ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਚੋਣ ਪ੍ਰਚਾਰ ਦੌਰਾਨ ਕੱਢੀਆਂ ਗਾਲਾਂ
ਬਰਤਾਨੀਆ ਵਿਚ ਚੋਣ ਪ੍ਰਚਾਰ ਦੌਰਾਨ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਿਰੁੱਧ ਨਸਲਵਾਦੀ ਟਿੱਪਣੀ ਕਰਨ ਅਤੇ ਗਾਲਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ‘ਚੈਨਲ 4 ਨਿਊਜ਼’ ਵੱਲੋਂ ਰਿਫਾਰਮ ਪਾਰਟੀ ਦੇ ਵਰਕਰ ਐਂਡਰਿਊ ਪਾਰਕਰ ਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ
By : Upjit Singh
ਲੰਡਨ : ਬਰਤਾਨੀਆ ਵਿਚ ਚੋਣ ਪ੍ਰਚਾਰ ਦੌਰਾਨ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਿਰੁੱਧ ਨਸਲਵਾਦੀ ਟਿੱਪਣੀ ਕਰਨ ਅਤੇ ਗਾਲਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ‘ਚੈਨਲ 4 ਨਿਊਜ਼’ ਵੱਲੋਂ ਰਿਫਾਰਮ ਪਾਰਟੀ ਦੇ ਵਰਕਰ ਐਂਡਰਿਊ ਪਾਰਕਰ ਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਵਿਚ ਉਹ ਰਿਸ਼ੀ ਸੁਨਕ ਨੂੰ ਪਾਕਿਸਤਾਨੀ ਕਹਿੰਦੇ ਸੁਣੇ ਜਾ ਸਕਦੇ ਹਨ। ਵੀਡੀਓ ਵਿਚ ਪਾਰਕਰ ਕਹਿੰਦਾ ਹੈ ਕਿ ਉਸ ਨੇ ਹਮੇਸ਼ਾ ਕੰਜ਼ਰਵੇਟਿਵ ਪਾਰਟੀ ਦੀ ਹਮਾਇਤ ਕੀਤੀ ਹੈ ਪਰ ਹੁਣ ਇਹ ਵੀ ਲੇਬਰ ਪਾਰਟੀ ਵਰਗੇ ਬਣ ਚੁੱਕੇ ਹਨ। ਅੱਜ ਇਕ ਪਾਕਿਸਤਾਨੀ ਸਾਡੀ ਅਗਵਾਈ ਕਰ ਰਿਹਾ ਹੈ। ਉਹ ਕਿਸੇ ਕਾਬਲ ਨਹੀਂ। ਪਾਰਕਰ ਨੇ ਇਸੇ ਦੌਰਾਨ ਕਈ ਗਾਲਾਂ ਵੀ ਕੱਢ ਦਿਤੀਆਂ।
ਰਿਫਾਰਮ ਪਾਰਟੀ ਦੇ ਵਰਕਰ ਨੇ ‘ਪਾਕਿਸਤਾਨੀ’ ਆਖਿਆ
ਵੀਡੀਓ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਰਿਸ਼ੀ ਸੁਨਕ ਨੇ ਕਿਹਾ ਕਿ ਨਾਈਜਲ ਫੈਰਾਜ ਵਾਸਤੇ ਕੰਮ ਕਰਨ ਵਾਲੇ ਇਕ ਸ਼ਖਸ ਨੇ ਮੈਨੂੰ ਗਾਲਾਂ ਕੱਢੀਆਂ। ਮੈਨੂੰ ਬੇਹੱਦ ਦੁਖ ਹੈ ਕਿ ਮੇਰੀਆਂ ਦੋਹਾਂ ਧੀਆਂ ਨੂੰ ਇਹ ਗੱਲਾਂ ਸੁਣਨੀਆਂ ਪਈਆਂ। ਮੈਨੂੰ ਬਹੁਤ ਗੁੱਸਾ ਆ ਰਿਹਾ ਹੈ ਅਤੇ ਫੈਰਾਜ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ਇਥੇ ਦਸਣਾ ਬਣਦਾ ਹੈ ਕਿ ਰਿਸ਼ੀ ਸੁਨਕ ਬਾਰੇ ਟਿੱਪਣੀ ਕਰਨ ਤੋਂ ਇਲਾਵਾ ਪਾਰਕਰ ਨੇ ਇਸਲਾਮ ਬਾਰੇ ਵੀ ਗਲਤ ਲਫਜ਼ਾਂ ਦੀ ਵਰਤੋਂ ਕੀਤੀ। ਪਾਰਕਰ ਨੇ ਕਿਹਾ ਕਿ ਇਸਲਾਮ ਧਰਮ ਵਾਲੇ ਹਰ ਇਕ ਮੁਸਲਮਾਨ ਬਣਾਉਣਾ ਚਾਹੁੰਦੇ ਹਨ। ਇਨ੍ਹਾਂ ਨੂੰ ਮਸੀਤਾਂ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਅਤੇ ਮਸਜਿਦਾਂ ਨੂੰ ਪੱਬ ਅਤੇ ਕਲੱਬ ਵਿਚ ਤਬਦੀਲ ਕਰ ਦੇਣਾ ਚਾਹੀਦਾ ਹੈ। ਪਾਰਕਰ ਨੇ ਬਰਤਾਨੀਆ ਆ ਰਹੇ ਨਾਜਾਇਜ਼ ਪ੍ਰਵਾਸੀਆਂ ਬਾਰੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਫੌਜ ਵਿਚ ਨਵੀਂ ਭਰਤੀ ਕਰਨੀ ਚਾਹੀਦੀ ਹੈ ਅਤੇ ਨਾਜਾਇਜ਼ ਪ੍ਰਵਾਸੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦੀ ਇਜਾਜ਼ਤ ਦਿਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਨਾਈਜਲ ਫੈਰਾਜ ਨੇ ਇਸ ਮੁੱਦੇ ਤੋਂ ਰਿਸ਼ੀ ਸੁਨਕ ਤੋਂ ਮੁਆਫੀ ਮੰਗਣ ਤੋਂ ਨਾਂਹ ਕਰ ਦਿਤੀ ਹੈ। ਉਨ੍ਹਾਂਕਿਹਾ ਕਿ ਐਂਡਰਿਊ ਪਾਰਕਰ ਨੂੰ ਬੇਹੁਦਾ ਗੱਲਾਂ ਕਰਨ ਲਈ ਵਿਰੋਧੀ ਪਾਰਟੀਆਂ ਨੇ ਪੈਸੇ ਦਿਤੇ। ਉਹ ਪਾਰਟੀ ਦਾ ਅਕਸ ਖਰਾਬ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਸਾਰੇ ਘਟਨਾਕ੍ਰਮ ਤੋਂ ਪਰਦਾ ਹਟਾਉਣ ਵਾਲੇ ‘ਚੈਨਲ 4 ਨਿਊਜ਼’ ਵੱਲੋਂ ਨਾਈਜਲ ਦਾ ਦਾਅਵਾ ਰੱਦ ਕਰ ਦਿਤਾ ਗਿਆ। ਇਸੇ ਦੌਰਾਨ ਬਰਤਾਨੀਆ ਵਿਚ ਨਸਲਵਾਦ ਵਿਰੁੱਧ ਕੰਮ ਕਰਨ ਵਾਲੀ ਜਥੇਬੰਦੀ ਹੋਪ ਨੌਟ ਹੇਟ ਦੀ ਇਕ ਰਿਪੋਰਟ ਮੁਤਾਬਕ ਰਿਫਾਰਮ ਪਾਰਟੀ ਦੇ 166 ਉਮੀਦਵਾਰ ਹੁਣ ਤੱਕ ਆਪਣਾ ਨਾਂ ਵਾਪਸ ਲੈ ਚੁੱਕੇ ਹਨ ਜਿਨ੍ਹਾਂ ਵਿਰੁੱਘ ਨਸਲਵਾਦੀ ਜਾਂ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਲੱਗੇ। ਪਿਛਲੇ ਦਿਨੀਂ ਫੈਰਾਜ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਪੱਛਮੀ ਮੁਲਕਾਂ ਨੇ ਰੂਸ ਨੂੰ ਯੂਕਰੇਨ ’ਤੇ ਹਮਲਾ ਕਰਨ ਵਾਸਤੇ ਭੜਕਾਇਆ। ਫੈਰਾਜ ਦੇ ਇਸ ਬਿਆਨ ਦੀ ਕਾਫੀ ਨੁਕਤਾਚੀਨੀ ਹੋਈ।