਾਈ ਨਹੀਂ ਚੱਲ ਰਹੀ ਸਗੋਂ ਇਹ ਸੰਘਰਸ਼ ਵੀ ਚੱਲ ਰਿਹਾ ਹੈ ਕਿ ਸਿੱਖਾਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ, ਸਿੱਖਾਂ ਨੂੰ ਗੁਰਦਵਾਰਾ ਸਾਹਿਬ ਜਾਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ ਜਾਂ ਸਿੱਖ ਕੜਾ ਧਾਰਨ ਕਰ ਸਕਣਗੇ ਜਾਂ ਨਹੀਂ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਇਹ ਵਰਤਾਰਾ ਸਿਰਫ ਸਿੱਖਾਂ ਨਾਲ ਨਹੀਂ ਸਗੋਂ ਹੋਰਨਾਂ ਧਰਮਾਂ ਨਾਲ ਵੀ ਜਾਰੀ ਹੈ। ਸਰੋਤਿਆਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਥੇ ਪੰਜਾਬ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕੇਰਲ ਵਰਗੇ ਰਾਜਾਂ ਨਾਲ ਸਬੰਧਤ ਲੋਕ ਮੌਜੂਦ ਹਨ। ਇਸ ਸਿਰਫ ਰਾਜਾਂ ਦੇ ਨਾਂ ਨਹੀਂ ਸਗੋਂ ਇਨ੍ਹਾਂ ਅੰਦਰ ਮਹਾਨ ਇਤਿਹਾਸ, ਭਾਸ਼ਾਵਾਂ ਅਤੇ ਰਵਾਇਤਾਂ ਦਾ ਵਾਸ ਹੈ।

ਭਾਜਪਾ ਵੱਲੋਂ ਰਾਹੁਲ ਗਾਂਧੀ ਨੂੰ ਅਦਾਲਤ ਵਿਚ ਘੜੀਸਣ ਦੀ ਚਿਤਾਵਨੀ

ਆਰ.ਐਸ.ਐਸ. ਨੂੰ ਕਰੜੇ ਹੱਥੀਂ ਲੈਂਦਿਆ ਰਾਹੁਲ ਗਾਂਧੀ ਨੇ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ ਇਕ ਸੂਬਾ ਦੂਜੇ ਤੋਂ ਹੇਠਲਾ ਰੁਤਬਾ ਰਖਦਾ ਹੈ ਅਤੇ ਇਕ ਭਾਸ਼ਾ ਦੂਜੀ ਭਾਸ਼ਾ ਤੋਂ ਉਪਰਲਾ ਦਰਜਾ ਰਖਦੀ ਹੈ। ਕੁਝ ਧਰਮਾਂ ਨੂੰ ਦੂਜੇ ਧਰਮਾਂ ਤੋਂ ਨੀਵਾਂ ਦਿਖਾਉਣ ਦੇ ਯਤਨ ਵੀ ਹੋ ਰਹੇ ਹਨ। ਇਹ ਗੈਰਜ਼ਰੂਰੀ ਬਹਿਸ ਕਿਉਂ ਛੇੜੀ ਜਾ ਰਹੀ ਹੈ ਜਦਕਿ ਪੰਜਾਬ ਹੋਵੇ ਜਾਂ ਮੱਧ ਪ੍ਰਦੇਸ਼ ਅਤੇ ਜਾਂ ਫਿਰ ਮਹਾਰਾਸ਼ਟਰ, ਹਰ ਸੂਬੇ ਦੇ ਮਾਣਮੱਤਾ ਇਤਿਹਾਸ ਹੈ। ਸਿਰਫ ਐਨਾ ਹੀ ਨਹੀਂ ਭਾਰਤੀ ਸੰਵਿਧਾਨ ਵਿਚ ਸਭਨਾਂ ਨੂੰ ਬਰਾਬਰ ਦੇ ਹੱਕ ਹਾਸਲ ਹਨ। ਸਮਾਗਮ ਵਿਚ ਸ਼ਾਮਲ ਤਾਮਿਲ ਲੋਕਾਂ ਦੀ ਮਿਸਾਲ ਪੇਸ਼ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਇਨ੍ਹਾਂ ਨੂੰ ਆਪਣੀ ਮਾਂ ਬੋਲੀ ਬੋਲਣ ਤੋਂ ਰੋਕਿਆ ਜਾਵੇ ਤਾਂ ਇਨ੍ਹਾਂ ਦੇ ਦਿਲਾਂ ’ਤੇ ਕੀ ਗੁਜ਼ਰੇਗੀ। ਆਰ.ਐਸ.ਐਸ. ਇਸੇ ਵਿਚਾਰਧਾਰਾ ’ਤੇ ਕੰਮ ਕਰ ਰਹੀ ਹੈ ਅਤੇ ਤਾਮਿਲ ਸਣੇ ਮਰਾਠੀ, ਬੰਗਾਲੀ ਅਤੇ ਮਣੀਪੁਰੀ ਭਾਸ਼ਾਵਾਂ ਨੂੰ ਹੇਠਲੇ ਦਰਜੇ ਦੀਆਂ ਬੋਲੀਆਂ ਦੱਸਿਆ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਟਿੱਪਣੀ ਸਾਹਮਣੇ ਆਈ ਤਾਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਕਾਂਗਰਸ ਨੂੰ 1984 ਦਾ ਸਿੱਖ ਕਤਲੇਆਮ ਚੇਤੇ ਕਰਵਾਇਆ ਜਦੋਂ ਨਾ ਸਿਰਫ਼ ਸਿੱਖਾਂ ਦੀਆਂ ਪੱਗਾਂ ਉਤਾਰੀਆਂ ਗਈਆਂ ਸਗੋਂ ਗਲ ਵਿਚ ਟਾਇਰ ਪਾ ਕੇ ਸਾੜਿਆ ਵੀ ਗਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵਿਰੁੱਧ ਅਦਾਲਤੀ ਮੁਕੱਦਮਾ ਦਾਇਰ ਕੀਤਾ ਜਾਵੇਗਾ ਅਤੇ ਭਾਜਪਾ ਵੱਲੋਂ ਰਾਹੁਲ ਗਾਂਧੀ ਨੂੰ ਚੁਣੌਤੀ ਦਿਤੀ ਜਾਂਦੀ ਹੈ ਕਿ ਉਹ ਵਰਜੀਨੀਆ ਵਿਚ ਬੋਲੇ ਸ਼ਬਦ ਭਾਰਤ ਵਿਚ ਦੁਹਰਾਅ ਕੇ ਦਿਖਾਉਣ।

Next Story
ਤਾਜ਼ਾ ਖਬਰਾਂ
Share it