ਅਮਰੀਕਾ ਵਿਚ 2 ਹਵਾਈ ਜਹਾਜ਼ਾਂ ਦੀ ਟੱਕਰ
ਅਮਰੀਕਾ ਵਿਚ ਹਵਾਈ ਹਾਦਸਿਆਂ ਦੀ ਚਿਤਾਵਨੀ ਤੋਂ ਦੋ ਦਿਨ ਬਾਅਦ ਨਿਊ ਯਾਰਕ ਦੇ ਲਗੁਆਰਡੀਆ ਏਅਰਪੋਰਟ ’ਤੇ 2 ਜਹਾਜ਼ਾਂ ਦੀ ਟੱਕਰ ਹੋ ਗਈ

By : Upjit Singh
ਨਿਊ ਯਾਰਕ : ਅਮਰੀਕਾ ਵਿਚ ਹਵਾਈ ਹਾਦਸਿਆਂ ਦੀ ਚਿਤਾਵਨੀ ਤੋਂ ਦੋ ਦਿਨ ਬਾਅਦ ਨਿਊ ਯਾਰਕ ਦੇ ਲਗੁਆਰਡੀਆ ਏਅਰਪੋਰਟ ’ਤੇ 2 ਜਹਾਜ਼ਾਂ ਦੀ ਟੱਕਰ ਹੋ ਗਈ। ਦੋਵੇਂ ਜਹਾਜ਼ ਯੂਨਾਈਟਡ ਏਅਰਲਾਈਨਜ਼ ਦੇ ਸਨ ਜਿਨ੍ਹਾਂ ਵਿਚੋਂ ਇਕ ਸ਼ਿਕਾਗੋ ਜਾ ਰਿਹਾ ਸੀ ਜਦਕਿ ਦੂਜੇ ਨੇ ਹਿਊਸਟਨ ਰਵਾਨਾ ਹੋਣਾ ਸੀ। ਸ਼ੁੱਕਰਵਾਰ ਰਾਤ ਵਾਪਰੀ ਘਟਨਾ ਦੌਰਾਨ ਫਲਾਈਟ 580 ਨੇ ਫਲਾਈਟ 434 ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿਤੀ ਜਿਸ ਮਗਰੋਂ ਦੋਹਾਂ ਜਹਾਜ਼ਾਂ ਦੇ ਮੁਸਾਫ਼ਰਾਂ ਨੂੰ ਉਤਾਰਿਆ ਗਿਆ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਦੋਹਾਂ ਜਹਾਜ਼ਾਂ ਵਿਚ 328 ਮੁਸਾਫ਼ਰਾਂ ਸਣੇ 15 ਕਰੂ ਮੈਂਬਰ ਸਵਾਰ ਸਨ।
ਨਿਊ ਯਾਰਕ ਹਵਾਈ ਅੱਡੇ ’ਤੇ ਵਾਪਰਿਆ ਹਾਦਸਾ
ਨਿਊ ਯਾਰਕ ਸ਼ਹਿਰ ਵਿਚ ਚਲਦੀਆਂ ਤੇਜ਼ ਹਵਾਵਾਂ ਅਤੇ ਮੁਲਾਜ਼ਮਾਂ ਦੀ ਕਮੀ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਸ਼ਟਡਾਊਨ ਕਰ ਕੇ ਪੂਰੇ ਅਮਰੀਕਾ ਦੇ ਹਵਾਈ ਅੱਡਿਆਂ ’ਤੇ ਹਾਲਾਤ ਬਦਤਰ ਹੋ ਚੁੱਕੇ ਹਨ ਅਤੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਹਿਊਸਟਨ ਰਵਾਨਾ ਹੋ ਰਿਹਾ ਜਹਾਜ਼ ਪਹਿਲਾਂ ਪਹਿਲਾਂ ਡੇਢ ਘੰਟਾ ਲੇਟ ਸੀ ਅਤੇ ਹਾਦਸੇ ਦੇ ਮੱਦੇਨਜ਼ਰ ਫਲਾਈਟ ਹੀ ਰੱਦ ਕਰਨੀ ਪਈ। ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਅਮਰੀਕਾ ਵਿਚ 5,764 ਫਲਾਈਟਸ ਦੇਰ ਨਾਲ ਰਵਾਨਾ ਹੋਈਆਂ ਜਾਂ ਪੁੱਜੀਆਂ। ਦੂਜੇ ਪਾਸੇ ਓਰਲੈਂਡੋ ਦੇ ਹਵਾਈ ਅੱਡੇ ’ਤੇ ਹਜ਼ਾਰਾਂ ਮੁਸਾਫ਼ਰ ਫਸ ਗਏ ਜਦੋਂ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਨੇ ਕੋਈ ਏਅਰ ਟ੍ਰੈਫ਼ਿਕ ਕੰਟਰੋਲਰ ਹਾਜ਼ਰ ਨਾ ਹੋਣ ਦਾ ਐਲਾਨ ਕਰਦਿਆਂ ਆਵਾਜਾਈ ਠੱਪ ਕਰ ਦਿਤੀ।
2 ਦਿਨ ਪਹਿਲਾਂ ਹੀ ਹਵਾਈ ਹਾਦਸੇ ਦੀ ਮਿਲੀ ਸੀ ਚਿਤਾਵਨੀ
ਐਵੀਏਸ਼ਨ ਸੈਕਟਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰੀ ਕੰਮਕਾਜ ਠੱਪ ਹੋਣ ਕਰ ਕੇ ਤਨਖਾਹਾਂ ਜਾਰੀ ਕਰਨੀਆਂ ਸੰਭਵ ਨਹੀਂ ਅਤੇ ਬਿਮਾਰੀ ਦੀ ਛੁੱਟੀ ’ਤੇ ਜਾਣ ਵਾਲੇ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਗਿਣਤੀ ਵਧ ਗਈ ਹੈ। ਦੂਜੇ ਪਾਸੇ ਲਗਾਤਾਰ ਸ਼ਿਫ਼ਟਾਂ ਨੇ ਕੰਮ ’ਤੇ ਜਾ ਰਹੇ ਕੰਟਰੋਲਰਾਂ ਨੂੰ ਥਕਾ ਦਿਤਾ ਹੈ। ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਜੀਆਂ ਨੌਕਰੀਆਂ ਲੱਭ ਲਈਆਂ ਅਤੇ ਏਅਰ ਟ੍ਰੈਫ਼ਿਕ ਕੰਟਰੋਲ ਟਾਵਰਾਂ ’ਤੇ ਤੈਨਾਤ ਮੁਲਾਜ਼ਮਾਂ ਦੀ ਗਿਣਤੀ ਤੈਅਸ਼ੁਦਾ ਅੰਕੜੇ ਦਾ ਸਿਰਫ਼ 50 ਫ਼ੀ ਸਦੀ ਚੱਲ ਰਹੀ ਹੈ। 14 ਹਜ਼ਾਰ ਤੋਂ ਵੱਧ ਏਅਰ ਟ੍ਰੈਫ਼ਿਕ ਕੰਟਰੋਲਰਜ਼ ਨੂੰ ਤਨਖਾਹ ਨਹੀਂ ਦਿਤੀ ਜਾ ਸਕਦੀ ਜਦੋਂ ਤੱਕ ਸ਼ਟਡਾਊਨ ਖਤਮ ਨਾ ਹੋ ਜਾਵੇ।


