ਨਿੱਝਰ ਹੱਤਿਆ ਕਾਂਡ ਦੀ ਜਾਂਚ 3 ਗ੍ਰਿਫਤਾਰੀਆਂ ਤੱਕ ਸੀਮਤ ਨਹੀਂ, ਜਾਂਚ ਹਾਲੇ ਵੀ ਜਾਰੀ : ਟਰੂਡੋ
ਕੈਨੇਡਾ ਸਾਡੀ ਸਭ ਤੋਂ ਵੱਡੀ ਸਮੱਸਿਆ : ਜੈਸ਼ੰਕਰ ਔਟਵਾ, 6 ਮਈ,ਨਿਰਮਲ : ਹਰਦੀਪ ਸਿੰਘ ਨਿੱਝਰ ਹੱਤਿਆ ਕਾਂਡ ਵਿਚ 3 ਭਾਰਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿਚ ਤਣਾਅ ਵਧ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹੱਤਿਆ ਕਾਂਡ ਦੀ ਜਾਂਚ ਤਿੰਨ ਭਾਰਤੀਆਂ ਦੀ ਗ੍ਰਿਫਤਾਰੀ ਤੱਕ ਸੀਮਤ ਨਹੀਂ ਹੈ, ਇਹ ਹਾਲੇ […]
By : Editor Editor
ਕੈਨੇਡਾ ਸਾਡੀ ਸਭ ਤੋਂ ਵੱਡੀ ਸਮੱਸਿਆ : ਜੈਸ਼ੰਕਰ
ਔਟਵਾ, 6 ਮਈ,ਨਿਰਮਲ : ਹਰਦੀਪ ਸਿੰਘ ਨਿੱਝਰ ਹੱਤਿਆ ਕਾਂਡ ਵਿਚ 3 ਭਾਰਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿਚ ਤਣਾਅ ਵਧ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹੱਤਿਆ ਕਾਂਡ ਦੀ ਜਾਂਚ ਤਿੰਨ ਭਾਰਤੀਆਂ ਦੀ ਗ੍ਰਿਫਤਾਰੀ ਤੱਕ ਸੀਮਤ ਨਹੀਂ ਹੈ, ਇਹ ਹਾਲੇ ਵੀ ਜਾਰੀ ਹੈ।
ਉਨਟਾਰੀਓ ਵਿਚ ਸਿੱਖ ਫਾਊਂਡੇਸ਼ਨ ਆਫ ਕੈਨੇਡਾ ਦੇ ਪ੍ਰੋਗਰਾਮ ਵਿਚ ਟਰੂਡੋ ਨੇ ਤਿੰਨ ਗ੍ਰਿਫਤਾਰੀਆਂ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਕੈਨੇਡਾ ਕਾਨੂੰਨ ਦਾ ਪਾਲਣ ਕਰਨ ਵਾਲਾ ਦੇਸ਼ ਹੈ। ਨਿੱਝਰ ਦੀ ਹੱਤਿਆ ਤੋਂ ਬਾਅਦ ਕੈਨੇਡਾ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਸੀ। ਇੱਥੇ ਹਰ ਵਿਅਕਤੀ ਨੂੰ ਭੇਦਭਾਵ ਅਤੇ ਹਿੰਸਾ ਤੋਂ ਸੁਰੱਖਿਅਤ ਰਹਿਣ ਦਾ ਮੌਲਿਕ ਅਧਿਕਾਰ ਮਿਲਿਆ ਹੋਇਆ।
ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਟਕ ਵਿਚ ਕਿਹਾ ਕਿ ਵਿਦੇਸ਼ ਵਿਚ ਸਾਡੇ ਦੂਤਘਰਾਂ ਨੂੰ ਧਮਕੀਆਂ ਮਿਲਦੀਆਂ ਹਨ। ਹੁਣ ਸਾਡੀ ਸਭ ਤੋਂ ਵੱਡੀ ਸਮੱਸਿਆ ਕੈਨੇਡਾ ਹੈ। ਉਥੋਂ ਦੀ ਸਰਕਾਰ ਨੇ ਆਪਣੇ ਦੇਸ਼ ਵਿੱਚ ਵੱਖਵਾਦ ਅਤੇ ਹਿੰਸਾ ਦਾ ਸਮਰਥਨ ਕਰਨ ਵਾਲਿਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਿੱਤੀ ਹੈ। ਦੁਨੀਆ ਇੱਕਪਾਸੜ ਨਹੀਂ ਹੈ, ਜੇਕਰ ਕੁਝ ਹੁੰਦਾ ਹੈ ਤਾਂ ਉਸ ਦਾ ਵਿਰੋਧ ਹੋਵੇਗਾ ਨਿਊਟਨ ਦਾ ਨਿਯਮ ਉਥੇ ਵੀ ਲਾਗੂ ਹੋਵੇਗਾ।
ਇਸ ਤੋਂ ਪਹਿਲਾਂ ਨਿੱਝਰ ਕੇਸ ਵਿਚ ਭਾਰਤ ਦਾ ਕਨੈਕਸ਼ਨ ਹੋਣ ਦੇ ਕੈਨੇਡਾ ਦੇ ਦਾਅਵੇ ’ਤੇ ਜੈਸ਼ੰਕਰ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਭਾਰਤ ’ਤੇ ਦੋਸ਼ ਲਾਉਣਾ ਕੈਨੇਡਾ ਦੀ ਸਿਆਸੀ ਮਜਬੂਰੀ ਹੈ। ਉਥੇ ਅਗਲੇ ਸਾਲ ਚੋਣਾਂ ਹੋਣੀਆਂ ਹਨ, ਇਸ ਲਈ ਦੇਸ਼ ਵਿਚ ਵੋਟ ਬੈਂਕ ਦੀ ਸਿਆਸਤ ਚਲ ਰਹੀ ਹੈ। ਇਸ ਦਾ ਭਾਰਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਦੱਸਦੇ ਚਲੀਏ ਕਿ ਕੈਨੇਡੀਅਨ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸ਼ੁੱਕਰਵਾਰ (3 ਮਈ) ਨੂੰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਕੈਨੇਡੀਅਨ ਨਿਊਜ਼ ਏਜੰਸੀ ਸੀਬੀਸੀ ਦੀ ਰਿਪੋਰਟ ਮੁਤਾਬਕ ਐਡਮਿੰਟਨ ਸ਼ਹਿਰ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ ਭਾਰਤੀ ਹਨ।
ਪੁਲਿਸ ਕਈ ਮਹੀਨਿਆਂ ਤੋਂ ਉਨ੍ਹਾਂ ’ਤੇ ਨਜ਼ਰ ਰੱਖ ਰਹੀ ਸੀ। ਪੁਲਿਸ ਦਾ ਮੰਨਣਾ ਹੈ ਕਿ ਭਾਰਤ ਨੇ ਉਨ੍ਹਾਂ ਨੂੰ ਨਿੱਝਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਨਾਂ ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਹਨ। ਤਿੰਨਾਂ ਦੀ ਉਮਰ 20-30 ਸਾਲ ਦੇ ਵਿਚਕਾਰ ਹੈ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਤਿੰਨਾਂ ਮੁਲਜ਼ਮਾਂ ਦੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੈਂਗ ਨਾਲ ਵੀ ਸੰਪਰਕ ਹਨ। ਇਹ ਸਾਰੇ ਆਰਜ਼ੀ ਵੀਜ਼ੇ ’ਤੇ 2021 ’ਚ ਕੈਨੇਡਾ ਗਏ ਸਨ। ਇਨ੍ਹਾਂ ਖ਼ਿਲਾਫ਼ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਸਤੰਬਰ ’ਚ ਆਪਣੀ ਸੰਸਦ ਨੂੰ ਸੰਬੋਧਨ ਕਰਦਿਆਂ ਭਾਰਤ ਸਰਕਾਰ ’ਤੇ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ।
ਕੈਨੇਡੀਅਨ ਪੁਲਿਸ ਦੀ ਚਾਰਜਸ਼ੀਟ ਅਨੁਸਾਰ ਤਿੰਨਾਂ ਮੁਲਜ਼ਮਾਂ ਨੇ ਨਿੱਝਰ ਦੇ ਕਤਲ ਨੂੰ ਅੰਜਾਮ ਦੇਣ ਵਿਚ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਸਨ। ਉਨ੍ਹਾਂ ਵਿੱਚੋਂ ਇੱਕ ਦਾ ਨਿੱਝਰ ਦਾ ਟਿਕਾਣਾ ਲੱਭਣ ਦੀ ਜ਼ਿੰਮੇਵਾਰੀ ਸੀ। ਦੂਜਾ ਮੁਲਜ਼ਮ ਡਰਾਈਵਰ ਸੀ ਅਤੇ ਤੀਜੇ ਨੇ ਉਸ ’ਤੇ ਗੋਲੀਆਂ ਚਲਾਉਣ ਦਾ ਕੰਮ ਕੀਤਾ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਿੱਝਰ ਕਤਲ ਕੇਸ ਵਿੱਚ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੈਂਕ ਤੋਂ ਸਵਾਲ ਪੁੱਛੇ ਗਏ। ਉਸ ਨੇ ਇਸ ਵਿੱਚ ਭਾਰਤ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਲੇਬਲੈਂਕ ਨੇ ਕਿਹਾ, ਮੈਨੂੰ ਕੈਨੇਡਾ ਦੀ ਸੁਰੱਖਿਆ ਪ੍ਰਣਾਲੀ ਅਤੇ ਪੁਲਿਸ ’ਤੇ ਪੂਰਾ ਭਰੋਸਾ ਹੈ। ਪੁਲਿਸ ਨੇ ਨਿੱਝਰ ਕਤਲ ਕਾਂਡ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਇਸ ਦਾ ਭਾਰਤ ਨਾਲ ਸਬੰਧ ਹੈ ਜਾਂ ਨਹੀਂ, ਇਸ ਦਾ ਜਵਾਬ ਪੁਲਿਸ ਹੀ ਦੇ ਸਕੇਗੀ।
ਦੱਸਦੇ ਚਲੀਏ ਕਿ 18 ਜੂਨ, 2023 ਦੀ ਸ਼ਾਮ ਨੂੰ, ਸਰੀ ਸ਼ਹਿਰ ਦੇ ਇੱਕ ਗੁਰਦੁਆਰੇ ਤੋਂ ਨਿਕਲਦੇ ਸਮੇਂ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿਛਲੇ ਸਾਲ 18 ਸਤੰਬਰ ਨੂੰ ਪ੍ਰਧਾਨ ਮੰਤਰੀ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਇਲਜ਼ਾਮ ਲਾਇਆ ਸੀ, ਜਿਸ ਨੂੰ ਭਾਰਤ ਨੇ ਰੱਦ ਕਰ ਦਿੱਤਾ ਸੀ।
ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਕੈਨੇਡਾ ਦੀ ਟਰੂਡੋ ਸਰਕਾਰ ਨੇ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਵਧਦਾ ਗਿਆ। ਹਾਲਾਂਕਿ ਬਾਅਦ ’ਚ ਟਰੂਡੋ ਨੇ ਕਈ ਵਾਰ ਭਾਰਤ ਨਾਲ ਸਬੰਧ ਬਣਾਏ ਰੱਖਣ ਦੀ ਗੱਲ ਕੀਤੀ ਸੀ।
ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਭਾਰਤ ਨੇ ਉਥੋਂ ਦੇ ਲੋਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ। 41 ਕੈਨੇਡੀਅਨ ਡਿਪਲੋਮੈਟਾਂ ਨੂੰ ਵੀ ਹਟਾ ਦਿੱਤਾ ਸੀ। ਹਾਲਾਂਕਿ ਬਾਅਦ ’ਚ ਕੂਟਨੀਤਕ ਪੱਧਰ ’ਤੇ ਗੱਲਬਾਤ ਹੋਈ ਅਤੇ ਕੁਝ ਮਹੀਨਿਆਂ ਬਾਅਦ ਵੀਜ਼ਾ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ।
ਕੈਨੇਡਾ ਨੇ ਕਿਹਾ ਸੀ ਕਿ ਉਹ ਇਸ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਸਬੂਤ ਮੁਹੱਈਆ ਕਰਵਾਏਗਾ, ਜੋ ਉਸ ਨੇ ਹੁਣ ਤੱਕ ਮੁਹੱਈਆ ਨਹੀਂ ਕਰਵਾਏ ਹਨ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਖ-ਵੱਖ ਮੰਚਾਂ ਤੋਂ ਕਈ ਵਾਰ ਟਰੂਡੋ ਸਰਕਾਰ ’ਤੇ ਵੱਖਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਲਾਉਂਦੇ ਰਹੇ ਹਨ। ਹਾਲਾਂਕਿ ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਨਿੱਝਰ ਦੇ ਕਤਲ ਦੀ ਜਾਂਚ ’ਚ ਭਾਰਤ ਸਹਿਯੋਗ ਕਰ ਰਿਹਾ ਹੈ।