ਕੀ ਚਿੜੀਆਂ ਮਹਿਜ਼ ਕਹਾਣੀਆਂ ਤਕ ਸੀਮਤ ਹੋ ਕੇ ਰਹਿ ਜਾਣਗੀਆਂ?
ਮਨੁੱਖ ਨੇ ਭਾਵੇਂ ਖ਼ੁਦ ਦੇ ਲਈ ਢੇਰ ਸਾਰੀਆਂ ਸੁੱਖ ਸਹੂਲਤਾਂ ਵਿਕਤਸ ਕਰ ਲਈਆਂ ਨੇ ਪਰ ਸਹੂਲਤਾਂ ਦੀ ਇਸ ਦੌੜ ਵਿਚ ਉਸ ਨੇ ਬਾਕੀ ਜੀਵਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਏ। ਯਾਨੀ ਕਿ ਮਨੁੱਖ ਇੰਨਾ ਜ਼ਿਆਦਾ ਖ਼ੁਦਗਰਜ਼ ਹੋ ਚੁੱਕਿਆ ਏ ਕਿ ਉਸ ਨੂੰ ਦੂਜੇ ਜੀਵਾਂ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ।
By : Nirmal
ਚੰਡੀਗੜ੍ਹ (ਸ਼ਾਹ) : ਮਨੁੱਖ ਨੇ ਭਾਵੇਂ ਖ਼ੁਦ ਦੇ ਲਈ ਢੇਰ ਸਾਰੀਆਂ ਸੁੱਖ ਸਹੂਲਤਾਂ ਵਿਕਤਸ ਕਰ ਲਈਆਂ ਨੇ ਪਰ ਸਹੂਲਤਾਂ ਦੀ ਇਸ ਦੌੜ ਵਿਚ ਉਸ ਨੇ ਬਾਕੀ ਜੀਵਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਏ। ਯਾਨੀ ਕਿ ਮਨੁੱਖ ਇੰਨਾ ਜ਼ਿਆਦਾ ਖ਼ੁਦਗਰਜ਼ ਹੋ ਚੁੱਕਿਆ ਏ ਕਿ ਉਸ ਨੂੰ ਦੂਜੇ ਜੀਵਾਂ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ, ਹਾਲਾਤ ਇਹ ਬਣ ਚੁੱਕੇ ਨੇ ਮਨੁੱਖ ਦੀਆਂ ਇਨ੍ਹਾਂ ਹਰਕਤਾਂ ਕਰਕੇ ਬਹੁਤ ਸਾਰੇ ਪੰਛੀ ਆਲੋਪ ਹੋ ਚੁੱਕੇ ਨੇ ਅਤੇ ਬਹੁਤੇ ਆਲੋਪ ਹੋਣ ਕਿਨਾਰੇ ਪੁੱਜ ਗਏ ਨੇ। ਅਜਿਹਾ ਹੀ ਇਕ ਛੋਟਾ ਜਿਹਾ ਪੰਛੀ ਐ ਚਿੜੀ, ਜਿਸ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਐ। ਕਿਸੇ ਸਮੇਂ ਸਾਡੇ ਘਰਾਂ ਵਿਚ ਚੀਂ ਚੀਂ ਕਰਕੇ ਸਾਨੂੰ ਜਗਾਉਣ ਵਾਲਾ ਇਹ ਸੋਹਣਾ ਪੰਛੀ ਹੁਣ ਟਾਂਵਾਂ ਹੀ ਨਜ਼ਰ ਆਉਂਦਾ ਏ।
ਜੇਕਰ ਭਾਰਤ ਦੀ ਗੱਲ ਹੀ ਕਰ ਲਈਏ ਤਾਂ ਭਾਰਤ ਵਿਚ ਪੰਛੀਆਂ ਦੀਆਂ ਲਗਭਗ 1200 ਪ੍ਰਜਾਤੀਆਂ ਪਾਈਆਂ ਜਾਦੀਆਂ ਹਨ ਪਰ ਇਨ੍ਹਾਂ ਵਿਚੋਂ 87 ਪ੍ਰਜਾਤੀਆਂ ਖ਼ਤਮ ਹੋਣ ਦੇ ਕੰਢੇ ’ਤੇ ਪੁੱਜ ਚੁੱਕੀਆਂ ਨੇ, ਜਿਨ੍ਹਾਂ ਵਿਚੋਂ ਚਿੜੀ ਵੀ ਸ਼ਾਮਲ ਐ ਜੋ ਕਿਸੇ ਸਮੇਂ ਸਾਡੇ ਘਰਾਂ ਵਿਚ ਆਮ ਹੀ ਦਿਖਾਈ ਦਿੰਦੀ ਸੀ ਅਤੇ ਬਾਲਿਆਂ ਦੀਆਂ ਛੱਤਾਂ ਵਿਚ ਆਲ੍ਹਣੇ ਪਾਉਂਦੀ ਸੀ। ਾਂ ਫ਼ੈਕਟਰੀਆਂ, ਵਾਹਨਾਂ ਦਾ ਪ੍ਰਦੂਸ਼ਣ, ਖੇਤਾਂ ਵਿਚ ਵਰਤੀਆਂ ਜਾਂਦੀਆਂ ਜ਼ਹਿਰੀਲੀਆਂ ਦਵਾਈਆਂ, ਅੰਧਾਧੁੰਦ ਸ਼ੋਰ ਪੰਛੀਆਂ ਦੇ ਆਲੋਪ ਹੋਣ ਦਾ ਵੱਡਾ ਕਾਰਨ ਐ। ਕੁੱਝ ਮਾਹਰਾਂ ਅਨੁਸਾਰ ਮੋਬਾਈਲ ਟਾਵਰਾਂ ਵਿਚੋਂ ਨਿਕਲਦੀਆਂ ਖ਼ਤਰਨਾਕ ਤਰੰਗਾਂ ਚਿੜੀਆਂ ਨੂੰ ਬੇਹੱਦ ਪ੍ਰਭਾਵਿਤ ਕਰਦੀਆਂ ਨੇ, ਜਿਸ ਕਾਰਨ ਚਿੜੀਆਂ ਦੀ ਪ੍ਰਜਾਤੀ ਅਲੋਪ ਹੋਣ ਕਿਨਾਰੇ ਪੁੱਜ ਗਈ ਐ। ਕੋਈ ਸਮਾਂ ਸੀ ਜਦੋਂ ਸਾਡੇ ਵਿਹੜਿਆਂ ਵਿਚ ਚਿੜੀਆਂ ਆਮ ਹੀ ਚਹਿਕਦੀਆਂ ਨਜ਼ਰ ਆਉਂਦੀਆਂ ਸਨ ਪਰ ਅੱਜ ਹਾਲਾਤ ਇਹ ਬਣ ਗਏ ਹਨ ਕਿ ਇਹ ਛੋਟਾ ਜਿਹੀ ਪੰਛੀ ਸਾਨੂੰ ਕਿਤੇ ਲੱਭਿਆਂ ਵੀ ਨਹੀਂ ਮਿਲਦਾ।
ਪੰਜਾਬ ਵਿਚੋਂ ਲਗਾਤਾਰ ਘਟ ਰਹੀ ਚਿੜੀਆਂ ਦੀ ਗਿਣਤੀ ਭਾਵੇਂ ਕਿ ਵੱਡੀ ਇਕ ਚਿੰਤਾ ਦਾ ਵਿਸ਼ਾ ਏ ਪਰ ਹੈਰਾਨੀ ਦੀ ਗੱਲ ਇਹ ਐ ਕਿ ਕਦੇ ਵੀ ਸਰਕਾਰ ਜਾਂ ਸਬੰਧਤ ਵਿਭਾਗ ਨੇ ਇਸ ਗੰਭੀਰ ਮਸਲੇ ਬਾਰੇ ਗ਼ੌਰ ਕਰਨ ਦੀ ਜ਼ਰੂਰਤ ਨਹੀਂ ਸਮਝੀ। ਪੰਜਾਬ ਵਿਚ ਜੇਕਰ ਪਿਛਲੇ ਦੋ ਦਹਾਕਿਆਂ ’ਤੇ ਝਾਤ ਮਾਰੀ ਜਾਵੇ ਤਾਂ ਦੇਸੀ ਚਿੜੀਆਂ ਦੀ ਗਿਣਤੀ ਪੰਜਾਬ ਵਿਚ ਬਹੁਤ ਜ਼ਿਆਦਾ ਸੀ ਪਰ ਪਿਛਲੇ 5-10 ਸਾਲਾਂ ਤੋਂ ਚਿੜੀਆਂ ਦੀ ਗਿਣਤੀ ਲਗਾਤਾਰ ਇੰਨੀ ਘਟ ਚੱੁਕੀ ਐ ਕਿ ਚਿੜੀਆਂ ਘਰਾਂ ’ਚ ਤਾਂ ਕੀ ਖੇਤਾਂ ਵਿਚ ਵੀ ਨਜ਼ਰ ਨਹੀਂ ਆਉਂਦੀਆਂ। ਵਾਤਰਵਾਣ ਵਿਚ ਆ ਰਹੇ ਬਦਲਾਅ ਦੀ ਇਨ੍ਹਾਂ ਨੰਨ੍ਹੇ ਪੰਛੀਆਂ ’ਤੇ ਅਜਿਹੀ ਮਾਰ ਪਈ ਕਿ ਪਤਾ ਨਹੀਂ ਇਹ ਚਿੜੀਆਂ ਕਿੱਥੇ ਅਲੋਪ ਹੋ ਗਈਆਂ, ਜਿਸ ਕਾਰਨ ਹੁਣ ਸਾਡੇ ਵਿਹੜੇ ਚਿੜੀਆਂ ਦੀ ਚੀਂ-ਚੀਂ ਤੋਂ ਸੱਖਣੇ ਹੋ ਗਏ ਨੇ। ਕਈ ਪੰਛੀਆਂ ਨੂੰ ਰੈਣ ਬਸੇਰੇ ਲਈ ਜਗ੍ਹਾ ਨਹੀਂ ਮਿਲ ਰਹੀ, ਜਿਸ ਕਾਰਨ ਜਾਂ ਤਾਂ ਉਹ ਦੂਜੀਆਂ ਥਾਵਾਂ ’ਤੇ ਪਰਵਾਸ ਕਰ ਰਹੇ ਹਨ ਜਾਂ ਫਿਰ ਉਹ ਅਪਣੀ ਹੋਂਦ ਗਵਾ ਰਹੇ ਨੇ।
ਭਾਰਤ ਵਿਚ ਇਸ ਸਮੇਂ ਦੇਸੀ ਚਿੜੀ ਦੀ ਹੋਂਦ ਸੱਭ ਤੋਂ ਵੱਧ ਖ਼ਤਰੇ ਵਿਚ ਐ। 14 ਤੋਂ 16 ਸੈਂਟੀਮੀਟਰ ਲੰਮੀ ਚਿੜੀ ਨੂੰ ਦੇਸ਼ ਦੇ ਕਈ ਖੇਤਰਾਂ ਵਿਚ ਗੌਰੀਆ ਵੀ ਕਿਹਾ ਜਾਂਦਾ ਏ। ਕਿਸੇ ਵੇਲੇ ਇਹ ਛੋਟਾ ਜਿਹੀ ਪੰਛੀ ਮਨੁੱਖ ਦੇ ਸਭ ਤੋਂ ਨੇੜੇ ਹੁੰਦਾ ਸੀ ਕਿਉਂਕਿ ਇਹ ਅਕਸਰ ਹੀ ਬੜੀ ਰੀਝ ਨਾਲ ਘਰਾਂ ਦੀਆਂ ਛੱਤਾਂ, ਆਲਿਆਂ ਵਿਚ ਆਲ੍ਹਣੇ ਪਾਉਂਦੀਆਂ ਸਨ ਤੇ ਫਿਰ ਉਨ੍ਹਾਂ ਆਲ੍ਹਣਿਆਂ ਵਿਚੋਂ ਚੀਂ-ਚੀਂ ਕਰਦੇ ਛੋਟੇ ਛੋਟੇ ਬੋਟ ਨਿਕਲਣੇ ਜੋ ਆਲੇ ਦੁਆਲੇ ਨੂੰ ਮਦਹੋਸ਼ ਕਰ ਦਿੰਦੇ।
ਜਦੋਂ ਹੀ ਮਨੁੱਖ ਨੇ ਉਚੀਆਂ ਉਚੀਆਂ ਇਮਾਰਤਾਂ ਉਸਾਰਨੀਆਂ ਸ਼ੁਰੂ ਕਰ ਦਿਤੀਆਂ ਉਦੋਂ ਤੋਂ ਹੀ ਉਨ੍ਹਾਂ ਨੂੰ ਮਨੁੱਖ ਬਿਗਾਨਾ ਲੱਗਣ ਲੱਗ ਪਿਆ ਤੇ ਉਨ੍ਹਾਂ ਦੀ ਜਗ੍ਹਾ ਕਬੂਤਰਾਂ ਨੇ ਮੱਲ ਲਈ ਕਿਉਂਕਿ ਕਬੂਤਰਾਂ ਨੂੰ ਉਚੀਆਂ ਇਮਾਰਤਾਂ ’ਤੇ ਰਹਿਣਾ ਪਸੰਦ ਹੁੰਦਾ ਹੈ। ਪੰਛੀਆਂ ਦਾ ਮਨੁੱਖ ਦਾ ਬੜਾ ਗੂੜ੍ਹਾ ਰਿਸ਼ਤਾ ਹੈ ਜਿਥੇ ਇਹ ਪੰਛੀ ਫ਼ਸਲਾਂ ਵਿਚੋਂ ਖ਼ਤਰਨਾਕ ਕੀੜਿਆਂ ਨੂੰ ਖਾ ਕੇ ਕਿਸਾਨਾਂ ਨਾਲ ਅਪਣੀ ਮਿੱਤਰਤਾ ਨਿਭਾਉਂਦੇ ਹਨ ਉਥੇ ਹੀ ਸਵੇਰ ਹੁੰਦਿਆਂ ਇਨ੍ਹਾਂ ਪੰਛੀਆਂ ਦਾ ਚਹਿਕਣਾ ਮਨ ਨੂੰ ਅਜਿਹੀ ਸ਼ਾਂਤੀ ਬਖਸ਼ਦਾ ਹੈ ਜੋ ਕਿਧਰੇ ਹੋਰ ਨਹੀਂ ਮਿਲ ਸਕਦੀ।
ਇਸ ਤੋਂ ਇਲਾਵਾ ਦਾਦੀਆਂ ਅਪਣੇ ਪੋਤੇ-ਪੋਤੀਆਂ ਨੂੰ ਚਿੜੀ ਦੀ ਬਾਤ ਸੁਣਾਉਂਦੀਆਂ ਅਤੇ ਕਦੇ ਮਾਵਾਂ ਅਪਣੇ ਬੱਚਿਆਂ ਨੂੰ ਖੇਡਣ ਲਈ ਆਟੇ ਦੀ ਚਿੜੀ ਬਣਾ ਕੇ ਦਿੰਦੀਆਂ ਸਨ ਤੇ ਕਦੇ ਸਾਡੇ ਗੀਤਾਂ ਵਿਚ ਚਿੜੀਆਂ ਦੀ ਤੁਲਨਾ ਕੁੜੀਆਂ ਨਾਲ ਕੀਤੀ ਜਾਂਦੀ ਸੋ ਇਸ ਤਰ੍ਹਾਂ ਸਾਡੇ ਸਮਾਜ ਨਾਲ ਪੰਛੀਆਂ ਦਾ ਗੂੜ੍ਹਾ ਸਬੰਧ ਹੈ। ਹਲਕੇ ਭੂਰੇ ਰੰਗ ਦੀ ਚਿੜੀ ਹੁਣ ਘਰਾਂ ਵਿਚ ਤਾਂ ਕੀ ਪਿੰਡਾਂ-ਸ਼ਹਿਰਾਂ ਦੇ ਨੇੜਲੇ ਦਰੱਖ਼ਤਾਂ ’ਤੇ ਵੀ ਚੀਂ-ਚੀਂ ਨਹੀਂ ਕਰਦੀ।
ਭਾਵੇਂ ਅੱਜ ਕੁੱਝ ਪੰਛੀ ਪ੍ਰੇਮੀ ਇਨ੍ਹਾਂ ਦੀ ਵਾਪਸੀ ਲਈ ਹੰਭਲਾ ਮਾਰ ਰਹੇ ਹਨ, ਉਨ੍ਹਾਂ ਲਈ ਆਲ੍ਹਣੇ ਬਣਾ ਕੇ ਦੇ ਰਹੇ ਹਨ, ਉਨ੍ਹਾਂ ਲਈ ਪਾਣੀ-ਚੋਗੇ ਦਾ ਪ੍ਰਬੰਧ ਕਰਦੇ ਹਨ ਪਰ ਇਹ ਸਾਰਾ ਕੁੱਝ ਕਾਰਗਰ ਸਾਬਤ ਨਹੀਂ ਹੋ ਰਿਹਾ। ਅੱਜ ਲੋੜ ਹੈ ਕਿ ਵੱਡੀ ਪੱਧਰ ’ਤੇ ਅਜਿਹੇ ਕਦਮ ਚੁੱਕੇ ਜਾਣ ਜਿਸ ਨਾਲ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕੇ।
ਜੇਕਰ ਪਹਿਲਾਂ ਵਾਂਗ ਚਹਿਕਦੀਆਂ ਚਿੜੀਆਂ ਵਾਲੀ ਸਵੇਰ ਦੇਖਣੀ ਚਾਹੁੰਦੇ ਹੋ ਤਾਂ ਆਉ ਪ੍ਰਣ ਕਰੋ ਕਿ ਚਿੜੀਆਂ ਸਮੇਤ ਸਾਰੇ ਪੰਛੀਆਂ ਨੂੰ ਬਚਾਉਣ ਲਈ ਤਹਈਆ ਕਰਾਂਗੇ। ਸੋ ਸਾਨੂੰ ਇਸ ਪੰਛੀ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਹੰਭਲਾ ਮਾਰਨ ਦੀ ਲੋੜ ਹੈ ਨਹੀਂ ਤਾਂ ਇਹ ਪੰਛੀ ਮਹਿਜ਼ ਕਹਾਣੀਆਂ ਤਕ ਹੀ ਸੀਮਤ ਹੋ ਕੇ ਰਹਿ ਜਾਵੇਗਾ।