ਸ਼ਹੀਦ ਮਨਪ੍ਰੀਤ ਨੇ ਰੱਖੀ ਸੀ ਦੇਸ਼ ਦੀ ਲਾਜ!
ਚੰਡੀਗੜ੍ਹ, 14 ਸਤੰਬਰ (ਸ਼ਾਹ) : ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਸ਼ਹੀਦ ਹੋਏ ਜਵਾਨਾਂ ਵਿਚ ਮੋਹਾਲੀ ਦੇ ਕਰਨਲ ਮਨਪ੍ਰੀਤ ਸਿੰਘ ਦਾ ਨਾਂਅ ਵੀ ਸ਼ਾਮਲ ਐ। ਪੰਜਾਬ ਦਾ ਇਹ ਫ਼ੌਜੀ ਜਵਾਨ ਬਹਾਦਰੀ ਦੀ ਮਿਸਾਲ ਸੀ, ਜਿਸ ਦੇ ਚਲਦਿਆਂ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਸੈਨਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਦਰਅਸਲ ਉਨ੍ਹਾਂ […]
By : Editor (BS)
ਚੰਡੀਗੜ੍ਹ, 14 ਸਤੰਬਰ (ਸ਼ਾਹ) : ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਸ਼ਹੀਦ ਹੋਏ ਜਵਾਨਾਂ ਵਿਚ ਮੋਹਾਲੀ ਦੇ ਕਰਨਲ ਮਨਪ੍ਰੀਤ ਸਿੰਘ ਦਾ ਨਾਂਅ ਵੀ ਸ਼ਾਮਲ ਐ। ਪੰਜਾਬ ਦਾ ਇਹ ਫ਼ੌਜੀ ਜਵਾਨ ਬਹਾਦਰੀ ਦੀ ਮਿਸਾਲ ਸੀ, ਜਿਸ ਦੇ ਚਲਦਿਆਂ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਸੈਨਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਦਰਅਸਲ ਉਨ੍ਹਾਂ ਨੇ ਇਕ ਅਜਿਹੇ ਖ਼ਤਰਨਾਕ ਅੱਤਵਾਦੀ ਨੂੰ ਢੇਰ ਕੀਤਾ ਸੀ, ਜਿਸ ਨੇ ਪੂਰੇ ਜੰਮੂ ਕਸ਼ਮੀਰ ਵਿਚ ਤਬਾਹੀ ਮਚਾਈ ਹੋਈ ਸੀ। ਸੋ ਆਓ ਤੁਹਾਨੂੰ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਬਹਾਦਰੀ ਦੇ ਇਸ ਕਿੱਸੇ ਤੋਂ ਜਾਣੂ ਕਰਵਾਓਨੇ ਆਂ।
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਹੋਈ ਮੁਠਭੇੜ ਦੌਰਾਨ ਕਰਨਲ ਮਨਪ੍ਰੀਤ ਸਿੰਘ ਵੀ ਸ਼ਹੀਦ ਹੋ ਗਿਆ ਜੋ ਮੋਹਾਲੀ ਦੇ ਪਿੰਡ ਭੜੌਜੀਆ ਦਾ ਰਹਿਣ ਵਾਲਾ ਸੀ। ਸ਼ਹਾਦਤ ਤੋਂ ਮਹਿਜ਼ ਦੋ ਦਿਨ ਪਹਿਲਾਂ ਹੀ ਕਰਨਲ ਮਨਪ੍ਰੀਤ ਸਿੰਘ ਨੇ ਭਰਾ ਨੂੰ ਫ਼ੋਨ ਕਰਕੇ ਛੁੱਟੀ ’ਤੇ ਆਉਣ ਦੀ ਸੂਚਨਾ ਦਿੱਤੀ ਸੀ, ਜਿਸ ਨੂੰ ਲੈ ਕੇ ਸਾਰੇ ਪਰਿਵਾਰ ਵਾਲੇ ਖ਼ੁਸ਼ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹੁਣ ਮਨਪ੍ਰੀਤ ਦੀ ਮ੍ਰਿਤਕ ਦੇਹ ਤਿਰੰਗੇ ਵਿਚ ਲਿਪਟੀ ਹੋਈ ਵਾਪਸ ਆਵੇਗੀ।
41 ਸਾਲਾਂ ਦਾ ਕਰਨਲ ਮਨਪ੍ਰੀਤ ਸਿੰਘ ਬਹਾਦਰੀ ਦੀ ਮਿਸਾਲ ਸੀ, ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਸੈਨਾ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਦਰਅਸਲ ਸਾਲ 2016 ਵਿਚ ਕਰਨਲ ਮਨਪ੍ਰੀਤ ਸਿੰਘ ਨੇ ਜੰਮੂ ਕਸ਼ਮੀਰ ਦੇ ਖ਼ਤਰਨਾਕ ਅੱਤਵਾਦੀ ਬੁਰਹਾਨੀ ਵਾਨੀ ਨੂੰ ਢੇਰ ਕੀਤਾ ਸੀ। ਇਸ ਤੋਂ ਇਲਾਵਾ ਸਾਲ 2021 ਵਿਚ ਵੀ ਕਰਨਲ ਮਨਪ੍ਰੀਤ ਸਿੰਘ ਨੇ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਉਸ ਸਮੇਂ ਦੁਸ਼ਮਣਾਂ ਦੇ ਛੱਕੇ ਛੁਡਾਏ ਸੀ ਜਦੋਂ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ ਅੱਤਵਾਦੀਆਂ ਨੂੰ ਕਰਨਲ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਬਟਾਲੀਅਨ ਨੇ ਇਕ ਇਕ ਕਰਕੇ ਢੇਰ ਕਰ ਦਿੱਤਾ ਸੀ।
ਮਨਪ੍ਰੀਤ ਸਿੰਘ ਸਾਲ 2003 ਵਿਚ ਫ਼ੌਜ ਵਿਚ ਲੈਫਟੀਨੈਂਟ ਬਣੇ ਸੀ ਅਤੇ ਸਾਲ 2005 ਵਿਚ ਉਨ੍ਹਾਂ ਨੂੰ ਕਰਨਲ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਸੀ। ਇਸ ਮਗਰੋਂ ਉਨ੍ਹਾਂ ਨੇ ਦੇਸ਼ ਦੇ ਦੁਸ਼ਮਣਾਂ ਨੂੰ ਮਾਰਨ ਲਈ ਚਲਾਏ ਗਏ ਭਾਰਤੀ ਫ਼ੌਜ ਦੇ ਕਈ ਮਿਸ਼ਨਾਂ ਦੀ ਅਗਵਾਈ ਕੀਤੀ ਅਤੇ ਸਫ਼ਲਤਾ ਹਾਸਲ ਕੀਤੀ। ਕਰਨਲ ਮਨਪ੍ਰੀਤ ਸਿੰਘ ਸਾਲ 2019 ਤੋਂ 2021 ਤੱਕ ਸੈਨਾ ਵਿਚ ਸੈਕੰਡ ਇਨ ਕਮਾਂਡ ਦੇ ਤੌਰ ’ਤੇ ਤਾਇਨਾਤ ਸੀ, ਬਾਅਦ ਵਿਚ ਉਨ੍ਹਾਂ ਨੇ ਕਮਾਂਡਿੰਗ ਅਫ਼ਸਰ ਦੇ ਤੌਰ ’ਤੇ ਕੰਮ ਕੀਤਾ।
ਮਨਪ੍ਰੀਤ ਸਿੰਘ ਬਚਪਨ ਤੋਂ ਹੀ ਪੜ੍ਹਨ ਵਿਚ ਹੁਸ਼ਿਆਰ ਸੀ, ਉਸ ਦੀ ਪੜ੍ਹਾਈ ਮੁੱਲਾਂਪੁਰ ਸਥਿਤ ਏਅਰਫੋਰਸ ਸਟੇਸ਼ਨ ਦੇ ਕੋਲ ਸਥਿਤ ਕੇਂਦਰੀ ਸਕੂਲ ਵਿਚ ਹੋਈ ਸੀ ਪਰ ਉਸ ਨੂੰ ਫ਼ੌਜ ਵਿਚ ਭਰਤੀ ਹੋਣ ਦਾ ਬਹੁਤ ਸ਼ੌਕ ਸੀ ਕਿਉਂਕਿ ਕਰਨਲ ਮਨਪ੍ਰੀਤ ਸਿੰਘ ਦੇ ਪਿਤਾ ਸਵਰਗੀ ਲਖਬੀਰ ਸਿੰਘ ਵੀ ਫ਼ੌਜੀ ਸਨ ਅਤੇ ਉਨ੍ਹਾਂ ਦੇ ਦਾਦਾ ਜੀ ਵੀ ਫ਼ੌਜ ਦੀ ਸੇਵਾ ਵਿਚ ਰਹਿ ਚੁੱਕੇ ਸਨ।
ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਪਤਨੀ ਜਗਮੀਤ ਕੌਰ ਹਰਿਆਣਾ ਦੇ ਮੋਰਨੀ ਵਿਚ ਸਰਕਾਰੀ ਅਧਿਆਪਕਾ ਏ ਜੋ ਆਪਣੇ ਸੱਤ ਸਾਲ ਦੇ ਬੇਟੇ ਕਬੀਰ ਅਤੇ ਢਾਈ ਦੀ ਬੇਟੀ ਵਾਣੀ ਦੇ ਨਾਲ ਰਹਿੰਦੀ ਐ, ਜਦਕਿ ਬਾਕੀ ਪਰਿਵਾਰ ਸੈਕਟਰ 26 ਵਿਚ ਰਹਿੰਦਾ ਏ। ਕਰਨਲ ਮਨਪ੍ਰੀਤ ਦੇ ਸਹੁਰੇ ਵੀ ਪੰਚਕੂਲਾ ਵਿਖੇ ਹੀ ਨੇ। ਮਨਪ੍ਰੀਤ ਦੀ ਮੌਤ ਬਾਰੇ ਖ਼ਬਰ ਸੁਣ ਪੂਰੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਹੁਣ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ।
ਸ਼ਹੀਦ ਜਵਾਨ ਦੀ ਮਾਤਾ ਮਨਜੀਤ ਕੌਰ ਨੂੰ ਬੇਟੇ ਦੀ ਸ਼ਹਾਦਤ ਬਾਰੇ ਕਾਫ਼ੀ ਸਮਾਂ ਖ਼ਬਰ ਨਹੀਂ ਦਿੱਤੀ ਗਈ ਪਰ ਜਿਵੇਂ ਹੀ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਜਿਗਰ ਦਾ ਟੁਕੜਾ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ ਤਾਂ ਉਹ ਰੋਂਦੀ ਹੋਈ ਆਪਣੇ ਪੁੱਤ ਨੂੰ ਆਵਾਜ਼ਾਂ ਮਾਰਨ ਲੱਗੀ। ਸ਼ਾਮ ਤੱਕ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਐ।