ਸੱਤ ਸਾਲਾਂ ਦੇ ਬੱਚੇ ਨੂੰ ਹੋਈ ਅਜਿਹੀ ਬਿਮਾਰੀ, ਲੱਗੇਗਾ 27 ਕਰੋੜ ਰੁਪਏ ਦਾ ਟੀਕਾ
ਅਜਿਹੀ ਬਿਮਾਰੀ ਦਾ ਸ਼ਿਕਾਰ ਅਜਨਾਲਾ ਦਾ ਇੱਕ ਸੱਤ ਸਾਲਾ ਬੱਚਾ ਗੁਰਲਾਦਬੀਰ ਹੈ। ਜੋ ਕਿ ਹੁਣ ਬਾਕੀ ਛੋਟੇ ਬੱਚਿਆਂ ਵਾਂਗੂੰ ਖੇਡ ਮੱਲ ਨਹੀਂ ਸਕਦਾ ਅਤੇ ਜਿਸ ਦੇ ਇਲਾਜ ਡਾਕਟਰਾਂ ਨੇ 27 ਕਰੋੜ ਰੁਪਏ ਦਾ ਵਿਲਾਇਤ ਤੋਂ ਮਿਲਣ ਵਾਲਾ ਟੀਕਾ ਲਗਾਉਣ ਦੀ ਸਲਾਹ ਦਿੱਤੀ ਹੈ

By : Makhan shah
ਅੰਮ੍ਰਿਤਸਰ : ਪੰਜਾਬ ਵਿੱਚ ਇੱਕ ਨਵੀਂ ਜਨੈਟਿਕ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ, ਇਹ ਨਾ ਮੁਰਾਦ ਬਿਮਾਰੀ ਛੋਟੇ ਬੱਚਿਆਂ ਨੂੰ ਆਪਣੀ ਚਪੇਟ ਵਿੱਚ ਲੈ ਰਹੀ ਹੈ ਜਿਸ ਨਾਲ ਬੱਚਿਆਂ ਦੇ ਮਸਲਸ ਦੀ ਗਰੋਥ ਹੋਣੀ ਬੰਦ ਹੋ ਜਾਂਦੀ ਹੈ ਅਤੇ ਉਹ ਚੰਗੀ ਤਰ੍ਹਾਂ ਚੱਲ ਫਿਰ ਵੀ ਨਹੀਂ ਸਕਦੇ ਤੇ ਉਹਨਾਂ ਦਾ ਸਰੀਰ ਉਹਨਾਂ ਦਾ ਭਾਰ ਝੱਲਣ ਵਿੱਚ ਅਸਮਰੱਥ ਹੋ ਜਾਂਦਾ ਹੈ। ਅਜਿਹੀ ਬਿਮਾਰੀ ਦਾ ਸ਼ਿਕਾਰ ਅਜਨਾਲਾ ਦਾ ਇੱਕ ਸੱਤ ਸਾਲਾ ਬੱਚਾ ਗੁਰਲਾਦਬੀਰ ਹੈ। ਜੋ ਕਿ ਹੁਣ ਬਾਕੀ ਛੋਟੇ ਬੱਚਿਆਂ ਵਾਂਗੂੰ ਖੇਡ ਮੱਲ ਨਹੀਂ ਸਕਦਾ । ਇਲਾਜ ਲਈ ਡਾਕਟਰਾਂ ਨੇ 27 ਕਰੋੜ ਰੁਪਏ ਦਾ ਵਿਲਾਇਤ ਤੋਂ ਮਿਲਣ ਵਾਲਾ ਟੀਕਾ ਲਗਾਉਣ ਦੀ ਸਲਾਹ ਦਿੱਤੀ ਹੈ ਜੋ ਕਿ ਇਹ ਆਪਣਾ ਸਭ ਕੁਝ ਵੇਚ ਕੇ ਵੀ ਪੂਰਾ ਨਹੀਂ ਕਰ ਸਕਦੇ। ਇਸ ਲਈ ਇਹਨਾਂ ਵੱਲੋਂ ਦਾਨੀ ਸੱਜਣਾਂ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਪੀੜਿਤ ਗੁਰਲਾਦ ਬੀਰ ਸਿੰਘ ਦੇ ਪਿਤਾ ਪਵਨ ਬੀਰ ਸਿੰਘ, ਮਾਤਾ ਸੁਖਜਿੰਦਰ ਕੌਰ, ਦਾਦੀ ਕਿਰਨ ਕੌਰ ਨੇ ਦੱਸਿਆ ਕਿ ਕੁਝ ਚਿਰ ਪਹਿਲਾਂ ਉਹਨਾਂ ਦਾ ਬੱਚਾ ਚੱਲਣ ਫਿਰਨ ਵਿੱਚ ਪਰੇਸ਼ਾਨੀ ਮਹਿਸੂਸ ਕਰਨ ਲੱਗ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਉਸ ਦਾ ਡਾਕਟਰਾਂ ਤੋਂ ਚੈੱਕ ਅਪ ਕਰਾਇਆ ਗਿਆ ਤੇ ਡਾਕਟਰਾਂ ਨੇ ਇਸ ਨੂੰ ਇੱਕ ਸੰਗੀਨ ਬਿਮਾਰੀ ਦੱਸਿਆ। ਜਿਸ ਦਾ ਇਲਾਜ ਅਮਰੀਕਾ ਵਿੱਚ ਹੈ ਅਤੇ ਇਲਾਜ ਲਈ ਕਰੀਬ 27 ਕਰੋੜ ਦਾ ਖਰਚ ਲੱਗੇਗਾ। ਉਹਨਾਂ ਨੇ ਦੇਸ਼ ਵਿਦੇਸ਼ ਵਿੱਚ ਵਸਦੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਉਹਨਾਂ ਦੀ ਬਾਂਹ ਫੜੀ ਜਾਵੇ ਅਤੇ ਉਹਨਾਂ ਦਾ ਬੱਚਾ ਮੁੜ ਪਹਿਲਾਂ ਵਾਂਗੂੰ ਹੋਰਨਾਂ ਬੱਚਿਆਂ ਵਾਂਗ ਹੱਸ ਖੇਡ ਸਕੇ।


