ਅਮਰੀਕਾ ਦੇ ਹਵਾਈ ਅੱਡਿਆਂ ’ਤੇ ਮੁੜ ਸ਼ਟਡਾਊਨ ਦਾ ਅਸਰ!
ਅਮਰੀਕਾ ਦੇ ਹਵਾਈ ਅੱਡਿਆਂ ’ਤੇ ਮੁੜ ਸ਼ਟਡਾਊਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਇੰਮੀਗ੍ਰੇਸ਼ਨ ਅਫ਼ਸਰਾਂ ਸਣੇ ਮੁਸਾਫ਼ਰਾਂ ਦੀ ਸੁਰੱਖਿਆ ਜਾਂਚ ਕਰਨ ਵਾਲੇ ਏਜੰਟਸ ਬਗੈਰ ਤਨਖ਼ਾਹ ਤੋਂ ਕੰਮ ਕਰਨ ਲਈ ਮਜਬੂਰ ਹਨ ਪਰ ਲੰਮਾ ਸਮਾਂ ਅਜਿਹਾ ਨਹੀਂ ਚੱਲ ਸਕਦਾ

By : Upjit Singh
ਵਾਸ਼ਿੰਗਟਨ : ਅਮਰੀਕਾ ਦੇ ਹਵਾਈ ਅੱਡਿਆਂ ’ਤੇ ਮੁੜ ਸ਼ਟਡਾਊਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਇੰਮੀਗ੍ਰੇਸ਼ਨ ਅਫ਼ਸਰਾਂ ਸਣੇ ਮੁਸਾਫ਼ਰਾਂ ਦੀ ਸੁਰੱਖਿਆ ਜਾਂਚ ਕਰਨ ਵਾਲੇ ਏਜੰਟਸ ਬਗੈਰ ਤਨਖ਼ਾਹ ਤੋਂ ਕੰਮ ਕਰਨ ਲਈ ਮਜਬੂਰ ਹਨ ਪਰ ਲੰਮਾ ਸਮਾਂ ਅਜਿਹਾ ਨਹੀਂ ਚੱਲ ਸਕਦਾ। ਹਵਾਈ ਮੁਸਾਫ਼ਰਾਂ ਨੂੰ 43 ਦਿਨ ਤੱਕ ਜਾਰੀ ਰਿਹਾ ਸ਼ਟਡਾਊਨ ਚੰਗੀ ਤਰ੍ਹਾਂ ਯਾਦ ਹੈ ਜਦੋਂ ਹਜ਼ਾਰਾਂ ਫਲਾਈਟਸ ਰੱਦ ਹੋਈਆਂ ਜਾਂ ਦੇਰ ਨਾਲ ਰਵਾਨਾ ਹੋ ਸਕੀਆਂ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਖਰਚਿਆਂ ਨੂੰ ਕਾਂਗਰਸ ਦੀ ਪ੍ਰਵਾਨਗੀ ਨਹੀਂ ਮਿਲ ਸਕੀ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਚਾਹੁੰਦੇ ਹਨ ਕਿ ਇੰਮੀਗ੍ਰੇਸ਼ਨ ਛਾਪਿਆਂ ਵਿਚ ਸ਼ਾਮਲ ਅਫ਼ਸਰ ਆਪਣੇ ਚਿਹਰਿਆਂ ਤੋਂ ਮਾਸਕ ਹਟਾਉਣ, ਆਈ ਕਾਰਡ ਗਲ ਵਿਚ ਟੰਗੇ ਹੋਣ ਅਤੇ ਨਸਲੀ ਵਿਤਕਰਾ ਮੁਕੰਮਲ ਤੌਰ ’ਤੇ ਤਿਆਗਿਆ ਜਾਵੇ। ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਹਕੀਮ ਜੈਫ਼ਰੀਜ਼ ਨੇ ਕਿਹਾ ਕਿ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਵਾਲੇ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਡਰਾਇਆ ਜਾ ਰਿਹਾ ਹੈ। ਭਾਵੇਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਅਤੇ ਬਾਰਡਰ ਪੈਟਰੋਲ ਵਾਲਿਆਂ ਉਤੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਸ਼ਟਡਾਊਨ ਦਾ ਅਸਰ ਨਹੀਂ ਪਰ ਹਵਾਈ ਅੱਡਿਆਂ ’ਤੇ ਆਵਾਜਾਈ ਪ੍ਰਭਾਵਤ ਹੋ ਸਕਦੀ ਹੈ।
ਇੰਮੀਗ੍ਰੇਸ਼ਨ ਅਫ਼ਸਰਾਂ ਦੇ ਮਾਸਕ ਹਟਾਉਣਾ ਚਾਹੁੰਦੇ ਨੇ ਡੈਮੋਕ੍ਰੈਟਸ
ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ ਅਧਿਕਾਰੀਆਂ ਨੇ ਉਸ ਵੇਲੇ ਵੀ ਬਗੈਰ ਤਨਖਾਹਾਂ ਤੋਂ ਕੰਮ ਕੀਤਾ ਜਦੋਂ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਜਾਰੀ ਰਿਹਾ। ਐਵੀਏਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਰ ਦੇ ਸ਼ਟਡਾਊਨ ਦਾ ਵੱਖਰਾ ਅਸਰ ਸਾਹਮਣੇ ਆ ਸਕਦਾ ਹੈ। ਉਧਰ ਕਾਰੋਬਾਰੀ ਜਥੇਬੰਦੀਆਂ ਅਤੇ ਵੱਡੀਆਂ ਏਅਰਲਾਈਨਜ਼ ਨੇ ਚਿਤਾਵਨੀ ਦਿਤੀ ਹੈ ਕਿ ਹਵਾਈ ਅੱਡਿਆਂ ’ਤੇ ਲੰਮੀਆਂ ਕਤਾਰਾਂ ਲੱਗ ਸਕਦੀਆਂਹਨ ਅਤੇ ਨਾਂਹਪੱਖੀ ਸਿੱਟੇ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ 95 ਫ਼ੀ ਸਦੀ ਅਫ਼ਸਰਾਂ ਨੂੰ ਜ਼ਰੂਰੀ ਕਾਮੇ ਮੰਨਿਆ ਗਿਆ ਹੈ ਜਿਸ ਦੇ ਮੱਦੇਨਜ਼ਰ ਬਗੈਰ ਤਨਖਾਹ ਤੋਂ ਵੀ ਉਨ੍ਹਾਂ ਨੂੰ ਕੰਮ ਕਰਨਾ ਹੋਵੇਗਾ। ਦੂਜੇ ਪਾਸੇ, ਹਵਾਈ ਅੱਡਿਆਂ ’ਤੇ ਪੁੱਜ ਰਹੇ ਮੁਸਾਫ਼ਰਾਂ ਦੇ ਚਿਹਰੇ ’ਤੇ ਪਿਛਲੇ ਸਾਲ ਵਰਗੀਆਂ ਚਿੰਤਾਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਏਅਰਲਾਈਨਜ਼ ਨੇ ਹਾਲਾਤ ਬਦਤਰ ਹੋਣ ਦੀ ਚਿਤਾਵਨੀ ਦਿਤੀ
ਡੈਟਰਾਇਟ ਮੈਟਰੋਪਾਲੀਟਨ ਏਅਰਪੋਰਟ ’ਤੇ ਪੁੱਜੇ ਜੌਹਨ ਕਲਾਰਕ ਦਾ ਕਹਿਣਾ ਸੀ ਕਿ ਪਿਛਲੇ ਸ਼ਟਡਾਊਨ ਦਾ ਅਸਰ ਹੁਣ ਤੱਕ ਕਾਇਮ ਹੈ ਅਤੇ ਨਵੇਂ ਸਿਰੇ ਤੋਂ ਪੈਦਾ ਹੋਈ ਸਮੱਸਿਆ ਅਜੀਬੋ ਗਰੀਬ ਹਾਲਾਤ ਪੈਦਾ ਕਰ ਰਹੀ ਹੈ। ਕੌੜੀਆਂ ਯਾਦਾਂ ਮੁਸਾਫ਼ਰਾਂ ਅਤੇ ਸੁਰੱਖਿਆ ਅਫ਼ਸਰਾਂ ਦੋਹਾਂ ਧਿਰਾਂ ਦੇ ਮਨ ਵਿਚ ਤਾਜ਼ਾ ਹਨ ਜਿਸ ਦੇ ਮੱਦੇਨਜ਼ਰ ਕੰਮਕਾਜੀ ਅੜਿੱਕਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਐਵੀਏਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਏਅਰ ਟ੍ਰੈਫ਼ਿਕ ਕੰਟਰੋਲਰ ਭਾਵੇਂ ਸ਼ਟਡਾਊਨ ਦੇ ਘੇਰੇ ਵਿਚ ਨਹੀਂ ਪਰ ਫਲਾਈਟਸ ਹੁਣ ਵੀ ਡੀਲੇਅ ਹੋ ਸਕਦੀਆਂ ਹਨ। ਮੁਸਾਫ਼ਰਾਂ ਨੂੰ ਹਦਾਇਤ ਦਿਤੀ ਗਈ ਹੈ ਕਿ ਉਹ ਆਪਣੇ ਸਮਾਨ ਵਿਚ ਫੁਲ ਸਾਈਜ਼ ਸ਼ੈਂਪੂ ਜਾਂ ਹੋਰ ਕਿਸੇ ਕਿਸਮ ਦਾ ਲਿਕੁਇਡ ਨਾ ਲੈ ਕੇ ਆਉਣ।


