ਈਰਾਨ ਦੀ ਜੰਗ ਦਾ ਪੰਜਾਬ 'ਤੇ ਪੈ ਰਿਹਾ ਮਾੜਾ ਅਸਰ, ਖਾਦਾਂ ਹੋਈਆਂ ਮਹਿੰਗੀਆਂ, ਕਿਸਾਨਾਂ ਦੇ ਵਧੇ ਖੇਤੀ ਖ਼ਰਚੇ
ਅਮਰੀਕਾ, ਇਜ਼ਰਾਇਲ ਤੇ ਈਰਾਨ ਵਿਚਾਲ਼ੇ ਚੱਲ ਰਹੇ ਜੰਗੀ ਮਾਹੌਲ ਦਾ ਮਾੜਾ ਅਸਰ ਪੰਜਾਬ ਸਮੇਤ ਭਾਰਤ ਤੇ ਹੋਰਨਾਂ ਲਗਭਗ ਸਾਰੇ ਹੀ ਦੇਸ਼ਾਂ ਉਤੇ ਪੈ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਦੁਨੀਆ ਨੂੰ ਤੇਲ ਅਤੇ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

By : [email protected]
ਤੇਲ ਤੇ ਗੈਸ ਦੇ ਨਾਲ਼ ਦਾਲ਼ਾਂ ਦੀ ਸਪਲਾਈ 'ਚ ਪਿਆ ਵਿਘਨ, ਐਕਸਪੋਰਟਰ ਵੀ ਹੋਏ ਡਾਢੇ ਔਖੇ–ਭਾਰੇ
ਚੰਡੀਗੜ੍ਹ: ਅਮਰੀਕਾ, ਇਜ਼ਰਾਇਲ ਤੇ ਈਰਾਨ ਵਿਚਾਲ਼ੇ ਚੱਲ ਰਹੇ ਜੰਗੀ ਮਾਹੌਲ ਦਾ ਮਾੜਾ ਅਸਰ ਪੰਜਾਬ ਸਮੇਤ ਭਾਰਤ ਤੇ ਹੋਰਨਾਂ ਲਗਭਗ ਸਾਰੇ ਹੀ ਦੇਸ਼ਾਂ ਉਤੇ ਪੈ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਦੁਨੀਆ ਨੂੰ ਤੇਲ ਅਤੇ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਿਉਂਕਿ ਰਵਾਇਤੀ ਰੂਟ ਬੰਦ ਪਏ ਹਨ। ਦੱਖਣੀ ਅਫ਼ਰੀਕਾ ਦੇ ਦੱਖਣ ਵਾਲ਼ੇ ਪਾਸਿਓਂ ਦੀ ਜਾਣ ਨਾਲ਼ ਸਮੁੰਦਰੀ ਤੇ ਹਵਾਈ ਜਹਾਜ਼ਾਂ ਨੂੰ ਵਾਧੂ ਖ਼ਰਚੇ ਪੈ ਰਹੇ ਹਨ। ਇਸੇ ਲਈ ਹੁਣ ਬਹੁਤੀਆਂ ਏਅਰਲਾਈਨਜ਼ ਨੇ ਆਪੋ–ਆਪਣੇ ਕਿਰਾਇਆਂ ਵਿੱਚ ਚੋਖਾ ਵਾਧਾ ਕਰ ਦਿੱਤਾ ਹੈ।
ਪੰਜਾਬ ਸਮੇਤ ਸਮੁੱਚਾ ਭਾਰਤ ਹੀ ਕਾਫ਼ੀ ਹੱਦ ਤੱਕ ਦਰਾਮਦ ਉਤੇ ਨਿਰਭਰ ਹੈ। ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉਤਾਂਹ ਜਾਣ ਨੂੰ ਉਤਾਵਲੀਆਂ ਵਿਖਾਈ ਦੇ ਰਹੀਆਂ ਹਨ। ਤੇਲ ਕੀਮਤਾਂ ਵਧਣ ਨਾਲ਼ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਦੀ ਵਿਕਾਸ ਦਰ ਘਟ ਕੇ 6.6 ਫ਼ੀ ਸਦੀ ਰਹਿ ਸਕਦੀ ਹੈ। ਮਹਿੰਗਾਈ ਦੀ ਦਰ ਵਧ ਕੇ 4.1 ਫ਼ੀ ਸਦੀ ਤੱਕ ਪੁੱਜ ਸਕਦੀ ਹੈ।
ਤੇਲ ਕੀਮਤਾਂ ਵਧਣ ਨਾਲ਼ ਪੰਜਾਬ ਵਿੱਚ ਕਿਸਾਨਾਂ ਦੇ ਖੇਤੀਬਾੜੀ ਖ਼ਰਚੇ ਵਧਣਗੇ ਤੇ ਉਨ੍ਹਾਂ ਦੀ ਆਮਦਨ ਵੀ ਘਟੇਗੀ। ਪੰਜਾਬ ਦਾ 70 ਫ਼ੀ ਸਦੀ ਅਰਥਚਾਰਾ ਖੇਤੀਬਾੜੀ ਉਤੇ ਹੀ ਨਿਰਭਰ ਹੈ।
ਪੰਜਾਬ ਤੇ ਹਰਿਆਣਾ ਤੋਂ ਬਾਸਮਤੀ ਚੌਲ਼ਾਂ ਦੀਆਂ ਬਰਾਮਦਾਂ ਭਾਵ ਐਕਸਪੋਰਟਸ ਰੁਕ ਗਈਆਂ ਹਨ। ਭਾਰਤੀ, ਖ਼ਾਸ ਤੌਰ ਉਤੇ ਪੰਜਾਬ ਦੀ ਬਾਸਮਤੀ ਦਾ ਵੱਡਾ ਖ਼ਰੀਦਦਾਰ ਈਰਾਨ ਹੀ ਹੈ। ਭਾਰਤ ਤੋਂ ਲਗਭਗ 12 ਲੱਖ ਟਨ ਚੌਲ਼ ਸਾਲਾਨਾ ਈਰਾਨ ਭੇਜੇ ਜਾਂਦੇ ਹਨ। ਪਰ ਹੁਣ ਈਰਾਨ ਜਾਣ ਵਾਲ਼ਾ 1.4 ਲੱਖ ਟਨ ਮਾਲ ਵੱਖੋ–ਵੱਖਰੀਆਂ ਬੰਦਰਗਾਹਾਂ ਉਤੇ ਅਟਕਿਆ ਪਿਆ ਹੈ। ਇਸ ਨਾਲ਼ ਪੰਜਾਬ ਦੇ ਕਿਸਾਨਾਂ ਨੂੰ ਘੱਟੋ–ਘੱਟ ਦੋ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਪੰਜਾਬ ਦੇ ਮਾਨਚੈਸਟਰ ਭਾਵ ਲੁਧਿਆਣਾ ਉਤੇ ਵੀ ਈਰਾਨ ਦੀ ਜੰਗ ਦਾ ਡਾਢਾ ਅਸਰ ਪਿਆ ਹੈ। ਕੱਚੇ ਮਾਲ ਦੀ ਕੀਮਤ ਵਧਣ ਕਾਰਣ ਲੁਧਿਆਣਾ ਦੀਆਂ ਟੈਕਸਟਾਈਲ ਤੇ ਇੰਜੀਨੀਅਰਿੰਗ ਯੂਨਿਟਾਂ ਉਤੇ ਮਾੜਾ ਅਸਰ ਪਿਆ ਹੈ।
ਉਧਰ ਮੱਧ–ਪੂਰਬੀ ਤੇ ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਜੰਗ ਨੇ ਰੋਜ਼ਗਾਰ ਨੂੰ ਵੱਡੀ ਸੱਟ ਮਾਰੀ ਹੈ। ਬਹੁਤ ਸਾਰੇ ਭਾਰਤੀ ਕਾਮੇ ਵਿਹਲੇ ਹੋ ਗਏ ਹਨ। ਇੰਝ ਵਿਦੇਸ਼ ਤੋਂ ਭਾਰਤ ਆਉਣ ਵਾਲ਼ੇ ਡਾਲਰਾਂ ਵਿੱਚ ਵੱਡੀ ਕਮੀ ਵੇਖੀ ਜਾ ਸਕਦੀ ਹੈ।
ਪੰਜਾਬ ਦੀ ਖੇਤੀਬਾੜੀ 'ਚ ਵਰਤੀਆਂ ਜਾਣ ਵਾਲ਼ੀਆਂ ਬਹੁਤ ਸਾਰੀਆਂ ਖਾਦਾਂ ਹੋਰਨਾਂ ਦੇਸ਼ਾਂ ਤੋਂ ਹੀ ਆਉਂਦੀਆਂ ਹਨ। ਇਸ ਲਈ ਉਨ੍ਹਾਂ ਦੀਆਂ ਕੀਮਤਾਂ ਵਿੱਚ 30 ਤੋਂ 40 ਫ਼ੀ ਸਦੀ ਵਾਧਾ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
ਖ਼ੁਰਾਕੀ ਤੇਲ ਦੀ ਬਹੁਤ ਸਾਰੀ ਦਰਾਮਦ ਮੱਧ–ਪੂਰਬੀ ਦੇਸ਼ਾਂ ਤੋਂ ਹੁੰਦੀ ਹੈ। ਇਸ ਲਈ ਉਨ੍ਹਾਂ ਦੀਆਂ ਕੀਮਤਾਂ ਵੀ 20 ਤੋਂ 35 ਫ਼ੀ ਸਦੀ ਵਧਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਦਾਲ਼ਾਂ ਦੀਆਂ ਕੀਮਤਾਂ ਵਿੱਚ 15 ਤੋਂ 25 ਫ਼ੀ ਸਦੀ ਵਾਧਾ ਹੋਣ ਦੀ ਆਸ ਹੈ। ਸੋਨਾ ਤੇ ਉਸ ਤੋਂ ਬਣੇ ਗਹਿਣੇ 10 ਤੋਂ 20 ਫ਼ੀ ਸਦੀ ਮਹਿੰਗੇ ਹੋ ਸਕਦੇ ਹਨ। ਟੈਕਸਟਾਈਲ ਉਦਯੋਗ ਵਿੱਚ ਪੈਟਰੋ–ਕੈਮੀਕਲਜ਼ ਦੀ ਜ਼ਰੂਰਤ ਪੈਂਦੀ ਹੈ। ਉਹ ਵੀ ਮੱਧ–ਪੂਰਬ ਤੋਂ ਹੀ ਦਰਾਮਦ ਕੀਤੇ ਜਾਂਦੇ ਹਨ। ਇੰਝ ਉਹ ਵੀ 15 ਤੋਂ 25 ਫ਼ੀ ਸਦੀ ਤੱਕ ਮਹਿੰਗੇ ਹੋ ਸਕਦੇ ਹਨ। ਇਸ ਦਾ ਸਭ ਤੋਂ ਵੱਧ ਮਾੜਾ ਅਸਰ ਲੁਧਿਆਣਾ ਦੇ ਹੌਜ਼ਰੀ ਉਦਯੋਗ ਉਤੇ ਪਵੇਗਾ।
ਇੱਕ ਮੋਟੇ ਅਨੁਮਾਨ ਮੁਤਾਬਕ ਭਾਰਤ ਨੇ ਪਿਛਲੇ ਸਾਲ 2025 ਦੌਰਾਨ ਮੱਧ–ਪੂਰਬੀ ਦੇਸ਼ਾਂ ਤੋਂ 100 ਅਰਬ ਡਾਲਰ ਦੀਆਂ ਦਰਾਮਦਾਂ ਕੀਤੀਆਂ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਵਸਤਾਂ ਉਹ ਹਨ, ਜਿਹੜੀਆਂ ਖੇਤੀਬਾੜੀ ਅਤੇ ਉਦਯੋਗਾਂ ਲਈ ਵਰਤੀਆਂ ਜਾਂਦੀਆਂ ਹਨ। ਈਰਾਨ ਤੋਂ ਜ਼ਿਆਦਾਤਰ ਸੁੱਕੇ ਮੇਵੇ ਤੇ ਖਾਦਾਂ ਆਉਂਦੀਆਂ ਹਨ। ਹਾੋਰਨਾਂ ਦੇਸ਼ਾਂ ਤੋਂ ਭਾਰਤ ਮੰਗਵਾਏ ਜਾਣ ਵਾਲ਼ੇ ਪਿਸਤੇ 'ਚੋਂ 60 ਫ਼ੀ ਸਦੀ ਈਰਾਨ ਤੋਂ ਹੀ ਆਉਂਦਾ ਹੈ। ਇੰਝ ਹੀ ਭਾਰਤ ਵਿੱਚ 39 ਫ਼ੀ ਸਦੀ ਬਾਦਾਮ ਵੀ ਉਥੋਂ ਹੀ ਆਉਂਦੇ ਹਨ।
ਸੀਮਿੰਟ ਤੇ ਕੈਮੀਕਲ ਇੰਡਸਟ੍ਰੀ ਲਈ ਵਰਤੇ ਜਾਣ ਵਾਲ਼ੇ ਉਦਯੋਗਿਕ ਖਣਿਜ ਪਦਾਰਥ ਵੀ ਮੱਧ–ਪੂਰਬੀ ਦੇਸ਼ਾਂ ਤੋਂ ਆਉਂਦੇ ਹਨ।
ਈਰਾਨ ਦੀ ਜੰਗ ਕਾਰਣ ਮੱਧ–ਪੂਰਬੀ ਦੇਸ਼ਾਂ ਦੇ ਆਕਾਸ਼ ਹੁਣ 'ਨੋ–ਫ਼ਲਾਈ ਜ਼ੋਨ' ਬਣ ਗਏ ਹਨ। ਇਸੇ ਲਈ ਭਾਰਤੀ ਏਅਰਲਾਈਨਜ਼ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਲੰਮੇਰੇ ਰੂਟ ਲੈਣੇ ਪੈ ਰਹੇ ਹਨ। ਇਸ ਨਾਲ਼ ਤੇਲ ਦਾ ਖ਼ਰਚਾ 30 ਫ਼ੀ ਸਦੀ ਤੱਕ ਵਧ ਗਿਆ ਹੈ। ਅਮਰੀਕੀ ਤੇ ਕੈਨੇਡਾ ਜਾਣ ਲਈ ਫ਼ਲਾਈਟਾਂ ਦੇ ਟਿਕਟ ਇੱਕ ਲੱਖ ਰੁਪਏ ਤੋਂ ਸਿੱਧੇ ਦੋ ਲੱਖ ਰੁਪਏ – ਇੱਕ ਪਾਸੇ ਦੇ ਹੋ ਗਏ ਹਨ।


