US ’ਚ Indian ਮੁਟਿਆਰ ਦੀ ਜਾਨ ਦਾ ਮੁੱਲ 29 ਮਿਲੀਅਨ ਡਾਲਰ
ਅਮਰੀਕਾ ਵਿਚ ਭਾਰਤੀ ਮੁਟਿਆਰ ਦੀ ਦਰਦਨਾਕ ਮੌਤ ਮਗਰੋਂ ਮੁਆਵਜ਼ੇ ਦੀ ਮੰਗ ਕਰ ਰਹੀ ਵਿਧਵਾ ਮਾਂ ਨੂੰ ਵੱਡੀ ਜਿੱਤ ਹਾਸਲ ਹੋਈ ਜਦੋਂ ਸਿਐਟਲ ਸ਼ਹਿਰ ਨੇ 29 ਮਿਲੀਅਨ ਡਾਲਰ ਦੀ ਰਕਮ ਅਦਾ ਕਰਨ ਬਾਰੇ ਸਹਿਮਤੀ ਦੇ ਦਿਤੀ

By : Upjit Singh
ਸਿਐਟਲ : ਅਮਰੀਕਾ ਵਿਚ ਭਾਰਤੀ ਮੁਟਿਆਰ ਦੀ ਦਰਦਨਾਕ ਮੌਤ ਮਗਰੋਂ ਮੁਆਵਜ਼ੇ ਦੀ ਮੰਗ ਕਰ ਰਹੀ ਵਿਧਵਾ ਮਾਂ ਨੂੰ ਵੱਡੀ ਜਿੱਤ ਹਾਸਲ ਹੋਈ ਜਦੋਂ ਸਿਐਟਲ ਸ਼ਹਿਰ ਨੇ 29 ਮਿਲੀਅਨ ਡਾਲਰ ਦੀ ਰਕਮ ਅਦਾ ਕਰਨ ਬਾਰੇ ਸਹਿਮਤੀ ਦੇ ਦਿਤੀ। ਜਾਹਨਵੀ ਕੰਦੁਲਾ ਦੀ ਵਿਧਵਾ ਮਾਂ ਨੇ ਸਿਟੀ ਅਤੇ ਸਿਐਟਲ ਪੁਲਿਸ ਦੇ ਸਾਬਕਾ ਅਫ਼ਸਰ ਕੈਵਿਨ ਡੇਵ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ 110 ਮਿਲੀਅਨ ਡਾਲਰ ਹਰਜਾਨਾ ਮੰਗਿਆ ਜਿਨ੍ਹਾਂ ਦਾ ਕਹਿਣਾ ਸੀ ਕਿ ਮੌਤ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਨੂੰ ਜਿਥੇ ਅੰਤਾਂ ਦਾ ਦਰਦ ਬਰਦਾਸ਼ਤ ਕਰਨਾ ਪਿਆ, ਉਥੇ ਹੀ ਦਹਿਸ਼ਤ ਭਰੇ ਮਾਹੌਲ ਵਿਚ ਉਸ ਨੇ ਦਮ ਤੋੜਿਆ।
ਜਾਹਨਵੀ ਕੰਦੁਲਾ ਦੀ ਸੜਕ ਹਾਦਸੇ ਦੌਰਾਨ ਗਈ ਸੀ ਜਾਨ
ਦੱਸ ਦੇਈਏ ਕਿ 23 ਜਨਵਰੀ 2023 ਨੂੰ ਵਾਪਰੇ ਹਾਦਸੇ ਦੌਰਾਨ ਸਿਐਟਲ ਪੁਲਿਸ ਦਾ ਕੈਵਿਨ ਡੇਵ ਆਪਣੀ ਕਰੂਜ਼ਰ ਵਿਚ 119 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਐਮਰਜੰਸੀ ਲਾਈਟਾਂ ਵੀ ਨਹੀਂ ਸਨ ਚੱਲ ਰਹੀਆਂ। ਸਿਐਟਲ ਪੁਲਿਸ ਦੇ ਜਵਾਬਦੇਹੀ ਦਫ਼ਤਰ ਦੀ ਪੜਤਾਲ ਮੁਤਾਬਕ ਕੈਵਿਨ ਡੇਵ ਨੇ ਚਾਰ ਵਿਭਾਗੀ ਨੀਤੀਆਂ ਦੀ ਉਲੰਘਣਾ ਕੀਤੀ। ਸਿਐਟਲ ਪੁਲਿਸ ਦੀ ਕਾਰਜਕਾਰੀ ਮੁਖੀ ਸੂ ਰਾਹਰ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਓਵਰਡੋਜ਼ ਦੇ ਇਕ ਸੰਭਾਵਤ ਪੀੜਤ ਦੀ ਮਦਦ ਵਾਸਤੇ ਜਾ ਰਹੇ ਪੁਲਿਸ ਅਫਸਰ ਦਾ ਇਰਾਦਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਪਰ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆਂ ਜਾਨਲੇਵਾ ਹਾਦਸੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’’ ਕੈਵਿਨ ਡੇਵ ਨੂੰ ਪਿਛਲੇ ਸਾਲ ਸਿਐਟਲ ਪੁਲਿਸ ਵਿਚੋਂ ਬਰਖ਼ਾਸਤ ਕਰ ਦਿਤਾ ਗਿਆ। ਜਾਹਨਵੀ ਕੰਦੁਲਾ 2021 ਵਿਚ ਅਮਰੀਕਾ ਪੁੱਜੀ ਸੀ ਅਤੇ ਕੁਝ ਸਮਾਂ ਟੈਕਸਸ ਵਿਖੇ ਆਪਣੇ ਇਕ ਰਿਸ਼ਤੇਦਾਰ ਕੋਲ ਰਹਿਣ ਮਗਰੋਂ ਨੌਰਥ ਈਸਟ੍ਰਨ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਜਾਹਨਵੀ ਦੇ ਪਿਤਾ ਪਹਿਲਾਂ ਹੀ ਇਸ ਦੁਨੀਆਂ ਵਿਚ ਨਹੀਂ ਅਤੇ ਮਾਂ ਨੇ ਕਰਜ਼ਾ ਲੈ ਕੇ ਉਸ ਨੂੰ ਅਮਰੀਕਾ ਪੜ੍ਹਨ ਭੇਜਿਆ। ਜਾਹਨਵੀ ਪੜ੍ਹਾਈ ਪੂਰੀ ਕਰਨ ਮਗਰੋਂ ਆਪਣੀ ਮਾਂ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ ਪਰ ਸਭ ਕੁਝ ਖੇਰੂੰ ਖੇਰੂੰ ਹੋ ਗਿਆ।
ਸਿਐਟਲ ਪੁਲਿਸ ਦੇ ਅਫ਼ਸਰ ਨੇ ਸੜਕ ਪਾਰ ਕਰਦੀ ਜਾਹਨਵੀ ਨੂੰ ਮਾਰੀ ਸੀ ਟੱਕਰ
ਜਾਹਨਵੀ ਕੰਦੁਲਾ ਮਾਮਲੇ ਵਿਚ ਕੈਵਿਨ ਡੇਵ ਦੀ ਬਰਖਾਸਤਗੀ ਤੋਂ ਪਹਿਲਾਂ ਉਸ ਪੁਲਿਸ ਅਫ਼ਸਰ ਨੂੰ ਵੀ ਬਰਖਾਸਤ ਕੀਤਾ ਜਾ ਚੁੱਕਾ ਹੈ ਜੋ ਜਾਹਨਵੀ ਦੀ ਮੌਤ ਦੀ ਖਬਰ ਸੁਣ ਕੇ ਤਾੜੀ ਮਾਰ ਕੇ ਹੱਸਿਆ। ਸਿਐਟਲ ਪੁਲਿਸ ਦੀ ਕਾਰਜਕਾਰੀ ਮੁਖੀ ਸੂ ਰਾਹਰ ਨੇ ਇਕ ਵਿਭਾਗੀ ਈਮੇਲ ਵਿਚ ਕਿਹਾ ਕਿ ਡੈਨੀਅਲ ਔਡਰਰ ਦੇ ਸ਼ਬਦਾਂ ਨਾਲ ਜਾਹਨਵੀ ਦੇ ਪਰਵਾਰ ਨੂੰ ਡੂੰਘੀ ਸੱਟ ਵੱਜੀ ਅਤੇ ਇਹ ਘਟਨਾ ਪੂਰੇ ਪੁਲਿਸ ਮਹਿਕਮੇ ਲਈ ਨਮੋਸ਼ੀ ਦਾ ਕਾਰਨ ਬਣੀ। ਸੂ ਨੇ ਕਿਹਾ ਕਿ ਪੁਲਿਸ ਮਹਿਕਮੇ ਦੀ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੇ ਵਿਸ਼ਵਾਸ ਨੂੰ ਖੋਰਾ ਨਾ ਲੱਗੇ ਜਿਸ ਦੇ ਮੱਦੇਨਜ਼ਰ ਔਡਰਰ ਨੂੰ ਬਰਖਾਸਤ ਕਰ ਦਿਤਾ ਗਿਆ। ਇਥੇ ਇਹ ਵੀ ਦੱਸਣਾ ਬਣਦਾ ਹੈ ਬੌਡੀ ਕੈਮਰੇ ਵਿਚ ਰਿਕਾਰਡ ਵੀਡੀਓ ਕਲਿੱਪ ਵਿਚ ਪੁਲਿਸ ਅਫਸਰ ਡੈਨੀਅਲ ਔਡਰਰ ਨੂੰ ਇਹ ਕਹਿੰਦਿਆਂ ਸਾਫ ਸੁਣਿਆ ਜਾ ਸਕਦਾ ਹੈ ਕਿ ਮਰਨ ਵਾਲੀ ਕੁੜੀ ਦੀ ਕੋਈ ਅਹਿਮੀਅਤ ਨਹੀਂ ਸੀ। ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਡੈਨੀਅਲ ਔਡਰਰ ਉਸ ਵੇਲੇ ਸਿਐਟਲ ਦੇ ਪੁਲਿਸ ਅਫਸਰਾਂ ਦੀ ਜਥੇਬੰਦੀ ਦਾ ਮੀਤ ਪ੍ਰਧਾਨ ਸੀ ਅਤੇ ਉਹ ਫੋਨ ’ਤੇ ਜਥੇਬੰਦੀ ਦੇ ਪ੍ਰਧਾਨ ਮਾਈਕ ਸੋਲਨ ਨਾਲ ਗੱਲ ਕਰ ਰਿਹਾ ਸੀ।
ਵਿਧਵਾ ਮਾਂ ਨੂੰ ਮਿਲੇਗੀ ਹਰਜਾਨੇ ਦੀ ਰਕਮ
ਫੋਨ ’ਤੇ ਗੱਲ ਕਰਦਿਆਂ ਉਹ ਕਹਿੰਦਾ ਹੈ ਕਿ 11 ਹਜ਼ਾਰ ਡਾਲਰ ਦਾ ਚੈਕ ਤਿਆਰ ਕਰੋ, ਕੁੜੀ ਦੀ ਉਮਰ ਤਕਰੀਬਨ 26 ਸਾਲ ਸੀ। ਔਡਰਰ ਇਹ ਵੀ ਕਹਿੰਦਾ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਪੁਲਿਸ ਅਫਸਰ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਇਕ ਤਜਰਬੇਕਾਰ ਡਰਾਈਵਰ ਵਾਸਤੇ ਇਹ ਕੋਈ ਜ਼ਿਆਦਾ ਰਫ਼ਤਾਰ ਨਹੀਂ। ਦੂਜੇ ਪਾਸੇ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਜਾਹਨਵੀ ਕੰਦੁਲਾ ਨੂੰ ਟੱਕਰ ਮਾਰਨ ਵਾਲਾ ਪੁਲਿਸ ਅਫਸਰ 25 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਹੱਦ ਵਾਲੇ ਇਲਾਕੇ ਵਿਚ 74 ਮੀਲ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ। ਜਾਹਨਵੀ ਨੂੰ ਇਨਸਾਫ ਦਿਵਾਉਣ ਲਈ ਲੋਕ ਸੜਕਾਂ ’ਤੇ ਆਏ ਅਤੇ ਨੌਰਥ ਈਸਟ੍ਰਨ ਯੂਨੀਵਰਸਿਟੀ ਨੇ ਵੀ ਵੱਡਾ ਫੈਸਲਾ ਲੈਂਦਿਆਂ ਆਪਣੀ ਵਿਦਿਆਰਥਣ ਨੂੰ ਮਰਨ ਉਪ੍ਰੰਤ ਡਿਗਰੀ ਪ੍ਰਦਾਨ ਕੀਤੀ।


