ਜਦੋਂ ਇਕ ਪੰਛੀ ਨੇ ਹਰਾਈ ਸੀ ਆਸਟ੍ਰੇਲੀਆ ਦੀ ਫ਼ੌਜ!
ਮੈਲਬੌਰਨ, 7 ਫਰਵਰੀ : ਇਨਸਾਨਾਂ ਵਿਚਾਲੇ ਦੀ ਲੜਾਈ ਤਾਂ ਤੁਸੀਂ ਕਈ ਵਾਰ ਦੇਖੀ ਜਾਂ ਸੁਣੀ ਹੋਵੇਗੀ ਪਰ ਕੀ ਤੁਸੀਂ ਕਦੇ ਪੰਛੀਆਂ ਅਤੇ ਇਨਸਾਨਾਂ ਦੇ ਵਿਚਕਾਰ ਹੋਏ ਖ਼ਤਰਨਾਕ ਯੁੱਧ ਬਾਰੇ ਕਦੇ ਸੁਣਿਆ ਏ? ਜੀ ਹਾਂ,,, ਇਹ ਰੌਚਕ ਘਟਨਾ ਅੱਜ ਤੋਂ ਕਰੀਬ ਇਕ ਸਦੀ ਪਹਿਲਾਂ ਆਸਟ੍ਰੇਲੀਆ ਵਿਚ ਵਾਪਰੀ ਸੀ, ਜਦੋਂ ਪਹਿਲਾ ਵਿਸ਼ਵ ਯੁੱਧ ਜਿੱਤਣ ਵਾਲੀ ਆਸਟ੍ਰੇਲੀਆਈ ਫ਼ੌਜ […]
By : Makhan Shah
ਮੈਲਬੌਰਨ, 7 ਫਰਵਰੀ : ਇਨਸਾਨਾਂ ਵਿਚਾਲੇ ਦੀ ਲੜਾਈ ਤਾਂ ਤੁਸੀਂ ਕਈ ਵਾਰ ਦੇਖੀ ਜਾਂ ਸੁਣੀ ਹੋਵੇਗੀ ਪਰ ਕੀ ਤੁਸੀਂ ਕਦੇ ਪੰਛੀਆਂ ਅਤੇ ਇਨਸਾਨਾਂ ਦੇ ਵਿਚਕਾਰ ਹੋਏ ਖ਼ਤਰਨਾਕ ਯੁੱਧ ਬਾਰੇ ਕਦੇ ਸੁਣਿਆ ਏ? ਜੀ ਹਾਂ,,, ਇਹ ਰੌਚਕ ਘਟਨਾ ਅੱਜ ਤੋਂ ਕਰੀਬ ਇਕ ਸਦੀ ਪਹਿਲਾਂ ਆਸਟ੍ਰੇਲੀਆ ਵਿਚ ਵਾਪਰੀ ਸੀ, ਜਦੋਂ ਪਹਿਲਾ ਵਿਸ਼ਵ ਯੁੱਧ ਜਿੱਤਣ ਵਾਲੀ ਆਸਟ੍ਰੇਲੀਆਈ ਫ਼ੌਜ ਨੂੰ ਪੰਛੀਆਂ ਦੇ ਇਕ ਝੁੰਡ ਨੇ ਹਰਾ ਕੇ ਰੱਖ ਦਿੱਤਾ ਸੀ ਅਤੇ ਪੰਛੀ ਵੀ ਉਹ,,, ਜੋ ਉਡ ਨਹੀਂ ਸੀ ਸਕਦੇ। ਸੋ ਆਓ ਤੁਹਾਨੂੰ ਇਤਿਹਾਸ ਦੀ ਇਸ ਰੌਚਕ ਘਟਨਾ ਬਾਰੇ ਦੱਸਦੇ ਆਂ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਕਹਾਣੀ ਦੀ ਸ਼ੁਰੂਆਤ ਸਾਲ 1929 ਤੋਂ ਸ਼ੁਰੂ ਹੁੰਦੀ ਐ, ਜਦੋਂ ਆਸਟ੍ਰੇਲੀਆ ਵਿਚ ਭਿਆਨਕ ਮੰਦੀ ਦਾ ਦੌਰ ਸ਼ੁਰੂ ਹੋਇਆ ਅਤੇ ਖਾਣੇ ਦਾ ਸੰਕਟ ਪੈਦਾ ਹੋਣ ਦੀ ਸਥਿਤੀ ਬਣ ਗਈ ਐ। ਇਹ ਸਭ ਕੁੱਝ ਦੇਖਦਿਆਂ ਸਰਕਾਰ ਹਰਕਤ ਵਿਚ ਆਈ, ਉਸ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਤੁਸੀਂ ਅਨਾਜ ਉਗਾਓ, ਅਸੀਂ ਖ਼ਰੀਦਾਂਗੇ,,, ਬੀਜ ਅਤੇ ਖਾਦਾਂ ’ਤੇ ਸਬਸਿਡੀ ਵੀ ਦਿੱਤੀ ਜਾਵੇਗੀ। ਕਿਸਾਨ ਮੰਨ ਗਏ ਅਤੇ ਉਨ੍ਹਾਂ ਖੇਤਾਂ ਵਿਚ ਫ਼ਸਲ ਬੀਜ ਦਿੱਤੀ ਅਤੇ ਜਲਦ ਹੀ ਬਹੁਤ ਸੋਹਣੀ ਫ਼ਸਲ ਖੇਤਾਂ ਵਿਚ ਹੋ ਗਈ ਪਰ ਜਦੋਂ ਫ਼ਸਲ ਕੱਟਣ ਦੀ ਵਾਰੀ ਆਈ ਤਾਂ ਸਰਕਾਰ ਪਲਟ ਗਈ।
ਨਵੀਂ ਸਰਕਾਰ ਨੇ ਕਿਸਾਨਾਂ ਨੂੰ ਸਹੀ ਕੀਮਤ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ। ਅੜੇ ਹੋਏ ਕਿਸਾਨਾਂ ਨੇ ਵੀ ਆਖ ਦਿੱਤ ਕਿ ਜਦੋਂ ਤੱਕ ਸਹੀ ਕੀਮਤ ਨਹੀਂ ਮਿਲੇਗੀ, ਉਹ ਫ਼ਸਲ ਨਹੀਂ ਕੱਟਣਗੇ। ਇਨ੍ਹਾਂ ਵਿਚੋਂ ਜ਼ਿਆਦਾਤਰ ਕਿਸਾਨ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਸੇਵਾਮੁਕਤ ਹੋਏ ਫ਼ੌਜੀ ਸਨ, ਜਿਨ੍ਹਾਂ ਨੂੰ ਸਰਕਾਰ ਨੇ ਖੇਤੀ ਕਰਨ ਲਈ ਜ਼ਮੀਨਾਂ ਦਿੱਤੀਆਂ ਸੀ। ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਇਹ ਸੰਘਰਸ਼ ਚੱਲ ਹੀ ਰਿਹਾ ਸੀ ਕਿ ਇਸੇ ਦੌਰਾਨ ਫ਼ਸਲਾਂ ’ਤੇ ਵਿਸ਼ਾਲ ਜੰਗਲੀ ਪੰਛੀ ਈਮੂ ਦਾ ਹਮਲਾ ਹੋ ਗਿਆ।
ਹੈਰਾਨੀ ਦੀ ਗੱਲ ਇਹ ਐ ਕਿ ਇਨ੍ਹਾਂ ਪੰਛੀਆਂ ਦੀ ਗਿਣਤੀ ਕੋਈ ਦੋ ਚਾਰ ਨਹੀਂ ਸੀ ਬਲਕਿ 20 ਹਜ਼ਾਰ ਦੇ ਕਰੀਬ ਸੀ। ਈਮੂਆਂ ਦਾ ਝੁੰਡ ਆਉਂਦਾ ਅਤੇ ਫ਼ਸਲਾਂ ਤਬਾਹ ਕਰਕੇ ਚਲਾ ਜਾਂਦਾ ਸੀ। ਫ਼ਸਲਾਂ ਦੀ ਬਰਬਾਦੀ ਰੋਕਣ ਲਈ ਲਗਾਈ ਗਈ ਫੈਂਸਿੰਗ ਵੀ ਈਮੂਆਂ ਨੇ ਤੋੜ ਕੇ ਰੱਖ ਦਿੱਤਾ। ਜਦੋਂ ਰੋਜ਼ਾਨਾ ਹੀ ਅਜਿਹਾ ਹੋਣ ਲੱਗਿਆ ਤਾਂ ਕਿਸਾਨਾਂ ਬਣੇ ਫ਼ੌਜੀਆਂ ਦਾ ਇਕ ਵਫ਼ਦ ਸਰਕਾਰ ਕੋਲ ਆਪਣੀ ਗੁਹਾਰ ਲੈ ਕੇ ਪੁੱਜਿਆ। ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਆਸਟ੍ਰੇਲੀਆ ਦੇ ਤਤਕਾਲੀਨ ਰੱਖਿਆ ਮੰਤਰੀ ਨੇ ਹਥਿਆਰਾਂ ਨਾਲ ਲੈਸ ਫ਼ੌਜ ਦੀ ਇਕ ਟੁਕੜੀ ਕਿਸਾਨਾਂ ਦੀ ਮਦਦ ਲਈ ਭੇਜ ਦਿੱਤੀ।
2 ਨਵੰਬਰ 1932 ਦਾ ਦਿਨ ਸੀ। ਫ਼ੌਜੀ ਟੁਕੜੀ ਨੇ ਈਮੂਆਂ ਨੂੰ ਖਦੇੜਨ ਦਾ ਅਪਰੇਸ਼ਨ ਸ਼ੁਰੂ ਕੀਤਾ। ਜਿਵੇਂ ਹੀ ਫ਼ੌਜ ਨੇ ਇਕ ਥਾਂ ’ਤੇ 50 ਈਮੂਆਂ ਦਾ ਝੁੰਡ ਦੇਖਿਆ ਤਾਂ ਮਸ਼ੀਨ ਗੰਨ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਪਰ ਹਮਲਾ ਹੋਣ ਤੱਕ ਪੰਛੀਆਂ ਦਾ ਝੁੰਡ ਹਮਲੇ ਨੂੰ ਭਾਂਪ ਗਿਆ ਸੀ, ਜਿਸ ਕਰਕੇ ਉਹ ਤੇਜ਼ੀ ਨਾਲ ਉਥੋਂ ਭੱਜ ਕੇ ਮਸ਼ੀਨ ਗੰਨ ਦੀ ਰੇਂਜ ਤੋਂ ਬਾਹਰ ਹੋ ਗਏ। ਫਿਰ ਦੋ ਦਿਨ ਬਾਅਦ 4 ਨਵੰਬਰ 1932 ਨੂੰ ਵੀ ਕੁੱਝ ਅਜਿਹਾ ਹੀ ਹੋਇਆ। ਫ਼ੌਜੀਆਂ ਨੇ ਕਰੀਬ ਇਕ ਹਜ਼ਾਰ ਈਮੂਆਂ ਦਾ ਇਕ ਝੁੰਡ ਦੇਖਿਆ ਅਤੇ ਫ਼ੌਜ ਉਨ੍ਹਾਂ ’ਤੇ ਫ਼ਾਇਰ ਕਰਨ ਦੀ ਤਿਆਰੀ ਹੀ ਕਰ ਰਹੀ ਸੀ ਕਿ ਮਸ਼ੀਨ ਗੰਨ ਜਾਮ ਹੋ ਗਈ। ਜਦੋਂ ਤੱਕ ਮਸ਼ੀਨ ਗੰਨ ਠੀਕ ਹੋਈ, ਉਦੋਂ ਤੱਕ ਜ਼ਿਆਦਾ ਈਮੂ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ। ਫ਼ੌਜ ਮਹਿਜ਼ 12 ਈਮੂਆਂ ਨੂੰ ਹੀ ਆਪਣਾ ਨਿਸ਼ਾਨਾ ਬਣਾ ਸਕੀ।
ਇਸ ਘਟਨਾ ਤੋਂ ਬਾਅਦ ਈਮੂ ਕਾਫ਼ੀ ਚੌਕਸ ਹੋ ਗਏ ਸੀ। ਕਿਹਾ ਜਾਂਦਾ ਏ ਕਿ ਈਮੂਆਂ ਨੇ ਫ਼ੌਜੀਆਂ ਦੇ ਹਮਲੇ ਤੋਂ ਬਚਣ ਲਈ ਖ਼ੁਦ ਨੂੰ ਛੋਟੀਆਂ ਛੋਟੀਆਂ ਟੁਕੜੀਆਂ ਵਿਚ ਵੰਡ ਲਿਆ ਸੀ ਅਤੇ ਹਰ ਟੁਕੜੀ ਵਿਚ ਇਕ ਈਮੂ ਨਿਗਰਾਨੀ ਦੇ ਕੰਮ ਵਿਚ ਲੱਗਿਆ ਰਹਿੰਦਾ ਸੀ ਤਾਂਕਿ ਉਨ੍ਹਾਂ ’ਤੇ ਹਮਲਾ ਹੋਣ ਤੋਂ ਪਹਿਲਾਂ ਹੀ ਦੂਜਿਆਂ ਨੂੰ ਚੌਕਸ ਕੀਤਾ ਜਾ ਸਕੇ। ਇਸ ਦੌਰਾਨ ਈਮੂ ਫ਼ਸਲਾਂ ਨੂੰ ਬਰਬਾਦ ਕਰਦੇ ਅਤੇ ਉਥੋਂ ਹਮਲਾ ਹੋਣ ਤੋਂ ਪਹਿਲਾਂ ਹੀ ਭੱਜ ਜਾਂਦੇ। ਈਮੂ ਅਜਿਹਾ ਪੰਛੀ ਐ ਜੋ ਉਡ ਨਹੀਂ ਸਕਦਾ।
ਫ਼ੌਜ ਵੀ ਇਹੀ ਸਮਝ ਰਹੀ ਸੀ ਕਿ ਇਸ ਪੰਛੀ ਨੂੰ ਖਦੇੜਨਾ ਉਸ ਦੇ ਲਈ ਬਹੁਤ ਛੋਟੀ ਗੱਲ ਹੋਵੇਗੀ,,, ਪਰ ਜਦੋਂ ਆਸਟ੍ਰੇਲੀਆਈ ਫ਼ੌਜ ਦਾ ਇਨ੍ਹਾਂ ਪੰਛੀਆਂ ਨਾਲ ਪਾਲਾ ਪਿਆ ਤਾਂ ਇਨ੍ਹਾਂ ਨੇ ਫ਼ੌਜ ਦੇ ਨੱਕ ਵਿਚ ਦਮ ਕਰ ਦਿੱਤਾ। ਕਿਹਾ ਜਾਂਦਾ ਏ ਕਿ ਕਰੀਬ ਛੇ ਦਿਨ ਤੱਕ ਚੱਲੇ ਇਸ ਅਪਰੇਸ਼ਨ ਵਿਚ ਆਸਟ੍ਰੇਲੀਅਨ ਫ਼ੌਜ ਵੱਲੋਂ ਕਰੀਬ 25 ਹਜ਼ਾਰ ਰੌਂਦ ਫ਼ਾਇਰ ਕੀਤੇ ਗਏ ਸੀ ਪਰ 20 ਹਜ਼ਾਰ ਈਮੂਆਂ ਵਿਚੋਂ ਮੁਸ਼ਕਲ ਨਾਲ 300 ਈਮੂਆਂ ਨੂੰ ਹੀ ਮਾਰਨ ਵਿਚ ਕਾਮਯਾਬ ਹੋ ਸਕੀ ਸੀ।
ਜਦੋਂ ਇਸ ਘਟਨਾ ’ਤੇ ਮੀਡੀਆ ’ਤੇ ਨਜ਼ਰ ਪਈ ਤਾਂ ਪੂਰੇ ਦੇਸ਼ ਵਿਚ ਇਸ ਦੀ ਕਾਫ਼ੀ ਚਰਚਾ ਸ਼ੁਰੂ ਹੋ ਗਈ ਅਤੇ ਸਰਕਾਰ ਦੀ ਅਲੋਚਨਾ ਵੀ ਹੋਣ ਲੱਗੀ। ਆਖ਼ਰਕਾਰ ਸਰਕਾਰ ਨੇ ਫ਼ੌਜ ਨੂੰ ਵਾਪਸ ਬੁਲਾ ਲਿਆ ਪਰ ਜਦੋਂ ਖੇਤਾਂ ਵਿਚ ਈਮੂਆਂ ਦੇ ਹਮਲੇ ਕਾਫ਼ੀ ਤੇਜ਼ ਹੋ ਗਏ, ਇਸ ਤੋਂ ਬਾਅਦ 13 ਨਵੰਬਰ ਨੂੰ ਫ਼ੌਜ ਨੇ ਫਿਰ ਤੋਂ ਅਪਰੇਸ਼ਨ ਸ਼ੁਰੂ ਕੀਤਾ। ਇਸ ਵਾਰ ਵੀ ਈਮੂਆਂ ਨੇ ਆਸਟ੍ਰੇਲੀਅਨ ਫ਼ੌਜ ਨੂੰ ਆਪਣੇ ਸਾਹਮਣੇ ਟਿਕਣ ਨਹੀਂ ਦਿੱਤਾ ਅਤੇ ਹਾਰ ਕੇ ਫ਼ੌਜ ਨੂੰ ਫਿਰ ਤੋਂ ਇਹ ਅਪਰੇਸ਼ਨ ਬੰਦ ਕਰਨਾ ਪਿਆ। ਇਸ ਘਟਨਾ ਤੋਂ ਬਾਅਦ ਫ਼ੌਜੀ ਅਪਰੇਸ਼ਨ ਦੇ ਇੰਚਾਰਜ ਮੇਜਰ ਮਰਡਿਥ ਨੇ ਆਖਿਆ ਸੀ ਕਿ ਜੇਕਰ ਉਨ੍ਹਾਂ ਕੋਲ ਵੀ ਈਮੂ ਪੰਛੀਆਂ ਦੀ ਇਕ ਡਿਵੀਜ਼ਨ ਹੁੰਦੀ ਅਤੇ ਉਹ ਗੋਲੀ ਚਲਾ ਸਕਦੇ ਤਾਂ ਉਹ ਦੁਨੀਆ ਦੀ ਕਿਸੇ ਵੀ ਮਿਲਟਰੀ ਦਾ ਸਾਹਮਣਾ ਕਰ ਸਕਦੇ ਸੀ। ਇਤਿਹਾਸ ਵਿਚ ਇਸ ਘਟਨਾ ਨੂੰ ‘ਈਮੂ ਵਾਰ’ ਜਾਂ ‘ਦਿ ਗ੍ਰੇਟ ਈਮੂ ਵਾਰ’ ਦੇ ਨਾਂਅ ਨਾਲ ਜਾਣਿਆ ਜਾਂਦਾ ਏ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਰੌਚਕ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ