ਲੁਟੇਰੀ ਦੁਲਹਨ ਨੇ ਸਹੁਰੇ ਘਰ ’ਚ ਕਰਤਾ ਵੱਡਾ ਕਾਂਡ
ਸਮਰਾਲਾ, 1 ਅਕਤੂਬਰ (ਪਰਮਿੰਦਰ ਵਰਮਾ) : ਸਮਰਾਲਾ ਇਲਾਕੇ ਦੇ ਇੱਕ ਨੌਜਵਾਨ ਦੇ ਅਜੇ ਵਿਆਹ ਦਾ ਚਾਅ ਵੀ ਨਹੀਂ ਮੁੱਕੇ ਸਨ ਕਿ ਦੋ ਦਿਨ ਬਾਅਦ ਹੀ ਉਸਦੀ ਨਵੀਂ ਦੁਲਹਨ ਫ਼ਰਾਰ ਹੋ ਗਈ ਜੋ ਕਿ 2 ਲੱਖ ਰੁਪਏ ਨਕਦੀ, ਗਹਿਣੇ ਅਤੇ ਹੋਰ ਸਮਾਨ ਵੀ ਨਾਲ ਲੈ ਗਈ। ਮਾਛੀਵਾੜਾ ਬਲਾਕ ਦੇ ਇੱਕ ਪਿੰਡ ਵਾਸੀ ਚਰਨਜੀਤ ਸਿੰਘ ਨੇ ਪੁਲਿਸ […]

By : Hamdard Tv Admin
ਸਮਰਾਲਾ, 1 ਅਕਤੂਬਰ (ਪਰਮਿੰਦਰ ਵਰਮਾ) : ਸਮਰਾਲਾ ਇਲਾਕੇ ਦੇ ਇੱਕ ਨੌਜਵਾਨ ਦੇ ਅਜੇ ਵਿਆਹ ਦਾ ਚਾਅ ਵੀ ਨਹੀਂ ਮੁੱਕੇ ਸਨ ਕਿ ਦੋ ਦਿਨ ਬਾਅਦ ਹੀ ਉਸਦੀ ਨਵੀਂ ਦੁਲਹਨ ਫ਼ਰਾਰ ਹੋ ਗਈ ਜੋ ਕਿ 2 ਲੱਖ ਰੁਪਏ ਨਕਦੀ, ਗਹਿਣੇ ਅਤੇ ਹੋਰ ਸਮਾਨ ਵੀ ਨਾਲ ਲੈ ਗਈ। ਮਾਛੀਵਾੜਾ ਬਲਾਕ ਦੇ ਇੱਕ ਪਿੰਡ ਵਾਸੀ ਚਰਨਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਇੱਕ ਨੌਜਵਾਨ ਲੜਕਾ ਹੈ ਜਿਸ ਦੇ ਵਿਆਹ ਲਈ ਉਹ ਪਿਛਲੇ ਕਾਫ਼ੀ ਸਮੇਂ ਤੋਂ ਰਿਸ਼ਤਾ ਲੱਭ ਰਿਹਾ ਸੀ।

ਚਮਕੌਰ ਸਾਹਿਬ ਦੀ ਔਰਤ ਜਸਵਿੰਦਰ ਕੌਰ ਜੋ ਕਿ ਰਿਸ਼ਤੇ ਕਰਵਾਉਣ ਦਾ ਕੰਮ ਕਰਦੀ ਹੈ, ਉਸ ਨਾਲ ਮੁਲਾਕਾਤ ਹੋਈ ਜਿਸ ਨੇ ਉਸਦੇ ਲੜਕੇ ਲਈ ਇੱਕ ਰਿਸ਼ਤਾ ਦੱਸਿਆ। ਵਿਚੋਲਣ ਜਸਵਿੰਦਰ ਕੌਰ ਨੇ ਕਿਹਾ ਕਿ ਲੜਕੀ ਪਹਿਲਾਂ ਵਿਆਹੀ ਹੋਈ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸੋਲਨ ਨਾਲ ਸਬੰਧ ਰੱਖਦੀ ਹੈ ਜਿਸ ਨੇ ਸਾਨੂੰ ਲੜਕੀ ਦੀਆਂ ਫੋਟੋਆਂ ਦਿਖਾਈਆਂ ਜਿਸ ਤੋਂ ਬਾਅਦ ਅਸੀਂ ਲੜਕੇ ਦੀਆਂ ਫੋਟੋਆਂ ਭੇਜ ਦਿੱਤੀਆਂ।

ਸ਼ਿਕਾਇਤਕਰਤਾ ਅਨੁਸਾਰ ਵਿਚੋਲਣ ਨੇ ਕਿਹਾ ਕਿ ਉਹ ਰਿਸ਼ਤਾ ਕਰਵਾਉਣ ਦਾ 40 ਹਜ਼ਾਰ ਰੁਪਏ ਲਵੇਗੀ ਅਤੇ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਲੜਕਾ-ਲੜਕੀ ਦਾ ਦੇਖ-ਦਿਖਾਈ ਉਪਰੰਤ ਰਿਸ਼ਤਾ ਪੱਕਾ ਹੋ ਗਿਆ। ਲੰਘੀ 3 ਸਤੰਬਰ ਨੂੰ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਲੜਕਾ-ਲੜਕੀ ਦੇ ਆਨੰਦ ਕਾਰਜ ਹੋਏ ਅਤੇ ਉੱਥੇ ਜਦੋਂ ਵਿਆਹ ਸਮੇਂ ਲੜਕੀ ਦਾ ਆਧਾਰ ਕਾਰਡ ਮੰਗਿਆ ਗਿਆ ਤਾਂ ਵਿਚੋਲਣ ਨੇ ਕਿਹਾ ਕਿ ਉਹ ਕੁਝ ਦਿਨ ਬਾਅਦ ਦੇ ਦਿੱਤਾ ਜਾਵੇਗਾ।

ਵਿਆਹ ਸਮੇਂ ਲੜਕੀ ਦੇ ਮਾਤਾ-ਪਿਤਾ ਵੀ ਜਦੋਂ ਨਾ ਪੁੱਜੇ ਤਾਂ ਵਿਚੋਲਣ ਨੇ ਕਿਹਾ ਕਿ ਉਹ ਬਿਮਾਰ ਹਨ ਜਿਸ ਕਾਰਨ ਉਹ ਨਹੀਂ ਆ ਸਕੇ। ਵਿਆਹ ਉਪਰੰਤ ਵਿਚੋਲਣ ਨੂੰ 40 ਹਜ਼ਾਰ ਰੁਪਏ ਦੇ ਦਿੱਤੇ ਅਤੇ ਲਾੜਾ ਨਵੀਂ ਦੁਲਹਨ ਦੀ ਡੋਲੀ ਘਰ ਲੈ ਆਇਆ। ਵਿਆਹ ਵਿੱਚ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਇੱਕ ਸੋਨੇ ਦੀ ਮੁੰਦਰੀ, ਵਾਲੀਆਂ, ਚਾਂਦੀ ਦੀ ਚੂੜੀ, ਝਾਂਜਰਾਂ ਅਤੇ ਹੋਰ ਕੱਪੜੇ ਵੀ ਦਿੱਤੇ ਗਏ। ਵਿਆਹ ਤੋਂ 2 ਦਿਨ ਬਾਅਦ ਹੀ ਵਿਚੋਲਣ ਦਾ ਫੋਨ ਆਇਆ ਕਿ ਲੜਕੀ ਦੇ ਮਾਤਾ ਨੂੰ ਹਾਰਟ ਅਟੈਕ ਆ ਗਿਆ ਹੈ ਅਤੇ ਕੱਲ੍ਹ ਉਸ ਨੂੰ ਸੋਲਨ ਲੈ ਕੇ ਜਾਣਾ ਹੈ।

ਸਹੁਰੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵਿਚੋਲਣ ਨੂੰ ਕਿਹਾ ਕਿ ਅਸੀਂ ਵੀ ਆਪਣੀ ਨੂੰਹ ਦੇ ਮਾਪਿਆਂ ਨੂੰ ਮਿਲਣ ਚੱਲਦੇ ਹਾਂ ਤਾਂ ਉਸਨੇ ਨਾਂਹ ਕਰ ਦਿੱਤੀ ਕਿ ਉਹ ਕੁਝ ਦਿਨ ਬਾਅਦ ਨਵ-ਵਿਆਹੁਤਾ ਨੂੰ ਸਹੁਰੇ ਘਰ ਛੱਡ ਦੇਵੇਗੀ। ਵਿਚੋਲਣ ਜਸਵਿੰਦਰ ਕੌਰ ਤੇ ਸਪਨਾ ਨਾਮ ਦੀ ਔਰਤ ਸਾਡੇ ਘਰ ਆ ਕੇ ਮੇਰੀ ਨੂੰਹ ਨੂੰ ਆਪਣੇ ਨਾਲ ਲੈ ਗਏ ਅਤੇ ਜੋ ਸੋਨੇ ਦੇ ਗਹਿਣੇ ਤੇ ਹੋਰ ਸਮਾਨ ਤੋਂ ਇਲਾਵਾ ਘਰ ਵਿੱਚ ਪਏ ਕੱਪੜੇ ਅਤੇ 2 ਲੱਖ ਰੁਪਏ ਨਕਦੀ ਵੀ ਲੈ ਗਈ ਜਿਸ ਕਾਰਨ ਸਾਨੂੰ ਸ਼ੱਕ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋ ਰਿਹਾ ਹੈ।

ਕੁਝ ਦਿਨ ਬਾਅਦ ਜਦੋਂ ਉਨ੍ਹਾਂ ਦੀ ਨੂੰਹ ਵਾਪਸ ਨਾ ਆਈ ਤਾਂ ਉਨ੍ਹਾਂ ਵਿਚੋਲਣ ਜਸਵਿੰਦਰ ਕੌਰ ਨੂੰ ਫੋਨ ਕੀਤਾ ਤਾਂ ਉਸਨੇ ਅੱਗੋਂ ਮੰਦਾ ਚੰਗਾ ਬੋਲਿਆ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਅਤੇ ਉਸਦੇ ਜਵਾਨ ਲੜਕੇ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਵਿਚੋਲਣ ਤੇ ਨੂੰਹ ਨੇ ਮਿਲ ਕੇ ਪੈਸੇ ਤੇ ਸਮਾਨ ਵੀ ਹੜੱਪ ਲਿਆ। ਨੌਜਵਾਨ ਦੇ ਘਰ ਵਿਚ ਅਜੇ ਵਿਆਹ ਦੀਆਂ ਰਸਮਾਂ ਅਤੇ ਰਿਸ਼ਤੇਦਾਰਾਂ ਨੂੰ ਪਾਰਟੀ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਿ ਪਰ ਅਚਾਨਕ ਨਵੀਂ ਵਹੁਟੀ ਦੇ ਕਾਰਨਾਮੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਕਿ ਮਾਛੀਵਾੜਾ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ ਜਿਸ ਤੋਂ ਉਹ ਬੇਹੱਦ ਪ੍ਰੇਸ਼ਾਨ ਹਨ।

ਜਤਿਨ ਦੇ ਪਿਤਾ ਨੇ ਪੁਲਿਸ ਨੂੰ ਹੋਈ ਠੱਗੀ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਪੈਸੇ ਤੇ ਸਾਮਾਨ ਲੈਕੇ ਚਲੀ ਗਈ ਉਨ੍ਹਾਂ ਕੋਲ ਹੁਣ ਮਰਨ ਤੋਂ ਇਲਾਵਾ ਕੋਈ ਹੱਲ ਨਹੀਂ। ਉਨ੍ਹਾਂ ਨੇ ਪੁਲਿਸ ਨੂੰ ਇਸ ਕੇਸ ਵਿੱਚ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੇ ਪੈਸੇ ਤੇ ਗਹਿਣੇ ਦਵਾ ਕੇ ਇਨਸਾਫ ਦਿਵਾਇਆ ਜਾਵੇ।
ਜਦ ਇਸ ਬਾਰੇ ਥਾਣਾ ਮੁਖੀ ਸੰਤੋਖ਼ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਕ ਦਰਖ਼ਾਸਤ ਆਈ ਹੈ ਇਸ ਦੀ ਤਫਤੀਸ਼ ਜਾਰੀ ਹੈ ਜੋਂ ਦੋਸ਼ੀ ਹੋਏਗਾ ਉਸਉ ਤੇ ਕਾਰਵਾਈ ਕੀਤੀ ਜਾਏਗੀ। ਮਾਛੀਵਾੜਾ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰੇ ਤਾਂ ਇੱਕ ਵੱਡਾ ਸਕੈਂਡਲ ਤੇ ਗਿਰੋਹ ਨਿਕਲ ਕੇ ਸਾਹਮਣੇ ਆ ਸਕਦਾ ਹੈ ਜੋ ਭੋਲੇ-ਭਾਲੇ ਲੋਕਾਂ ਨਾਲ ਵਿਆਹ ਕਰਵਾ ਕੇ ਠੱਗੀਆਂ ਮਾਰ ਰਿਹਾ ਹੈ।


