ਅਮਰੀਕਾ ਵਿਚ ਬਰਫ਼ੀਲਾ ਤੂਫ਼ਾਨ, ਹਾਈਵੇਜ਼ ’ਤੇ ਹੌਲਨਾਕ ਹਾਦਸੇ
ਅਮਰੀਕਾ ਵਿਚ ਬਰਫ਼ੀਲਾ ਤੂਫ਼ਾਨ ਹਾਈਵੇਜ਼ ’ਤੇ ਵੱਡੇ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ ਅਤੇ ਆਇਓਵਾ ਸੂਬੇ ਦੇ ਇੰਟਰਸਟੇਟ 80 ’ਤੇ ਦਰਜਨਾਂ ਗੱਡੀਆਂ ਆਪਸ ਵਿਚ ਭਿੜ ਗਈਆਂ

By : Upjit Singh
ਵੈਸਟ ਲਿਬਰਟੀ : ਅਮਰੀਕਾ ਵਿਚ ਬਰਫ਼ੀਲਾ ਤੂਫ਼ਾਨ ਹਾਈਵੇਜ਼ ’ਤੇ ਵੱਡੇ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ ਅਤੇ ਆਇਓਵਾ ਸੂਬੇ ਦੇ ਇੰਟਰਸਟੇਟ 80 ’ਤੇ ਦਰਜਨਾਂ ਗੱਡੀਆਂ ਆਪਸ ਵਿਚ ਭਿੜ ਗਈਆਂ। ਹਾਦਸੇ ਦੌਰਾਨ ਘੱਟੋ ਘੱਟ 25 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਅਤੇ ਰਾਹਤ ਕਾਰਜਾਂ ਦੇ ਮੱਦੇਨਜ਼ਰ ਐਤਵਾਰ ਰਾਤ ਤੱਕ ਲੰਮਾ ਜਾਮ ਲੱਗ ਗਿਆ। ਵੈਸਟ ਲਿਬਰਟੀ ਫਾਇਰ ਐਂਡ ਐਮਰਜੰਸੀ ਸਰਵਿਸਿਜ਼ ਦੇ ਬੁਲਾਰੇ ਨੇ ਦੱਸਿਆ ਕਿ ਖ਼ਰਾਬ ਮੌਸਮ ਦੇ ਚਲਦਿਆਂ ਹਾਈਵੇਅ ’ਤੇ ਗੱਡੀਆਂ ਦਾ ਅੱਗੇ ਵਧਣਾ ਬੇਹੱਦ ਮੁਸ਼ਕਲ ਹੋ ਗਿਆ ਹੈ ਅਤੇ ਤਿਲਕਣ ਭਰੇ ਹਾਲਾਤ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਆਇਓਵਾ ਵਿਚ ਕਈ ਗੱਡੀਆਂ ਭਿੜੀਆਂ, 25 ਤੋਂ ਵੱਧ ਜ਼ਖਮੀ
ਆਈ-80 ਦੇ ਦੋਵੇਂ ਪਾਸੇ ਲਗਾਤਾਰ ਹਾਦਸੇ ਸਾਹਮਣੇ ਆ ਰਹੇ ਹਨ ਅਤੇ ਚਾਰ ਕਾਊਂਟੀਜ਼ ਵਿਚ ਕੁਲ 19 ਏਜੰਸੀਆਂ ਇਕ-ਦੂਜੇ ਨਾਲ ਤਾਲਮੇਲ ਕਾਇਮ ਕਰਦਿਆਂ ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ। ਮੀਲ ਪੱਥਰ 240 ਤੋਂ ਮੀਲ ਪੱਥਰ 284 ਦਰਮਿਆਨ ਆਈ 80 ਨੂੰ ਮੁਕੰਮਲ ਤੌਰ ’ਤੇ ਬੰਦ ਪਿਆ ਅਤੇ ਸੈਂਕੜੇ ਮੁਸਾਫ਼ਰ ਟ੍ਰੈਫ਼ਿਕ ਅੱਗੇ ਵਧਣ ਦੀ ਉਡੀਕ ਕਰਦੇ ਨਜ਼ਰ ਆਏ। ਪੈਰਾਮੈਡਿਕਸ ਮੁਤਾਬਕ ਤਕਰੀਬਨ 40 ਜਣਿਆਂ ਦਾ ਸਰੀਰਕ ਮੁਆਇਨਾ ਕੀਤਾ ਗਿਆ ਜਦਕਿ ਟਰੱਕ ਜਾਂ ਗੱਡੀਆਂ ਵਿਚ ਫਸੇ 3 ਜਣਿਆਂ ਨੂੰ ਫਾਇਰ ਫ਼ਾਈਟਰਜ਼ ਨੇ ਬਾਹਰ ਕੱਢਿਆ। ਅੰਤਮ ਰਿਪੋਰਟ ਮਿਲਣ ਤੱਕ ਵੈਸਟ ਲਿਬਰਟੀ ਵਿਖੇ ਐਮਰਜੰਸੀ ਕਾਮਿਆਂ ਦੀ ਕਰੜੀ ਮੁਸ਼ੱਕਤ ਸਦਕਾ ਐਤਵਾਰ ਰਾਤ 9 ਵਜੇ ਹਾਈਵੇਅ ਇਕ ਹਿੱਸਾ ਆਵਾਜਾਈ ਲਈ ਖੋਲ੍ਹ ਦਿਤਾ ਗਿਆ। ਆਵਾਜਾਈ ਸ਼ੁਰੂ ਹੋਣ ਦੇ ਬਾਵਜੂਦ ਕਈ ਗੱਡੀਆਂ ਅਤੇ ਟਰੱਕ ਸੜਕ ਦੇ ਕਿਨਾਰਿਆਂ ’ਤੇ ਫਸੇ ਹੋਏ ਸਨ ਅਤੇ ਮੁਕੰਮਲ ਟ੍ਰੈਫ਼ਿਕ ਬਹਾਲ ਹੋਣ ਵਿਚ ਕੁਝ ਸਮਾਂ ਲੱਗ ਸਕਦਾ ਹੈ। ਦੱਸ ਦੇਈਏ ਕਿ ਨਿਊ ਯਾਰਕ ਸੂਬੇ ਵਿਚ ਚਾਰ ਇੰਚ ਤੱਕ ਬਰਫ਼ਬਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਦਕਿ ਨਿਊ ਜਰਸੀ ਅਤੇ ਮੈਸਾਚਿਊਸੈਟਸ ਦੇ ਕੁਝ ਇਲਾਕਿਆਂ ਵਿਚ ਅੰਕੜਾ 6 ਇੰਚ ਤੋਂ ਟੱਪ ਸਕਦਾ ਹੈ।


