Begin typing your search above and press return to search.

ਕੀ 2026 ਹੋਵੇਗਾ ਦਲ–ਬਦਲੀਆਂ ਦਾ ਸਾਲ? ਲਗਭਗ ਸਾਰੀਆਂ ਪਾਰਟੀਆਂ 'ਚ ਅਸੰਤੋਸ਼

ਪੰਜਾਬ ਦੀ ਸਿਆਸਤ ਵਿੱਚ ਸਾਲ 2026 ਦਲ-ਬਦਲੀਆਂ ਦੇ ਸਾਲ ਵਜੋਂ ਸਾਹਮਣੇ ਆ ਸਕਦਾ ਹੈ। ਅਗਲੇ ਸਾਲ 2027 ਦੌਰਾਨ ਫ਼ਰਵਰੀ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ

ਕੀ 2026 ਹੋਵੇਗਾ ਦਲ–ਬਦਲੀਆਂ ਦਾ ਸਾਲ? ਲਗਭਗ ਸਾਰੀਆਂ ਪਾਰਟੀਆਂ ਚ ਅਸੰਤੋਸ਼
X

mehtabmasih@gmail.comBy : [email protected]

  |  13 March 2026 2:10 AM IST

  • whatsapp
  • Telegram

ਪਿਛਲੇ ਕੁਝ ਸਮੇਂ ਦੌਰਾਨ ਹੋ ਚੁੱਕੀਆਂ ਕਈ ਦਲ–ਬਦਲੀਆਂ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਸਾਲ 2026 ਦਲ-ਬਦਲੀਆਂ ਦੇ ਸਾਲ ਵਜੋਂ ਸਾਹਮਣੇ ਆ ਸਕਦਾ ਹੈ। ਅਗਲੇ ਸਾਲ 2027 ਦੌਰਾਨ ਫ਼ਰਵਰੀ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ। ਅੱਜ ਵੀਰਵਾਰ ਨੂੰ ਬੰਗਾ ਹਲਕੇ ਦੇ ਸਾਬਕਾ ਵਿਧਾਇਕ ਮੋਹਨ ਲਾਲ ਨੇ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕੀਤੀ ਹੈ। ਮੋਹਨ ਲਾਲ ਸਾਬਕਾ ਮੰਤਰੀ ਸਵਰਨ ਰਾਮ ਦੇ ਪੁੱਤਰ ਹਨ।

ਮੋਹਨ ਲਾਲ ਪਹਿਲਾਂ ਸਾਲ 2016 ਦੌਰਾਨ ਅਕਾਲੀ ਦਲ ਤੋਂ ਬੀਜੇਪੀ 'ਚ ਗਏ ਸਨ। ਫਿਰ ਦੋ ਕੁ ਸਾਲਾਂ ਬਾਅਦ 2018 'ਚ ਉਹ ਬਹੁਜਨ ਸਮਾਜ ਪਾਰਟੀ 'ਚ ਚਲੇ ਗਏ ਸਨ। ਸਾਲ 2021 'ਚ ਉਹ ਕਾਂਗਰਸ ਪਾਰਟੀ ਵਿੱਚ ਚਲੇ ਗਏ ਸਨ। ਉਨ੍ਹਾਂ ਦੀ ਇਹ ਵਾਪਸੀ ਅਕਾਲੀ ਦਲ ਨੂੰ ਫਾਇਦਾ ਪਹੁੰਚਾਉਣ ਵਾਲੀ ਹੋ ਸਕਦੀ ਹੈ, ਕਿਉਂਕਿ ਬੰਗਾ ਹਲਕੇ ਵਿੱਚ ਅਕਾਲੀਆਂ ਦੀ ਪਹਿਲਾਂ ਹੀ ਮਜ਼ਬੂਤ ਪਕੜ ਹੈ।

ਮੋਹਨ ਲਾਲ ਨੇ ਅਸਤੀਫੇ ਵਿੱਚ ਕਿਹਾ ਹੈ ਕਿ ਉਹ ਬੀਜੇਪੀ ਵਿੱਚ "ਘੁਟਣ" ਮਹਿਸੂਸ ਕਰ ਰਹੇ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਉਹ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਲਈ ਲੜ ਸਕਣਗੇ। ਉਨ੍ਹਾਂ ਦੀ ਅਕਾਲੀ ਦਲ ਵਿੱਚ ਦੋਬਾਰਾ ਆਮਦ ਤੋਂ ਇਹੋ ਸੰਕੇਤ ਮਿਲ਼ ਰਹੇ ਹਨ ਕਿ ਇਸ ਵਰ੍ਹੇ ਨਾਰਾਜ਼ ਆਗੂਆਂ ਵੱਲੋਂ ਦਲ–ਬਦਲੀਆਂ ਦਾ ਸਿਲਸਿਲਾ ਕੁਝ ਵਧੇਰੇ ਹੀ ਵੇਖਣ ਨੂੰ ਮਿਲ਼ ਸਕਦਾ ਹੈ।

ਅਗਲੇ ਕੁਝ ਮਹੀਨਿਆਂ ਵਿੱਚ ਹੋਰ ਵੀ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲ ਸਕਦੀਆਂ ਹਨ। ਹੁਣ ਹਰੇਕ ਪਾਰਟੀ 'ਚ ਹੀ ਅਸੰਤੋਸ਼ ਤੇ ਨਾਖ਼ੁਸ਼ੀ ਵੇਖਣ ਨੂੰ ਮਿਲ਼ ਰਹੀ ਹੈ।

ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਆਪਣੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਚਲੇ ਗਏ ਸਨ। ਉਨ੍ਹਾਂ ਦੇ ਅਕਾਲੀ ਦਲ 'ਚ ਆਉਣ ਨਾਲ਼ ਯਕੀਨੀ ਤੌਰ ਉਤੇ ਭਾਜਪਾ ਨੂੰ ਨੁਕਸਾਨ ਹੋਇਆ ਹੈ। ਅਕਾਲੀ ਦਲ ਨਾਲ਼ ਵਪਾਰੀ ਵਰਗ ਜੁੜੇਗਾ।

ਇੰਝ ਹੀ ਦੋ ਵਾਰ ਦੇ ਵਿਧਾਇਕ ਅਨਿਲ ਜੋਸ਼ੀ ਭਾਜਪਾ ਨੂੰ ਛੱਡ ਕੇ ਕਾਂਗਰਸ 'ਚ ਚਲੇ ਗਏ ਹਨ। ਇਹ ਵੀ ਭਾਜਪਾ ਲਈ ਵੱਡੀ ਸੱਟ ਮੰਨੀ ਜਾਵੇਗੀ। ਉਧਰ ਡਾ. ਨਵਜੋਤ ਕੌਰ ਸਿੱਧੂ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਨਾਰਾਜ਼ ਚੱਲ ਰਹੇ ਸਨ। ਇਸੇ ਲਈ ਉਹ ਕਾਂਗਰਸ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਭਾਰਤੀ ਜਨਤਾ ਪਾਰਟੀ 'ਚ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਹੋ ਸਕਦਾ ਹੈ ਕਿ ਉਹ ਹਾਲ਼ੇ ਸਹੀ ਮੌਕੇ ਦੀ ਭਾਲ਼ ਵਿੱਚ ਹੋਣ। ਜਿੱਥੋਂ ਕਿਤੋਂ ਵੀ ਕੋਈ ਵਧੀਆ ਪੇਸ਼ਕਸ਼ ਮਿਲ਼ੇਗੀ, ਉਹ ਉਧਰ ਹੀ ਚਲੇ ਜਾਣਗੇ।

ਇਸ ਤੋਂ ਇਲਾਵਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਅਨਮੋਲ ਗਗਨ ਮਾਨ ਵੀ ਪਿਛਲੇ ਵਰ੍ਹੇ ਜੁਲਾਈ 'ਚ ਸਿਆਸਤ ਛੱਡਣ ਦਾ ਐਲਾਨ ਕਰ ਚੁੱਕੇ ਹਨ।

ਬੀਜੇਪੀ ਨੂੰ ਅਰਵਿੰਦ ਖੰਨਾ ਅਤੇ ਅਨਿਲ ਜੋਸ਼ੀ ਵਰਗੇ ਲੀਡਰਾਂ ਦੇ ਜਾਣ ਨਾਲ ਵੱਡਾ ਝਟਕਾ ਲੱਗਾ ਹੈ। ਆਮ ਆਦਮੀ ਪਾਰਟੀ ਪਹਿਲਾਂ ਬੀਜੇਪੀ ਉਤੇ ਵਿਧਾਇਕਾਂ ਨੂੰ ਲੁਭਾਉਣ ਦੇ ਦੋਸ਼ ਲਾ ਚੁੱਕੀ ਹੈ। ਅਜਿਹੇ ਹਾਲਾਤ ਵਿੱਚ ਵੱਡੇ ਪੱਧਰ ਉਤੇ ਦਲ–ਬਦਲੀਆਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਕਾਂਗਰਸ ਵਿੱਚ ਸਿੱਧੂ ਪਰਿਵਾਰ ਦੀ ਬਗ਼ਾਵਤ ਨੇ ਪਾਰਟੀ ਦੀ ਅੰਦਰੂਨੀ ਹੇਰ–ਫੇਰ ਦੀ ਸੰਭਾਵਨਾ ਵਧਾ ਦਿੱਤੀ ਹੈ।

ਦਲ–ਬਦਲੀ ਵਿਰੋਧੀ ਕਾਨੂੰਨ (10ਵੀਂ ਸ਼ੈਡਿਊਲ) ਅਧੀਨ ਵੀ ਦਲ–ਬਦਲੂਆਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੇ ਮਾਮਲੇ ਵਿੱਚ ਹਾਈ ਕੋਰਟ ਵਿਧਾਨ ਸਭਾ ਸਪੀਕਰ ਨੂੰ ਛੇਤੀ ਫ਼ੈਸਲਾ ਲੈਣ ਲਈ ਆਖ ਚੁੱਕੀ ਹੈ। ਡਾ. ਸੁੱਖੀ ਦੇ ਮਾਮਲੇ ਵਿੱਚ ਨਵੰਬਰ 2025 ਤੱਕ ਫ਼ੈਸਲਾ ਲਿਆ ਜਾਣਾ ਸੀ। ਹੁਣ ਉਸ ਮਾਮਲੇ ਵਿੱਚ ਕਿਸੇ ਵੀ ਵੇਲੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it