ਅਮਰੀਕਾ ਵਿਚ 2 ਸਿੱਖਾਂ ਨਾਲ ਵਰਤਿਆ ਭਾਣਾ
ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਦੋ ਸਿੱਖ ਅੱਲ੍ਹੜਾਂ ਦੀ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ ਜਿਨ੍ਹਾਂ ਦੀ ਸ਼ਨਾਖਤ 15 ਸਾਲ ਦੇ ਅੰਤਰਪ੍ਰੀਤ ਸਿੰਘ ਅਤੇ 14 ਸਾਲ ਦੇ ਹਰਜਾਪ ਸਿੰਘ ਵਜੋਂ ਕੀਤੀ ਗਈ ਹੈ।
By : Upjit Singh
ਫਰਿਜ਼ਨੋ : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਦੋ ਸਿੱਖ ਅੱਲ੍ਹੜਾਂ ਦੀ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ ਜਿਨ੍ਹਾਂ ਦੀ ਸ਼ਨਾਖਤ 15 ਸਾਲ ਦੇ ਅੰਤਰਪ੍ਰੀਤ ਸਿੰਘ ਅਤੇ 14 ਸਾਲ ਦੇ ਹਰਜਾਪ ਸਿੰਘ ਵਜੋਂ ਕੀਤੀ ਗਈ ਹੈ। ਫਰਿਜ਼ਨੋ ਪੁਲਿਸ ਨੇ ਦੱਸਿਆ ਕਿ ਦੋਵੇਂ ਜਣੇ ਮੋਟਰਸਾਈਕਲ ’ਤੇ ਜਾ ਰਹੇ ਸਨ ਜਦੋਂ ਇਨ੍ਹਾਂ ਦੀ ਟੱਕਰ ਇਕ ਟਰੱਕ ਨਾ ਹੋ ਗਈ। ਹਰਜਾਪ ਸਿੰਘ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਵਿਦਿਆਰਥੀ ਸੀ ਜਦਕਿ ਅੰਤਰਪ੍ਰੀਤ ਸਿੰਘ ਬਾਰੇ ਵਿਸਤਾਰਤ ਜਾਣਕਾਰੀ ਹਾਸਲ ਨਾ ਹੋ ਸਕੀ। ਫਰਿਜ਼ਨੋ ਦੇ ਸਾਊਥ-ਈਸਟ ਇਲਾਕੇ ਵਿਚ ਵਾਪਰੇ ਹਾਦਸੇ ਵੇਲੇ ਨੇੜਿਉਂ ਲੰਘ ਰਹੀ ਰਿਬੇਕਾ ਜ਼ਾਂਬਰਾਨੋ ਨੇ ਆਪਣੀ ਗੱਡੀ ਰੋਕੀ ਅਤੇ ਦੋਹਾਂ ਸਿੱਖ ਨੌਜਵਾਨਾਂ ਦੀ ਮਦਦ ਵਾਸਤੇ ਪੁੱਜ ਗਈ। ਜ਼ਾਂਬਰਾਨੋ ਨੇ ਦੇਖਿਆ ਕਿ ਦੋਵੇਂ ਜਣੇ ਬੁਰੀ ਤਰ੍ਹਾਂ ਜ਼ਖਮੀ ਸਨ ਅਤੇ ਸਾਹ ਲੈਣ ਵਿਚ ਦਿੱਕਤ ਆ ਰਹੀ ਸੀ।
ਫਰਿਜ਼ਨੋ ਵਿਖੇ ਮੋਟਰਸਾਈਕਲ ਅਤੇ ਟਰੱਕ ਦੀ ਹੋਈ ਟੱਕਰ
ਜ਼ਾਂਬਰਾਨੋ ਨੇ ਬਗੈਰ ਦੇਰ ਕੀਤਿਆਂ ਐਮਰਜੰਸੀ ਮੈਡੀਕਲ ਸਹਾਇਤਾ ਵਾਸਤੇ ਕਾਲ ਕਰ ਦਿਤੀ ਪਰ ਦੋਵੇਂ ਜਣੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਗਏ। ਹਰਜਾਪ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਉਹ ਐਤਵਾਰ ਨੂੰ 14 ਸਾਲ ਦਾ ਹੋਇਆ ਸੀ ਅਤੇ ਜਨਮ ਦਿਨ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਹਾਦਸੇ ਬਾਰੇ ਪਤਾ ਲਗਦਿਆਂ ਹੀ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਮੈਂਬਰ ਇਕੱਤਰ ਹੋ ਗਏ। ਸਿੱਖ ਨੌਜਵਾਨਾਂ ਦੇ ਪਰਵਾਰ ਨਾਲ ਨੇੜਤਾ ਰੱਖਣ ਵਾਲੇ ਹਰਪ੍ਰੀਤ ਸਿੰਘ ਬਿਨਿੰਗ ਨੇ ਕਿਹਾ ਕਿ ਇਸ ਵੱਡੀ ਤਰਾਸਦੀ ਨੇ ਸਮੁੱਚੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿਤਾ। ਪੀੜਤ ਪਰਵਾਰਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਅਤੇ ਭਾਈਚਾਰੇ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਫਰਿਜ਼ਨੋ ਦੇ ਸਨੀਸਾਈਡ ਐਵੇਨਿਊ ਅਤੇ ਬਾਇਰਡ ਐਵੇਨਿਊ ਇਲਾਕੇ ਵਿਚ ਵਾਪਰੇ ਹਾਦਸੇ ਮਗਰੋਂ ਐਮਾਜ਼ੌਨ ਦਾ ਟਰੱਕ ਡਰਾਈਵਰ ਮੌਕੇ ’ਤੇ ਮੌਜੂਦ ਰਿਹਾ ਅਤੇ ਪੁਲਿਸ ਵੱਲੋਂ ਹਾਦਸੇ ਦੇ ਕਾਰਨ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਅਮਰੀਕਾ ਵਿਚ ਇਹ ਤਰਾਸਦੀ ਅਜਿਹੇ ਸਮੇਂ ਵਾਪਰੀ ਹੈ ਜਦੋਂ ਕੈਨੇਡਾ ਵਿਚ ਦੋ ਟਰੱਕਾਂ ਦੀ ਟੱਕਰ ਮਗਰੋਂ ਅੱਗ ਲੱਗਣ ਕਾਰਨ ਦੋ ਪੰਜਾਬੀ ਡਰਾਈਵਰ ਦਮ ਤੋੜ ਗਏ ਜਦਕਿ ਜਾਰਜੀਆ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਨਣਦ-ਭਰਜਾਈ ਅਤੇ ਪਤੀ-ਪਤਨੀ ਸਣੇ 9 ਪੰਜਾਬੀਆਂ ਦੀ ਮੌਤ ਹੋ ਗਈ। ਆਪਣੇ ਪਰਵਾਰ ਦੀ ਆਰਥਿਕ ਮਦਦ ਵਾਸਤੇ ਬਾਰਵੀਂ ਕਰਨ ਮਗਰੋਂ 2015 ਵਿਚ ਜਾਰਜੀਆ ਪੁੱਜੀ ਅਮਰਿੰਦਰ ਕੌਰ ਨੇ ਆਪਣੇ ਭਰਾ ਨੂੰ ਵੀ ਸੱਦ ਲਿਆ ਪਰ ਦੋ ਸਾਲ ਪਹਿਲਾਂ ਉਹ ਕੋਰੀਆ ਚਲਾ ਗਿਆ।
ਅੰਤਰਪ੍ਰੀਤ ਸਿੰਘ ਅਤੇ ਹਰਜਾਪ ਸਿੰਘ ਵਜੋਂ ਸ਼ਨਾਖਤ
ਇਸੇ ਦੌਰਾਨ ਅਮਰਿੰਦਰ ਕੌਰ ਨੇ ਆਪਣੀ ਭਾਬੀ ਮਨਿੰਦਰ ਕੌਰ ਨੂੰ ਜਾਰਜੀਆ ਸੱਦ ਲਿਆ ਅਤੇ ਉਹ ਵੀ ਹਾਦਸੇ ਦੌਰਾਨ ਦਮ ਤੋੜ ਗਈ। ਅਮਰਿੰਦਰ ਕੌਰ ਦੀ ਆਪਣੇ ਪਰਵਾਰ ਨਾਲ ਆਖਰੀ ਗੱਲਬਾਤ ਬੀਤੇ ਵੀਰਵਾਰ ਨੂੰ ਹੋਈ ਅਤੇ ਉਸ ਨੇ ਪਰਵਾਰਕ ਮੈਂਬਰਾਂ ਨੂੰ ਦੱਸਿਆ ਕਿ ਬਰਫ਼ੀਲੇ ਤੂਫਾਨ ਕਾਰਨ ਬਿਜਲੀ ਸਪਲਾਈ ਬੰਦ ਹੈ। ਦੂਜੇ ਪਾਸੇ ਰਵਿੰਦਰ ਸਿੰਘ ਅਤੇ ਗੁਰਵਿੰਦਰ ਕੌਰ ਨੇ 18 ਦਸੰਬਰ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣੀ ਪਰ ਇਸ ਤੋਂ ਪਹਿਲਾਂ ਹੀ ਦੁਨੀਆਂ ਤੋਂ ਚਲੇ ਗਏ। ਰਵਿੰਦਰ ਸਿੰਘ ਬੀਤੇ ਮਾਰਚ ਮਹੀਨੇ ਦੌਰਾਨ ਜਾਰਜੀਆ ਦੀ ਰਾਜਧਾਨੀ ਤਬਲਿਸੀ ਪੁੱਜਾ ਅਤੇ ਬਾਅਦ ਵਿਚ ਗਦੌਰੀ ਸ਼ਹਿਰ ਵਿਚ ਆ ਗਿਆ। ਪੰਜਾਬ ਵਿਚ ਦੁਖੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀਆਂ ਦੇਹਾਂ ਵਾਪਸ ਲਿਆਉਣ ਲਈ ਸਰਕਾਰ ਅੱਗੇ ਫਰਿਆਦ ਕੀਤੀ ਜਾ ਰਹੀ ਹੈ।