ਪੰਜਾਬ ਸਰਕਾਰ ਮੁੜ ਸ਼ੁਰੂ ਕਰੇਗੀ ਘਰਾਟ, ਵਿਰਾਸਤੀ ਚੱਕੀਆਂ ਲਈ ਟੈਂਡਰ ਆਉਣਗੇ ਛੇਤੀ
ਪੰਜਾਬ 'ਚ ਛੇਤੀ ਹੀ ਘਰਾਟ ਮੁੜ ਚੱਲਣੇ ਸ਼ੁਰੂ ਹੋ ਜਾਣਗੇ। ਭਗਵੰਤ ਸਿੰਘ ਮਾਨ ਸਰਕਾਰ ਇਨ੍ਹਾਂ ਨੂੰ ਮੁੜ–ਸੁਰਜੀਤ ਕਰਨ ਜਾ ਰਹੀ ਹੈ

By : [email protected]
ਪਿੰਡਾਂ 'ਚ ਹੀ ਮਿਲਣਗੇ ਰੋਜ਼ਗਾਰ ਦੇ ਨਵੇਂ ਮੌਕੇ
ਚੰਡੀਗੜ੍ਹ: ਪੰਜਾਬ 'ਚ ਛੇਤੀ ਹੀ ਘਰਾਟ ਮੁੜ ਚੱਲਣੇ ਸ਼ੁਰੂ ਹੋ ਜਾਣਗੇ। ਭਗਵੰਤ ਸਿੰਘ ਮਾਨ ਸਰਕਾਰ ਇਨ੍ਹਾਂ ਨੂੰ ਮੁੜ–ਸੁਰਜੀਤ ਕਰਨ ਜਾ ਰਹੀ ਹੈ। ਕਿਸੇ ਵੇਲੇ ਪੰਜਾਬ 'ਚ ਘਰਾਟ ਬਹੁਤ ਚੱਲਦੇ ਹੁੰਦੇ ਸਨ ਪਰ ਅੱਜ–ਕੱਲ੍ਹ ਇਹ ਲਗਭਗ ਪੂਰੀ ਤਰ੍ਹਾਂ ਲਾਪਤਾ ਹੀ ਚੁੱਕੇ ਹਨ।
ਅਜੋਕੇ ਨੌਜਵਾਨਾਂ ਨੂੰ ਇਸ ਬਾਰੇ ਥੋੜ੍ਹਾ ਸਮਝਾ ਦਿੰਦੇ ਹਾਂ ਕਿ ਆਟਾ ਪੀਹਣ ਵਾਲ਼ੀਆਂ ਚੱਕੀਆਂ ਹੀ ਹੁੰਦੀਆਂ ਹਨ, ਜੋ ਪਾਣੀ ਨਾਲ਼ ਚੱਲਦੀਆਂ ਹਨ। ਇਨ੍ਹਾਂ ਨੂੰ ਜੇ ਵਿਰਾਸਤੀ ਚੱਕੀਆਂ ਆਖ ਲਿਆ ਜਾਵੇ, ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਇਨ੍ਹਾਂ ਚੱਕੀਆਂ ਲਈ ਪੰਜਾਬ ਸਰਕਾਰ ਛੇਤੀ ਹੀ ਟੈਂਡਰ ਪ੍ਰਕਿਰਿਆ ਵੀ ਸ਼ੁਰੂ ਕਰਨ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਮਾਲਵਾ ਇਲਾਕੇ 'ਚ ਹਾਲ਼ੇ ਵੀ 16 ਘਰਾਟ ਮੌਜੂਦ ਹਨ ਪਰ ਉਨ੍ਹਾਂ 'ਚੋਂ ਚੱਲ ਸਿਰਫ਼ ਇੱਕੋ ਰਿਹਾ ਹੈ। ਦਰਅਸਲ, ਸਾਲਾਂ ਬੱਧੀ ਤੋਂ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਹੀ ਨਹੀਂ ਸੀ ਦਿੱਤਾ। ਇਸੇ ਲਈ ਜੇ ਹੁਣ ਇਹ ਘਰਾਟ ਦੋਬਾਰਾ ਸ਼ੁਰੂ ਹੁੰਦੇ ਹਨ, ਤਾਂ ਇਹ ਇੱਕ ਤਰ੍ਹਾਂ ਵਿਰਸੇ ਦੀ ਸੰਭਾਲ਼ ਹੀ ਹੋਵੇਗੀ।
ਇਸ ਤੋਂ ਇਲਾਵਾ ਘਰਾਟ ਨੂੰ ਚਲਾਉਣ ਲਈ ਨਾ ਤਾਂ ਬਿਜਲੀ ਜਾਂ ਡੀਜ਼ਲ ਦੀ ਲੋੜ ਹੀ ਨਹੀਂ ਪੈਂਦੀ। ਇਸ ਕਾਰਣ ਫ਼ਾਲਤੂ ਦੇ ਖ਼ਰਚਿਆਂ ਅਤੇ ਪ੍ਰਦੂਸ਼ਣ ਤੋਂ ਵੀ ਬਚਾਅ ਰਹਿੰਦਾ ਹੈ। ਇਹ ਇੱਕ ਪੂਰੀ ਤਰ੍ਹਾਂ ਵਾਤਾਵਰਣ–ਪੱਖੀ ਮਸ਼ੀਨ ਹੈ, ਜੋ ਪਾਣੀ ਦੇ ਵਹਿਣ ਨਾਲ਼ ਚੱਲਦੀ ਰਹਿੰਦੀ ਹੈ।
ਇੱਕ ਤਾਂ ਪਹਿਲਾਂ ਨਹਿਰੀ ਪਾਣੀਆਂ ਦੀ ਘਾਟ ਬਣੀ ਰਹੀ, ਜਿਸ ਕਰਕੇ ਘਰਾਟ ਚੱਲਣੇ ਬੰਦ ਹੋ ਗਏ ਸਨ। ਫਿਰ ਇਸ ਨੂੰ ਚਲਾਉਣ ਲਈ ਜ਼ਰੂਰੀ ਸਾਜ਼ੋ–ਸਾਮਾਨ ਮਿਲਣਾ ਘਟ ਗਿਆ ਸੀ। ਇਸੇ ਲਈ ਇਹ ਪਣ–ਚੱਕੀਆਂ ਹੌਲ਼ੀ–ਹੌਲ਼ੀ ਬੰਦ ਹੁੰਦੀਆਂ ਗਈਆਂ।
ਸਰਕਾਰ ਦੀ ਯੋਜਨਾ ਇਹ ਹੈ ਕਿ ਜਦੋਂ ਘਰਾਟ ਮੁੜ ਸ਼ੁਰੂ ਹੋਣਗੇ, ਤਾਂ ਪਿੰਡਾਂ 'ਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਨੌਜਵਾਨ ਤੇ ਵੱਡੇ ਸਨਅਤਕਾਰ ਵੀ ਆਪਣੇ ਪੱਧਰ ਉਤੇ ਆਧੁਨਿਕ ਕਿਸਮ ਦੇ ਘਰਾਟ ਚਲਾ ਸਕਣਗੇ। ਇੰਝ ਪਿੰਡਾਂ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਮਿਲ਼ੇਗਾ।
ਮਾਹਿਰਾਂ ਅਨੁਸਾਰ ਘਰਾਟ ਉਤੇ ਕਣਕ ਹੌਲ਼ੀ–ਹੌਲ਼ੀ ਪਿਸਦੀ ਹੈ, ਜਿਸ ਕਾਰਣ ਉਸ ਦੇ ਪੌਸ਼ਟਿਕ ਤੱਤ ਕਾਇਮ ਰਹਿੰਦੇ ਹਨ। ਅਜਿਹਾ ਆਟਾ ਸਰੀਰ ਨੂੰ ਸਿਹਤਮੰਦ ਰੱਖਣ 'ਚ ਸਹਾਈ ਹੁੰਦਾ ਹੈ। ਹੋਰ ਤਾਂ ਹੋਰ, ਘਰਾਟ ਨਾਲ਼ ਪਿਸੇ ਆਟੇ ਦੀ ਰੋਟੀ ਤਿੰਨ ਤੋਂ ਚਾਰ ਦਿਨਾਂ ਤੱਕ ਨਰਮ ਬਣੀ ਰਹਿੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇ ਲੰਮੇ ਸਮੇ਼ ਤੱਕ ਘਰਾਟ 'ਤੇ ਪੀਸੀ ਗਈ ਕਣਕ ਦੇ ਆਟੇ ਦੀਆਂ ਰੋਟੀਆਂ ਖਾਧੀਆਂ ਜਾਣ, ਤਾਂ ਸਿਹਤ ਲੰਮੇ ਸਮੇਂ ਤੱਕ ਤੰਦਰੁਸਤ ਬਣੀ ਰਹਿੰਦੀ ਹੈ।
ਇਸ ਚੱਕੀ ਦੀ ਮਦਦ ਨਾਲ਼ ਵੱਖੋ–ਵੱਖਰੇ ਆਟੇ ਸਹਿਜੇ ਹੀ ਤਿਆਰ ਕੀਤੇ ਜਾ ਸਕਦੇ ਹਨ।


