ਨਿਤਿਆਨੰਦ ਦੇ 20 ਚੇਲੇ ਬੋਲੀਵੀਆ ਨੇ ਕੀਤੇ ਡਿਪੋਰਟ
ਭਾਰਤ ਤੋਂ ਫਰਾਰ ਹੋ ਕੇ ਅਖੌਤੀ ‘ਯੂਨਾਈਟਿਡ ਸਟੇਟਸ ਆਫ਼ ਕੈਲਾਸਾ’ ਬਣਾਉਣ ਵਾਲੇ ਪਾਖੰਡੀ ਸਾਧ ਨਿਤਯਾਨੰਦ ਦੀ ਇਕ ਹੋਰ ਕਰਤੂਤ ਸਾਹਮਣੇ ਆਈ ਹੈ।

ਬੋਲੀਵੀਆ : ਭਾਰਤ ਤੋਂ ਫਰਾਰ ਹੋ ਕੇ ਅਖੌਤੀ ‘ਯੂਨਾਈਟਿਡ ਸਟੇਟਸ ਆਫ਼ ਕੈਲਾਸਾ’ ਬਣਾਉਣ ਵਾਲੇ ਪਾਖੰਡੀ ਸਾਧ ਨਿਤਯਾਨੰਦ ਦੀ ਇਕ ਹੋਰ ਕਰਤੂਤ ਸਾਹਮਣੇ ਆਈ ਹੈ। ਕੈਲਾਸਾ ਦੇ 20 ਕਥਿਤ ਨਾਗਰਿਕਾਂ ਨੂੰ ਦੱਖਣੀ ਅਮਰੀਕਾ ਦੇ ਮੁਲਕ ਬੋਲੀਵੀਆ ਵਿਚ ਗ੍ਰਿਫ਼ਤਾਰ ਕਰਦਿਆਂ ਡਿਪੋਰਟ ਕਰ ਦਿਤਾ ਗਿਆ ਹੈ। ਨਿਤਯਾਨੰਦ ਦੇ ਚੇਲਿਆਂ ਵਿਰੁੱਧ ਦੋਸ਼ ਸਨ ਕਿ ਉਨ੍ਹਾਂ ਨੇ ਤਿੰਨ ਆਦੀਵਾਸੀ ਕਬੀਲਿਆਂ ਨਾਲ ਰਲ ਕੇ 4 ਲੱਖ 80 ਹਜ਼ਾਰ ਹੈਕਟੇਅਰ ਸਰਕਾਰੀ ਜ਼ਮੀਨ ਉਤੇ ਕਬਜ਼ਾ ਕਰਨ ਦਾ ਯਤਨ ਕੀਤਾ। ਮੀਡੀਆ ਰਿਪੋਰਟਾਂ ਮਤਾਬਕ ਨਿਤਿਆਨੰਦ ਦੇ ਚੇਲਿਆਂ ਨੇ ਬਾਉਰ, ਕਾਯੂਬਾ ਅਤੇ ਅਸੇ ਅਹਾ ਕਬੀਲਿਆਂ ਤੋਂ 1 ਹਜ਼ਾਰ ਸਾਲ ਵਾਸਤੇ ਜ਼ਮੀਨ ਲੀਜ਼ ’ਤੇ ਲਈ।
ਲੱਖਾਂ ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੀ ਘੜੀ ਸੀ ਸਾਜ਼ਿਸ਼
ਲੀਜ਼ ਕੰਟਰੈਕਟ ਵਿਚ ਲਿਖਿਆ ਗਿਆ ਕਿ ਕੈਲਾਸਾ ਆਪਣੀ ਮਰਜ਼ੀ ਮੁਤਾਬਕ ਜ਼ਮੀਨ ਦੀ ਵਰਤੋਂ ਕਰ ਸਕਦਾ ਹੈ ਜਦਕਿ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੋਈ ਵਿਦੇਸ਼ੀ ਨਾਗਰਿਕ ਐਮਾਜ਼ੌਨ ਇਲਾਕੇ ਵਿਚ ਜ਼ਮੀਨ ਖਰੀਦਣ ਜਾਂ ਲੀਜ਼ ’ਤੇ ਲੈਣ ਦਾ ਹੱਕਦਾਰ ਨਹੀਂ। ਬੋਲੀਵੀਆ ਸਰਕਾਰ ਵੱਲੋਂ ਸਾਰੇ 20 ਜਣਿਆਂ ਨੂੰ ਭਾਰਤ, ਅਮਰੀਕਾ, ਸਵੀਡਨ ਅਤੇ ਚੀਨ ਡਿਪੋਰਟ ਕਰ ਦਿਤਾ ਹੈ ਜਿਥੋਂ ਇਹ ਟੂਰਿਸਟ ਵੀਜ਼ਾ ’ਤੇ ਆਏ ਸਨ। ਨਿਤਿਆਨੰਦ ਦੇ ਚੇਲੇ ਕਿਸੇ ਤਰੀਕੇ ਨਾਲ ਬੋਲੀਵੀਆ ਦੇ ਰਾਸ਼ਟਰਪਤੀ ਨਾਲ ਫੋਟੋ ਖਿਚਵਾਉਣ ਵਿਚ ਸਫ਼ਲ ਹੋ ਗਏ ਜਿਸ ਦੇ ਆਧਾਰ ’ਤੇ ਇਨ੍ਹਾਂ ਵੱਲੋਂ ਹਜ਼ਾਰਾਂ ਏਕੜ ਜ਼ਮੀਨ ਉਤੇ ਕਾਬਜ਼ ਹੋਣ ਦਾ ਯਤਨ ਕੀਤਾ। ਇਥੇ ਦੱਸਣਾ ਬਣਦਾ ਹੈ ਕਿ ਨਿਤਯਾਨੰਦ ਵਿਰੁੱਧ ਭਾਰਤ ਵਿਚ ਬਲਾਤਕਾਰ, ਬੱਚਿਆਂ ਨੂੰ ਅਗਵਾ ਕਰਨ ਅਤੇ ਤਸੀਹੇ ਦੇਣ ਵਰਗੇ ਦੋਸ਼ ਲੱਗੇ ਸਨ ਅਤੇ ਪੰਜ ਸਾਲ ਪਹਿਲਾਂ ਭਾਰਤ ਤੋਂ ਫਰਾਰ ਹੋ ਗਿਆ।
ਪਾਖੰਡੀ ਸਾਧ ਵਿਰੁੱਧ ਲੱਗ ਚੁੱਕੇ ਨੇ ਬਲਾਤਕਾਰ ਅਤੇ ਅਗਵਾ ਦੇ ਦੋਸ਼
ਨਿਤਿਆਨੰਦ ਆਪਣੇ ਕੋਲ ਗੈਬੀ ਤਾਕਤਾਂ ਹੋਣ ਦਾ ਦਾਅਵਾ ਕਰਦਾ ਹੈ ਅਤੇ ਉਸ ਨੇ ਕੈਲਾਸਾ ਦਾ ਪਾਸਪੋਰਟ ਵੀ ਬਣਾਇਆ ਹੋਇਆ ਹੈ। ਹਾਲ ਹੀ ਵਿਚ ਨਿਤਿਆਨੰਦ ਦੀ ਮੌਤ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਜਦੋਂ ਉਸ ਦੇ ਇਕ ਰਿਸ਼ਤੇਦਾਰ ਸੁੰਦਰੇਸ਼ਵਰ ਵੱਲੋਂ ਇਹ ਦਾਅਵਾ ਕੀਤਾ ਗਿਆ ਪਰ ਨਿਤਿਆਨੰਦ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਰਗਰਮ ਹੈ। ਦੱਖਣ ਭਾਰਤ ਵਿਚ ਅਰੁਣਾਚਲਮ ਰਾਜਸ਼ੇਖਰਨ ਦੇ ਨਾਂ ਨਾਲ ਜੰਮਿਆ ਨਿਤਿਆਨੰਦ ਨੇ 20-25 ਸਾਲ ਦੀ ਉਮਰ ਵਿਚ ਆਪਣਾ ਪਹਿਲਾ ਡੇਰਾ ਬੰਗਲੌਰ ਨੇੜੇ ਬਣਾ ਲਿਆ ਅਤੇ ਇਸ ਮਗਰੋਂ ਭਾਰਤ ਦੇ ਕਈ ਰਾਜਾਂ ਵਿਚ ਡੇਰਾ ਕਾਇਮ ਕਰਨ ਵਿਚ ਕਾਮਯਾਬ ਰਿਹਾ। ਬਲਾਤਕਾਰ ਵਰਗੇ ਗੰਭੀਰ ਦੋਸ਼ ਲੱਗਣ ਮਗਰੋਂ ਨਿਤਿਆਨੰਦ ਨੇ ਇਕੁਆਡੋਰ ਨੇੜੇ ਫਰਜ਼ੀ ਮੁਲਕ ਕੈਲਾਸਾ ਬਣਾ ਲਿਆ ਅਤੇ ਇਸ ਨੂੰ ਰੂਹਾਨੀਅਤ ਦਾ ਕੇਂਦਰ ਦੱਸਣ ਲੱਗਾ।