22 ਸਾਲ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਵਾਲੇ ਨੂੰ ਪਿੰਡ ਵਾਲਿਆਂ ਨੇ ਕਰਤਾ ਖੁਸ਼
ਕਪੂਰਥਲਾ ਜਿਲੇ ਦੇ ਪਿੰਡ ਭਗਵਾਨਪੁਰ ਦੇ ਵਾਸੀਆਂ ਨੇ ਪਿੰਡ ਵਿੱਚ ਲਗਾਤਾਰ 22 ਸਾਲ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਵਾਲੇ ਕੁਲਵਿੰਦਰ ਸਿੰਘ ਨੂੰ ਸੇਵਾ ਮੁਕਤੀ ਮੌਕੇ ਵੱਡਾ ਮਾਨ ਸਨਮਾਨ ਦਿੱਤਾ ਹੈ। ਇਸ ਦੀ ਚਰਚਾ ਇਲਾਕੇ ਵਿੱਚ ਹੋ ਰਹੀ ਹੈ। ਇਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਇੱਕ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।

ਕਪੂਰਥਲਾ : ਕਪੂਰਥਲਾ ਜਿਲੇ ਦੇ ਪਿੰਡ ਭਗਵਾਨਪੁਰ ਦੇ ਵਾਸੀਆਂ ਨੇ ਪਿੰਡ ਵਿੱਚ ਲਗਾਤਾਰ 22 ਸਾਲ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਵਾਲੇ ਕੁਲਵਿੰਦਰ ਸਿੰਘ ਨੂੰ ਸੇਵਾ ਮੁਕਤੀ ਮੌਕੇ ਵੱਡਾ ਮਾਨ ਸਨਮਾਨ ਦਿੱਤਾ ਹੈ। ਇਸ ਦੀ ਚਰਚਾ ਇਲਾਕੇ ਵਿੱਚ ਹੋ ਰਹੀ ਹੈ। ਇਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਇੱਕ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਇਸ ਮੌਕੇ ਤੇ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਤਾਰ 22 ਸਾਲ ਗ੍ਰੰਥੀ ਸਿੰਘ ਵਜੋਂ ਡਿਊਟੀ ਨਿਭਾਉਣ ਵਾਲੇ ਕੁਲਵਿੰਦਰ ਸਿੰਘ ਨੂੰ ਸਮੂਹ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੂੰ ਇੱਕ ਫਰਿਜ, ਸੋਨੇ ਦੀ ਮੁੰਦਰੀ ਅਤੇ ਹਰ ਪਿੰਡ ਵਾਸੀ ਵੱਲੋਂ ਕੋਈ ਨਾ ਕੋਈ ਤੋਹਫਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸੈਫਲਾਵਾਦ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਜੀ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਮਨਸੂਰਵਾਲ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਬਾਬਾ ਲੀਡਰ ਸਿੰਘ ਜੀ ਨੇ ਕਿਹਾ ਕਿ ਸਾਨੂੰ ਗੁਰੂ ਘਰ ਦੇ ਵਜ਼ੀਰਾਂ ਦਾ ਮਾਣ ਅਤੇ ਸਤਿਕਾਰ ਕਰਨਾ ਚਾਹੀਦਾ ਹੈ। ਉਨਾਂ ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰਾਂ ਦੇ ਵਜ਼ੀਰਾਂ ਦਾ ਵੱਧ ਤੋਂ ਵੱਧ ਮਾਣ ਸਤਿਕਾਰ ਕਰਨ ਅਤੇ ਉਨਾਂ ਨੂੰ ਗੁਜਾਰੇ ਜਿੰਨੀ ਤਨਖਾਹ ਜਰੂਰ ਦੇਣ। ਉਨਾਂ ਕਿਹਾ ਕਿ ਪਿੰਡ ਵਿੱਚ ਗ੍ਰੰਥੀ ਸਿੰਘ ਨੇ ਹੀ ਪਿੰਡ ਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਹੁੰਦਾ ਹੈ ਅਤੇ ਗ੍ਰੰਥੀ ਸਿੰਘ ਦਾ ਇਸ ਵਾਸਤੇ ਮਾਣ ਅਤੇ ਸਤਿਕਾਰ ਬਹੁਤ ਜਰੂਰੀ ਹੈ।
ਇਸ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਦੇ ਜੀਵਨ ਦਾ ਜਿਕਰ ਕਰਦਿਆਂ ਹੋਇਆਂ ਗ੍ਰੰਥੀ ਸਿੰਘਾਂ ਦੀ ਸਿੱਖ ਪੰਥ ਵਿੱਚ ਮਹੱਤਤਾ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ। ਟਰਾਂਸਪੋਰਟ ਅਵਤਾਰ ਸਿੰਘ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿੰਡ ਵਾਸੀਆਂ ਤੇ ਮਾਣ ਮਹਿਸੂਸ ਹੋ ਰਿਹਾ ਹੈ ਜਿਨ੍ਹਾਂ ਨੇ ਬਾਬਾ ਕੁਲਵਿੰਦਰ ਸਿੰਘ ਹੋਣਾ ਨੂੰ ਮਾਣ ਸਤਿਕਾਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਬਾਕੀ ਪਿੰਡਾਂ ਨੂੰ ਵੀ ਅਜਿਹੀ ਪਹਿਲਕਦਮੀ ਕਰਨੀ ਚਾਹੀਦੀ ਹੈ। ਗ੍ਰੰਥੀ ਸਿੰਘ ਬਾਬਾ ਕੁਲਵਿੰਦਰ ਸਿੰਘ ਨੇ ਪਿੰਡ ਦੀਆਂ ਸਮੂਹ ਸੰਗਤਾਂ ਦਾ ਏਨਾ ਮਾਣ ਸਤਿਕਾਰ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੰਡ ਭਗਵਾਨਪੁਰ ਦੇ ਵਾਸੀਆਂ ਨੇ ਹਮੇਸ਼ਾ ਹੀ ਉਨਾਂ ਦਾ ਮਾਣ ਸਤਿਕਾਰ ਦਿੱਤਾ ਹੈ।