ਪੰਜਾਬ ਦੇ ਸਰਕਾਰੀ ਸੰਸਥਾਨ ਦਾ ਵਿਦਿਆਰਥੀ ਸਮੁੱਚੇ ਭਾਰਤ 'ਚੋਂ ਰਿਹਾ ਅੱਵਲ
ਪਠਾਨਕੋਟ ਅਤੇ ਰੋਪੜ ਤੋਂ ਆਏ ਦੋ ਨੌਜਵਾਨਾਂ ਨੇ ਪੰਜਾਬ ਅਤੇ ਪੂਰੇ ਭਾਰਤ ਲਈ ਮਾਣ ਵਧਾਉਣ ਵਾਲੀ ਖ਼ਬਰ ਦਿੱਤੀ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ (ARMED FORCES PREPRATORY INSTITUTE -AFPI) ਦੇ 10ਵੇਂ ਕੋਰਸ ਦੇ ਕੈਡਿਟ ਜਸਨੂਰ ਸਿੰਘ (JASNOOR SINGH) ਨੇ ਕੰਬਾਈਨਡ ਡਿਫੈਂਸ ਸਰਵਿਸਿਜ਼ (CDS)

By : Mehtab-Ud-Din
ਪਠਾਨਕੋਟ ਦਾ ਹੈ ਜਸਨੂਰ ਸਿੰਘ, ਸੁਖਰਾਜ ਸਿੰਘ ਦਾ ਹੈ ਨੰ. 4 ਰੈਂਕ
ਪੰਜਾਬ ਦੇ ਮੰਤਰੀ ਅਮਨ ਅਰੋੜਾ ਨੇ ਦਿੱਤੀਆਂ ਵਧਾਈਆਂ
ਚੰਡੀਗੜ੍ਹ: ਪਠਾਨਕੋਟ ਅਤੇ ਰੋਪੜ ਤੋਂ ਆਏ ਦੋ ਨੌਜਵਾਨਾਂ ਨੇ ਪੰਜਾਬ ਅਤੇ ਪੂਰੇ ਭਾਰਤ ਲਈ ਮਾਣ ਵਧਾਉਣ ਵਾਲੀ ਖ਼ਬਰ ਦਿੱਤੀ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ (ARMED FORCES PREPRATORY INSTITUTE -AFPI) ਦੇ 10ਵੇਂ ਕੋਰਸ ਦੇ ਕੈਡਿਟ ਜਸਨੂਰ ਸਿੰਘ (JASNOOR SINGH) ਨੇ ਕੰਬਾਈਨਡ ਡਿਫੈਂਸ ਸਰਵਿਸਿਜ਼ (CDS) ਏਅਰ ਫੋਰਸ (AIR FORCE) ਦੀ ਮੈਰਿਟ ਸੂਚੀ ਵਿਚ ਆਲ ਇੰਡੀਆ ਰੈਂਕ 1 ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ ਰੋਪੜ ਦੇ ਕੈਡਿਟ ਸੁਖਰਾਜ ਸਿੰਘ ਹੀਰਾ ਨੇ ਆਲ ਇੰਡੀਆ ਰੈਂਕ 4 ਪ੍ਰਾਪਤ ਕੀਤਾ ਹੈ। ਇਸ ਨਾਲ ਇੰਸਟੀਚਿਊਟ ਨੇ ਰਾਸ਼ਟਰੀ ਪੱਧਰ 'ਤੇ ਇੱਕ ਵਾਰ ਫਿਰ ਵੱਡਾ ਮੀਲ–ਪੱਥਰ ਸਥਾਪਤ ਕੀਤਾ ਹੈ।
ਇਸ ਇੰਸਟੀਚਿਊਟ ਨੇ ਹੁਣ ਤੱਕ ਦੇਸ਼ ਭਰ ਵਿਚ ਪੰਜਵੀਂ ਵਾਰ ਆਲ ਇੰਡੀਆ ਟੌਪ ਰੈਂਕ ਹਾਸਲ ਕੀਤਾ ਹੈ। ਪਿਛਲੇ ਦੋ ਸਾਲਾਂ ਵਿਚ ਇਹ ਤੀਜੀ ਵਾਰ ਹੈ, ਜਦੋਂ ਇਸ ਇੰਸਟੀਚਿਊਟ ਨੇ ਇਸ ਤਰ੍ਹਾਂ ਦਾ ਵੱਡਾ ਮਾਣ ਹਾਸਲ ਕੀਤਾ ਹੈ। ਇਹ ਪ੍ਰਾਪਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਰੱਖਿਆ ਬਲਾਂ ਵਿਚ ਕਰੀਅਰ ਬਣਾਉਣ ਲਈ ਕੀਤੇ ਗਏ ਠੋਸ ਯਤਨਾਂ ਦਾ ਸਬੂਤ ਹੈ।
ਜਸਨੂਰ ਸਿੰਘ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਇੱਕ ਕਾਰੋਬਾਰੀ ਦਾ ਪੁੱਤਰ ਹੈ। ਉਸ ਨੇ AFPI ਵਿਚ ਰੱਖਿਆ ਬਲਾਂ ਲਈ ਤਿਆਰੀ ਕੀਤੀ ਅਤੇ ਹੁਣ ਉਹ ਪ੍ਰੀ-ਫਲਾਇੰਗ ਸਿਖਲਾਈ ਕੋਰਸ ਲਈ ਹੈਦਰਾਬਾਦ ਵਿਚ ਏਅਰ ਫੋਰਸ ਅਕੈਡਮੀ ਜਾਵੇਗਾ। ਇਸ ਤੋਂ ਬਾਅਦ ਉਹ ਭਾਰਤੀ ਏਅਰ ਫੋਰਸ ਵਿਚ ਅਧਿਕਾਰੀ ਬਣ ਕੇ ਸੇਵਾ ਨਿਭਾਏਗਾ।
ਰੋਪੜ ਤੋਂ ਆਏ ਸੁਖਰਾਜ ਸਿੰਘ ਹੀਰਾ ਨੇ ਆਲ ਇੰਡੀਆ ਰੈਂਕ 4 ਹਾਸਲ ਕੀਤਾ ਹੈ। ਉਹ ਜੂਨ 2026 ਵਿਚ ਸ਼ੁਰੂ ਹੋਣ ਵਾਲੇ 161ਵੇਂ ਕੋਰਸ ਲਈ ਇੰਡੀਅਨ ਮਿਲਟਰੀ ਅਕੈਡਮੀ (INDIAN MILITARY ACADEMY - IMA), ਦੇਹਰਾਦੂਨ ਵਿਚ ਸ਼ਾਮਲ ਹੋਵੇਗਾ। ਇਸ ਤੋਂ ਬਾਅਦ ਉਹ ਭਾਰਤੀ ਥਲ ਸੈਨਾ ਵਿਚ ਅਧਿਕਾਰੀ ਬਣੇਗਾ।
ਪੰਜਾਬ ਦੇ ਰੁਜ਼ਗਾਰ ਉਤਪਾਦਨ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੋਵਾਂ ਕੈਡਿਟਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ, “ਇਹ ਭਾਰਤ ਦੇ ਰੱਖਿਆ ਬਲਾਂ ਦੇ ਭਵਿੱਖੀ ਅਧਿਕਾਰੀ ਬਣਨ ਲਈ ਉਨ੍ਹਾਂ ਦਾ ਸਫ਼ਰ ਸ਼ੁਰੂ ਹੋਣ ਵਾਲਾ ਹੈ। ਮੈਂ ਉਨ੍ਹਾਂ ਨੂੰ ਪੂਰੇ ਸਮਰਪਣ ਅਤੇ ਲਗਨ ਨਾਲ ਆਪਣੀ ਸਿਖਲਾਈ ਪੂਰੀ ਕਰਨ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਪੰਜਾਬ ਨੂੰ ਇਨ੍ਹਾਂ ਹੋਣਹਾਰ ਨੌਜਵਾਨਾਂ ਤੇ ਸੱਚਮੁੱਚ ਮਾਣ ਹੈ।”
ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾ–ਮੁਕਤ) ਅਜੈ ਐਚ. ਚੌਹਾਨ, ਵੀ.ਐੱਸ.ਐੱਮ. ਨੇ ਵੀ ਜਸਨੂਰ ਅਤੇ ਸੁਖਰਾਜ ਨੂੰ ਵਧਾਈ ਦਿੱਤੀ ਅਤੇ ਕਿਹਾ, “ਅਸੀਂ ਐੱਨਡੀਏ-156 ਕੋਰਸ ਦੀ ਮੈਰਿਟ ਸੂਚੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਇਸ ਵਾਰ ਵੀ ਇੱਕ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ।”
ਏਐੱਫਪੀਆਈ ਪੰਜਾਬ ਵਿਚ ਰੱਖਿਆ ਬਲਾਂ ਲਈ ਤਿਆਰੀ ਕਰਨ ਵਾਲੀ ਇੱਕ ਪ੍ਰਮੁੱਖ ਸੰਸਥਾ ਹੈ। ਇਸ ਇੰਸਟੀਚਿਊਟ ਨੇ ਪਿਛਲੇ ਕੁਝ ਸਾਲਾਂ ਵਿਚ ਲਗਾਤਾਰ ਵਧੀਆ ਨਤੀਜੇ ਦਿੱਤੇ ਹਨ ਅਤੇ ਹੁਣ ਤੱਕ ਪੰਜ ਵਾਰ ਆਲ ਇੰਡੀਆ ਟੌਪ ਰੈਂਕ ਹਾਸਲ ਕੀਤਾ ਹੈ। ਇਹ ਸਫਲਤਾ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੱਖਿਆ ਖੇਤਰ ਵਿਚ ਰੁਜ਼ਗਾਰ ਅਤੇ ਸਨਮਾਨਜਨਕ ਕਰੀਅਰ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ।
ਇਸ ਨਾਲ ਪੰਜਾਬ ਦੇ ਹੋਰ ਨੌਜਵਾਨਾਂ ਵਿਚ ਵੀ ਰੱਖਿਆ ਬਲਾਂ ਵਿਚ ਜਾਣ ਦਾ ਉਤਸ਼ਾਹ ਵਧੇਗਾ। ਇਹ ਇੱਕ ਵੱਡਾ ਸੰਦੇਸ਼ ਹੈ ਕਿ ਸਰਕਾਰੀ ਇੰਸਟੀਚਿਊਟਾਂ ਰਾਹੀਂ ਵੀ ਰਾਸ਼ਟਰੀ ਪੱਧਰ ਤੇ ਟਾਪ ਕੀਤਾ ਜਾ ਸਕਦਾ ਹੈ।
ਪੂਰੇ ਪੰਜਾਬ ਵਿਚ ਇਸ ਖ਼ਬਰ ਤੇ ਖੁਸ਼ੀ ਦਾ ਮਾਹੌਲ ਹੈ। ਲੋਕ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਵਧਾਈਆਂ ਦੇ ਰਹੇ ਹਨ ਅਤੇ ਇੰਸਟੀਚਿਊਟ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲਈ ਵੀ ਸ਼ਾਬਾਸ਼ੀ ਦੇ ਰਹੇ ਹਨ। ਇਹ ਪ੍ਰਾਪਤੀ ਪੰਜਾਬ ਲਈ ਗਰਵ ਵਾਲੀ ਘਟਨਾ ਹੈ ਅਤੇ ਇਸ ਨਾਲ ਰੱਖਿਆ ਖੇਤਰ ਵਿਚ ਪੰਜਾਬੀਆਂ ਦਾ ਵਧਦਾ ਦਬਦਬਾ ਸਾਹਮਣੇ ਆਇਆ ਹੈ।


