ਜਪਾਨ ਤੇ ਬ੍ਰਿਟੇਨ ’ਚ ਛਾਏ ਮੰਦੀ ਦੇ ਬੱਦਲ!
ਲੰਡਨ, 19 ਫਰਵਰੀ : ਤੁਸੀਂ ਅਕਸਰ ਹੀ ਮੰਦੀ ਸ਼ਬਦ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ। ਜਦੋਂ ਵੀ ਕਿਸੇ ਦਾ ਕੰਮਕਾਰ ਡਾਊਨ ਹੋ ਜਾਵੇ ਤਾਂ ਲੋਕ ਇਹੀ ਆਖਦੇ ਨੇ ਕਿ ਮੰਦੀ ਚੱਲ ਰਹੀ ਐ। ਇਸੇ ਤਰ੍ਹਾਂ ਜੇਕਰ ਦੇਸ਼ ਦੀ ਅਰਥਵਿਵਸਥਾ ਵਿਚ ਗਿਰਾਵਟ ਹੋਣ ਲੱਗੇ ਤਾਂ ਕਿਹਾ ਜਾਂਦਾ ਏ ਕਿ ਦੇਸ਼ ਮੰਦੀ ਵੱਲ ਵਧ ਰਿਹਾ ਏ ਜਾਂ ਦੇਸ਼ […]
By : Makhan Shah
ਲੰਡਨ, 19 ਫਰਵਰੀ : ਤੁਸੀਂ ਅਕਸਰ ਹੀ ਮੰਦੀ ਸ਼ਬਦ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ। ਜਦੋਂ ਵੀ ਕਿਸੇ ਦਾ ਕੰਮਕਾਰ ਡਾਊਨ ਹੋ ਜਾਵੇ ਤਾਂ ਲੋਕ ਇਹੀ ਆਖਦੇ ਨੇ ਕਿ ਮੰਦੀ ਚੱਲ ਰਹੀ ਐ। ਇਸੇ ਤਰ੍ਹਾਂ ਜੇਕਰ ਦੇਸ਼ ਦੀ ਅਰਥਵਿਵਸਥਾ ਵਿਚ ਗਿਰਾਵਟ ਹੋਣ ਲੱਗੇ ਤਾਂ ਕਿਹਾ ਜਾਂਦਾ ਏ ਕਿ ਦੇਸ਼ ਮੰਦੀ ਵੱਲ ਵਧ ਰਿਹਾ ਏ ਜਾਂ ਦੇਸ਼ ਵਿਚ ਮੰਦੀ ਆ ਗਈ ਐ। ਪਿਛਲੇ ਦਿਨੀਂ ਦੁਨੀਆਂ ਦੀਆਂ ਦੋ ਮਜ਼ਬੂਤ ਅਰਥਵਿਵਸਥਾਵਾਂ ਜਪਾਨ ਅਤੇ ਬ੍ਰਿਟੇਨ ਦੇ ਮੰਦੀ ਵੱਲ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ, ਜਿਸ ਨੇ ਵਿਸ਼ਵ ਦੇ ਕਈ ਦੇਸ਼ਾਂ ਵਿਚ ਹਲਚਲ ਪੈਦਾ ਕਰ ਦਿੱਤੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਹੁੰਦੀ ਐ ਮੰਦੀ? ਇਸ ਦਾ ਸਾਡੀ ਜ਼ਿੰਦਗੀ ’ਤੇ ਕੀ ਪੈਂਦਾ ਏ ਪ੍ਰਭਾਵ ਅਤੇ ਕੀ ਹੁੰਦੇ ਨੇ ਮੰਦੀ ਆਉਣ ਦੇ ਕਾਰਨ?
ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਭਾਰਤ ਦੀ ਜੀਡੀਪੀ 7 ਫ਼ੀਸਦੀ ਵਧ ਰਹੀ ਐ ਜੋ ਦੁਨੀਆ ਵਿਚ ਸਭ ਤੋਂ ਤੇਜ਼ ਵਧਣ ਵਾਲੀ ਜੀਡੀਪੀ ਐ। ਜੀਡੀਪੀ ਯਾਨੀ ਦੇਸ਼ ਦੀ ਆਮਦਨੀ। ਆਮਦਨੀ ਵਧਣਾ ਚੰਗੀ ਗੱਲ ਐ, ਕਦੇ ਕਦੇ ਇਹ ਹੌਲੀ ਹੌਲੀ ਵਧਦੀ ਐ ਅਤੇ ਕਦੇ ਤੇਜ਼ ਹੋ ਜਾਂਦੀ ਐ ਪਰ ਕੀ ਹੋਵੇਗਾ ਜਦੋਂ ਆਮਦਨੀ ਘੱਟ ਹੋਣ ਲੱਗ ਜਾਵੇ? ਇਸੇ ਸਥਿਤੀ ਨੂੰ ਮੰਦੀ ਕਿਹਾ ਜਾਂਦਾ ਏ। ਇਕ ਦਿਨ ਦੇ ਨੁਕਸਾਨ ਨੂੰ ਇੰਨਾ ਗੰਭੀਰਤਾ ਨਾਲ ਨਹੀਂ ਲੈ ਸਕਦੇ ਪਰ ਦੇਸ਼ ਦੇ ਲਈ ਆਮਦਨੀ ਘੱਟ ਹੋਣਾ ਕਦੋਂ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਏ?
ਇਸ ਦੇ ਲਈ ਅਮਰੀਕੀ ਅਰਥ ਸਾਸ਼ਤਰੀ ਨੇ ਇਕ ਫਾਰਮੂਲਾ ਦਿੱਤਾ, ਜਿਸ ਦੇ ਮੁਤਾਬਕ ਕਿਸੇ ਦੇਸ਼ ਦੀ ਜੀਡੀਪੀ ਜੇਕਰ ਲਗਾਤਾਰ ਦੋ ਤਿਮਾਹੀਆਂ ਤੱਕ ਡਿਗਦੀ ਰਹਿੰਦੀ ਐ ਤਾਂ ਇਸ ਨੂੰ ਮੰਦੀ ਦਾ ਨਾਮ ਦਿੱਤਾ ਜਾਂਦਾ ਏ। ਦੋ ਤਿਮਾਹੀ ਦਾ ਯਾਨੀ ਛੇ ਮਹੀਨੇ। ਜੇਕਰ ਲਗਾਤਾਰ 6 ਮਹੀਨਿਆਂ ਤੱਕ ਕਿਸੇ ਦੇਸ਼ ਦੀ ਆਮਦਨੀ ਘੱਟ ਹੋ ਰਹੀ ਹੋਵੇ ਤਾਂ ਇਹ ਚਿੰਤਾ ਦਾ ਵਿਸ਼ਾ ਏ। ਵੈਸੇ ਐਵੇਂ ਹੀ ਕਿਸੇ ਦੇ ਕਹਿਣ ’ਤੇ ਮੰਦੀ ਨਹੀਂ ਮੰਨੀ ਜਾਂਦੀ ਕਿਉਂਕਿ ਇਕ ਵਾਰ ਮੰਦੀ ਡਿਕਲੇਅਰ ਹੋ ਗਈ ਤਾਂ ਵੱਡੀਆਂ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਨੇ।
ਕੋਈ ਵੀ ਦੇਸ਼ ਹੋਵੇ, ਸਾਰਿਆਂ ਦੀ ਆਮਦਨੀ ਜੁੜ ਕੇ ਦੇਸ਼ ਦੀ ਆਮਦਨੀ ਬਣਦੀ ਐ। ਜਿਵੇਂ ਕਾਰੋਬਾਰ ਮੈਨੂਫੈਕਚਰਿੰਗ ਜਾਂ ਨੌਕਰੀ। ਇਨ੍ਹਾਂ ਸਾਰਿਆਂ ਤੋਂ ਜੋ ਆਮਦਨੀ ਪੈਦਾ ਹੁੰਦੀ ਐ, ਉਹ ਦੇਸ਼ ਦੀ ਆਮਦਨੀ ਹੋ ਜਾਂਦੀ ਐ। ਹੁਣ ਜੇਕਰ ਦੇਸ਼ ਦੇ ਕਈ ਕਾਰੋਬਾਰੀਆਂ, ਫੈਕਟਰੀਆਂ ਨੂੰ ਕਿਸੇ ਕਾਰਨ ਕਰਕੇ ਨੁਕਸਾਨ ਉਠਾਉਣਾ ਪਵੇ ਤਾਂ ਉਥੇ ਕੰਮ ਕਰਨ ਵਾਲੇ ਲੋਕਾਂ ਦੀ ਨੌਕਰੀ ’ਤੇ ਸੰਕਟ ਆ ਜਾਂਦਾ ਏ ਜਾਂ ਲੋਕਾਂ ਦੀ ਸੈਲਰੀ ਘੱਟ ਹੋ ਜਾਂਦੀ ਐ, ਜਿਵੇਂ ਕਿ ਕੋਵਿਡ ਦੌਰਾਨ ਮਹਿਸੂਸ ਕੀਤਾ ਗਿਆ ਸੀ। ਕਿਸੇ ਵੀ ਦੇਸ਼ ਦੀ ਆਰਥਿਕਤਾ ਦੀ ਸਿਹਤ ਉਦੋਂ ਚੰਗੀ ਹੁੰਦੀ ਐ ਜਦੋਂ ਪੈਸਾ ਘੁੰਮਦਾ ਰਹੇ, ਯਾਨੀ ਲੋਕ ਖੁੱਲ੍ਹ ਕੇ ਖ਼ਰਚ ਕਰਨ।
ਕਿਸੇ ਦੇਸ਼ ਵਿਚ ਮੰਦੀ ਆਉਣ ਦਾ ਇਕ ਤਾਂ ਸਿੱਧਾ ਕਾਰਨ ਇਹ ਐ ਕਿ ਦੇਸ਼ ਦੀ ਅਰਥਵਿਵਸਥਾ ਦੇ ਨਾਲ ਛੇੜਛਾਡ ਜਾਂ ਇਕੋਨਾਮੀ ਦੇ ਬੇਸਿਕ ਨਿਯਮਾਂ ਦੀ ਅਣਦੇਖੀ ਕਰਨਾ। ਯਾਨੀ ਕਿ ਵੱਡਾ ਕਰਜ਼ਾ ਵੀ ਇਸ ਦੀ ਇਕ ਵੱਡੀ ਵਜ੍ਹਾ ਬਣ ਸਕਦਾ ਏ। ਜੇਕਰ ਕੋਈ ਵਿਅਕਤੀ ਜਾਂ ਕਾਰੋਬਾਰੀ ਬਹੁਤ ਜ਼ਿਆਦਾ ਕਰਜ਼ ਲੈ ਲੈਂਦੇ ਨੇ ਤਾਂ ਕਰਜ਼ ਅਦਾ ਕਰਨ ਦੀ ਲਾਗਤ ਵੀ ਵਧ ਜਾਂਦੀ ਐ।
ਹੁਣ ਜੇਕਰ ਕਮਾਈ ਦਾ ਵੱਡਾ ਹਿੱਸਾ ਜੇਕਰ ਕਰਜ਼ਾ ਲਾਹੁਣ ਵਿਚ ਖ਼ਰਚ ਹੋਵੇਗਾ ਤਾਂ ਕਾਰੋਬਾਰੀ ਨੂੰ ਅੱਗੇ ਵਧਾਉਣ ਲਈ ਪੈਸਾ ਕਿੱਥੋਂ ਆਵੇਗਾ। ਅਜਿਹੀ ਹੀ ਦੇਸ਼ ਦੇ ਨਾਲ ਹੀ ਹੁੰਦਾ ਏ। ਜੇਕਰ ਸਰਕਾਰ ਬਹੁਤ ਜ਼ਿਆਦਾ ਕਰਜ਼ਾ ਲੈ ਲੈਂਦੀ ਐ ਤਾਂ ਬਜਟ ਦਾ ਇਕ ਵੱਡਾ ਹਿੱਸਾ ਵਿਆਜ ਦੇ ਭੁਗਤਾਨ ਵਿਚ ਚਲਾ ਜਾਵੇਗਾ। ਹੌਲੀ ਹੌਲੀ ਇਹ ਸਥਿਤੀ ਭਿਆਨਕ ਰੂਪ ਧਾਰਨ ਕਰ ਲੈਂਦੀ ਐ। ਜਿਵੇਂ ਹੀ ਸ੍ਰੀਲੰਕਾ ਵਿਚ ਹੋਇਆ।
ਇਸ ਦਾ ਦੂਜਾ ਕਾਰਨ ਤੇਜ਼ੀ ਨਾਲ ਵਧਦੀ ਮਹਿੰਗਾਈ ਹੋ ਸਕਦੀ ਐ। ਭਾਵੇਂ ਕਿ ਥੋੜ੍ਹੀ ਬਹੁਤ ਮਹਿੰਗਾਈ ਦੇਸ਼ ਦੀ ਤਰੱਕੀ ਲਈ ਜ਼ਰੂਰੀ ਹੁੰਦੀ ਐ ਪਰ ਜੇਕਰ ਅਚਾਨਕ ਮਹਿੰਗਾਈ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਦੀ ਐ ਤਾਂ ਇਹ ਖ਼ਤਰੇ ਦੀ ਘੰਟੀ ਹੁੰਦੀ ਐ। ਇਸ ਨਾਲ ਲੋਕਾਂ ਦੇ ਖ਼ਰੀਦਣ ਦੀ ਸਮਰੱਥਾ ਘੱਟ ਹੋ ਜਾਂਦੀ ਐ, ਜਿਸ ਕਰਕੇ ਮਾਰਕਿਟ ਵਿਚ ਪ੍ਰੋਡਕਟ ਘੱਟ ਵਿਕਣਗੇ ਅਤੇ ਕਾਰੋਬਾਰ ਨੂੰ ਨੁਕਸਾਨ ਹੋਵੇਗਾ।
ਤੀਜੇ ਕਾਰਨ ਬੇਹੱਦ ਕਮਾਲ ਦਾ ਏ ਕਿਉਂਕਿ ਇਸ ਵਿਚ ਉਤਪਾਦਾਂ ਦੀ ਕੀਮਤ ਘੱਟ ਹੋ ਜਾਂਦੀ ਐ।
ਮੰਨ ਲਓ ਜੇਕਰ ਕੋਈ ਚੀਜ਼ 100 ਰੁਪਏ ਦੀ ਮਿਲਦੀ ਸੀ ਅਤੇ ਹੁਣ ਉਹ 90 ਰੁਪਏ ਦੀ ਮਿਲ ਰਹੀ ਐ ਤਾਂ ਇਸ ਨਾਲ ਉਤਪਾਦਕਾਂ ਦਾ 10 ਰੁਪਏ ਮੁਨਾਫ਼ਾ ਘੱਟ ਹੋ ਜਾਵੇਗਾ ਪਰ ਕਾਰੋਬਾਰ ਹਮੇਸ਼ਾਂ ਇਹ ਚਾਹੁੰਦਾ ਏ ਕਿ ਮੁਨਾਫ਼ਾ ਹੋਰ ਵਧੇ। ਹੁਣ ਜੇਕਰ ਲੋਕਾਂ ਦੇ ਖ਼ਰੀਦਣ ਦੀ ਸਮਰੱਥਾ ਘੱਟ ਹੋ ਜਾਵੇ ਜਾਂ ਉਤਪਾਦ ਬਹੁਤ ਵਧ ਜਾਵੇ ਜਾਂ ਸਪਲਾਈ ਵਧ ਜਾਵੇ ਤਾਂ ਪਹਿਲਾਂ ਤੋਂ ਬਣ ਚੁੱਕੇ ਉਤਪਾਦਾਂ ਨੂੰ ਵੇਚਣ ਲਈ ਮਜਬੂਰੀ ਵੱਸ ਰੇਟ ਘੱਟ ਕਰਨੇ ਪੈਣਗੇ। ਹੋ ਸਕਦੈ ਉਸ ਨੂੰ ਘਾਟੇ ਵਿਚ ਵੇਚਣਾ ਪਵੇ। ਇਹ ਅਜਿਹੀ ਸਥਿਤੀ ਹੁੰਦੀ ਐ ਜਦੋਂ ਕਾਰੋਬਾਰੀਆਂ ਦਾ ਮਨੋਬਲ ਟੁੱਟ ਜਾਂਦਾ ਏ ਅਤੇ ਉਹ ਅੱਗੇ ਦੀ ਪ੍ਰੋਡਕਸ਼ਨ ਰੋਕ ਦਿੰਦੇ ਨੇ। ਇਸ ਨਾਲ ਫਿਰ ਉਹੀ ਕੰਮ ਹੋਵੇਗਾ, ਯਾਨੀ ਨੌਕਰੀਆਂ ਘੱਟ, ਆਮਦਨੀ ਘੱਟ।
ਸੋ ਮੰਦੀ ਕਈ ਸਾਰੀਆਂ ਪਰੇਸ਼ਾਨੀਆਂ ਨਾਲ ਲੈ ਕੇ ਆਉਂਦੀ ਐ। ਜਿਸ ਨਾਲ ਕਾਰੋਬਾਰ ਠੱਪ ਹੋ ਜਾਂਦੇ ਨੇ, ਨੌਕਰੀਆਂ ਖ਼ਤਮ ਹੋ ਜਾਂਦੀਆਂ ਨੇ, ਜਿਸ ਨਾਲ ਆਮ ਆਦਮੀ ਦੀ ਆਮਦਨੀ ਵੀ ਘੱਟ ਹੋ ਜਾਂਦੀ ਐ। ਜੇਕਰ ਮੰਦੀ ਨੂੰ ਸਹੀ ਸਮੇਂ ’ਤੇ ਨਾ ਰੋਕਿਆ ਜਾਵੇ ਤਾਂ ਇਸ ਨਾਲ ਬੇਰੁਜ਼ਗਾਰੀ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ। ਸਰਕਾਰ ਦੀ ਆਮਦਨ ਘੱਟ ਹੋਣ ਕਾਰਨ ਯੋਜਨਾਵਾਂ ਠੱਪ ਹੋ ਜਾਂਦੀਆਂ ਨੇ। ਜਿਸ ਦਾ ਅੰਤ ਵਿਚ ਇਕੋ ਨਤੀਜਾ ਨਿਕਲਦਾ ਏ, ਦੇਸ਼ ਦੀ ਬਰਬਾਦੀ।
ਹਾਲਾਂਕਿ ਅਜਿਹਾ ਘੱਟ ਹੀ ਹੁੰਦਾ ਹੈ ਕਿਉਂਕਿ ਸਰਕਾਰਾਂ ਮੰਦੀ ਤੋਂ ਬਾਹਰ ਨਿਕਲਣ ਲਈ ਰਸਤਾ ਲੱਭ ਲੈਂਦੀਆਂ ਨੇ। ਜਿਵੇਂ ਕਿ ਸਾਲ 2008 ਵਿਚ ਅਮਰੀਕਾ ਸਰਕਾਰ ਨੇ ਕੀਤਾ ਸੀ। ਭਾਵੇਂ ਕਿ ਲੰਬੇ ਸਮੇਂ ਦੀਆਂ ਕੋਸ਼ਿਸ਼ਾਂ ਨਾਲ ਮੰਦੀ ਤੋਂ ਛੁਟਕਾਰਾ ਮਿਲ ਸਕਦਾ ਏ ਪਰ ਫਿਰ ਵੀ ਮੰਦੀ ਥੋੜ੍ਹੇ ਜਿਹੇ ਸਮੇਂ ਵਿਚ ਹੀ ਬਹੁਤ ਦਰਦ ਦੇ ਕੇ ਜਾਂਦੀ ਐ।
ਸੋ ਤੁਹਾਡਾ ਇਸ ਨੂੰ ਲੈਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ