ਕਿਵੇਂ ਹੁੰਦੀ ਐ ਅਮਰੀਕੀ ਰਾਸ਼ਟਰਪਤੀ ਦੀ ਚੋਣ? ਸੌਖੇ ਸ਼ਬਦਾਂ ’ਚ ਜਾਣੋ ਕੱਲੀ-ਕੱਲੀ ਗੱਲ
ਅਮਰੀਕਾ ਵਿਚ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਪੂਰੇ ਜ਼ੋਰਾਂ ਸ਼ੋਰਾਂ ’ਤੇ ਚੱਲ ਰਹੀਆਂ ਨੇ ਕਿਉਂਕਿ ਇਸੇ ਸਾਲ ਨਵੰਬਰ ਮਹੀਨੇ ਵਿਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ। ਅਮਰੀਕਾ ਵਿਚ ਚੋਣਾਂ ਦੀ ਪ੍ਰਕਿਰਿਆ ਕਰੀਬ ਡੇਢ ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਐ
By : Makhan shah
ਵਾਸ਼ਿੰਗਟਨ : ਅਮਰੀਕਾ ਵਿਚ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਪੂਰੇ ਜ਼ੋਰਾਂ ਸ਼ੋਰਾਂ ’ਤੇ ਚੱਲ ਰਹੀਆਂ ਨੇ ਕਿਉਂਕਿ ਇਸੇ ਸਾਲ ਨਵੰਬਰ ਮਹੀਨੇ ਵਿਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ। ਅਮਰੀਕਾ ਵਿਚ ਚੋਣਾਂ ਦੀ ਪ੍ਰਕਿਰਿਆ ਕਰੀਬ ਡੇਢ ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਐ ਪਰ ਹੁਣ ਜਦੋਂ ਚੋਣਾਂ ਐਨ ਨੇੜੇ ਪਹੁੰਚ ਚੁੱਕੀਆਂ ਨੇ ਤਾਂ ਅਮਰੀਕਾ ਦਾ ਸਿਆਸੀ ਪਾਰਾ ਪੂਰੇ ਸ਼ਿਖ਼ਰਾਂ ’ਤੇ ਪਹੁੰਚ ਚੁੱਕਿਆ ਏ।
ਇਸ ਵਾਰ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਐ। ਅਮਰੀਕੀ ਰਾਸ਼ਟਰਪਤੀ ਦੀ ਚੋਣ ਚਾਰ ਸਾਲ ਲਈ ਕੀਤੀ ਜਾਂਦੀ ਐ ਅਤੇ ਇਕ ਵਿਅਕਤੀ ਦੋ ਵਾਰ ਹੀ ਰਾਸ਼ਟਰਪਤੀ ਬਣ ਸਕਦਾ ਏ। ਸੋ ਆਓ ਤੁਹਾਨੂੰ ਸੌਖੇ ਸ਼ਬਦਾਂ ਵਿਚ ਦੱਸਦੇ ਆਂ, ਕਿਵੇਂ ਹੁੰਦੀਆਂ ਨੇ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਅਤੇ ਕੀ ਹੁੰਦੀ ਐ ਇਸ ਦੀ ਪ੍ਰਕਿਰਿਆ?
ਅਮਰੀਕਾ ਵਿਚ ਮੌਜੂਦਾ ਸਮੇਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਕਾਫ਼ੀ ਸ਼ਿਖ਼ਰਾਂ ’ਤੇ ਪੁੱਜਿਆ ਹੋਇਆ ਏ ਕਿਉਂਕਿ ਇਸੇ ਸਾਲ ਨਵੰਬਰ ਮਹੀਨੇ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਦੇ ਲਈ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਇਕ ਦੂਜੇ ਦੇ ਵਿਰੁੱਧ ਚੋਣ ਮੈਦਾਨ ਵਿਚ ਉਤਰੇ ਹੋਏ ਨੇ। ਅਮਰੀਕਾ ਵਿਚ ਰਾਸ਼ਟਰਪਤੀ ਨੂੰ ਪੋਟਸ ਕਿਹਾ ਜਾਂਦਾ ਏ ਯਾਨੀ ਕਿ ਪ੍ਰੈਜੀਡੈਂਟ ਆਫ਼ ਯੂਨਾਇਟਡ ਸਟੇਟਸ ਆਫ਼ ਅਮਰੀਕਾ।
ਇੱਥੇ ਭਾਰਤ ਦੀ ਤਰ੍ਹਾਂ ਸਿਆਸੀ ਪਾਰਟੀਆਂ ਦੀ ਭਰਮਾਰ ਨਹੀਂ ਬਲਕਿ ਇੱਥੇ ਸਿਰਫ਼ ਦੋ ਹੀ ਪ੍ਰਮੁੱਖ ਪਾਰਟੀਆਂ ਨੇ, ਇਕ ਰਿਪਬਲਿਕਨਜ਼ ਜੋ ਅਮਰੀਕਾ ਦੀ ਕੰਜ਼ਰਵੇਟਿਵ ਪਾਰਟੀ ਐ ਅਤੇ ਦੂਜੀ ਐ ਡੈਮੋਕ੍ਰੇਟਜ਼ ਜੋ ਅਮਰੀਕਾ ਦੀ ਲਿਬਰਲ ਪਾਰਟੀ ਐ। ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਲਈ ਚਾਰ ਪ੍ਰਕਿਰਿਆਵਾਂ ਹੁੰਦੀਆਂ ਨੇ, ਜਿਨ੍ਹਾਂ ਵਿਚ ਪ੍ਰਾਇਮਰੀ ਅਤੇ ਕੌਕਸ, ਨੈਸ਼ਨਨ ਕੰਨਵੈਨਸ਼ਨ, ਆਮ ਚੋਣਾਂ, ਇਨੈਕਟੋਲ ਕਾਲਜ, ਪੰਜਵਾਂ ਸਹੁੰ ਚੁੱਕ ਸਮਾਗਮ।
ਪ੍ਰਾਇਮਰੀ ਅਤੇ ਕੌਕਸ ਦੀ ਗੱਲ ਕਰਦੇ ਆਂ,, ਇਸ ਪ੍ਰਕਿਰਿਆ ਤਹਿਤ ਸਭ ਤੋਂ ਪਹਿਲਾਂ ਸਿਆਸੀ ਪਾਰਟੀਆਂ ਤੋਂ ਡੈਲੀਗੇਟਸ ਚੁਣੇ ਜਾਂਦੇ ਨੇ। ਪ੍ਰਾਇਮਰੀ ਅਤੇ ਕੌਕਸ ਪ੍ਰਕਿਰਿਆ ਤਹਿਤ ਹੀ ਇਨ੍ਹਾਂ ਦੀ ਚੋਣ ਕੀਤੀ ਜਾਂਦੀ ਐ। ਪ੍ਰਾਇਮਰੀ ਵਿਚ ਸਿਆਸੀ ਪਾਰਟੀਆਂ ਦੇ ਰਜਿਸਟਰਡ ਮੈਂਬਰ ਅਤੇ ਆਮ ਲੋਕ ਵੋਟਾਂ ਪਾਉਂਦੇ ਨੇ ਜਦਕਿ ਕੌਕਸ ਵਿਚ ਇਕ ਓਪਨ ਗ਼ੈਰ ਰਸਮੀ ਮੀਟਿੰਗ ਹੁੰਦੀ ਐ।
ਦੂਜੀ ਪ੍ਰਕਿਰਿਆ ਐ ਨੈਸ਼ਨਲ ਕਨਵੈਨਸ਼ਨ : ਇਸ ਵਿਚ ਵੱਖ ਵੱਖ ਸਟੇਟਾਂ ਤੋਂ ਚੁਣੇ ਗਏ ਪਾਰਟੀ ਦੇ ਡੈਲੀਗੇਟਸ ਇਕ ਥਾਂ ’ਤੇ ਇਕੱਠੇ ਹੋ ਕੇ ਰਾਸ਼ਟਰਪਤੀ ਦੀ ਉਮੀਦਵਾਰੀ ਪੇਸ਼ ਕਰਨ ਵਾਲੇ ਲੋਕਾਂ ਵਿਚੋਂ ਕਿਸੇ ਇਕ ਉਮੀਦਵਾਰ ਦੀ ਚੋਣ ਕਰਦੇ ਨੇ।
ਤੀਜੀ ਪ੍ਰਕਿਰਿਆ ਹੁੰਦੀ ਐ ਆਮ ਚੋਣਾਂ : ਇਸ ਪ੍ਰਕਿਰਿਆ ਵਿਚ ਆਮ ਜਨਤਾ ਇਲੈਕਟਰਜ਼ ਦੀ ਚੋਣ ਕਰਦੀ ਐ। ਰਾਜਾਂ ਦੀ ਆਬਾਦੀ ਦੇ ਹਿਸਾਬ ਨਾਲ ਇਨ੍ਹਾਂ ਦੀ ਗਿਣਤੀ ਵੱਖੋ ਵੱਖਰੀ ਹੁੰਦੀ ਐ, ਯਾਨੀ ਕਿ ਜਿਸ ਰਾਜ ਦੀ ਆਬਾਦੀ ਵੱਧ ਐ, ਉਸ ਦੇ ਵੱਧ ਇਲੈਕਟਰਜ਼ ਹੁੰਦੇ ਨੇ ਅਤੇ ਜਿਸਦੀ ਆਬਾਦੀ ਘੱਟ ਐ ਉਸ ਦੇ ਘੱਟ। ਇਸ ਵਿਚ ‘ਵਿਨਰ ਟੈਕਸ ਆਲ’ ਦਾ ਨਿਯਮ ਲਾਗੂ ਹੁੰਦਾ ਏ।
ਆਓ ਹੁਣ ਤੁਹਾਨੂੰ ‘ਵਿਨਰ ਟੈਕਸ ਆਲ’ ਬਾਰੇ ਦੱਸਦੇ ਆਂ : ਉਦਾਹਰਨ ਦੇ ਤੌਰ ’ਤੇ ਫਲੋਰੀਡਾ ਸਟੇਟ ਵਿਚ 30 ਇਲੈਕਟਰ ਨੇ। ਜੇਕਰ ਇੱਥੋਂ ਰਿਪਬਲਿਕਨ ਪਾਰਟੀ ਦੇ 14 ਇਲੈਕਟਰ ਅਤੇ ਡੈਮੋਕ੍ਰੇਟਿਕ ਪਾਰਟੀ ਦੇ 16 ਇਲੈਕਟਰ ਜਿੱਤਦੇ ਨੇ ਤਾਂ ਸੂਬੇ ਵਿਚ ਡੈਮੋਕ੍ਰੇਟਸ ਦੀ ਜਿੱਤ ਹੋਵੇਗੀ। ਇਸ ਮਗਰੋਂ ਪੂਰੇ 30 ਦੇ 30 ਇਲੈਕਟਰ ਡੈਮੋਕ੍ਰੇਟਿਕ ਪਾਰਟੀ ਦੇ ਹੋ ਜਾਣਗੇ। ਪੂਰੇ ਦੇਸ਼ ਵਿਚ 538 ਇਲੈਕਟਰ ਚੁਣੇ ਜਾਂਦੇ ਨੇ, ਕਿਸੇ ਵੀ ਪਾਰਟੀ ਨੂੰ ਜਿੱਤ ਹਾਸਲ ਕਰਨ ਲਈ 270 ਇਲੈਕਟਰਜ਼ ਦੀ ਲੋੜ ਹੁੰਦੀ ਐ।
ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਚੌਥੀ ਪ੍ਰਕਿਰਿਆ ਇਲੈਕਟੋਰਲ ਕਾਲਜ ਹੁੰਦੀ ਐ. ਇਸ ਪ੍ਰਕਿਰਿਆ ਵਿਚ ਜਦੋਂ ਅਮਰੀਕੀ ਵੋਟਰ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪਾਉਂਦੇ ਨੇ ਤਾਂ ਉਹ ਅਸਲ ਵਿਚ ਆਪਣਾ ਵੋਟ ਅਧਿਕਾਰੀਆਂ ਦੇ ਇਕ ਸਮੂਹ ਨੂੰ ਪਾਉਂਦੇ ਨੇ ਜੋ ਇਲੈਕਟੋਰਲ ਕਾਲਜ ਬਣਾਉਂਦੇ ਨੇ। ‘ਕਾਲਜ’ ਦਾ ਅਰਥ ਐ ਅਜਿਹੇ ਲੋਕਾਂ ਦਾ ਸਮੂਹ ਜੋ ਇਕੋ ਜਿਹੇ ਕੰਮਾਂ ਦੇ ਨਾਲ ਜੁੜੇ ਹੋਏ ਹੋਣ। ਜਿਹੜੇ ਲੋਕ ਇਲੈਕਟਰਜ਼ ਹੁੰਦੇ ਨੇ, ਉਨ੍ਹਾਂ ਦਾ ਕੰਮ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਚੁਣਨਾ ਹੁੰਦਾ ਏ। ਦੇਸ਼ ਭਰ ਵਿਚ ਚੁਣੇ ਗਏ 538 ਇਲੈਕਟਰਜ਼ ਦਸੰਬਰ ਮਹੀਨੇ ਵਿਚ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਉਮੀਦਵਾਰ ਦੇ ਲਈ ਵੋਟਾਂ ਪਾਉਂਦੇ ਨੇ। ਇਸ ਮਗਰੋਂ ਵੋਟਾਂ ਦੀ ਗਿਣਤੀ ਅਮਰੀਕੀ ਕਾਂਗਰਸ ਵਿਚ ਜਨਵਰੀ ਮਹੀਨੇ ਵਿਚ ਕੀਤੀ ਜਾਂਦੀ ਐ।
ਹੁਣ ਇੱਥੇ ਕੁੱਝ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਉਠਦਾ ਹੋਵੇਗਾ,, ਕੀ ਇਲੈਕਟਰਜ਼ ਨੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਵੋਟ ਪਾਉਣੀ ਹੁੰਦੀ ਐ? ਇਸ ਦਾ ਜਵਾਬ ਇਹ ਐ ਕਿ ਉਂਝ ਤਾਂ ਕਈ ਸੂਬਿਆਂ ਵਿਚ ਇਲੈਕਟਰਜ਼ ਆਪਣੀ ਪਸੰਦ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਵੋਟ ਦੇ ਸਕਦੇ ਨੇ ਪਰ ਹਕੀਕਤ ਇਹ ਐ ਕਿ ਇਲੈਕਟਰਜ਼ ਹਮੇਸ਼ਾਂ ਉਸ ਉਮੀਦਵਾਰ ਨੂੰ ਹੀ ਵੋਟ ਦਿੰਦੇ ਨੇ, ਜਿਸ ਨੂੰ ਸੂਬੇ ਵਿਚ ਸਭ ਤੋਂ ਵੱਧ ਵੋਟਾਂ ਮਿਲੀਆਂ ਹੋਣ। ਯਾਨੀ ਕਿ ਉਹ ਵੀ ਲੋਕਾਂ ਵੱਲੋਂ ਦਿੱਤੇ ਫ਼ਤਵੇ ਦੀ ਕਦਰ ਕਰਦੇ ਨੇ। ਸਭ ਤੋਂ ਖ਼ਾਸ ਗੱਲ ਇਹ ਐ ਕਿ ਜੇਕਰ ਕੋਈ ਇਲੈਕਟਰ ਉਸ ਸੂਬੇ ਦੇ ਰਾਸ਼ਟਰਪਤੀ ਅਹੁਦੇ ਲਈ ਪਸੰਦੀਦਾ ਉਮੀਦਵਾਰ ਦੇ ਵਿਰੁੱਧ ਵੋਟ ਪਾਉਂਦਾ ਏ ਤਾਂ ਉਸ ਨੂੰ ‘ਆਸਥਾ ਵਿਰੋਧੀ’ ਕਿਹਾ ਜਾਂਦਾ ਏ।
ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਸਭ ਤੋਂ ਆਖ਼ਰੀ ਪ੍ਰਕਿਰਿਆ ਸਹੁੰ ਚੁੱਕ ਸਮਾਗਮ ਦੀ ਹੁੰਦੀ ਐ,,, ਇਸ ਪ੍ਰਕਿਰਿਆ ਤਹਿਤ ਚੁਣੇ ਗਏ ਨਵੇਂ ਰਾਸ਼ਟਰਪਤੀ ਨੂੰ ਅਧਿਕਾਰਤ ਤੌਰ ’ਤੇ ਜਨਵਰੀ ਮਹੀਨੇ ਵਿਚ ਵਾਸ਼ਿੰਗਟਨ ਡੀਸੀ ਵਿਖੇ ਹੋਣ ਵਾਲੇ ਸਮਾਮਗ ਵਿਚ ਰਾਸ਼ਟਰਪਤੀ ਦੀ ਕੁਰਸੀ ਮਿਲਦੀ ਐ। ਇਸੇ ਦਿਨ ਨਵੇਂ ਰਾਸ਼ਟਰਪਤੀ ਨੂੰ ਹਲਫ਼ ਦਿਵਾਇਆ ਜਾਂਦਾ ਏ। ਇਸ ਨੂੰ ਅਮਰੀਕਾ ਵਿਚ ਇਨੋਗ੍ਰੇਸ਼ਨ ਡੇਅ ਵੀ ਆਖਿਆ ਜਾਂਦਾ ਏ। ਇਸ ਸਮਾਗਮ ਤੋਂ ਬਾਅਦ ਨਵਾਂ ਰਾਸ਼ਟਰਪਤੀ ਵਾਈਟ ਹਾਊਸ ਵਿਚ ਚਾਰ ਸਾਲਾਂ ਦੇ ਲਈ ਆਪਣਾ ਕੰਮਕਾਜ ਸੰਭਾਲ ਲੈਂਦਾ ਏ। ਅਮਰੀਕਾ ਵਿਚ ਇਕ ਵਿਅਕਤੀ ਸਿਰਫ਼ ਦੋ ਵਾਰ ਰਾਸ਼ਟਰਪਤੀ ਬਣ ਸਕਦਾ ਏ। ਅਮਰੀਕਾ ਵਿਚ ਕਈ ਆਗੂਆਂ ਨੂੰ ਇਹ ਸੁਭਾਗ ਪ੍ਰਾਪਤ ਹੋ ਸਕਿਆ ਏ।
ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਇਕ ਹੋਰ ਗੱਲ ਖ਼ਾਸ ਐ, ਕਈ ਵਾਰ ਅਜਿਹਾ ਹੋ ਸਕਦਾ ਏ ਕਿ ਉਮੀਦਵਾਰ ਨੂੰ ਲੋਕਾਂ ਦੀਆਂ ਵੋਟਾਂ ਤਾਂ ਵੱਧ ਮਿਲੀਆਂ ਹੋਣ ਪਰ ਫਿਰ ਵੀ ਉਹ ਰਾਸ਼ਟਰਪਤੀ ਨਾ ਬਣ ਸਕੇ। ਦਰਅਸਲ ਅਜਿਹਾ ਉਨ੍ਹਾਂ ਉਮੀਦਵਾਰਾਂ ਦੇ ਨਾਲ ਹੋ ਸਕਦਾ ਏ ਜੋ ਦੇਸ਼ ਭਰ ਵਿਚ ਸਭ ਤੋਂ ਵੱਧ ਹਰਮਨ ਪਿਆਰੇ ਹੋਣ ਪਰ ਉਹ 270 ਇਲੈਕਟੋਰਲ ਵੋਟ ਹਾਸਲ ਕਰਨ ਲਈ ਲੋੜੀਂਦੇ ਸੂਬਿਆਂ ਵਿਚ ਨਾ ਜਿੱਤੇ ਹੋਣ।
ਦਰਅਸਲ ਪਿਛਲੀਆਂ ਛੇ ਚੋਣਾਂ ਵਿਚੋਂ ਦੋ ਚੋਣਾਂ ਵਿਚ ਅਜਿਹੇ ਉਮੀਦਵਾਰ ਜਿੱਤੇ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਦੇ ਮੁਕਾਬਲੇ ਆਮ ਲੋਕਾਂ ਦੀਆਂ ਘੱਟ ਵੋਟਾਂ ਮਿਲੀਆਂ ਪਰ ਉਹ ਫਿਰ ਵੀ ਰਾਸ਼ਟਰਪਤੀ ਬਣ ਗਏ ਕਿਉਂਕਿ ਉਨ੍ਹਾਂ ਨੂੰ ਇਲੈਕਟੋਰਲ ਕਾਲਜ ਨੇ ਬਹੁਮਤ ਦੇ ਦਿੱਤਾ ਸੀ। ਸੰਨ 2000 ਵਿਚ ਜੌਰਜ ਡਬਲਯੂ ਬੁਸ਼ ਨੂੰ 271 ਇਲੈਕਟੋਰਲ ਵੋਟਾਂ ਮਿਲੀਆਂ ਸੀ, ਜਦਕਿ ਡੈਮੋਕ੍ਰੇਟਿਕ ਉਮੀਦਵਾਰ ਅਲ ਗੌਰ ਨੂੰ ਆਮ ਲੋਕਾਂ ਤੋਂ ਪੰਜ ਲੱਖ ਤੋਂ ਵੀ ਵੱਧ ਵੋਟਾਂ ਮਿਲੀਆਂ ਸੀ। ਅਮਰੀਕੀ ਇਤਿਹਾਸ ਵਿਚ ਸਿਰਫ਼ ਤਿੰਨ ਰਾਸ਼ਟਰਪਤੀ ਅਜਿਹੇ ਹੋਏ ਨੇ, ਜੋ ਆਮ ਲੋਕਾਂ ਦੀਆਂ ਘੱਟ ਵੋਟਾਂ ਮਿਲਣ ਦੇ ਬਾਵਜੂਦ ਜੇਤੂ ਰਹੇ ਅਤੇ ਇਨ੍ਹਾਂ ਵਿਚ ਜੌਨ ਕਵਿੰਸੀ ਐਡਮਸ, ਰਦਰਫੋਰਡ ਬੀ ਹਾਯੇਸ ਅਤੇ ਬੈਂਜਾਮਿਨ ਹੈਰੀਸਨ ਦੇ ਨਾਂਅ ਸ਼ਾਮਲ ਨੇ।
ਆਓ ਹੁਣ ਜਾਣਦੇ ਆਂ ਕਿ ਆਖ਼ਰਕਾਰ ਅਮਰੀਕਾ ਵਿਚ ਅਜਿਹਾ ਸਿਸਟਮ ਕਿਉਂ ਬਣਾਇਆ ਗਿਆ? ਜਾਣਕਾਰੀ ਅਨੁਸਾਰ ਸੰਨ 1787 ਵਿਚ ਜਦੋਂ ਅਮਰੀਕੀ ਸੰਵਿਧਾਨ ਤਿਆਰ ਕੀਤਾ ਗਿਆ ਸੀ ਤਾਂ ਉਸ ਸਮੇਂ ਆਮ ਲੋਕਾਂ ਵੱਲੋਂ ਚੁਣੇ ਗਏ ਉਮੀਦਵਾਰ ਨੂੰ ਰਾਸ਼ਟਰਪਤੀ ਬਣਾਉਣਾ ਅਮਲੀ ਰੂਪ ਵਿਚ ਸੰਭਵ ਨਹੀਂ ਸੀ ਕਿਉਂਕਿ ਦੇਸ਼ ਦਾ ਵੱਡਾ ਅਕਾਰ ਅਤੇ ਸੰਚਾਰ ਸਾਧਨਾਂ ਦੀ ਕਮੀ ਵੱਡੀ ਮੁਸ਼ਕਲ ਸੀ। ਇਸ ਤੋਂ ਇਲਾਵਾ ਸੰਸਦ ਮੈਂਬਰਾਂ ਵਿਚ ਵੀ ਰਾਸ਼ਟਰਪਤੀ ਚੁਣਨ ਦੀ ਇਜਾਜ਼ਤ ਦੇਣ ਨੂੰ ਲੈਕੇ ਉਤਸ਼ਾਹ ਨਾਂਹ ਦੇ ਬਰਾਬਰ ਸੀ। ਇਸ ਸਭ ਨੂੰ ਦੇਖਦਿਆਂ ਹੀ ਸੰਵਿਧਾਨ ਘਾੜਿਆਂ ਨੇ ਇਲੈਕਟੋਰਲ ਕਾਲਜ ਦੀ ਪ੍ਰਕਿਰਿਆ ਬਣਾਈ, ਜਿਸ ਵਿਚ ਹਰ ਸੂਬਾ ਇਲੈਕਟਰਾਂ ਦੀ ਚੋਣ ਕਰਦਾ ਏ ਜੋ ਬਾਅਦ ਵਿਚ ਰਾਸ਼ਟਰਪਤੀ ਚੋਣ ਕਰਦੇ ਨੇ।
ਉਂਝ ਇਹ ਸਵਾਲ ਵੀ ਹਰ ਕਿਸੇ ਦੇ ਜ਼ਿਹਨ ਵਿਚ ਪੈਦਾ ਹੁੰਦਾ ਏ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੌਰਾਨ ਕਿਸੇ ਵੀ ਉਮੀਦਵਾਰ ਨੂੰ ਬਹੁਮਤ ਨਾ ਮਿਲੇ ਤਾਂ ਕੀ ਹੋਵੇਗਾ? ਜੇਕਰ ਅਜਿਹਾ ਹੋ ਜਾਵੇ ਤਾਂ ਅਮਰੀਕੀ ਸੰਸਦ ਦਾ ਹੇਠਲਾ ਸਦਨ ਹਾਊਸ ਆਫ਼ ਰਿਪ੍ਰਜੈਂਟੇਟਿਵਜ਼ ਵੋਟਾਂ ਰਾਹੀਂ ਰਾਸ਼ਟਰਪਤੀ ਦੀ ਚੋਣ ਕਰਦਾ ਏ। ਅਮਰੀਕੀ ਇਤਿਹਾਸ ਵਿਚ ਸਿਰਫ਼ ਇਕ ਵਾਰ ਅਜਿਹਾ ਹੋਇਆ ਸੀ, ਜਦੋਂ ਸੰਨ 1824 ਵਿਚ ਚਾਰ ਉਮੀਦਵਾਰਾਂ ਵਿਚਾਲੇ ਇਲੈਕਟੋਰਲ ਵੋਟ ਵੰਡੇ ਗਏ ਸੀ। ਉਸ ਸਮੇਂ ਕਿਸੇ ਉਮੀਦਵਾਰ ਨੂੰ ਬਹੁਮਤ ਹਾਸਲ ਨਹੀਂ ਸੀ ਹੋ ਸਕਿਆ ਪਰ ਮੌਜੂਦਾ ਸਮੇਂ ਦੋ ਪ੍ਰਮੁੱਖ ਪਾਰਟੀਆਂ ਹੋਣ ਕਰਕੇ ਅਜਿਹਾ ਹੋਣ ਦੀ ਉਮੀਦ ਕਾਫ਼ੀ ਘੱਟ ਐ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ