ਅਮਰੀਕਾ ਦੇ ਸਮੁੰਦਰੀ ਕੰਢੇ ’ਤੇ ਭਮੱਕੜਾਂ ਨੇ ਕੀਤਾ ਹਮਲਾ
ਅਮਰੀਕਾ ਦੇ ਇਕ ਬੀਚ ’ਤੇ ਭਮੱਕੜਾਂ ਨੇ ਲੋਕਾਂ ਦੀਆਂ ਚੀਕਾਂ ਕਢਵਾ ਦਿਤੀਆਂ। ਰੋਡ ਆਇਲੈਂਡ ਸੂਬੇ ਦੇ ਬੀਚ ’ਤੇ ਵਾਪਰੀ ਹੈਰਾਨਕੁੰਨ ਘਟਨਾ ਦੌਰਾਨ ਲੱਖਾਂ ਦੀ ਗਿਣਤੀ ਵਿਚ ਡਰੈਗਨ ਫਲਾਈ ਆ ਗਏ ਅਤੇ ਤਫਰੀ ਕਰ ਰਹੇ ਲੋਕਾਂ ਨੂੰ ਇਧਰ ਉਧਰ ਦੌੜਨਾ ਪਿਆ।
By : Upjit Singh
ਰੋਡ ਆਇਲੈਂਡ : ਅਮਰੀਕਾ ਦੇ ਇਕ ਬੀਚ ’ਤੇ ਭਮੱਕੜਾਂ ਨੇ ਲੋਕਾਂ ਦੀਆਂ ਚੀਕਾਂ ਕਢਵਾ ਦਿਤੀਆਂ। ਰੋਡ ਆਇਲੈਂਡ ਸੂਬੇ ਦੇ ਬੀਚ ’ਤੇ ਵਾਪਰੀ ਹੈਰਾਨਕੁੰਨ ਘਟਨਾ ਦੌਰਾਨ ਲੱਖਾਂ ਦੀ ਗਿਣਤੀ ਵਿਚ ਡਰੈਗਨ ਫਲਾਈ ਆ ਗਏ ਅਤੇ ਤਫਰੀ ਕਰ ਰਹੇ ਲੋਕਾਂ ਨੂੰ ਇਧਰ ਉਧਰ ਦੌੜਨਾ ਪਿਆ। ਅਚਾਨਕ ਆਏ ਭਮੱਕੜਾਂ ਨੇ ਸਭ ਤੋਂ ਵੱਧ ਬੱਚਿਆਂ ਨੂੰ ਡਰਾਇਆ ਅਤੇ ਲੋਕ ਆਪੋ ਆਪਣੀਆਂ ਗੱਡੀਆਂ ਵੱਲ ਦੌੜਨ ਲੱਗੇ। ਕੁਝ ਥਾਵਾਂ ’ਤੇ ਭਮੱਕੜਾਂ ਦੀ ਗਿਣਤੀ ਜ਼ਿਆਦਾ ਸੰਘਣੀ ਨਾ ਹੋਣ ਕਾਰਨ ਲੋਕ ਬੇਖੌਫ ਹੋ ਕੇ ਘੁੰਮਦੇ ਰਹੇ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੁਢਲੋੇ ਤੌਰ ’ਤੇ ਇਹੋ ਮਹਿਸੂਸ ਹੋਇਆ ਕਿ ਡਰੈਗਨ ਫਲਾਈ ਉਪਰੋਂ ਲੰਘ ਜਾਣਗੇ ਪਰ ਅਜਿਹਾ ਨਾ ਹੋਇਆ ਅਤੇ ਉਹ ਹੇਠਲੇ ਪਾਸੇ ਉੱਡਣ ਲੱਗੇ। ਇਕ ਔਰਤ ਭਮੱਕੜਾਂ ਦੀ ਵੀਡੀਓ ਲਗਾਤਾਰ ਬਣਾਉਂਦੀ ਰਹੀ ਜਿਸ ਦਾ ਮੰਨਣਾ ਹੈ ਕਿ ਇਨ੍ਹਾਂ ਦੀ ਗਿਣਤੀ ਕਰੋੜਾਂ ਵਿਚ ਮਹਿਸੂਸ ਹੋਈ।
ਤਫਰੀ ਕਰ ਰਹੇ ਲੋਕਾਂ ਦੀਆਂ ਨਿਕਲੀਆਂ ਚੀਕਾਂ
ਕੀਟ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਡਰੈਗਨ ਫਲਾਈ ਇਕ ਉਜਾੜ ਇਲਾਕੇ ਵਿਚ ਉਡੇ ਅਤੇ ਆਬਾਦੀ ਵਾਲੇ ਪਾਸੇ ਆ ਗਏ। ਜਿਥੇ ਕੁਝ ਲੋਕ ਭਮੱਕੜਾਂ ਤੋਂ ਘਬਰਾਏ ਹੋਏ ਸਨ, ਉਥੇ ਹੀ ਕੁਝ ਲੋਕਾਂ ਇਨ੍ਹਾਂ ਨੂੰ ਫੜ ਕੇ ਬੋਤਲਾਂ ਵਿਚ ਬੰਦ ਕਰਨ ਲੱਗੇ। ਸਟੈਫਨੀ ਮਾਰਟਿਨ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਰੈਗਨ ਫਲਾਈ ਨੇ ਸੈਰ ਸਪਾਟੇ ਦਾ ਲੁਤਫ ਵਧਾ ਦਿਤਾ ਕਿਉਂਕਿ ਲੋਕ ਇਧਰ ਉਧਰ ਦੌੜ ਰਹੇ ਸਨ ਜਦਕਿ ਅਸਲ ਵਿਚ ਘਬਰਾਉਣ ਵਾਲੀ ਕੋਈ ਗੱਲ ਨਜ਼ਰ ਨਹੀਂ ਸੀ ਆਉਂਦੀ। ਇਥੇ ਦਸਣਾ ਬਣਦਾ ਹੈ ਕਿ ਏਸ਼ੀਆ ਵਿਚ ਟਿੱਡੀ ਦਲ ਲੱਖਾਂ ਦੀ ਤਾਦਾਦ ਵਿਚ ਉਡਦੇ ਹਨ ਅਤੇ ਰੇਗਿਸਤਾਨੀ ਇਲਾਕਿਆਂ ਵਿਚ ਇਨ੍ਹਾਂ ਦਾ ਹਮਲਾ ਸਭ ਤੋਂ ਜ਼ਿਆਦਾ ਹੁੰਦਾ ਹੈ।