ਨਿਊਜ਼ੀਲੈਂਡ ਨੇ ਭਾਰਤੀਆਂ ਲਈ ਖੋਲਿ੍ਹਆ ਵੀਜ਼ਿਆਂ ਦਾ ਪਿਟਾਰਾ
ਨਿਊਜ਼ੀਲੈਂਡ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਲਈ ਵਰਕ ਵੀਜ਼ਿਆਂ ਦਾ ਪਿਟਾਰਾ ਖੋਲ੍ਹ ਦਿਤਾ ਹੈ ਅਤੇ ਹੁਣ ਮੁਲਕ ਵਿਚ ਪੜ੍ਹਨ ਵਾਲਿਆਂ ਨੂੰ ਕੋਰਸ ਮੁਕੰਮਲ ਹੋਣ ’ਤੇ ਲੰਮੇ ਸਮੇਂ ਵਾਸਤੇ ਵਰਕ ਪਰਮਿਟ ਜਾਰੀ

By : Upjit Singh
ਔਕਲੈਂਡ : ਨਿਊਜ਼ੀਲੈਂਡ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਲਈ ਵਰਕ ਵੀਜ਼ਿਆਂ ਦਾ ਪਿਟਾਰਾ ਖੋਲ੍ਹ ਦਿਤਾ ਹੈ ਅਤੇ ਹੁਣ ਮੁਲਕ ਵਿਚ ਪੜ੍ਹਨ ਵਾਲਿਆਂ ਨੂੰ ਕੋਰਸ ਮੁਕੰਮਲ ਹੋਣ ’ਤੇ ਲੰਮੇ ਸਮੇਂ ਵਾਸਤੇ ਵਰਕ ਪਰਮਿਟ ਜਾਰੀ ਕੀਤੇ ਜਾਣਗੇ। ਜੀ ਹਾਂ, ਨਿਊਜ਼ੀਲੈਂਡ ਸਰਕਾਰ ਦਾ ਇਹ ਉਪਰਾਲਾ ਭਾਰਤ ਨਾਲ ਹੋਈ ਮੁਕਤ ਵਪਾਰ ਸੰਧੀ ਦਾ ਸਿੱਟਾ ਹੈ ਅਤੇ ਪੰਜ ਹਜ਼ਾਰ ਭਾਰਤੀ ਪ੍ਰੋਫ਼ੈਸ਼ਨਲਜ਼ ਨੂੰ ਸਿੱਧੇ ਤੌਰ ’ਤੇ ਫਾਇਦਾ ਹੋਵੇਗਾ। ਇਸ ਵੇਲੇ ਨਿਊਜ਼ੀਲੈਂਡ ਵਿਚ 12 ਹਜ਼ਾਰ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ। ਨਿਊਜ਼ੀਲੈਂਡ ਦਾ ਇੰਮੀਗ੍ਰੇਸ਼ਨ ਮਹਿਕਮਾਂ ਭਾਰਤੀ ਨੌਜਵਾਨਾਂ ਵਾਸਤੇ ਇਕ ਨਵੀਂ ਵੀਜ਼ਾ ਸ਼੍ਰੇਣੀ ਸ਼ੁਰੂ ਕਰ ਰਿਹਾ ਹੈ ਜਿਸ ਨੂੰ ਟੈਂਪਰੇਰੀ ਇੰਪਲੌਇਮੈਂਟ ਐਂਟਰੀ ਵੀਜ਼ਾ ਮੰਨਿਆ ਜਾਵੇਗਾ ਅਤੇ ਭਾਰਤੀ ਹੁਨਰਮੰਦ ਕਾਮੇ ਤਿੰਨ ਸਾਲ ਵਾਸਤੇ ਨਿਊਜ਼ੀਲੈਂਡ ਵਿਚ ਕੰਮ ਕਰਨ ਆ ਸਕਣਗੇ।
ਤਿੰਨ ਸਾਲ ਵਾਲੀ ਨਵੀਂ ਵਰਕ ਵੀਜ਼ਾ ਸ਼ੇ੍ਰਣੀ ਦਾ ਐਲਾਨ
ਮੌਜੂਦਾ ਵੀਜ਼ਾ ਯੋਜਨਾਵਾਂ ਵੀ ਜਾਰੀ ਰਹਿਣਗੀਆਂ ਜਿਨ੍ਹਾਂ ਵਿਚ ਐਕਰੀਡੇਟਿਡ ਇੰਪਲੌਇਰ ਵਰਕ ਵੀਜ਼ਾ, ਸਕਿਲਡ ਮਾਇਗ੍ਰੈਂਟ ਕੈਟੇਗਰੀ ਰੈਜ਼ੀਡੈਂਟ ਵੀਜ਼ਾ ਸ਼ਾਮਲ ਹਨ। ਸਿਰਫ਼ ਇਥੇ ਹੀ ਬੱਸ ਨਹੀਂ ਨਿਊਜ਼ੀਨੈਂਡ ਸਰਕਾਰ ਹਰ ਸਾਲ ਇਕ ਹਜ਼ਾਰ ਨੌਜਵਾਨ ਭਾਰਤੀਆਂ ਨੂੰ ਮਲਟੀਪਲ ਐਂਟਰੀ ਵੀਜ਼ੇ ਵੀ ਜਾਰੀ ਕਰੇਗੀ। ਦੋਹਾਂ ਮੁਲਕਾਂ ਵੱਲੋਂ ਸੋਮਵਾਰ ਨੂੰ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਮੁਕੰਮਲ ਕੀਤੀ ਗਈ ਅਤੇ ਨਿਊਜ਼ੀਲੈਂਡ ਦੀ ਸੰਸਦ ਵੱਲੋਂ ਜਲਦ ਹੀ ਸੰਧੀ ਨੂੰ ਪ੍ਰਵਾਨਗੀ ਦਿਤੇ ਜਾਣ ਦੇ ਆਸਾਰ ਹਨ। ਮੁਕਤ ਵਪਾਰ ਸੰਧੀ ਵਿਚ ਸਟੂਡੈਂਟ ਮੋਬੀਲਿਟੀ ਪ੍ਰੋਗਰਾਮ ਅਤੇ ਪੋਸਟ ਗ੍ਰੈਜੁਏਸ਼ਨ ਵਰਕ ਵੀਜ਼ਾ ਦੀਆਂ ਮਦਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਮੋਬੀਲਿਟੀ ਪ੍ਰੋਗਰਾਮ ਅਧੀਨ ਨਿਊਜ਼ੀਲੈਂਡ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਡਿਗਰੀ ਕੋਰਸ ਮੁਕੰਮਲ ਹੋਣ ’ਤੇ ਘੱਟੋ ਘੱਟ 2 ਸਾਲ ਦਾ ਵਰਕ ਪਰਮਿਟ ਮਿਲੇਗਾ ਜਦਕਿ ਬੈਚਲਰਜ਼ ਡਿਗਰੀ ਕਰਨ ਵਾਲਿਆਂ ਨੂੰ ਤਿੰਨ ਸਾਲ ਦਾ ਵਰਕ ਪਰਮਿਟ ਅਤੇ ਪੋਸਟਗ੍ਰੈਜੁਏਟ ਕੋਰਸ ਕਰਨ ਵਾਲਿਆਂ ਨੂੰ ਚਾਰ ਸਾਲ ਦਾ ਵਰਕ ਪਰਮਿਟ ਮਿਲੇਗਾ।
ਸਟੱਡੀ ਵੀਜ਼ਾ ਵਾਲਿਆਂ ਨੂੰ ਮਿਲਣਗੇ ਲੰਮੇ ਵਰਕ ਪਰਮਿਟ
ਦੂਜੇ ਪਾਸੇ ਸ਼ੈੱਫ਼, ਨਰਸ, ਟੀਚਰਜ਼, ਕੇਅਰਗਿਵਰਜ਼, ਆਈ.ਟੀ. ਸੈਕਟਰ ਦੇ ਮਾਹਰਾਂ ਅਤੇ ਯੋਗਾ ਇੰਸਟ੍ਰਕਟਰਜ਼ ਨੂੰ ਪ੍ਰੋਫੈਸ਼ਨਲ ਵੀਜ਼ੇ ਦਿਤੇ ਜਾਣਗੇ ਤਾਂਕਿ ਉਹ ਲੰਮਾ ਸਮਾਂ ਨਿਊਜ਼ੀਲੈਂਡ ਦੇ ਅਰਥਚਾਰੇ ਵਿਚ ਯੋਗਦਾਨ ਪਾ ਸਕਣ। ਦੱਸ ਦੇਈਏ ਕਿ ਨਿਊਜ਼ੀਲੈਂਡ ਸਰਕਾਰ ਵੱਲੋਂ ਪਹਿਲੀ ਵਾਰ ਦੁਨੀਆਂ ਦੇ ਕਿਸੇ ਮੁਲਕ ਨਾਲ ਅਜਿਹੀ ਵਪਾਰ ਸੰਧੀ ਕੀਤੀ ਗਈ ਹੈ ਜਿਸ ਵਿਚ ਵੀਜ਼ਾ ਮਦਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਵਣਜ ਮੰਤਰੀ ਪਿਊਜ਼ ਗੋਇਲ ਨੇ ਦੱਸਿਆ ਕਿ ਭਾਰਤੀ ਫ਼ਾਰਮਾਸੂਟੀਕਲ ਕੰਪਨੀਆਂ ਨੂੰ ਮੁਕਤ ਵਪਾਰ ਸੰਧੀ ਦਾ ਵੱਡਾ ਫਾਇਦਾ ਹੋਵੇਗਾ ਅਤੇ ਨਿਊਜ਼ੀਲੈਂਡ ਦੇ ਬਾਜ਼ਾਰ ਵਿਚ ਸਿੱਧੇ ਤੌਰ ’ਤੇ ਕਦਮ ਰੱਖ ਸਕਣਗੀਆਂ।


