Begin typing your search above and press return to search.

ਅਮਰੀਕਾ ’ਚ ਸੈਂਕੜੇ ਫਲਾਈਟਸ ਰੱਦ ਹੋਣ ਦਾ ਖ਼ਤਰਾ

ਅਮਰੀਕਾ ਵਿਚ ਸੈਂਕੜੇ ਫਲਾਈਟਸ ਰੱਦ ਹੋਣ ਅਤੇ ਹਜ਼ਾਰਾਂ ਮੁਸਾਫ਼ਰਾਂ ਦੇ ਘੁੰਮਣਘੇਰੀ ਵਿਚ ਫਸਣ ਦਾ ਖਤਰਾ ਵਧ ਗਿਆ ਹੈ

ਅਮਰੀਕਾ ’ਚ ਸੈਂਕੜੇ ਫਲਾਈਟਸ ਰੱਦ ਹੋਣ ਦਾ ਖ਼ਤਰਾ
X

Upjit SinghBy : Upjit Singh

  |  9 Oct 2025 6:10 PM IST

  • whatsapp
  • Telegram

ਨਿਊ ਯਾਰਕ : ਅਮਰੀਕਾ ਵਿਚ ਸੈਂਕੜੇ ਫਲਾਈਟਸ ਰੱਦ ਹੋਣ ਅਤੇ ਹਜ਼ਾਰਾਂ ਮੁਸਾਫ਼ਰਾਂ ਦੇ ਘੁੰਮਣਘੇਰੀ ਵਿਚ ਫਸਣ ਦਾ ਖਤਰਾ ਵਧ ਗਿਆ ਹੈ। ਸਿਰਫ ਐਨਾ ਹੀ ਨਹੀ ਐਵੀਏਸ਼ਨ ਸੈਕਟਰ ਦੇ ਮਾਹਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਹਾਲਾਤ ਵਿਚ ਜਲਦ ਸੁਧਾਰ ਨਾ ਹੋਇਆ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਜੀ ਹਾਂ, ਸ਼ਟਡਾਊਨ ਦੇ ਸਿੱਟੇ ਵਜੋਂ ਮੁਲਕ ਦੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਏਅਰ ਟ੍ਰੈਫ਼ਿਕ ਕੰਟਰੋਲਰਜ਼ ਦੀ ਘਾਟ ਪੈਦਾ ਹੋ ਚੁੱਕੀ ਹੈ ਜਿਨ੍ਹਾਂ ਵੱਲੋਂ ਹਵਾਈ ਜਹਾਜ਼ਾਂ ਨੂੰ ਲੈਂਡ ਕਰਨ ਅਤੇ ਟੇਕਔਫ਼ ਦੀਆਂ ਹਦਾਇਤਾਂ ਦਿਤੀਆਂ ਜਾਂਦੀਆਂ ਹਨ। ਮੰਗਲਵਾਰ ਰਾਤ ਸ਼ਿਕਾਗੋ ਦੇ ਓ ਏਅਰ ਇੰਟਰਨੈਸ਼ਨਲ ਏਅਰਪੋਰਟ ’ਤੇ ਸੀਮਤ ਟ੍ਰੈਫ਼ਿਕ ਕੰਟਰੋਲਰ ਮੌਜੂਦ ਸਨ ਜਦਕਿ ਨੈਸ਼ਵਿਲ ਹਵਾਈ ਅੱਡਾ ਬੰਦ ਕੀਤਾ ਜਾ ਰਿਹਾ ਹੈ। ਹਿਊਸਟਨ, ਲਾਸ ਵੇਗਸ ਅਤੇ ਨਿਊਅਰਕ ਦੇ ਹਵਾਈ ਅੱਡਿਆਂ ’ਤੇ ਹਾਲਾਤ ਚੰਗੇ ਨਹੀਂ ਦੱਸੇ ਜਾ ਰਹੇ।

ਹਵਾਈ ਅੱਡਿਆਂ ’ਤੇ ਘਿਰ ਸਕਦੇ ਨੇ ਹਜ਼ਾਰਾਂ ਮੁਸਾਫ਼ਰ

ਦੂਜੇ ਪਾਸੇ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਦਾ ਕਹਿਣਾ ਹੈ ਕਿ ਏਅਰ ਟ੍ਰੈਫ਼ਿਕ ਕੰਟਰੋਲਰਜ਼ ਨੂੰ ਜ਼ਰੂਰੀ ਮੁਲਾਜ਼ਮ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸ਼ਟਡਾਊਨ ਦੌਰਾਨ ਬਗੈਰ ਤਨਖਾਹ ਤੋਂ ਕੰਮ ਕਰਨਾ ਹੋਵੇਗਾ। ਇਥੇ ਦਸਣਾ ਬਣਦਾ ਹੈ ਕਿ ਸ਼ਿਕਾਗੋ ਦੇ ਓ ਹੇਅਰ ਇੰਟਰਨੈਸ਼ਨਲ ਏਅਰਪੋਰਟ ਤੋਂ ਰੋਜ਼ਾਨਾ ਇਕ ਹਜ਼ਾਰ ਤੋਂ ਵੱਧ ਫਲਾਈਟਸ ਰਵਾਨਾ ਹੁੰਦੀਆਂ ਹਨ ਅਤੇ ਲੈਂਡ ਕਰਦੀਆਂ ਹਨ ਪਰ ਹਾਲਾਤ ਲਗਾਤਾਰ ਗੁੰਝਲਦਾਰ ਬਣਦੇ ਜਾ ਰਹੇ ਹਨ। ਟ੍ਰੈਫ਼ਿਕ ਕੰਟਰੋਲਰਜ਼ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਤਨਖਾਹ ਨਾ ਮਿਲਣ ਦੀ ਸੂਰਤ ਵਿਚ ਉਹ ਆਪਣੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰਨਗੇ। ਤਨਖਾਹ ਮਿਲਣ ਦਾ ਅਗਲਾ ਦਿਨ 14 ਅਕਤੂਬਰ ਹੈ ਅਤੇ ਜਦੋਂ ਤੱਕ ਸ਼ਟਡਾਊਨ ਖਤਮ ਨਹੀਂ ਹੁੰਦਾ, ਟ੍ਰੈਫ਼ਿਕ ਕੰਟਰੋਲਰਜ਼ ਨੂੰ ਸਿਰਫ਼ ਉਨ੍ਹਾਂ ਦਿਹਾੜੀਆਂ ਦੀ ਤਨਖਾਹ ਮਿਲੇਗੀ ਜੋ ਸ਼ਟਡਾਊਨ ਤੋਂ ਪਹਿਲਾਂ ਲੱਗੀਆਂ। ਸਰਕਾਰੀ ਕੰਮਕਾਜ ਇਸ ਤੋਂ ਬਾਅਦ ਵੀ ਠੱਪ ਰਹਿੰਦਾ ਹੈ ਤਾਂ 28 ਅਕਤੂਬਰ ਵੀ ਤਨਖਾਹ ਵਾਲਾ ਦਿਨ ਹੈ ਜਿਸ ਦੌਰਾਨ ਟ੍ਰੈਫ਼ਿਕ ਕੰਟਰੋਲਰਜ਼ ਦੇ ਹੱਥ ਬਿਲਕੁਲ ਖਾਲੀ ਹੋਣਗੇ। ਉਧਰ ਨੈਸ਼ਨਲ ਏਅਰ ਟ੍ਰੈਫ਼ਿਕ ਕੰਟਰੋਲਰਜ਼ ਐਸੋਸੀਏਸ਼ਨ ਨੇ ਕਿਹਾ ਕਿ ਸਟਾਫ਼ ਦੀ ਪਹਿਲਾਂ ਹੀ ਕਮੀ ਹੈ ਅਤੇ ਥੋੜ੍ਹੇ ਜਿਹੇ ਮੁਲਾਜ਼ਮਾਂ ਦੀ ਗੈਰਹਾਜ਼ਰੀ ਨਾਲ ਹੀ ਵੱਡੀ ਹਿਲਜੁਲ ਮਹਿਸੂਸ ਹੋ ਰਹੀ ਹੈ।

ਸ਼ਟਡਾਊਨ ਦੇ ਸਤਾਏ ਏਅਰ ਟ੍ਰੈਫ਼ਿਕ ਕੰਟਰੋਲਰ ਗੈਰਹਾਜ਼ਰ ਹੋਣ ਲੱਗੇ

ਐਸੋਸੀਏਸ਼ਨ ਦੇ ਪ੍ਰਧਾਨ ਨਿਕ ਡੈਨੀਅਲਜ਼ ਨੇ ਕਿਹਾ ਕਿ ਉਹ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਨਾਲ ਤਾਲਮੇਲ ਤਹਿਤ ਕੰਮ ਕਰਨ ਨੂੰ ਤਿਆਰ ਹਨ ਕਿਉਂਕਿ ਹਵਾਈ ਸਫ਼ਰ ਕਰ ਰਹੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਉਨ੍ਹਾਂ ਦਾ ਫਰਜ਼ ਹੈ। ਦੂਜੇ ਪਾਸੇ ਬਿਮਾਰ ਹੋਣ ਦੇ ਬਹਾਨੇ ਕੰਮ ਤੋਂ ਗੈਰਹਾਜ਼ਰ ਹੋਣ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ। ਅਮਰੀਕਾ ਸਰਕਾਰ ਦੇ ਨਿਯਮਾਂ ਮੁਤਾਬਕ ਬਿਮਾਰੀ ਦੀ ਛੁੱਟੀ ਤਿੰਨ ਦਿਨ ਤੋਂ ਉਪਰ ਜਾਂਦੀ ਹੈ ਤਾਂ ਸਬੰਧਤ ਮੁਲਾਜ਼ਮ ਵਾਸਤੇ ਡਾਕਟਰ ਦਾ ਨੋਟ ਪੇਸ਼ ਕਰਨਾ ਲਾਜ਼ਮੀ ਹੈ। ਇਸੇ ਦੌਰਾਨ ਕੈਲੇਫੋਰਨੀਆ ਦੇ ਬਰਬੈਂਕ ਹਵਾਈ ਅੱਡੇ ’ਤੇ ਬਗੈਰ ਏਅਰ ਟ੍ਰੈਫਿਕ ਕੰਟਰੋਲਰਜ਼ ਤੋਂ ਕੰਮ ਚਲਾਏ ਜਾਣ ਦੀ ਰਿਪੋਰਟ ਵੀ ਸਾਹਮਣੇ ਆਈ ਹੈ। ਲਾਈਵ ਏ.ਟੀ.ਸੀ. ਡਾਟ ਨੈਟ ਦੀ ਆਡੀਓ ਮੁਤਾਬਕ ਪਾਇਲਟਸ ਨੂੰ ਰੇਡੀਓ ਫਰੀਕੁਐਂਸੀ ਰਾਹੀਂ ਇਕ ਦੂਜੇ ਨਾਲ ਸੰਪਰਕ ਕਰਨਾ ਪਿਆ। ਇਕ ਬੋਇੰਗ 737 ਦੇ ਪਾਇਲਟ ਨੂੰ ਰੇਡੀਓ ’ਤੇ ਕਹਿੰਦਿਆਂ ਸੁਣਿਆ ਗਿਆ, ‘‘ਸਾਊਥ ਵੈਸਟ 1591, ਵੀ ਆਰ ਅਬਾਊਟ ਤੋਂ ਕਰੌਸ ਰਨਵੇਅ 8 ਔਨ ਐਲਫ਼ਾ ਐਂਡ ਦੈਨ ਵੀ ਵਿਲ ਟੇਕ ਲੈਫ਼ਟ ਟਰਨ ਔਨ ਡੈਲਟਾ।’’ ਬਰਬੈਂਕ ਟਾਵਰ ਛੇ ਘੰਟੇ ਬੰਦ ਰਿਹਾ ਅਤੇ ਇਸ ਦੌਰਾਨ 37 ਜਹਾਜ਼ਾਂ ਨੇ ਉਡਾਣ ਭਰੀ ਜਦਕਿ 33 ਜਹਾਜ਼ ਲੈਂਡ ਕਰ ਗਏ। ਦੱਸਿਆ ਜਾ ਰਿਹਾ ਹੈ ਕਿ ਵਾਸ਼ਿੰਗਟਨ ਡੀ.ਸੀ., ਇੰਡਿਆਨਾਪੌਲਿਸ ਅਤੇ ਫਲੋਰੀਡਾ ਦੇ ਜੈਕਸਨਵਿਲ ਹਵਾਈ ਅੱਡੇ ਵੀ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਘਾਟ ਨਾਲ ਜੂਝ ਰਹੇ ਹਨ।

Next Story
ਤਾਜ਼ਾ ਖਬਰਾਂ
Share it