ਮਹਾਂਪ੍ਰਲਯ ਮਿਆਕੇ ਇਵੈਂਟ : ਫਿਰ ਤੋਂ ਵਾਪਰ ਸਕਦੀ ਖ਼ਤਰਨਾਕ ਪੁਲਾੜੀ ਘਟਨਾ
ਵਿਗਿਆਨ ਵੱਲੋਂ ਹੁਣ ਕੁੱਝ ਅਜਿਹੇ ਰਹੱਸਾਂ ਤੋਂ ਪਰਦਾ ਉਠਾਇਆ ਗਿਆ ਏ, ਜਿਸ ਤੋਂ ਇਹ ਪਤਾ ਚਲਦਾ ਏ ਕਿ ਬ੍ਰਹਿਮੰਡ ਦੀਆਂ ਸ਼ਕਤੀਆ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੋ ਸਕਦੀਆਂ ਨੇ। ਅਜਿਹੀ ਹੀ ਇਕ ਖ਼ਤਰਨਾਕ ਪੁਲਾੜੀ ਘਟਨਾ ਦਾ ਨਾਮ ਐ ਮਿਆਕੇ ਇਵੈਂਟ,, ਜੋ ਕਰੀਬ 14 ਹਜ਼ਾਰ ਸਾਲ ਪਹਿਲਾਂ ਧਰਤੀ ’ਤੇ ਵਾਪਰੀ ਸੀ, ਜਿਸ ਦੀ ਤਾਕਤ ਅੱਜ ਵੀ ਵਿਗਿਆਨੀਆਂ ਨੂੰ ਹੈਰਾਨ ਕਰ ਰਹੀ ਐ।

By : Makhan shah
ਟੋਕੀਓ : ਅਸੀਂ ਅਕਸਰ ਮਹਾਂਪ੍ਰਲਯ ਦੀਆਂ ਕਹਾਣੀਆਂ ਨੂੰ ਇਤਿਹਾਸ ਜਾਂ ਕਲਪਨਾ ਸਮਝ ਕੇ ਭੁੱਲ ਜਾਨੇ ਆਂ ਪਰ ਵਿਗਿਆਨ ਵੱਲੋਂ ਹੁਣ ਕੁੱਝ ਅਜਿਹੇ ਰਹੱਸਾਂ ਤੋਂ ਪਰਦਾ ਉਠਾਇਆ ਗਿਆ ਏ, ਜਿਸ ਤੋਂ ਇਹ ਪਤਾ ਚਲਦਾ ਏ ਕਿ ਬ੍ਰਹਿਮੰਡ ਦੀਆਂ ਸ਼ਕਤੀਆ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੋ ਸਕਦੀਆਂ ਨੇ। ਅਜਿਹੀ ਹੀ ਇਕ ਖ਼ਤਰਨਾਕ ਪੁਲਾੜੀ ਘਟਨਾ ਦਾ ਨਾਮ ਐ ਮਿਆਕੇ ਇਵੈਂਟ,, ਜੋ ਕਰੀਬ 14 ਹਜ਼ਾਰ ਸਾਲ ਪਹਿਲਾਂ ਧਰਤੀ ’ਤੇ ਵਾਪਰੀ ਸੀ, ਜਿਸ ਦੀ ਤਾਕਤ ਅੱਜ ਵੀ ਵਿਗਿਆਨੀਆਂ ਨੂੰ ਹੈਰਾਨ ਕਰ ਰਹੀ ਐ। ਜੇਕਰ ਮੌਜੂਦਾ ਸਮੇਂ ਇਹ ਘਟਨਾ ਦੁਬਾਰਾ ਵਾਪਰਦੀ ਐ ਤਾਂ ਧਰਤੀ ਤੋਂ ਆਧੁਨਿਕ ਜੀਵਨ ਸ਼ੈਲੀ ਦਾ ਪੂਰੀ ਤਰ੍ਹਾਂ ਖ਼ਾਤਮਾ ਹੋ ਜਾਵੇਗਾ। ਸੋ ਆਓ ਤੁਹਾਨੂੰ ਦੱਸਦੇ ਆਂ, ਆਖ਼ਰਕਾਰ ਕੀ ਐ ਮਿਆਕੇ ਇਵੈਂਟ ਅਤੇ ਕਿਉਂ ਮੰਨਿਆ ਜਾ ਰਿਹਾ ਇਸ ਨੂੰ ਇੰਨਾ ਖ਼ਤਰਨਾਕ?
ਪੁਲਾੜ ਵਿਚ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਜਿਨ੍ਹਾਂ ਤੋਂ ਇਨਸਾਨ ਹੁਣ ਤੱਕ ਵੀ ਅਣਜਾਣ ਐ। ਅਜਿਹੀ ਹੀ ਇਕ ਘਟਨਾ ਸੀ ਮਿਆਕੇ ਇਵੈਂਟ, ਜਿਸ ਤੋਂ ਇਨਸਾਨ ਲੰਬੇ ਸਮੇਂ ਤੱਕ ਅਣਜਾਣ ਹੀ ਰਿਹਾ, ਪਰ ਹੁਣ ਵਿਗਿਆਨੀਆਂ ਨੇ ਲਗਭਗ 14 ਹਜ਼ਾਰ ਸਾਲ ਪਹਿਲਾਂ ਆਏ ਇਕ ਭਿਆਨਕ ਅਤੇ ਸੂਰਜੀ ਤੂਫ਼ਾਨ ਦੇ ਸਬੂਤ ਲੱਭ ਲਏ ਨੇ, ਜਿਸ ਨੇ ਸਾਡੀ ਧਰਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਜਾਣਕਾਰੀ ਅਨੁਸਾਰ ਕਰੀਬ 14 ਹਜ਼ਾਰ ਸਾਲ ਪਹਿਲਾਂ ਧਰਤੀ ’ਤੇ ਇਕ ਅਜਿਹਾ ਸੂਰਜੀ ਤੂਫ਼ਾਨ ਆਇਆ ਸੀ, ਜਿਸ ਦੀ ਤਾਕਤ ਅੱਜ ਵੀ ਵਿਗਿਆਨੀਆਂ ਨੂੰ ਹੈਰਾਨ ਕਰ ਰਹੀ ਐ। ਇਹ ਕੋਈ ਆਮ ਪੁਲਾੜੀ ਘਟਨਾ ਨਹੀਂ ਸੀ। ਇਸ ਧਰਤੀ ਦੇ ਵਾਤਾਵਰਣ ’ਤੇ ਡੂੰਘਾ ਅਸਰ ਛੱਡਿਆ ਅਤੇ ਦਾਅਵਾ ਕੀਤਾ ਜਾ ਰਿਹਾ ਏ ਕਿ ਇਸ ਸਬੂਤ ਅੱਜ ਵੀ ਹਜ਼ਾਰਾਂ ਸਾਲ ਪੁਰਾਣੇ ਰੁੱਖਾਂ ਵਿਚ ਮੌਜੂਦ ਨੇ।
ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਮਿਆਕੇ ਇਵੈਂਟ ਇਸ ਕਰਕੇ ਕਿਹਾ ਜਾਂਦੈ ਕਿਉਂਕਿ ਇਸ ਦੀ ਖੋਜ ਜਪਾਨੀ ਵਿਗਿਆਨੀ ਫੁਸਾ ਮਿਆਕੇ ਵੱਲੋਂ ਸਭ ਤੋਂ ਪਹਿਲਾਂ ਸਾਲ 2012 ਵਿਚ ਕੀਤੀ ਗਈ ਸੀ। ਉਨ੍ਹਾਂ ਨੇ ਦੇਵਦਾਰ ਦੇ ਰੁੱਖਾਂ ਦੇ ਰਿੰਗਜ਼ ਦਾ ਅਧਿਐਨ ਕਰਦੇ ਹੋਏ ਦੇਖਿਆ ਕਿ ਇਕ ਹੀ ਸਾਲ ਵਿਚ ਕਾਰਬਨ 14 ਦਾ ਪੱਧਰ ਅਸਧਾਰਨ ਤੌਰ ’ਤੇ ਵਧਿਆ ਜੋ ਕਿਸੇ ਬੇਹੱਦ ਸ਼ਕਤੀਸ਼ਾਲੀ ਸੂਰਜੀ ਤੂਫ਼ਾਨ ਵੱਲ ਇਸ਼ਾਰਾ ਕਰਦਾ ਸੀ। ਸਾਲ 2023 ਵਿਚ ਵਿਗਿਆਨੀਆਂ ਨੇ ਦੱਖਣੀ ਫਰਾਂਸ ਵਿਚ ਇਕ ਰੁੱਖ ਦੇ ਰਿੰਗਜ਼ ਵਿਚ 14300 ਸਾਲ ਪੁਰਾਣੀ ਇਕ ਕਾਰਬਨ 14 ਸਪਾਈਕ ਲੱਭੀ। ਇਹ ਸਪਾਈਕ ਹੁਣ ਤੱਕ ਦਰਜ ਸਾਰੇ ਮਿਆਕੇ ਇਵੈਂਟਸ ਵਿਚੋਂ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਸੀ, ਯਾਨੀ ਕਿ ਪਹਿਲਾਂ ਦਰਜ ਕੀਤੇ ਗਏ ਇਵੈਂਟਸ ਤੋਂ ਦੁੱਗਣੀ। ਹੁਣ ਤੱਕ ਵਿਗਿਆਨੀਆਂ ਵੱਲੋਂ 6 ਮਿਆਕੇ ਇਵੈਂਟਸ ਦੀ ਪਛਾਣ ਕੀਤੀ ਜਾ ਚੁੱਕੀ ਐ। ਇਹ ਸਾਰੀਆਂ ਘਟਨਾਵਾਂ ਭਾਵੇਂ ਹਜ਼ਾਰਾਂ ਸਾਲ ਪਹਿਲਾਂ ਵਾਪਰ ਚੁੱਕੀਆਂ ਨੇ ਪਰ ਵਿਗਿਆਨੀਆਂ ਵੱਲੋਂ ਇਸ ਨੂੰ ਭਵਿੱਖ ਦੇ ਲਈ ਬੇਹੱਦ ਅਹਿਮ ਦੱਸਿਆ ਜਾ ਰਿਹਾ ਏ,, ਜਾਂ ਇਹ ਕਹਿ ਲਓ ਕਿ ਇਹ ਭਵਿੱਖ ਦੀ ਚਿਤਾਵਨੀ ਐ।
ਜੇਕਰ ਅਜਿਹਾ ਤੂਫ਼ਾਨ ਮੌਜੂਦਾ ਸਮੇਂ ਆਉਂਦਾ ਹੈ ਤਾਂ ਇਸ ਦੇ ਨਤੀਜੇ ਬੇਹੱਦ ਵਿਨਾਸ਼ਕਾਰੀ ਹੋਣਗੇ। ਮੌਜੂਦਾ ਸਮੇਂ ਬਿਜਲੀ, ਇੰਟਰਨੈੱਟ ਅਤੇ ਸੈਟੇਲਾਈਟ ਇਨਸਾਨੀ ਜ਼ਰੂਰਤ ਬਣ ਚੁੱਕੇ ਨੇ ਅਤੇ ਇਨ੍ਹਾਂ ਤੋਂ ਬਿਨਾਂ ਇਨਸਾਨੀ ਜੀਵਨ ਦੀ ਕਲਪਨਾ ਕਰਨਾ ਮੁਸ਼ਕਲ ਜਾਪਦਾ ਹੈ ਪਰ ਜੇਕਰ 12,350 ਸਾਲ ਪਹਿਲਾਂ ਵਰਗਾ ਸੂਰਜੀ ਤੂਫ਼ਾਨ ਆਇਆ ਤਾਂ ਆਧੁਨਿਕ ਜੀਵਨ ਸ਼ੈਲੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਕਿਉਂਕਿ ਇਸ ਨਾਲ ਬਿਜਲੀ ਗਰਿੱਡ ਫੇਲ੍ਹ ਹੋ ਜਾਣਗੇ, ਸੈਟੇਲਾਈਟ ਸੜ ਜਾਣਗੇ, ਇੰਟਰਨੈੱਟ, ਮੋਬਾਇਲ ਨੈੱਟਵਰਕ, ਨੈਵੀਗੇਸ਼ਨ ਸਿਸਟਮ, ਜੀਪੀਐਸ ਅਤੇ ਸੰਚਾਰ ਪ੍ਰਣਾਲੀ ਸਭ ਕੁੱਝ ਪਲਾਂ ਵਿਚ ਖ਼ਤਮ ਹੋ ਜਾਵੇਗਾ।
ਵਿਗਿਆਨੀਆਂ ਵੱਲੋਂ ਹਮੇਸ਼ਾਂ ਭਵਿੱਖ ਬਾਰੇ ਸੋਚ ਕੇ ਖੋਜ ਕੀਤੀ ਜਾਂਦੀ ਐ, ਉਨ੍ਹਾਂ ਦਾ ਕਹਿਣਾ ਏ ਕਿ ਪੁਲਾੜ ਵਿਚ ਕਦੋਂ ਕੀ ਹੋ ਜਾਵੇ, ਕੁੱਝ ਪਤਾ ਨਹੀਂ ਲਗਦਾ। ਜੇਕਰ ਹਜ਼ਾਰਾਂ ਸਾਲ ਪਹਿਲਾਂ ਖ਼ਤਰਨਾਕ ਸੂਰਜੀ ਤੂਫ਼ਾਨ ਨੇ ਧਰਤੀ ’ਤੇ ਤਬਾਹੀ ਮਚਾਈ ਸੀ ਤਾਂ ਇਹ ਘਟਨਾ ਫਿਰ ਤੋਂ ਨਹੀਂ ਵਾਪਰੇਗੀ, ਅਜਿਹੀ ਕੋਈ ਗਾਰੰਟੀ ਨਹੀਂ ਬਲਕਿ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਦੇ ਚਲਦਿਆਂ ਅਜਿਹੀਆਂ ਘਟਨਾਵਾਂ ਵਾਪਰਨ ਦੇ ਸੰਕੇਤ ਕਾਫ਼ੀ ਜ਼ਿਆਦਾ ਹੋ ਸਕਦੇ ਨੇ।
ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


