ਅਮਰੀਕਾ ਵਿਚ 4 ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ
ਟਰੰਪ ਸਰਕਾਰ ਨੇ ਪੰਜਾਬੀ ਡਰਾਈਵਰਾਂ ’ਤੇ ਸ਼ਿਕੰਜਾ ਕਸਦਿਆਂ ਪੰਜਵਾਂ ‘ਹਰਜਿੰਦਰ ਸਿੰਘ’ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੂੰ ਜਲਦ ਡਿਪੋਰਟ ਕੀਤਾ ਜਾ ਸਕਦਾ ਹੈ

By : Upjit Singh
ਕੈਲੇਫੋਰਨੀਆ : ਟਰੰਪ ਸਰਕਾਰ ਨੇ ਪੰਜਾਬੀ ਡਰਾਈਵਰਾਂ ’ਤੇ ਸ਼ਿਕੰਜਾ ਕਸਦਿਆਂ ਪੰਜਵਾਂ ‘ਹਰਜਿੰਦਰ ਸਿੰਘ’ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੂੰ ਜਲਦ ਡਿਪੋਰਟ ਕੀਤਾ ਜਾ ਸਕਦਾ ਹੈ। ਜੀ ਹਾਂ, ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਦੱਸਿਆ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਪ੍ਰਤਾਪ ਸਿੰਘ ਨੇ ਜੂਨ 2024 ਵਿਚ ਇਕ ਖ਼ਤਰਨਾਕ ਹਾਦਸੇ ਨੂੰ ਅੰਜਾਮ ਦਿਤਾ ਜਿਸ ਦੌਰਾਨ ਪੰਜ ਸਾਲ ਦੀ ਡਲਾਈਲਾਹ ਕੋਲਮੈਨ ਸਦਾ ਵਾਸਤੇ ਅਪਾਹਜ ਹੋ ਗਈ। ਕੈਲੇਫੋਰਨੀਆ ਹਾਈਵੇਅ ਪੈਟਰੋਲ ਦੀ ਟ੍ਰੈਫ਼ਿਕ ਕ੍ਰੈਸ਼ ਰਿਪੋਰਟ ਕਹਿੰਦੀ ਹੈ ਕਿ ਟਰੱਕ ਡਰਾਈਵਰ ਪ੍ਰਤਾਪ ਸਿੰਘ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਕੰਸਟ੍ਰਕਸ਼ਨ ਜ਼ੋਨ ਵਿਚ ਉਹ ਆਪਣਾ ਟਰੱਕ ਰੋਕਣ ਵਿਚ ਅਸਫ਼ਲ ਰਿਹਾ।
ਪ੍ਰਤਾਪ ਸਿੰਘ ’ਤੇ ਲੱਗੇ ਖ਼ਤਰਨਾਕ ਹਾਦਸਾ ਕਰਨ ਦੇ ਦੋਸ਼
ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਮੁਤਾਬਕ ਪ੍ਰਤਾਪ ਸਿੰਘ ਅਕਤੂਬਰ 2022 ਵਿਚ ਮੈਕਸੀਕੋ ਦੀ ਸਰਹੱਦ ਰਾਹੀਂ ਅਮਰੀਕਾ ਦਾਖਲ ਹੋਇਆ ਅਤੇ ਜੋਅ ਬਾਇਡਨ ਸਰਕਾਰ ਨੇ ਉਸ ਰਿਹਾਅ ਕਰਦਿਆਂ ਵਰਕ ਪਰਮਿਟ ਦੇ ਦਿਤਾ। ਇਸ ਮਗਰੋਂ ਕੈਲੇਫੋਰਨੀਆ ਵਿਚ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਹਾਸਲ ਕਰਦਿਆਂ ਉਸ ਨੇ ਟਰੱਕ ਚਲਾਉਣਾ ਸ਼ੁਰੂ ਕਰ ਦਿਤਾ। ਹਾਦਸਾ ਕੈਲੇਫੋਰਨੀਆ ਵਿਚ ਹੀ ਵਾਪਰਿਆ ਅਤੇ ਡਲਾਈਲਾਹ ਕੋਲਮੈਨ ਦੇ ਮਤਰਏ ਪਿਉ ਨੂੰ ਵੀ ਹਸਪਤਾਲ ਦਾਖਲ ਕਰਵਾਉਣਾ ਪਿਆ ਜਦਕਿ ਕਈ ਹੋਰ ਜ਼ਖਮੀ ਹੋਏ। ਡਲਾਈਲਾਹ ਦੇ ਪਿਤਾ ਮੁਤਾਬਕ ਹਾਦਸੇ ਮਗਰੋਂ ਉਹ ਤਿੰਨ ਹਫ਼ਤੇ ਕੋਮਾ ਵਿਚ ਰਹੀ ਅਤੇ ਛੇ ਮਹੀਨੇ ਹਸਪਤਾਲ ਵਿਚ ਦਾਖਲ ਰੱਖਿਆ। ਹੁਣ ਉਹ ਤੁਰ ਨਹੀਂ ਸਕਦੀ, ਬੋਲ ਨਹੀਂ ਸਕਦੀ ਅਤੇ ਰੋਟੀ ਖਾਣੀ ਵੀ ਔਖੀ ਹੈ। ਹਾਦਸੇ ਦੌਰਾਨ ਡਲਾਈਲਾਹ ਦੇ ਸਿਰ ਵਿਚ ਕਈ ਫ੍ਰੈਕਚਰ ਹੋਏ ਜਦਕਿ ਪੱਟ ਦੀ ਹੱਡੀ ਟੁੱਟ ਗਈ। ਉਸ ਦੇ ਸਰੀਰ ਵਿਚ ਐਨੀਆਂ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਹਨ ਕਿ ਪੂਰੀ ਜ਼ਿੰਦਗੀ ਥੈਰੇਪੀ ਦੀ ਜ਼ਰੂਰਤ ਪਵੇਗੀ। ਉਧਰ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਨੇ ਕਿਹਾ ਕਿ 18 ਟਾਇਰਾਂ ਵਾਲਾ ਟਰੱਕ ਚਲਾ ਰਹੇ ਇਕ ਗੈਰਕਾਨੂੰਨੀ ਪ੍ਰਵਾਸੀ ਨੇ ਡਲਾਈਲਾਹ ਦੀ ਜ਼ਿੰਦਗੀ ਸਦਾ ਵਾਸਤੇ ਬਦਲ ਦਿਤੀ ਪਰ ਇਹ ਤਰਾਸਦੀ ਰੋਕੀ ਜਾ ਸਕਦੀ ਸੀ। ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ ਕਰੜੇ ਹੱਥੀਂ ਲੈਂਦਿਆਂ ਕ੍ਰਿਸਟੀ ਨੌਇਮ ਨੇ ਸਵਾਲ ਉਠਾਇਆ ਕਿ ਹੋਰ ਕਿੰਨੇ ਮਾਸੂਮ ਲੋਕਾਂ ਦੀ ਜਾਨ ਲੈਣੀ ਬਾਕੀ ਹੈ, ਕੀ ਗੈਵਿਨ ਨਿਊਸਮ ਅਮਰੀਕਾ ਵਾਸੀਆਂ ਦੀ ਜਾਨ ਨਾਲ ਖੇਡਣਾ ਬੰਦ ਕਰਨਗੇ? ਕ੍ਰਿਸਟੀ ਨੇ ਦਾਅਵਾ ਕੀਤਾ ਕਿ ਪ੍ਰਤਾਪ ਸਿੰਘ ਵਰਗੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣ ਲਈ ਡੀ.ਐਚ.ਐਸ. 24 ਘੰਟੇ ਕੰਮ ਕਰ ਰਿਹਾ ਹੈ।
3 ਡਰਾਈਵਰਾਂ ਨੂੰ ਅੰਗਰੇਜ਼ੀ ਨਾ ਆਉਣ ਦੇ ਮਾਮਲੇ ਵਿਚ ਕਾਬੂ ਕੀਤਾ
ਦੱਸਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਨੂੰ ਫਰਿਜ਼ਨੋ ਤੋਂ ਗ੍ਰਿਫ਼ਤਾਰ ਕੀਤਾ ਗਿਆ ਪਰ ਤਿੰਨ ਹੋਰ ਪੰਜਾਬੀ ਡਰਾਈਵਰਾਂ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਵੀਡੀਓ ਵਾਇਰਲ ਹੋ ਰਹੀ ਹੈ। ਓਕਲਾਹੋਮਾ ਅਤੇ ਅਰਕੰਸਾ ਰਾਜਾਂ ਵਿਚ ਟਰੱਕ ਡਰਾਈਵਰਾਂ ਨੂੰ ਘੇਰ-ਘੇਰ ਕੇ ਅੰਗਰੇਜ਼ੀ ਟੈਸਟ ਲਏ ਜਾ ਰਹੇ ਹਨ ਅਤੇ ਅਸਫ਼ਲ ਹੋਣ ਵਾਲਿਆਂ ਦੇ ਲਾਇਸੰਸ ਰੱਦ ਕੀਤੇ ਜਾ ਰਹੇ ਹਨ ਪਰ ਗੈਰਕਾਨੂੰਨੀ ਤਰੀਕੇ ਅਮਰੀਕਾ ਵਿਚ ਦਾਖਲ ਹੋਣ ਮਗਰੋਂ ਵਰਕ ਪਰਮਿਟ ’ਤੇ ਚੱਲ ਰਹੇ ਡਰਾਈਵਰਾਂ ਨੂੰ ਗ੍ਰਿਫ਼ਤਾਰ ਕਰ ਕੇ ਇੰਮੀਗ੍ਰੇਸ਼ਨ ਵਾਲਿਆਂ ਦੇ ਸਪੁਰਦ ਕੀਤਾ ਜਾ ਰਿਹਾ ਹੈ। ਲਾਚਾਰ ਪੰਜਾਬੀ ਡਰਾਈਵਰਾਂ ਦੀ ਵੀਡੀਓ ਡੂੰਘੇ ਸਵਾਲ ਪੈਦਾ ਕਰ ਰਹੀ ਹੈ ਜਦੋਂ ਪਰਮਜੀਤ ਸਿੰਘ ਵਰਗੇ ਵੱਡੇ ਕਾਰੋਬਾਰੀ ਅਤੇ ਗਰੀਨ ਕਾਰਡ ਹੋਲਡਰ ਵੀ ਇੰਮੀਗ੍ਰੇਸ਼ਨ ਵਾਲਿਆਂ ਦੀ ਹਿਰਾਸਤ ਵਿਚ ਹਨ। ਦੱਸ ਦੇਈਏ ਕਿ ਹਰਜਿੰਦਰ ਸਿੰਘ ਮਾਮਲੇ ਵਿਚ ਵਾਈਟ ਹੌਕ ਟ੍ਰਾਂਸਪੋਰਟੇਸ਼ਨ ਦੀ ਮਾਲਕ ਨੂੰ ਫਲੋਰੀਡਾ ਵਿਖੇ ਤਲਬ ਕੀਤਾ ਗਿਆ ਹੈ।


