ਟੋਰਾਂਟੋ ‘ਚ ਗੋਲੀਬਾਰੀ ਵਿੱਚ 1 ਵਿਅਕਤੀ ਦੀ ਹੋਈ ਮੌਤ, 5 ਜ਼ਖ਼ਮੀ
ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਹੋਏ ਇਕ ਭਿਆਨਕ ਗੋਲੀਕਾਂਡ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਲੋਕਾਂ ਨੂੰ ਗੋਲੀ ਲੱਗਣ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਨਾਰਥ ਯਾਰਕ ਦੇ ਲਾਰੈਂਸ ਹਾਈਟਸ ਇਲਾਕੇ ਵਿੱਚ ਵਾਪਰੀ।

By : Makhan shah
ਓਟਾਵਾ, ਕਵਿਤਾ: ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਹੋਏ ਇਕ ਭਿਆਨਕ ਗੋਲੀਕਾਂਡ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਲੋਕਾਂ ਨੂੰ ਗੋਲੀ ਲੱਗਣ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਨਾਰਥ ਯਾਰਕ ਦੇ ਲਾਰੈਂਸ ਹਾਈਟਸ ਇਲਾਕੇ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਰਾਤ 8:40 ਵਜੇ ਦੇ ਕਰੀਬ ਪੁਲਿਸ ਨੂੰ ਵਾਰਦਾਤ ਬਾਬਤ ਜਾਣਕਾਰੀ ਮਿਲੀ ਸੀ ਜਿਸ ਮਗਰੋਂ, ਟੋਰਾਂਟੋ ਪੁਲਿਸ ਫਲੇਮਿੰਗਟਨ ਰੋਡ ਅਤੇ ਜ਼ੈਕਰੀ ਕੋਰਟ ਦੇ ਖੇਤਰ ਵਿੱਚ ਪਹੁੰਚੀ।
ਹਾਲਾਂਕਿ ਮੁਢਲੀ ਜਾਣਕਾਰੀ ਵਿੱਚ ਪੁਲਿਸ ਨੇ ਕਿਹਾ ਸੀ ਕਿ ਚਾਰ ਲੋਕਾਂ ਨੂੰ ਗੋਲੀ ਲੱਗੀ ਹੈ ਅਤੇ ਬਾਅਦ ਵਿੱਚ ਇਸ ਗਿਣਤੀ ਨੂੰ ਪੰਜ ਕਰ ਦਿੱਤਾ ਗਿਆ। ਪੀੜਤਾਂ ਨੂੰ ਟੋਰਾਂਟੋ ਦੇ ਹਸਪਤਾਲ ਲਿਜਾਣ ਵਾਲੇ ਪੈਰਾਮੈਡਿਕਸ ਨੇ ਕਿਹਾ ਕਿ ਇਹ ਗਿਣਤੀ ਛੇ ਸੀ।
ਟੋਰਾਂਟੋ ਪੈਰਾਮੈਡਿਕਸ ਦੇ ਅਨੁਸਾਰ 8 ਤੋਂ 40 ਉਮਰ ਦੇ ਲੋਕ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਜਿਨ੍ਹਾਂ ਵਿੱਚ 4 ਮਰਦਾਂ ਦੀ ਗੰਭੀਰ ਹਾਲਤ ਹੈ, ਇੱਕ ਮਹਿਲਾ ਜਿਸਦੀ ਹਾਲਤ ਬਹੁਤ ਨਾਜੁਕ ਹੈ ਅਤੇ ਇਕ 40 ਸਾਲਾਂ ਮਰਦ ਵੀ ਗੰਭੀਰ ਜ਼ਖਮੀ ਸੀ। ਹਾਲਾਂਕਿ ਸਾਰਿਆਂ ਨੂੰ ਸਥਾਨਕ ਟਰੋਮਾ ਸੈਂਟਰਾਂ ਵਿੱਚ ਲਿਜਾਇਆ ਗਿਆ। ਜਿਨਾਂ ਵਿੱਚੋਂ ਇੱਕ ਮਰਦ ਦੀ ਰਾਤ 10 ਵਜੇ ਤੋਂ ਠੀਕ ਪਹਿਲਾਂ ਪੁਲਿਸ ਦੁਆਰਾ ਮੌਤ ਦੀ ਪੁਸ਼ਟੀ ਕੀਤੀ ਗਈ।
ਪੁਲਿਸ ਨੇ ਘਟਨਾ ਸਥਾਨ ਨੂੰ ਘੇਰ ਲਿਆ ਅਤੇ ਰਾਨੀ ਐਵੇਨਿਊ ਅਤੇ ਫਲੇਮਿੰਗਟਨ ਰੋਡ ਦੇ ਨੇੜੇ ਇੱਕ ਕਮਾਂਡ ਪੋਸਟ ਵੀ ਸਥਾਪਤ ਕੀਤੀ ਗਈ ਹੈ। ਘਟਨਾ ਤੋਂ ਬਾਅਦ ਟੋਰਾਂਟੋ ਦੀ ਮੇਅਰ ਓਲਿਵੀਆ ਚੌ ਨੇ ਗੰਭੀਰ ਚਿੰਤਾ ਜਤਾਉਂਦਿਆਂ ਸੋਸ਼ਲ ਮੀਡੀਆ ਰਾਹੀਂ ਕਿਹਾ, “ਲਾਰੈਂਸ ਹਾਈਟਸ ਇਲਾਕੇ ਵਿੱਚ ਸ਼ਾਮ ਦੇ ਸਮੇਂ ਹੋਈ ਗੋਲੀਬਾਰੀ ਦੀ ਘਟਨਾ ਬਹੁਤ ਹੀ ਚਿੰਤਾਜਨਕ ਹੈ। ਮੇਰਾ ਦਫ਼ਤਰ ਟੋਰਾਂਟੋ ਪੁਲਿਸ ਅਤੇ ਸਥਾਨਕ ਕੌਂਸਲਰ, ਡਿਪਟੀ ਮੇਅਰ ਮਾਈਕ ਕੋਲੇ ਨਾਲ ਸਿੱਧਾ ਸੰਪਰਕ ਵਿੱਚ ਹੈ।
ਮੈਂ ਪਹਿਲ ਦੇ ਆਧਾਰ ਉੱਤੇ ਪ੍ਰਤੀਕਿਰਿਆ ਦੇਣ ਵਾਲੀਆਂ ਟੀਮਾਂ ਦਾ ਧੰਨਵਾਦ ਕਰਦੀ ਹਾਂ, “ਟੋਰਾਂਟੋ ਪੁਲਿਸ, ਅੱਗ ਬੁਝਾਉ ਅਧਿਕਾਰੀ ਅਤੇ ਪੈਰਾਮੈਡਿਕ ਸੇਵਾਵਾਂ ਨੇ ਇਕ ਮੁਸ਼ਕਿਲ ਅਤੇ ਵਿਅਸਤ ਮੌਕੇ 'ਤੇ ਤੇਜ਼ੀ ਨਾਲ ਕਾਰਵਾਈ ਕੀਤੀ। ਪੁਲਿਸ ਵਲੋਂ ਜਲਦ ਹੀ ਹੋਰ ਜਾਣਕਾਰੀ ਦਿੱਤੀ ਜਾਵੇਗੀ।” ਹਾਲਾਂਕਿ ਫਿਲਹਾਲ ਤੱਕ ਪੁਲਿਸ ਨੇ ਟੋਰਾਂਟੋ ਗੋਲੀਬਾਰੀ ਨਾਲ ਸਬੰਧਤ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਵੇਰਵੇ ਜਾਰੀ ਨਹੀਂ ਕੀਤੇ ਹਨ।


