ਐਸਪੀ ਓਬਰਾਏ ਨੇ ਪੰਜਾਬੀ ਨੌਜਵਾਨ ਦੀ ਬਚਾਈ ਜਾਨ
ਅੰਮ੍ਰਿਤਸਰ, 22 ਮਾਰਚ, ਨਿਰਮਲ : ਕੌਮਾਂਤਰੀ ਸਰਹੱਦਾਂ ਤੋਂ ਉੱਪਰ ਉੱਠ ਕੇ ਲੋਕ ਸੇਵਾ ਦੀ ਮਿਸਾਲ ਕਾਇਮ ਕਰਨ ਵਾਲੇ ਅਤੇ ਦੇਸ਼-ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣੇ ਪ੍ਰਸਿੱਧ ਕਾਰੋਬਾਰੀ ਡਾ. ਪੀ ਸਿੰਘ ਓਬਰਾਏ ਦੀ ਕੋਸ਼ਿਸ਼ਾਂ ਸਦਕਾ ਇੱਕ ਭਾਰਤੀ ਸ਼ਾਰਜਾਹ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਅੱਜ ਘਰ ਪਰਤਿਆ। ਗੁਰਦਾਸਪੁਰ ਦੇ ਪਿੰਡ ਸ਼ੇਖੂਪੁਰਾ ਦੇ ਗੁਰਪ੍ਰੀਤ ਸਿੰਘ ਨੂੰ ਸ਼ਾਰਜਾਹ […]
By : Editor Editor
ਅੰਮ੍ਰਿਤਸਰ, 22 ਮਾਰਚ, ਨਿਰਮਲ : ਕੌਮਾਂਤਰੀ ਸਰਹੱਦਾਂ ਤੋਂ ਉੱਪਰ ਉੱਠ ਕੇ ਲੋਕ ਸੇਵਾ ਦੀ ਮਿਸਾਲ ਕਾਇਮ ਕਰਨ ਵਾਲੇ ਅਤੇ ਦੇਸ਼-ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣੇ ਪ੍ਰਸਿੱਧ ਕਾਰੋਬਾਰੀ ਡਾ. ਪੀ ਸਿੰਘ ਓਬਰਾਏ ਦੀ ਕੋਸ਼ਿਸ਼ਾਂ ਸਦਕਾ ਇੱਕ ਭਾਰਤੀ ਸ਼ਾਰਜਾਹ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਅੱਜ ਘਰ ਪਰਤਿਆ।
ਗੁਰਦਾਸਪੁਰ ਦੇ ਪਿੰਡ ਸ਼ੇਖੂਪੁਰਾ ਦੇ ਗੁਰਪ੍ਰੀਤ ਸਿੰਘ ਨੂੰ ਸ਼ਾਰਜਾਹ ਵਿੱਚ ਇੱਕ ਕਤਲ ਕੇਸ ਵਿੱਚ ਤਿੰਨ ਹੋਰ ਪਾਕਿਸਤਾਨੀ ਨੌਜਵਾਨਾਂ ਸਮੇਤ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜਿਸ ਤੋਂ ਬਾਅਦ ਸਰਬੱਤ ਦਾ ਭਲਾ ਟਰੱਸਟ ਨੇ ਬਲੱਡ ਮਨੀ ਦੇ ਕੇ ਉਸ ਨੂੰ ਰਿਹਾਅ ਕਰਵਾਇਆ।
2019 ਤੋਂ ਸ਼ਾਰਜਾਹ ਵਿੱਚ ਇੱਕ ਹੋਰ ਭਾਰਤੀ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਸਮੇਤ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਵਿੱਚ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਗੁਰਪ੍ਰੀਤ ਸਿੰਘ ਅਤੇ ਪਾਕਿਸਤਾਨੀ ਪੰਜਾਬ ਦੇ ਰਾਓ ਮੁਹੰਮਦ ਆਦਿਲ, ਰਾਣਾ ਤਾਬਿਸ਼ ਰਸ਼ੀਦ ਅਤੇ ਆਦਿਲ ਜਾਵੇਦ ਚੀਮਾ ਸ਼ਾਮਲ ਹਨ।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰ ਦੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਇਕਾਈ ਨਾਲ ਸੰਪਰਕ ਕਰਨ ਤੋਂ ਬਾਅਦ ਐਸ.ਪੀ. ਸਿੰਘ ਓਬਰਾਏ ਨੇ ਇਸ ਕੇਸ ਨੂੰ ਅੱਗੇ ਲਿਜਾਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਦੋ ਸਾਲ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਸ਼ਾਰਜਾਹ ਅਦਾਲਤ ਨੇ ਇਨ੍ਹਾਂ ਚਾਰਾਂ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਕਤਲ ਕੀਤੇ ਗਏ ਬਲਾਚੌਰ ਕੋਲ ਦੇ ਨੌਜਵਾਨ ਦੇ ਮਾਪਿਆਂ ਨਾਲ ਕਾਫੀ ਸਮੇਂ ਬਾਅਦ ਸੰਪਰਕ ਕਰਨ ’ਤੇ ਡਾ.ਐਸ.ਪੀ. ਸਿੰਘ ਓਬਰਾਏ ਨੇ ਉਸ ਨੂੰ ਬਲੱਡ ਮਨੀ ਸਵੀਕਾਰ ਕਰਨ ਲਈ ਮਨਾ ਲਿਆ। ਇਸ ਸਮਝੌਤੇ ਤੋਂ ਬਾਅਦ ਸ਼ਾਰਜਾਹ ਅਦਾਲਤ ਵਿਚ ਜੱਜਾਂ ਦੀ ਹਾਜ਼ਰੀ ਵਿਚ ਡਾਕਟਰ ਓਬਰਾਏ ਨੇ ਮੌਕੇ ’ਤੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ 2 ਲੱਖ ਦਿਰਹਮ (ਲਗਭਗ 46 ਲੱਖ ਰੁਪਏ) ਬਲੱਡ ਮਨੀ ਵਜੋਂ ਸੌਂਪੇ।
ਚਾਰ ਨੌਜਵਾਨਾਂ ਦੇ ਪਰਿਵਾਰਾਂ ਦੇ ਯੋਗਦਾਨ ਤੋਂ ਇਲਾਵਾ ਡਾ: ਓਬਰਾਏ ਨੇ ਵੀ ਇਸ ਬਲੱਡ ਮਨੀ ਦਾ ਵੱਡਾ ਹਿੱਸਾ ਪਾਇਆ। ਇਸ ਮਾਮਲੇ ਸਬੰਧੀ ਡਾ.ਓਬਰਾਏ ਨੇ ਦੱਸਿਆ ਕਿ ਸ਼ਾਰਜਾਹ ਅਦਾਲਤ ਨੇ ਅੰਤਿਮ ਫੈਸਲਾ ਦਿੰਦੇ ਹੋਏ ਚਾਰ ਨੌਜਵਾਨਾਂ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ। ਜਿਸ ਦੇ ਚੱਲਦਿਆਂ ਸ਼ਾਰਜਹਾਨ ਜੇਲ੍ਹ ਤੋਂ ਰਿਹਾਅ ਹੋਇਆ ਪਰਮਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅੱਜ ਸਵੇਰੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਿਆ, ਜਿੱਥੇ ਉਸ ਦੀ ਮਾਤਾ ਬਲਜੀਤ ਕੌਰ ਅਤੇ ਪਤਨੀ ਮੇਘਾ ਸਮੇਤ ਪਰਿਵਾਰਕ ਮੈਂਬਰਾਂ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ।
ਇਨ੍ਹਾਂ ਪੰਜ ਸਾਲਾਂ ਦੌਰਾਨ ਗੁਰਪ੍ਰੀਤ ਦੇ ਪਿਤਾ ਪਰਮਜੀਤ ਸਿੰਘ ਕਰੀਬ ਦੋ ਸਾਲ ਆਪਣੇ ਪੁੱਤਰ ਨੂੰ ਮਿਲਣ ਦੀ ਉਡੀਕ ਕਰਦੇ ਹੋਏ ਰੱਬ ਨੂੰ ਪਿਆਰੇ ਹੋ ਗਏ। ਰਿਹਾਅ ਹੋਏ ਗੁਰਪ੍ਰੀਤ ਸਿੰਘ ਅਤੇ ਉਸਦੇ ਪਰਿਵਾਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐਸ.ਪੀ.ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਗੁਰਪ੍ਰੀਤ ਦੀ ਜਾਨ ਬਚਾਈ ਅਤੇ ਉਸ ਨੂੰ ਸਿਆਸੀ ਹੱਦਾਂ ਤੋਂ ਉੱਪਰ ਉੱਠ ਕੇ ਬੱਚਿਆਂ ਦੀ ਜਾਨ ਬਚਾਉਣ ਵਾਲਾ ਦੂਤ ਦੱਸਿਆ। ਗੁਰਪ੍ਰੀਤ ਅਨੁਸਾਰ ਡਾ: ਓਬਰਾਏ ਖਾੜੀ ਦੇਸ਼ਾਂ ਵਿੱਚ ਫਸੇ ਸੈਂਕੜੇ ਲੋਕਾਂ ਲਈ ਰੱਬ ਦੇ ਦੂਤ ਦਾ ਕੰਮ ਕਰਦੇ ਹਨ। ਇੱਥੇ ਦੱਸ ਦੇਈਏ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ: ਓਬਰਾਏ ਦੇ ਯਤਨਾਂ ਸਦਕਾ 2010 ਤੋਂ ਹੁਣ ਤੱਕ 138 ਵਿਅਕਤੀ ਮੌਤ ਦੀ ਸਜ਼ਾ ਜਾਂ 45 ਸਾਲ ਤੱਕ ਦੀ ਲੰਬੀ ਸਜ਼ਾ ਤੋਂ ਰਿਹਾਅ ਕੀਤਾ ਜਾ ਚੁੱਕਾ ਹੈ।