ਹਜ਼ਾਰਾਂ ਪੰਜਾਬੀ ਕਿਉਂ ਛੱਡ ਰਹੇ ਭਾਰਤੀ ਨਾਗਰਿਕਤਾ?
ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਵੱਲੋਂ ਗ਼ੈਰਕਾਨੂੰਨੀ ਪਰਵਾਸੀਆਂ ’ਤੇ ਕੀਤੀ ਜਾ ਰਹੀ ਸਖ਼ਤੀ ਦੀ ਚਰਚਾ ਪੂਰੇ ਵਿਸ਼ਵ ਭਰ ਵਿਚ ਛਿੜੀ ਹੋਈ ਐ ਕਿਉਂਕਿ ਟਰੰਪ ਵੱਲੋਂ ਧੜਾਧੜ ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਏ। ਹਾਲੇ ਕੁੱਝ ਦਿਨ ਪਹਿਲਾਂ ਹੀ ਡਿਪੋਰਟ ਕੀਤੇ 104 ਭਾਰਤੀਆਂ ਨੂੰ ਜੰਜ਼ੀਰਾਂ ਅਤੇ ਹਥਕੜੀਆਂ ਵਿਚ ਜਕੜ ਕੇ ਅਮਰੀਕੀ ਫ਼ੌਜ ਦੇ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਸੀ।

ਚੰਡੀਗੜ੍ਹ : ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਵੱਲੋਂ ਗ਼ੈਰਕਾਨੂੰਨੀ ਪਰਵਾਸੀਆਂ ’ਤੇ ਕੀਤੀ ਜਾ ਰਹੀ ਸਖ਼ਤੀ ਦੀ ਚਰਚਾ ਪੂਰੇ ਵਿਸ਼ਵ ਭਰ ਵਿਚ ਛਿੜੀ ਹੋਈ ਐ ਕਿਉਂਕਿ ਟਰੰਪ ਵੱਲੋਂ ਧੜਾਧੜ ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਏ। ਹਾਲੇ ਕੁੱਝ ਦਿਨ ਪਹਿਲਾਂ ਹੀ ਡਿਪੋਰਟ ਕੀਤੇ 104 ਭਾਰਤੀਆਂ ਨੂੰ ਜੰਜ਼ੀਰਾਂ ਅਤੇ ਹਥਕੜੀਆਂ ਵਿਚ ਜਕੜ ਕੇ ਅਮਰੀਕੀ ਫ਼ੌਜ ਦੇ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਸੀ।
ਟਰੰਪ ਦੀ ਕਾਰਵਾਈ ਹਾਲੇ ਵੀ ਜਾਰੀ ਐ,,, ਪਰ ਵੱਡਾ ਸਵਾਲ ਇਹ ਐ ਕਿ ਆਖ਼ਰਕਾਰ ਭਾਰਤੀਆਂ ਵਿਚ ਵਿਦੇਸ਼ ਵੱਸਣ ਦੀ ਲਾਲਸਾ ਕਿਉਂ ਵਧਦੀ ਜਾ ਰਹੀ ਐ? ਅੰਕੜਿਆਂ ’ਤੇ ਝਾਤ ਮਾਰੀਏ ਤਾਂ ਹਰ ਸਾਲ ਲੱਖਾਂ ਲੋਕ ਭਾਰਤੀ ਨਾਗਰਿਕਤਾ ਛੱਡ ਰਹੇ ਨੇ। ਇਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀ ਵੀ ਸ਼ਾਮਲ ਨੇ। ਸੋ ਆਓ ਜਾਣਦੇ ਆਂ ਕਿ ਆਖ਼ਰਕਾਰ ਕਿਉਂ ਟੁੱਟਦਾ ਜਾ ਰਿਹਾ ਪੰਜਾਬੀਆਂ ਦਾ ਆਪਣੀ ਧਰਤੀ ਤੋਂ ਮੋਹ ਅਤੇ ਕਿਉਂ ਛੱਡੀ ਜਾ ਰਹੀ ਭਾਰਤੀ ਨਾਗਰਿਕਤਾ?
ਅਮਰੀਕਾ ਵਿਚ ਗੈਰਕਾਨੂੰਨੀ ਪਰਵਾਸੀਆਂ ਨਾਲ ਜੋ ਕੁੱਝ ਟਰੰਪ ਸਰਕਾਰ ਵੱਲੋਂ ਕੀਤਾ ਜਾ ਰਿਹਾ ਏ, ਉਹ ਕਿਸੇ ਤੋਂ ਛੁਪਿਆ ਨਹੀਂ। ਟਰੰਪ ਸਰਕਾਰ ਵੱਲੋਂ ਧੜਾਧੜ ਕਰਕੇ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਏ, ਜਿਨ੍ਹਾਂ ਵਿਚ ਵੱਡੀ ਗਿਣਤੀ ਭਾਰਤੀ ਖ਼ਾਸ ਤੌਰ ’ਤੇ ਪੰਜਾਬੀ ਵੀ ਸ਼ਾਮਲ ਨੇ। ਹਾਲੇ ਕੁੱਝ ਦਿਨ ਪਹਿਲਾਂ ਹੀ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਏ, ਜਿਨ੍ਹਾਂ ਨੂੰ ਜੰਜ਼ੀਰਾਂ ਅਤੇ ਹਥਕੜੀਆਂ ਲਗਾ ਕੇ ਅਮਰੀਕੀ ਫ਼ੌਜ ਦੇ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ। ਅਜਿਹਾ ਨਹੀਂ ਕਿ ਅਮਰੀਕਾ ਵਿਚ ਸਿਰਫ਼ ਭਾਰਤੀ ਪਰਵਾਸੀਆਂ ਦੇ ਨਾਲ ਹੀ ਇਹ ਸਭ ਕੁੱਝ ਹੋ ਰਿਹਾ ਏ, ਬਲਕਿ ਮੈਕਸੀਕੋ, ਚੀਨ, ਫਿਲੀਪੀਨਜ਼ ਅਤੇ ਅਲ ਸੈਲਵਾਡੋਰ ਦੇ ਲੋਕਾਂ ਵੀ ਇਸ ਡਿਪੋਰਟੇਸ਼ਨ ਵਿਚ ਸ਼ਾਮਲ ਨੇ,,, ਪਰ ਅਸੀਂ ਸਿਰਫ਼ ਭਾਰਤੀ ਲੋਕਾਂ ਦੀ ਗੱਲ ਕਰਾਂਗੇ।
ਭਾਰਤ ਦੀ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਰੋੜਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਮਗਜ਼ੇ ਮਾਰੇ ਜਾ ਰਹੇ ਨੇ ਪਰ ਇਹ ਕਿੰਨੇ ਕੁ ਸੱਚ ਸਾਬਤ ਹੋਏ,, ਇਹ ਵਿਦੇਸ਼ਾਂ ਨੂੰ ਭੱਜ ਰਹੇ ਨੌਜਵਾਨਾਂ ਦਾ ਅੰਕੜਾ ਬਾਖ਼ੂਬੀ ਬਿਆਨ ਕਰਦਾ ਏ। ਪਿਛਲੇ ਸਾਲ 13 ਦਸੰਬਰ 2024 ਨੂੰ ਲੋਕ ਸਭਾ ਵਿਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ ਭਾਰਤੀ ਨਾਗਰਿਕਤਾ ਤਿਆਗ਼ਣ ਵਾਲੇ ਲੋਕਾਂ ਦੇ ਅੰਕੜੇ ਜਾਰੀ ਕੀਤੇ ਗਏ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸਾਲ 2023 ਦੌਰਾਨ 2 ਲੱਖ 16 ਹਜ਼ਾਰ ਤੋਂ ਵੱਧ ਭਾਰਤੀਆਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਅਤੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਅਪਣਾ ਲਈ। ਪਿਛਲੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਸਾਲ 2020 ਵਿਚ 85256, 2021 ਵਿਚ 1 ਲੱਖ 63 ਹਜ਼ਾਰ 370 ਲੋਕਾਂ ਨੇ, ਸਾਲ 2022 ਵਿਚ 2 ਲੱਖ 25 ਹਜ਼ਾਰ 620 ਲੋਕਾਂ ਨੇ ਅਤੇ ਜੂਨ 2023 ਤੱਕ 87026 ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਸੀ।
ਕੁੱਲ ਮਿਲਾ ਕੇ ਪਿਛਲੇ 13 ਸਾਲਾਂ ਵਿਚ 18 ਲੱਖ ਤੋਂ ਵੱਧ ਭਾਰਤੀਆ ਨੇ ਆਪਣੀ ਨਾਗਰਿਕਤਾ ਤਿਆਗ਼ ਦਿੱਤੀ, ਜੋ ਖ਼ੁਸ਼ੀ ਵਾਲੀ ਨਹੀਂ ਬਲਕਿ ਚਿੰਤਾ ਵਾਲੀ ਗੱਲ ਐ ਕਿਉਂਕਿ ਇਨ੍ਹਾਂ 18 ਲੱਖ ਲੋਕਾਂ ਨੂੰ ਆਪਣਾ ਦੇਸ਼ ਚੰਗਾ ਨਹੀਂ ਲੱਗਿਆ, ਯਾਨੀ ਉਨ੍ਹਾਂ ਨੇ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਨੂੰ ਆਪਣਾ ਪਸੰਦੀਦਾ ਦੇਸ਼ ਮੰਨਿਆ। ਉਂਝ ਕੁੱਝ ਲੋਕਾਂ ਨੇ ਪਾਕਿਸਤਾਨ, ਬੰਗਲਾਦੇਸ਼, ਫਿਜ਼ੀ, ਮਿਆਂਮਾਰ, ਥਾਈਲੈਂਡ, ਨਾਮੀਬੀਆ ਅਤੇ ਸ੍ਰੀਲੰਕਾ ਦੀ ਨਾਗਰਿਕਤਾ ਲੈਣ ਲਈ ਵੀ ਭਾਰਤੀ ਨਾਗਰਿਕਤਾ ਛੱਡ ਦਿੱਤੀ। ਇਸ ਤੋਂ ਇਲਾਵਾ ਬਹੁਤ ਸਾਰੇ ਭਾਰਤੀਆਂ ਨੇ ਰੂਸ, ਮਿਸਰ, ਚੀਨ, ਸਿੰਗਾਪੁਰ, ਦੱਖਣੀ ਅਫ਼ਰੀਕਾ, ਤੁਰਕੀ, ਯੂਏਈ, ਵੀਅਤਨਾਮ, ਸੂਡਾਨ ਵਰਗੇ ਦੇਸ਼ਾਂ ਦੀ ਨਾਗਰਿਕਤਾ ਵੀ ਅਪਣਾਈ ਐ,,, ਪਰ ਵੱਡਾ ਸਵਾਲ ਇਹੀ ਐ ਕਿ ਆਖਰਕਾਰ ਇਨ੍ਹਾਂ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਕਿਉਂ ਛੱਡੀ?
ਇਸ ਸਵਾਲ ’ਤੇ ਜੇਕਰ ਚਰਚਾ ਕੀਤੀ ਜਾਵੇ ਤਾਂ ਸਰਕਾਰ ਕੋਲ ਇਸ ਦਾ ਕੋਈ ਅੰਕੜਾ ਮੌਜੂਦ ਨਹੀਂ। ਵਿਦੇਸ਼ ਮੰਤਰੀ ਰਾਜ ਕੀਰਤੀ ਵਰਧਨ ਸਿੰਘ ਦਾ ਕਹਿਣਾ ਏ ਕਿ ਹਰ ਇਕ ਵਿਅਕਤੀ ਦਾ ਆਪਣਾ ਨਿੱਜੀ ਕਾਰਨ ਹੋ ਸਕਦਾ ਏ। ਉਨ੍ਹਾਂ ਇਹ ਵੀ ਆਖਿਆ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 9 ਦੇ ਅਨੁਸਾਰ ਭਾਰਤ ਵਿਚ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਐ, ਇਸ ਕਰਕੇ ਵੀ ਲੋਕ ਹੋਰ ਦੇਸ਼ ਦੀ ਨਾਗਰਿਕਤਾ ਲੈਣ ਲਈ ਭਾਰਤ ਦੀ ਨਾਗਰਿਕਤਾ ਛੱਡ ਦਿੰਦੇ ਨੇ।
ਕੁੱਝ ਮਾਹਿਰਾਂ ਦਾ ਕਹਿਣਾ ਏ ਕਿ ਸਰਕਾਰ ਕਿਸੇ ਗੱਲ ਵਿਚ ਆਪਦਾ ਕਸੂਰ ਨਹੀਂ ਮੰਨਦੀ, ਚੰਗੀ ਸਿੱਖਿਆ, ਕੰਮਕਾਰ ਜਾਂ ਨੌਕਰੀ ਦੇ ਸਿਲਸਿਲੇ ਵਿਚ ਵਿਦੇਸ਼ ਜਾਣਾ ਠੀਕ ਐ, ਪਰ ਜਦੋਂ ਲੋਕ ਆਪਣੇ ਦੇਸ਼ ਨੂੰ ਸਦਾ ਲਈ ਛੱਡ ਕੇ ਵਿਦੇਸ਼ ਵਿਚ ਹੀ ਪੱਕਾ ਟਿਕਾਣਾ ਬਣਾ ਲੈਂਦੇ ਨੇ ਤਾਂ ਇਸ ਤੋਂ ਇਹ ਸਾਬਤ ਹੁੰਦਾ ਏ ਕਿ ਉਸ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਲਈ ਉਹ ਸਹੂਲਤਾਂ ਨਹੀਂ ਦੇ ਪਾ ਰਹੀ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਮਿਲ ਰਹੀਆਂ ਨੇ। ਦਰਅਸਲ ਸਰਕਾਰ ਵਿਦੇਸ਼ਾਂ ਵਿਚ ਰਹਿੰਦੇ ਸਫ਼ਲ, ਖ਼ੁਸ਼ਹਾਲ ਅਤੇ ਪ੍ਰਭਾਵਸ਼ਾਲੀ ਪਰਵਾਸੀਆਂ ਨੂੰ ਭਾਰਤ ਦੇ ਲਈ ਇਕ ਸੰਪਤੀ ਦੇ ਵਾਂਗ ਸਮਝਦੇ ਨੇ ਜੋ ਗਾਹੇ ਵਗਾਹੇ ਆਪਣੇ ਮੂਲ ਦੇਸ਼ ਵਿਚ ਪੈਸਾ ਇਨਵੈਸਟ ਕਰਦੇ ਨੇ।
ਜਦੋਂ ਭਾਰਤੀ ਲੋਕ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਸਵੀਕਾਰ ਕਰ ਲੈਂਦੇ ਨੇ ਤਾਂ ਉਨ੍ਹਾਂ ਨੂੰ ਆਪਣਾ ਭਾਰਤੀ ਪਾਸਪੋਰਟ ਵਾਪਸ ਕਰਨਾ ਪੈਂਦਾ ਏ। ਸਰਕਾਰ ਨੇ ਜੋ ਅੰਕੜੇ ਪੇਸ਼ ਕੀਤੇ ਸੀ, ਉਸ ਦੇ ਮੁਤਾਬਕ ਸਾਲ 2014 ਤੋਂ 2022 ਤੱਕ ਦਿੱਲੀ ਦੇ ਸਭ ਤੋਂ ਵੱਧ 6 ਲੱਖ 4164 ਲੋਕਾਂ ਨੇ ਆਪਣੇ ਪਾਸਪੋਰਟ ਵਾਪਸ ਕੀਤੇ। ਇਨ੍ਹਾਂ ਅੰਕੜਿਆਂ ਵਿਚ ਪੰਜਾਬ ਦਾ ਦੂਜਾ ਨੰਬਰ ਐ। ਪੰਜਾਬ ਦੇ 28117 ਲੋਕਾਂ ਨੇ ਆਪਣੇ ਪਾਸਪੋਰਟ ਵਾਪਸ ਕੀਤੇ ਸੀ, ਜਦਕਿ 22300 ਲੋਕਾਂ ਦੇ ਨਾਲ ਗੁਜਰਾਤ ਦੇ ਤੀਜਾ ਨੰਬਰ ਐ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਹਿ ਸੂਬਾ ਏ। ਯਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੂਬੇ ਵਿਚੋਂ ਵੀ ਪਰਵਾਸ ਨੂੰ ਨਹੀਂ ਰੋਕ ਸਕੇ।
ਪੰਜਾਬ ਅਤੇ ਗੁਜਰਾਤ ਸਮੇਤ ਕਈ ਸੂਬਿਆਂ ਦੇ ਨੌਜਵਾਨ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਆਧੁਨਿਕ ਦੇਸ਼ਾਂ ਵਿਚ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਉਥੇ ਹੀ ਰਹਿਣਾ ਪਸੰਦ ਕਰਦੇ ਨੇ। ਸਿੱਖਿਆ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਾਲ 2022 ਵਿਚ ਕਰੀਬ 7 ਲੱਖ 70 ਹਜ਼ਾਰ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਗਏ ਸੀ ਅਤੇ ਇਹ ਗਿਣਤੀ ਪਿਛਲੇ ਛੇ ਸਾਲਾਂ ਵਿਚ ਸਭ ਤੋਂ ਜ਼ਿਆਦਾ ਸੀ।
ਇਕ ਸਭ ਤੋਂ ਵੱਡਾ ਕਾਰਨ ਇਹ ਵੀ ਮੰਨਿਆ ਜਾਂਦਾ ਏ ਕਿ ਜ਼ਿਆਦਾਤਰ ਪਰਵਾਸੀ ਭਾਰਤੀ ਰੋਜ਼ੀ ਰੋਟੀ ਕਮਾਉਣ ਦੀ ਖ਼ਾਤਰ ਵਿਦੇਸ਼ ਜਾਂਦੇ ਨੇ ਕਿਉਂਕਿ ਭਾਰਤ ਦੇ ਮੁਕਾਬਲੇ ਵਿਦੇਸ਼ਾਂ ਵਿਚ ਉਨ੍ਹਾਂ ਨੂੰ ਚੰਗੀ ਕਮਾਈ ਹੋ ਜਾਂਦੀ ਐ। ਕਈ ਵੱਡੇ ਮੁਲਕਾਂ ਦਾ ਕਰੰਸੀ ਰੇਟ ਹਾਈ ਹੋਣ ਕਰਕੇ ਪਰਵਾਸੀ ਭਾਰਤੀ ਕਾਮਿਆਂ ਨੂੰ ਜ਼ਿਆਦਾ ਭਾਰਤੀ ਰੁਪੲੈ ਮਿਲ ਜਾਂਦੇ ਨੇ। ਇਸ ਕਰਕੇ ਉਹ ਭਾਰਤ ਦਾ ਰੁਖ਼ ਕਰਨਾ ਪਸੰਦ ਨਹੀਂ ਕਰਦੇ। ਕਮਾਈ ਕਰਦਿਆਂ ਜਦੋਂ ਉਨ੍ਹਾਂ ਕੋਲ ਪੱਕੇ ਹੋਣ ਦਾ ਕੋਈ ਮੌਕਾ ਆਉਂਦਾ ਏ ਤਾਂ ਉਹ ਇਸ ਨੂੰ ਕਦੇ ਨਹੀਂ ਛੱਡਦੇ ਅਤੇ ਝੱਟਪਟ ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ੀ ਨਾਗਰਿਕਤਾ ਅਪਣਾ ਲੈਂਦੇ ਨੇ। ਇਕੱਲੇ ਅਮਰੀਕਾ ਦੀ ਹੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਅਮਰੀਕਾ ਵਿਚ ਭਾਰਤੀ ਪਰਵਾਸੀਆਂ ਦੀ ਗਿਣਤੀ 28 ਲੱਖ ਦੱਸੀ ਜਾ ਰਹੀ ਐ।
ਭਾਰਤੀਆਂ ਵਿਚ ਵਿਦੇਸ਼ ਵੱਸਣ ਦੀ ਹੋੜ ਇੰਨੀ ਜ਼ਿਆਦਾ ਏ ਕਿ ਉਹ ਵਿਦੇਸ਼ ਜਾਣ ਲਈ ਪੁੱਠੇ ਸਿੱਧੇ ਹਰ ਤਰ੍ਹਾਂ ਦੇ ਰਸਤੇ ਅਪਣਾਉਂਦੇ ਨੇ, ਜਦਕਿ ਕਈ ਵਾਰ ਉਨ੍ਹਾਂ ਨੂੰ ਆਪਣੀ ਜਾਨ ਕੇ ਇਸ ਦੀ ਕੀਮਤ ਚੁਕਾਉਣੀ ਪੈਂਦੀ ਐ। ਡੌਂਕੀ ਸਮੇਤ ਹੋਰ ਗ਼ੈਰਕਾਨੂੰਨੀ ਤਰੀਕੇ ਵਿਦੇਸ਼ ਜਾਣ ਲਈ ਅਪਣਾਏ ਜਾਂਦੇ ਨੇ,, ਪਰ ਮੌਜੂਦਾ ਸਮੇਂ ਟਰੰਪ ਵੱਲੋਂ ਦਿਖਾਈ ਜਾ ਰਹੀ ਸਖ਼ਤੀ ਨੇ ਇਕ ਵਾਰ ਤਾਂ ਗੈਰ ਕਾਨੂੰਨੀ ਪਰਵਾਸ ਨੂੰ ਬ੍ਰੇਕਾਂ ਲਗਾ ਕੇ ਰੱਖ ਦਿੱਤੀਆਂ ਨੇ।
ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ