ਪਾਕਿ ਦੀ ਹਰਕਤ ’ਤੇ ਸ਼ਰਮਸਾਰ ਕਿਉਂ ਤਰਨਤਾਰਨ ਦਾ ਇਹ ਪਿੰਡ?
ਪਹਿਲਾਂ ਪਹਿਲਗਾਮ ਵਿਚ ਅੱਤਵਾਦੀ ਹਮਲਾ ਅਤੇ ਉਸ ਤੋਂ ਬਾਅਦ ਫਿਰ ਪਾਕਿਸਤਾਨੀ ਫ਼ੌਜ ਵੱਲੋਂ ਡ੍ਰੋਨ ਅਟੈਕ ਦੀ ਕੀਤੀ ਗਈ ਕਾਰਵਾਈ ਤੋਂ ਬੇਸ਼ੱਕ ਸਾਰੇ ਦੇਸ਼ ਦੇ ਲੋਕਾਂ ਵਿਚ ਗੁੱਸੇ ਦੀ ਲਹਿਰ ਪਾਈ ਗਈ ਪਰ ਤਰਨਤਾਰਨ ਦੇ ਪਿੰਡ ਜਾਤੀ ਉਮਰਾ ਦੇ ਲੋਕ ਪਾਕਿਸਤਾਨ ਦੀ ਇਸ ਹਰਕਤ ਤੋਂ ਬੇਹੱਦ ਸ਼ਰਮਸਾਰ ਨੇ ਕਿਉਂਕਿ ਜਿਹੜੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਇਸ਼ਾਰੇ ’ਤੇ ਇਹ ਸਭ ਕੁੱਝ ਕੀਤਾ ਗਿਆ, ਉਸ ਦੀਆਂ ਜੜ੍ਹਾਂ ਇਸੇ ਪਿੰਡ ਨਾਲ ਜੁੜੀਆਂ ਹੋਈਆਂ ਨੇ

ਤਰਨਤਾਰਨ : ਪਹਿਲਾਂ ਪਹਿਲਗਾਮ ਵਿਚ ਅੱਤਵਾਦੀ ਹਮਲਾ ਅਤੇ ਉਸ ਤੋਂ ਬਾਅਦ ਫਿਰ ਪਾਕਿਸਤਾਨੀ ਫ਼ੌਜ ਵੱਲੋਂ ਡ੍ਰੋਨ ਅਟੈਕ ਦੀ ਕੀਤੀ ਗਈ ਕਾਰਵਾਈ ਤੋਂ ਬੇਸ਼ੱਕ ਸਾਰੇ ਦੇਸ਼ ਦੇ ਲੋਕਾਂ ਵਿਚ ਗੁੱਸੇ ਦੀ ਲਹਿਰ ਪਾਈ ਗਈ ਪਰ ਤਰਨਤਾਰਨ ਦੇ ਪਿੰਡ ਜਾਤੀ ਉਮਰਾ ਦੇ ਲੋਕ ਪਾਕਿਸਤਾਨ ਦੀ ਇਸ ਹਰਕਤ ਤੋਂ ਬੇਹੱਦ ਸ਼ਰਮਸਾਰ ਨੇ ਕਿਉਂਕਿ ਜਿਹੜੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਇਸ਼ਾਰੇ ’ਤੇ ਇਹ ਸਭ ਕੁੱਝ ਕੀਤਾ ਗਿਆ, ਉਸ ਦੀਆਂ ਜੜ੍ਹਾਂ ਇਸੇ ਪਿੰਡ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਜਾਤੀ ਉਮਰਾ ਉਨ੍ਹਾਂ ਦਾ ਜੱਦੀ ਪਿੰਡ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਭਾਰਤ-ਪਾਕਿ ਤਣਾਅ ਵਿਚਾਲੇ ਕੀ ਐ ਇਸ ਪਿੰਡ ਦਾ ਮਾਹੌਲ ਅਤੇ ਕੀ ਕਹਿੰਦੇ ਨੇ ਪਿੰਡ ਦੇ ਲੋਕ।
ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿਚ ਪੈਂਦੇ ਪਿੰਡ ਜਾਤੀ ਉਮਰਾ ਦੇ ਨਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦਾ ਗੂੜ੍ਹਾ ਕੁਨੈਕਸ਼ਨ ਐ ਕਿਉਂਕਿ ਜਾਤੀ ਉਮਰਾ ਪਿੰਡ ਉਨ੍ਹਾਂ ਦਾ ਜੱਦੀ ਪੁਸ਼ਤੈਨੀ ਪਿੰਡ ਐ। ਇਸ ਪਿੰਡ ਦੇ ਰਹਿਣ ਵਾਲੇ ਸ਼ਰੀਫ਼ ਪਰਿਵਾਰ ਦਹਾਕਿਆਂ ਤੋਂ ਪਾਕਿਸਤਾਨ ਦੀ ਸਿਆਸਤ ’ਤੇ ਰਾਜ ਕਰ ਰਿਹਾ ਏ। ਇਸ ਵਿਚ ਜਿੱਥੇ ਕਦੇ ਮਿਆਂ ਮੁਹੰਮਦ ਸ਼ਰੀਫ਼ ਯਾਨੀ ਸ਼ਹਿਬਾਜ਼ ਅਤੇ ਨਵਾਜ਼ ਸ਼ਰੀਫ਼ ਦੇ ਪਿਤਾ ਦਾ ਪੁਸ਼ਤੈਨੀ ਘਰ ਹੁੰਦਾ ਸੀ, ਉਸ ਜਗ੍ਹਾ ’ਤੇ ਮੌਜੂਦਾ ਸਮੇਂ ਇਕ ਵਿਸ਼ਾਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਏ ਕਿਉਂਕਿ ਸ਼ਰੀਫ਼ ਪਰਿਵਾਰ ਨੇ ਆਪਣੇ ਘਰ ਦੀ ਜ਼ਮੀਨ ਗੁਰੂ ਘਰ ਨੂੰ ਦੇ ਦਿੱਤੀ ਸੀ। ਪਿੰਡ ਵਾਸੀਆਂ ਦਾ ਕਹਿਣਾ ਏ ਕਿ ਗੁਰੂ ਘਰ ਦੇ ਲਈ ਜ਼ਮੀਨ ਭਾਵੇਂ ਨਵਾਜ਼ ਸ਼ਰੀਫ਼ ਅਤੇ ਸ਼ਹਿਬਾਜ਼ ਸ਼ਰੀਫ਼ ਦੇ ਪਰਿਵਾਰ ਦੀ ਹੋਵੇ ਪਰ ਗੁਰੂ ਘਰ ਵਿਚ ਜੋ ਵੀ ਉਸਾਰੀ ਦਾ ਕੰਮ ਹੋ ਰਿਹੈ, ਉਹ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਗਰਾਹੀ ਦੇ ਨਾਲ ਹੀ ਕੀਤਾ ਜਾਂਦੈ।
ਸੰਨ 1976 ਤੋਂ ਪਹਿਲਾਂ ਤੱਕ ਇਸ ਜਗ੍ਹਾ ’ਤੇ ਸ਼ਰੀਫ਼ ਪਰਿਵਾਰ ਦੀ ਹਵੇਲੀ ਹੋਇਆ ਕਰਦੀ ਸੀ। ਨਵਾਜ਼ ਸ਼ਰੀਫ਼ ਦੇ ਭਰਾ ਅੱਬਾਸ ਸ਼ਰੀਫ਼ ਨੇ ਇਸ ਨੂੰ ਪਿੰਡ ਨੂੰ ਦਾਨ ਕਰ ਦਿੱਤਾ ਸੀ। ਅੱਬਾਸ ਕਿੱਤੇ ਵਜੋਂ ਇਕ ਕਾਰੋਬਾਰੀ ਸਨ ਜੋ ਅਕਸਰ ਪਾਕਿਸਤਾਨ ਤੋਂ ਇੱਥੇ ਆਉਂਦੇ ਜਾਂਦੇ ਰਹਿੰਦੇ ਸੀ, ਪਰ 2013 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਨ 1976 ਵਿਚ ਜਦੋਂ ਅੱਬਾਸ ਸ਼ਰੀਫ਼ ਪਿੰਡ ਜਾਤੀ ਉਮਰਾ ਵਿਖੇ ਆਏ ਸੀ ਤਾਂ ਹਵੇਲੀ ਦੀ ਖੰਡਰ ਹਾਲਤ ਦੇਖ ਕੇ ਕਾਫ਼ੀ ਦੁਖੀ ਹੋ ਗਏ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਹਵੇਲੀ ਪਿੰਡ ਨੂੰ ਦਾਨ ਕਰ ਦਿੱਤੀ। ਹਵੇਲੀ ਦੀ ਸਾਈਡ ਵਿਚ ਪਹਿਲਾਂ ਇਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਸੀ ਪਰ ਹਵੇਲੀ ਵਾਲੀ ਜ਼ਮੀਨ ਮਿਲਣ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਵਿਸਤਾਰ ਕਰ ਦਿੱਤਾ ਗਿਆ।
ਪਿੰਡ ਜਾਤੀ ਉਮਰਾ ਵਿਚ ਸ਼ਰੀਫ਼ ਪਰਿਵਾਰ ਦੇ ਪੂਰਵਜਾਂ ਦੀਆਂ ਮਜ਼ਾਰਾਂ ਓਵੇਂ ਦੀਆਂ ਓਵੇਂ ਹੀ ਪਈਆਂ ਨੇ ਕਿਉਂਕਿ ਸਮੇਂ-ਸਮੇਂ ’ਤੇ ਇਨ੍ਹਾਂ ਦੀ ਮੁਰੰਮਤ ਹੁੰਦੀ ਰਹਿੰਦੀ ਐ। ਪਿੰਡ ਵਾਲੇ ਮਿਲ ਕੇ ਉਨ੍ਹਾਂ ਦੇ ਪਰਿਵਾਰ ਦੀ ਹਰ ਪੁਰਾਣੀ ਚੀਜ਼ ਦੀ ਦੇਖਰੇਖ ਕਰਦੇ ਨੇ। ਪਿੰਡ ਦੇ ਕੁੱਝ ਮੋਹਤਬਰਾਂ ਨੇ ਦੱਸਿਆ ਕਿ ਸ਼ਰੀਫ਼ ਪਰਿਵਾਰ ਨੂੰ ਆਪਣੇ ਪਿੰਡ ਦੇ ਨਾਲ ਇੰਨਾ ਪਿਆਰ ਐ ਕਿ ਉਨ੍ਹਾਂ ਨੇ ਪਾਕਿਸਤਾਨ ਦੀ ਇਕਬਾਲ ਤਹਿਸੀਲ ਵਿਚ ਯੂਨੀਅਨ ਕੌਂਸਲ 124 ਵਿਚ ਇਸੇ ਨਾਮ ਤੋਂ ਇਕ ਹੋਰ ਪਿੰਡ ਵਸਾ ਲਿਆ, ਜਿੱਥੇ ਸ਼ਰੀਫ਼ ਪਰਿਵਾਰ ਦੀ ਇਕ ਆਲੀਸ਼ਾਨ ਹਵੇਲੀ ਅਤੇ ਅਸਟੇਟ ਐ। ਨਵਾਜ਼ ਸ਼ਰੀਫ਼ ਦੇ ਪੋਤੇ ਜਾਇਦ ਹੁਸੈਨ ਦਾ ਵਿਆਹ ਵੀ ਇੱਥੇ ਹੀ ਹੋਇਆ ਸੀ। ਪਿੰਡ ਦੇ ਲੋਕ ਉਨ੍ਹਾਂ ਦੇ ਸੰਪਰਕ ਵਿਚ ਰਹਿੰਦੇ ਨੇ ਪਰ ਜਦੋਂ ਹਾਲਾਤ ਖ਼ਰਾਬ ਹੁੰਦੇ ਨੇ ਤਾਂ ਸੰਪਰਕ ਟੁੱਟ ਜਾਂਦਾ ਹੈ। ਉਂਝ ਸ਼ਰੀਫ਼ ਪਰਿਵਾਰ ਵੱਲੋਂ ਵੀ ਕੋਈ ਨਾ ਕੋਈ ਇੱਥੇ ਆਉਂਦਾ ਜਾਂਦਾ ਰਹਿੰਦਾ ਏ।
ਮੌਜੂਦਾ ਸਥਿਤੀ ਨੂੰ ਲੈ ਕੇ ਕੁੱਝ ਪਿੰਡ ਵਾਸੀਆਂ ਦਾ ਕਹਿਣਾ ਏ ਕਿ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਹਾਲਾਤ ਖ਼ਰਾਬ ਹੁੰਦੇ ਨੇ ਤਾਂ ਉਨ੍ਹਾਂ ਦਾ ਮਨ ਦੁਖੀ ਹੁੰਦੈ। ਜਦੋਂ ਸ਼ਰੀਫ਼ ਪਰਿਵਾਰ ਵੱਲੋਂ ਕੋਈ ਚੰਗਾ ਕੰਮ ਕੀਤਾ ਜਾਂਦੈ ਤਾਂ ਪਿੰਡ ਵਾਸੀਆਂ ਨੂੰ ਮਾਣ ਮਹਿਸੂਸ ਹੁੰਦੈ ਪਰ ਜਦੋਂ ਕੁੱਝ ਗ਼ਲਤ ਕੀਤਾ ਜਾਂਦੈ ਤਾਂ ਉਨ੍ਹਾਂ ਨੂੰ ਸ਼ਰਮ ਮਹਿਸੂਸ ਹੁੰਦੀ ਐ ਕਿਉਂਕਿ ਲੋਕ ਸਵਾਲ ਕਰਦੇ ਨੇ ਕਿ ਤੁਹਾਡੇ ਪਿੰਡ ਦਾ ਪ੍ਰਧਾਨ ਮੰਤਰੀ ਕਿਉਂ ਨਹੀਂ ਕੁੱਝ ਕਰਦਾ? ਪਿੰਡ ਵਾਸੀਆਂ ਦਾ ਸਾਫ਼ ਕਹਿਣਾ ਏ ਕਿ ਉਹ ਅਮਨ ਦੇ ਹੱਕ ਵਿਚ ਨੇ, ਅੱਤਵਾਦ ਨੂੰ ਕਦੇ ਸੁਪੋਰਟ ਨਹੀਂ ਕਰਦੇ। ਪਿੰਡ ਵਾਲਿਆਂ ਦਾ ਕਹਿਣਾ ਏ ਕਿ ਜਦੋਂ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਸ਼ਰੀਫ਼ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬਣੀ ਅਤੇ ਸ਼ਹਿਬਾਜ਼ ਸ਼ਰੀਫ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਤਾਂ ਪਿੰਡ ਦਾ ਸਿਰ ਮਾਣ ਨਾਲ ਉਚਾ ਹੋ ਗਿਆ, ਪਰ ਪਾਕਿ ਸਰਕਾਰ ਦੀ ਮੌਜੂਦਾ ਹਰਕਤ ਨਾਲ ਪਿੰਡ ਵਾਸੀਆਂ ਦੀ ਗਰਦਨ ਸ਼ਰਮ ਨਾਲ ਝੁਕੀ ਹੋਈ ਐ।
ਇੱਥੇ ਹੀ ਬਸ ਨਹੀਂ, ਸਾਲ 2024 ਵਿਚ ਜਦੋਂ ਨਵਾਜ਼ ਸ਼ਰੀਫ਼ ਨੇ ਆਪਣੇ ਪੋਤੇ ਜਾਇਦ ਹੁਸੈਨ ਦਾ ਵਿਆਹ ਕੀਤਾ ਸੀ ਤਾਂ ਪਿੰਡ ਦੇ ਕੁੱਝ ਲੋਕਾਂ ਨੂੰ ਵੀ ਸੱਦਾ ਪੱਤਰ ਭੇਜਿਆ ਸੀ ਪਰ ਸਮਾਂ ਘੱਟ ਹੋਣ ਕਰਕੇ ਪਿੰਡ ਦੇ ਲੋਕ ਵੀਜ਼ਾ ਅਪਲਾਈ ਨਹੀਂ ਕਰ ਸਕੇ। ਇਸ ਤੋਂ ਇਲਾਵਾ ਸਾਲ 2022 ਦੀਆਂ ਪਾਕਿਸਤਾਨ ਚੋਣਾਂ ਸਮੇਂ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਚ ਅਰਦਾਸ ਵੀ ਕੀਤੀ ਗਈ ਸੀ ਤਾਂਜੋ ਸ਼ਹਿਬਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣ ਸਕਣ। ਪਿੰਡ ਦੇ ਸਾਬਕਾ ਸਰਪੰਚ ਦੇ ਮੁਤਾਬਕ ਬਾਦਲ ਸਰਕਾਰ ਦੇ ਸਮੇਂ ਇਸ ਪਿੰਡ ਨੂੰ 3.34 ਕਰੋੜ ਰੁਪਏ ਦੀ ਗ੍ਰਾਂਟ ਵੀ ਮਿਲੀ ਸੀ, ਜਿਸ ਨਾਲ ਪਿੰਡ ਵਿਚ ਪੱਕੀਆਂ ਸੜਕਾਂ, ਪਾਣੀ ਦੀ ਟੈਂਕੀ, ਬਿਜਲੀ ਦੇ ਖੰਭੇ ਅਤੇ ਸਟੇਡੀਅਮ ਬਣਾਇਆ ਗਿਆ ਸੀ, ਜਿਸ ਦੇ ਨੀਂਹ ਪੱਥਰ ਅੱਜ ਵੀ ਪਿੰਡ ਵਿਚ ਮੌਜੂਦ ਨੇ।
ਦਰਅਸਲ ਸ਼ਰੀਫ਼ ਪਰਿਵਾਰ ਪਿੰਡ ਜਾਤੀ ਉਮਰਾ ਦਾ ਇਕਲੌਤਾ ਮੁਸਲਿਮ ਪਰਿਵਾਰ ਸੀ, ਉਨ੍ਹਾਂ ਦੇ ਪਿਤਾ ਅਕਸਰ ਇਹ ਕਹਿੰਦੇ ਹੁੰਦੇ ਸੀ ਕਿ ਉਨ੍ਹਾਂ ਦੇ ਪਰਿਵਾਰ ਦੀ ਤਰੱਕੀ ਇਸੇ ਪਿੰਡ ਨਾਲ ਜੁੜੀ ਹੋਈ ਐ। ਇੱਥੋਂ ਦੇ ਲੋਕਾਂ ਦੇ ਅਸ਼ੀਰਵਾਦ ਨਾਲ ਹੀ ਪਰਿਵਾਰ ਤਰੱਕੀ ਕਰ ਰਿਹਾ ਏ। ਦਸੰਬਰ 2013 ਵਿਚ ਸ਼ਹਿਬਾਜ਼ ਸ਼ਰੀਫ਼ ਜਦੋਂ ਭਾਰਤ ਆਏ ਸੀ ਤਾਂ ਤਾਂ ਉਨ੍ਹਾਂ ਨੇ ਇਸ ਪਿੰਡ ਵਿਚ ਪਹੁੰਚ ਕੇ ਆਪਣੇ ਪੜਦਾਦਾ ਮਿਆਂ ਮੁਹੰਮਦ ਬਖ਼ਸ਼ ਦੀ ਕਬਰ ’ਤੇ ਚਾਦਰ ਚੜ੍ਹਾਈ ਸੀ। ਉਸ ਸਮੇਂ ਸ਼ਹਿਬਾਜ਼ ਸਰੀਫ਼ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਨ। ਪਿੰਡ ਵਾਸੀਆਂ ਨੇ ਉਨ੍ਹਾਂ ਦੇ ਸਵਾਗਤ ਵਿਚ ਪੂਰੇ ਪਿੰਡ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਸੀ। ਸ਼ਹਿਬਾਜ਼ ਸ਼ਰੀਫ਼ ਪਿੰਡ ਵਾਸੀਆਂ ਲਈ ਤੋਹਫ਼ੇ ਵੀ ਲੈ ਕੇ ਆਏ ਸੀ।
ਪਿੰਡ ਵਾਸੀਆਂ ਦਾ ਕਹਿਣਾ ਏ ਕਿ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਐ। ਭਲੇ ਹੀ ਪਾਕਿਸਤਾਨੀ ਪੀਐਮ ਸ਼ਹਿਬਾਜ਼ ਸ਼ਰੀਫ਼ ਉਨ੍ਹਾਂ ਦੇ ਪਿੰਡ ਦੇ ਹੀ ਕਿਉਂ ਨਾ ਹੋਣ। ਲੋਕਾਂ ਦਾ ਕਹਿਣਾ ਏ ਕਿ ਪਾਕਿਸਤਾਨ ਜੋ ਕੁੱਝ ਕਰ ਰਿਹਾ ਏ, ਉਹ ਗ਼ਲਤ ਐ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਸ਼ਰੀਫ਼ ਪਰਿਵਾਰ ਨੂੰ ਕਹਿਣਾ ਚਾਹੁੰਦੇ ਨੇ ਕਿ ਉਥੇ ਹੀ ਤੁਹਾਡਾ ਪਰਿਵਾਰ ਐ ਅਤੇ ਇੱਥੇ ਵੀ ਤੁਹਾਡਾ ਪਰਿਵਾਰ ਐ, ਜੇਕਰ ਮਿਜ਼ਾਇਲ ਡਿੱਗੇਗੀ ਤਾਂ ਨੁਕਸਾਨ ਤੁਹਾਡੇ ਪਰਿਵਾਰ ਦਾ ਹੀ ਹੋਵੇਗਾ, ਇਸ ਲਈ ਅੱਤਵਾਦ ਦਾ ਸਮਰਥਨ ਬੰਦ ਕਰਕੇ ਅਮਨ ਸ਼ਾਂਤੀ ਦਾ ਰਾਹ ਅਖ਼ਤਿਆਰ ਕਰਨਾ ਚਾਹੀਦੈ, ਉਸੇ ਵਿਚ ਹੀ ਸਭ ਦੀ ਭਲਾਈ ਐ। ਫਿਲਹਾਲ ਪਿੰਡ ਵਾਸੀਆਂ ਨੂੰ ਪੂਰੀ ਉਮੀਦ ਐ ਕਿ ਸ਼ਰੀਫ਼ ਪਰਿਵਾਰ ਦਾ ਪਿੰਡ ਦੇ ਨਾਲ ਆਪਣੇ ਜੱਦੀ ਪੁਸ਼ਤੈਨੀ ਪਿੰਡ ਦੇ ਨਾਲ ਇਹ ਲਗਾਅ ਭਾਰਤ-ਪਾਕਿਸਤਾਨ ਵਿਚਲੇ ਰਿਸ਼ਤਿਆਂ ਨੂੰ ਸੁਧਾਰਨ ਵਿਚ ਮਦਦ ਕਰੇਗਾ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ