Begin typing your search above and press return to search.

ਪੰਜਾਬ 'ਚ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਨਸ਼ਿਆਂ ਦਾ ਜ਼ਹਿਰ, ਸੂਬੇ ਦੇ ਨੌਜਵਾਨ ਹੋ ਰਹੇ ਸਭ ਤੋਂ ਵੱਧ ਅਸਰਅੰਦਾਜ਼

ਪੰਜਾਬ, ਜੋ ਕਦੇ ਹਰਾ-ਭਰਾ ਅਤੇ ਖ਼ੁਸ਼ਹਾਲ ਸੂਬਾ ਸੀ, ਅੱਜ ਨਸ਼ਿਆਂ ਦੇ ਜ਼ਹਿਰ ਨਾਲ ਜੂਝ ਰਿਹਾ ਹੈ। ਇਹ ਸੰਕਟ ਨਾ ਸਿਰਫ਼ ਨੌਜਵਾਨ ਪੀੜ੍ਹੀ ਨੂੰ ਖਾ ਰਿਹਾ ਹੈ, ਸਗੋਂ ਸੂਬੇ ਦੇ ਅਰਥਚਾਰੇ, ਸਮਾਜ ਅਤੇ ਰਾਜਨੀਤੀ ਨੂੰ ਵੀ ਹਿਲਾ ਰਿਹਾ ਹੈ। 2025 ਵਿੱਚ ਪੰਜਾਬ ਵਿੱਚ ਲਗਭਗ 66 ਲੱਖ ਲੋਕ ਨਸ਼ਿਆਂ ਦੇ ਸ਼ਿਕਾਰ ਹਨ

ਪੰਜਾਬ ਚ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਨਸ਼ਿਆਂ ਦਾ ਜ਼ਹਿਰ, ਸੂਬੇ ਦੇ ਨੌਜਵਾਨ ਹੋ ਰਹੇ ਸਭ ਤੋਂ ਵੱਧ ਅਸਰਅੰਦਾਜ਼
X

mehtabmasih@gmail.comBy : [email protected]

  |  11 March 2026 2:01 PM IST

  • whatsapp
  • Telegram

ਪੰਜਾਬ 'ਚ 66 ਲੱਖ ਲੋਕ ਨਸ਼ਿਆਂ ਦੇ ਸ਼ਿਕਾਰ

ਚੰਡੀਗੜ੍ਹ: ਪੰਜਾਬ, ਜੋ ਕਦੇ ਹਰਾ-ਭਰਾ ਅਤੇ ਖ਼ੁਸ਼ਹਾਲ ਸੂਬਾ ਸੀ, ਅੱਜ ਨਸ਼ਿਆਂ ਦੇ ਜ਼ਹਿਰ ਨਾਲ ਜੂਝ ਰਿਹਾ ਹੈ। ਇਹ ਸੰਕਟ ਨਾ ਸਿਰਫ਼ ਨੌਜਵਾਨ ਪੀੜ੍ਹੀ ਨੂੰ ਖਾ ਰਿਹਾ ਹੈ, ਸਗੋਂ ਸੂਬੇ ਦੇ ਅਰਥਚਾਰੇ, ਸਮਾਜ ਅਤੇ ਰਾਜਨੀਤੀ ਨੂੰ ਵੀ ਹਿਲਾ ਰਿਹਾ ਹੈ। 2025 ਵਿੱਚ ਪੰਜਾਬ ਵਿੱਚ ਲਗਭਗ 66 ਲੱਖ ਲੋਕ ਨਸ਼ਿਆਂ ਦੇ ਸ਼ਿਕਾਰ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਹਨ। ਸਰਕਾਰੀ ਯਤਨਾਂ ਅਤੇ ਸਮਾਜਿਕ ਜਾਗਰੂਕਤਾ ਨਾਲ ਕੀ ਸੱਚਮੁਚ ਅਜਿਹੇ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ? ਇਸ ਵੇਲੇ ਇਹ ਵੱਡਾ ਸੁਆਲ ਹੈ।

ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਮੁੱਖ ਤੌਰ ਤੇ ਪਾਕਿਸਤਾਨ ਨਾਲ਼ ਲੱਗਦੀ ਸਰਹੱਦ ਰਾਹੀਂ ਆਉਂਦੀ ਹੈ। ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਹੈਰੋਇਨ, ਅਫ਼ੀਮ ਅਤੇ ਸਿੰਥੈਟਿਕ ਨਸ਼ੇ (ਜਿਵੇਂ ਮੈਥ) ਦੀ ਵੱਡੀ ਮਾਤਰਾ ਵਿੱਚ ਸਪਲਾਈ ਹੁੰਦੀ ਹੈ। ਡਰੋਨਾਂ ਦੀ ਵਰਤੋਂ ਨਾਲ ਇਹ ਸਪਲਾਈ ਹੋਰ ਵਧ ਗਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ 2024 ਦੀ ਰਿਪੋਰਟ ਅਨੁਸਾਰ, ਭਾਰਤ-ਪਾਕ ਸਰਹੱਦ ਤੇ ਡਰੋਨਾਂ ਨਾਲ ਨਸ਼ੇ ਸਮੇਟਣ ਵਾਲੇ ਕੇਸ ਜੋ 2021 ਵਿੱਚ ਸਿਰਫ਼ 3 ਸਨ। ਉਹ 2024 ਵਿੱਚ 179 ਹੋ ਗਏ ਸਨ। 2025 ਵਿੱਚ ਵੀ ਇਹ ਰੁਝਾਨ ਜਾਰੀ ਰਿਹਾ, ਜਿੱਥੇ ਸਮਗਲਰ ਫ੍ਰੀ ਮੈਥ ਵੰਡ ਕੇ ਨਸ਼ਿਆਂ ਦੀ ਵਰਤੋਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਨੌਜਵਾਨ ਨੂੰ ਨਸ਼ੇ ਦੀ ਲਤ ਲੱਗ ਜਾਂਦੀ ਹੈ, ਤਾਂ ਫਿਰ ਉਸ ਨੂੰ ਉਸ ਦੇ ਹਾਲ 'ਤੇ ਛੱਡ ਦਿੱਤਾ ਜਾਂਦਾ ਹੈ। ਫਿਰ ਉਹ ਨਸ਼ੇ ਦੀ ਤੋਟ ਨੂੰ ਖ਼ਤਮ ਕਰਨ ਲਈ ਚੋਰੀਆਂ, ਡਕੈਤੀਆਂ ਤੇ ਕਈ ਵਾਰ ਕਤਲ ਤੱਕ ਵੀ ਕਰਦਾ ਹੈ।

ਪੰਜਾਬ ਪੁਲਿਸ ਹੁਣ 2026 'ਚ ਵੀ ਪਾਕਿਸਤਾਨੀ ਸਮੱਗਲਰਾਂ ਦੀ ਮਦਦ ਨਾਲ਼ ਚੱਲ ਰਹੇ ਡ੍ਰੱਗ ਮਾਫ਼ੀਆ ਗਿਰੋਹ ਖ਼ਤਮ ਕਰ ਰਹੀ ਹੈ। ਵਿਦੇਸ਼ੀ ਤਾਕਤਾਂ ਵੀ ਪਾਕਿਸਤਾਨ ਨੂੰ ਨਸ਼ੇ ਅਤੇ ਹਥਿਆਰ ਭੇਜਣ ਵਿੱਚ ਮਦਦ ਕਰ ਰਹੀਆਂ ਹਨ, ਜਿਸ ਨਾਲ ਪੰਜਾਬ ਦੀ ਸੁਰੱਖਿਆ ਨੂੰ ਖ਼ਤਰਾ ਵਧ ਰਿਹਾ ਹੈ। ਇਸ ਤੋਂ ਇਲਾਵਾ, ਭਾਰਤ ਦੇ ਹੋਰਨਾਂ ਸੂਬਿਆਂ ਤੋਂ ਵੀ ਨਸ਼ੇ ਆਉਂਦੇ ਹਨ, ਪਰ ਵਿਦੇਸ਼ੀ ਸਰੋਤ ਮੁੱਖ ਹਨ।

ਆਮ ਆਦਮੀ ਪਾਰਟੀ (ਆਪ) ਸਰਕਾਰ ਨੇ 2025 ਵਿੱਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸ਼ੁਰੂ ਕੀਤੀ, ਜਿਸ ਦਾ ਪਹਿਲਾ ਗੇੜ ਇੱਕ ਸਾਲ ਵਿੱਚ 36,178 ਐਫਆਈਆਰਾਂ, 51,648 ਗ੍ਰਿਫਤਾਰੀਆਂ ਅਤੇ ਹਜ਼ਾਰਾਂ ਕਿਲੋਗ੍ਰਾਮ ਨਸ਼ੇ ਜ਼ਬਤ ਨਾਲ ਸਫਲ ਰਿਹਾ। ਦੂਜਾ ਗੇੜ ਜਨਵਰੀ 2026 ਵਿੱਚ ਸ਼ੁਰੂ ਹੋਇਆ, ਜਿੱਥੇ ਗ੍ਰਾਮ ਪੱਧਰੀ ਰੱਖਿਆ ਕਮੇਟੀਆਂ ਅਤੇ 1.50 ਲੱਖ ਵਾਲੰਟੀਅਰਾਂ ਨੂੰ ਸ਼ਾਮਲ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦਾ ਟੀਚਾ ਰੱਖਿਆ ਹੈ।

2025 ਵਿੱਚ 2,021 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਅਤੇ 416 ਗੈਂਗ ਮਾਡਿਊਲ ਤੋੜੇ ਗਏ। ਵਿੱਤੀ ਸਾਲ 2026-27 ਵਿੱਚ ਨਸ਼ਿਆਂ ਵਿਰੁੱਧ ਜੰਗ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਲਈ 100 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਹਨ। ਹਾਲਾਂਕਿ, ਵਿਰੋਧੀ ਧਿਰਾਂ ਇਸ ਨੂੰ 'ਸਿਆਸੀ ਸਟੰਟ' ਕਹਿ ਰਹੀਆਂ ਹਨ।

ਨਸ਼ੇ ਨੇ ਪੰਜਾਬ ਦੀਆਂ ਦੋ ਨੌਜਵਾਨ ਪੀੜ੍ਹੀਆਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। 10 ਤੋਂ 17 ਸਾਲ ਦੇ 7 ਲੱਖ ਨੌਜਵਾਨ ਨਸ਼ੇ ਦੇ ਸ਼ਿਕਾਰ ਹਨ, ਜਿਨ੍ਹਾਂ ਵਿੱਚੋਂ ਅੱਧੇ ਹੈਰੋਇਨ ਵਰਤਦੇ ਹਨ। 2019 ਵਿੱਚ 69% ਨਸ਼ਾ-ਸੰਬੰਧੀ ਮੌਤਾਂ 18-30 ਸਾਲ ਵਾਲੇ ਨੌਜਵਾਨਾਂ ਦੀਆਂ ਸਨ। ਗ੍ਰਾਮੀਣ ਪੰਜਾਬ ਵਿੱਚ ਹਰ ਤੀਜਾ ਵਿਅਕਤੀ ਨਸ਼ੇ ਦਾ ਸ਼ਿਕਾਰ ਹੈ, ਜਿਸ ਨਾਲ ਚੋਰੀ, ਵਿਆਹੋਂ ਅਤੇ ਅਪਰਾਧ ਵਧੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਸਾਹਮਣੇ ਆਇਆ ਸੀ, ਜਿੱਥੇ ਤਦ ਨੌਜਵਾਨ ਕੋਈ ਬਚਿਆ ਹੀ ਨਹੀਂ ਸੀ। ਉਥੇ ਵਿਧਵਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਸੀਾ।

ਨਸ਼ਿਆਂ ਦੀ ਦੁਰਵਰਤੋਂ ਦਾ ਅਰਥਚਾਰੇ ਤੇ ਪ੍ਰਭਾਵ ਵੀ ਗੰਭੀਰ ਹੈ। ਨਸ਼ੇ ਨੇ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ। ਪਰਿਵਾਰਾਂ ਦਾ ਅਰਥਚਾਰਾ ਹਿੱਲਣ ਨਾਲ਼ ਕਿਸਾਨ ਖ਼ੁਦਕੁਸ਼ੀਆਂ ਵੀ ਵਧੀਆਂ। ਨੌਜਵਾਨ ਫੌਜ ਵਿੱਚ ਭਰਤੀ ਨਾ ਹੋ ਸਕਣ ਕਰਕੇ ਰੱਖਿਆ ਖੇਤਰ ਵੀ ਪ੍ਰਭਾਵਿਤ ਹੋਇਆ। ਹਿਮਾਚਲ ਵਿੱਚ ਵੀ ਹੁਣ ਇਹ ਸੰਕਟ ਤੇਜ਼ੀ ਨਾਲ਼ ਫੈਲਦਾ ਜਾ ਰਿਹਾ ਹੈ।

2025-2026 ਵਿੱਚ ਹਜ਼ਾਰਾਂ ਗ੍ਰਿਫਤਾਰੀਆਂ ਹੋਈਆਂ। ਇੱਕ ਤਾਜ਼ਾ ਮਾਮਲੇ ਵਿੱਚ ਖੇਮਕਰਨ ਦੇ ਸਰਪੰਚ ਨੂੰ 18 ਕਿਲੋਗ੍ਰਾਮ ਹੈਰੋਇਨ ਨਾਲ ਫੜਿਆ ਗਿਆ ਗਿਆ ਹੈ। ਫਰਵਰੀ ਵਿੱਚ 227 ਨਸ਼ਾ ਤਸਕਰ ਫੜੇ ਗਏ ਅਤੇ 600 ਕਰੋੜ ਦੀ ਜਾਇਦਾਦ ਫ੍ਰੀਜ਼ ਕੀਤੀ ਗਈ। ਦਸੰਬਰ 2025 ਵਿੱਚ ਇੱਕ ਕ੍ਰੌਸ-ਬਾਰਡਰ ਨੈੱਟਵਰਕ ਤੋੜਿਆ ਗਿਆ, ਜਿੱਥੇ 5.11 ਕਿਲੋਗ੍ਰਾਮ ਹੈਰੋਇਨ ਜ਼ਬਤ ਹੋਈ।

ਰਾਜਨੀਤਿਕ ਤੌਰ ਤੇ ਵੀ ਵਿਵਾਦ ਹੈ। ਵਿਰੋਧੀ ਧਿਰਾਂ (ਕਾਂਗਰਸ, ਸ਼੍ਰੋਮਣੀ ਅਕਾਲੀ ਦਲ) ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀਆਂ ਹਨ, ਕਹਿ ਰਹੀਆਂ ਹਨ ਕਿ ਇਹ ਮੁਹਿੰਮ ਸਿਆਸੀ ਹੈ। ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਸਮਾਜਕ ਲਾਹਨਤ ਹੈ, ਨਾ ਕਿ ਸਿਆਸੀ।

ਸੋਸ਼ਲ ਮੀਡੀਆ ਮੰਚ 'ਐੱਕਸ' ਉਤੇ ਵੀ ਚਰਚਾ ਜਾਰੀ ਹੈ। ਇੱਕ ਪੋਸਟ ਵਿੱਚ ਕਿਹਾ ਗਿਆ ਕਿ ਸਕੂਲਾਂ ਨੇੜੇ ਨਸ਼ੇ ਵੇਚਣ ਵਾਲਿਆਂ ਨੂੰ ਫੜਨ ਲਈ ਗੁਪਤ ਬਕਸੇ ਲਗਾਏ ਜਾਣਗੇ।

ਮਾਹਰਾਂ ਅਨੁਸਾਰ, ਨਸ਼ੇ ਨੂੰ ਖ਼ਤਮ ਕਰਨ ਲਈ ਬਹੁ-ਪੱਖੀ ਰਣਨੀਤੀ ਜ਼ਰੂਰੀ ਹੈ:

–– ਸਪਲਾਈ ਉਤੇ ਕੰਟਰੋਲ ਹੋਣਾ ਚਾਹੀਦਾ ਹੈ। ਕੌਮਾਂਤਰੀ ਸਰਹੱਦਾਂ ਤੇ ਡਰੋਨ ਜਾਮਰ ਅਤੇ ਵਧੇਰੇ ਗਸ਼ਤ ਹੋਣੀ ਚਾਹੀਦੀ ਹੈ।

–– ਪੀੜਤ ਨੌਜਵਾਨਾਂ ਦੇ ਮੁੜ–ਵਸੇਬੇ ਅਤੇ ਸਿੱਖਿਆ ਦੇ ਇੰਤਜ਼ਾਮ ਹੋਣੇ ਚਾਹੀਦੇ ਹਨ। ਨਸ਼ਿਆਂ ਦੇ ਸ਼ਿਕਾਰ ਹਰੇਕ ਪੀੜਤ ਨੂੰ ਹੁਨਰ ਸਿਖਲਾਈ ਅਤੇ ਨੌਕਰੀ ਨਾਲ ਜੋੜਨ ਦੀ ਜ਼ਰੂਰਤ ਹੈ।। ਯੋਗਾ ਅਤੇ ਮੈਡੀਟੇਸ਼ਨ ਨੂੰ ਮੁੜ–ਵਸੇਬਾ ਕੇਂਦਰਾਂ ਵਿੱਚ ਸ਼ਾਮਲ ਕਰੋ।

–– ਸਮਾਜ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਵੀ ਜ਼ਰੂਰਤ ਹੈ। ਸਕੂਲਾਂ ਵਿੱਚ ਨਸ਼ਿਆਂ ਦੀ ਰੋਕਥਾਮ ਨਾਲ਼ ਸਬੰਧਤ ਸਿੱਖਿਆ ਉਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਮਾਨਸਿਕ ਸਿਹਤ ਨੀਤੀ ਪੂਰੀ ਤਰ੍ਹਾਂ ਲਾਗੂ ਹੋਣੀ ਚਾਹੀਦੀ ਹੈ।।

ਜੇਲ੍ਹਾਂ ਵਿੱਚ ਨਸ਼ਿਆਂ ਦੀ ਹੋ ਰਹੀ ਕਥਿਤ ਸਪਲਾਈ ਰੋਕਣ ਦੀ ਜ਼ਰੂਰਤ ਹੈ। ਨਸ਼ਾ ਛੁਡਾਉਣ ਵਾਲ਼ੀਆਂ ਸੇਵਾਵਾਂ ਦਾ ਤੇਜ਼ੀ ਨਾਲ਼ ਪ੍ਰਚਾਰ ਅਤੇ ਪਾਸਾਰ ਹੋਣਾ ਚਾਹੀਦਾ ਹੈ।

ਹੈਰੋਇਨ ਤੇ ਹੋਰ ਸਿੰਥੈਟਿਕ ਨਸ਼ਿਆਂ ਲਈ ਵੈਕਲਪਿਕ ਦਵਾਈਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਅਮਲ ਵਿੱਚ ਲਿਆਉਣ ਨਾਲ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it