ਜਥੇਦਾਰ ਅਕਾਲ ਤਖ਼ਤ ਨੂੰ ਇਕਬਾਲ ਸਿੰਘ ਟਿਵਾਣਾ ਦੀ ਵੱਡੀ ਅਪੀਲ
ਦੋਵੇ ਧੜਿਆ ਦਾ ਏਕਾ ਕਰਵਾਉਣ ਤੇ ਭਰਤੀ ਕਰਵਾਉਣ ਦੀ ਪ੍ਰਕਿਰਿਆ ਦੀ ਬਜਾਇ ਸਮੁੱਚੇ ਖਾਲਸਾ ਪੰਥ ਵਿਚ ਵਿਚਰ ਰਹੇ ਸਭ ਧੜਿਆ ਨੂੰ ਇਕ ਕਰਨ ਦੀ ਨਜਰ ਨਾਲ 1920 ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਚੇਹਰੇ ਨੂੰ ਉਜਾਗਰ ਤੇ ਮਜਬੂਤ ਕਰਨ ਹਿੱਤ ਇਸ ਮਹਾਨ ਮੀਰੀ ਪੀਰੀ ਦੇ ਤਖਤ ਤੋ ਕੌਮੀ ਜਿੰਮੇਵਾਰੀਆ ਨਿਭਾਉਣ।”
By : Makhan shah
ਫ਼ਤਹਿਗੜ੍ਹ ਸਾਹਿਬ : “ਇਹ ਬਹੁਤ ਹੀ ਗੰਭੀਰ ਗੱਲ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੇਕਰ ਬਾਦਲ ਤੇ ਬਾਗੀ ਧੜਿਆ ਨੂੰ ਕੌਮ ਜਾਂ ਸ਼੍ਰੋਮਣੀ ਅਕਾਲੀ ਦਲ ਸਮਝਕੇ ਭਰਤੀ ਕਰਵਾਉਣ ਦੀ ਪ੍ਰਕਿਰਿਆ ਦੇ ਅਮਲ ਕਰਵਾਉਦੇ ਹਨ, ਫਿਰ ਤਾਂ ਜਥੇਦਾਰ ਸਾਹਿਬਾਨ ਦੀ ਨਜਰ ਵਿਚ ਇਹ ਦੋਵੇ ਦਾਗੋ ਦਾਗ ਹੋਏ ਧੜਿਆ ਦੇ ਆਗੂ ਹੀ ਪੰਥ ਹਨ। ਜਦਕਿ ਅੱਜ ਖ਼ਾਲਸਾ ਪੰਥ ਦੀ ਕੁੱਲ ਗਿਣਤੀ ਦਾ 85-90% ਹਿੱਸਾ ਇਨ੍ਹਾਂ ਦੋਵੇ ਕੌਮ ਦੇ ਦਾਗੀ ਹੋਏ ਧੜਿਆ ਨੂੰ ਪੂਰਨ ਰੂਪ ਵਿਚ ਦੁਰਕਾਰ ਚੁੱਕਾ ਹੈ। ਜਿਸ ਨੂੰ ਬੀਤੇ ਸਮੇ ਵਿਚ ਹੋਈਆ ਤਿੰਨੇ ਜਮਹੂਰੀ ਚੋਣਾਂ ਦੇ ਨਤੀਜਿਆ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਅਤੇ ਜਥੇਦਾਰ ਸਾਹਿਬਾਨ ਵੱਲੋ ਉਪਰੋਕਤ 2 ਧੜਿਆ ਨੂੰ ਇਕੱਤਰ ਕਰਕੇ ਭਰਤੀ ਸੁਰੂ ਕਰਵਾਉਦੇ ਦੇ ਹੁਕਮ ਤੇ ਅਮਲ ਤਾਂ ਖ਼ਾਲਸਾ ਪੰਥ ਦਾ ਕੁਝ ਵੀ ਨਹੀ ਸਵਾਰਦੇ।
ਜੇਕਰ ਸਮੁੱਚੇ ਖ਼ਾਲਸਾ ਪੰਥ ਪੰਜਾਬ ਤੇ ਸਿੱਖ ਕੌਮ ਨੂੰ ਦਰਪੇਸ ਆ ਰਹੇ ਸਭ ਮਸਲਿਆ ਦਾ ਹੱਲ ਕਰਨ ਦੀ ਇੱਛਾ ਸ਼ਕਤੀ ਤੇ ਤਾਂਘ ਹੈ, ਫਿਰ ਜਥੇਦਾਰ ਸਾਹਿਬਾਨ ਨੂੰ ਕੌਮ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਚਾਹੀਦਾ ਹੈ ਕਿ ਉਹ ਦਾਗੋ ਦਾਗ ਹੋਏ ਦੋਵੇ ਧੜਿਆ ਦਾ ਏਕਾ ਕਰਵਾਉਣ ਤੇ ਭਰਤੀ ਕਰਵਾਉਣ ਦੀ ਪ੍ਰਕਿਰਿਆ ਦੀ ਬਜਾਇ ਸਮੁੱਚੇ ਖਾਲਸਾ ਪੰਥ ਵਿਚ ਵਿਚਰ ਰਹੇ ਸਭ ਧੜਿਆ ਨੂੰ ਇਕ ਕਰਨ ਦੀ ਨਜਰ ਨਾਲ 1920 ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਚੇਹਰੇ ਨੂੰ ਉਜਾਗਰ ਤੇ ਮਜਬੂਤ ਕਰਨ ਹਿੱਤ ਇਸ ਮਹਾਨ ਮੀਰੀ ਪੀਰੀ ਦੇ ਤਖਤ ਤੋ ਕੌਮੀ ਜਿੰਮੇਵਾਰੀਆ ਨਿਭਾਉਣ।”
ਇਹ ਸੰਜੀਦਾ ਤੇ ਖਾਲਸਾ ਪੰਥ ਪੱਖੀ ਅਪੀਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਸਮੂਹਿਕ ਤੌਰ ਤੇ ਗੁਹਾਰ ਲਗਾਉਦੇ ਹੋਏ ਕੀਤੀ। ਉਨ੍ਹਾਂ ਕਿਹਾ ਕਿ ਜੋ ਬਾਦਲ ਦਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਬਣਾਈ ਗਈ 7 ਮੈਬਰੀ ਭਰਤੀ ਕਮੇਟੀ ਨੂੰ ਰੱਦ ਕਰਕੇ ਆਪਣੇ ਤੌਰ ਤੇ ਆਪਣੀ ਹੀ ਇੱਛਾ ਅਨੁਸਾਰ ਕਮੇਟੀ ਬਣਾਕੇ ਭਰਤੀ ਕਰਨ ਦਾ ਪ੍ਰੋਗਰਾਮ ਬਣਾਇਆ ਹੈ, ਅਜਿਹੇ ਅਮਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਘੋਰ ਉਲੰਘਣਾਂ ਕਰਨ ਦੇ ਨਾਲ-ਨਾਲ ਹੁਕਮਰਾਨਾਂ ਦੀ ਇੱਛਾ ਪੂਰਤੀ ਕਰਦੇ ਹੋਏ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਵਾਲੀਆਂ ਖਾਲਸਾ ਪੰਥ, ਪੰਜਾਬ ਸੂਬੇ ਅਤੇ ਪੰਜਾਬ ਵਿਰੋਧੀ ਕਾਰਵਾਈਆਂ ਹੀ ਹਨ।
ਦੂਸਰਾ ਜੋ ਜਥੇਦਾਰ ਸਾਹਿਬਾਨ ਨੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੁਕਮ ਕਰਦੇ ਹੋਏ ਸ. ਸੁਖਬੀਰ ਸਿੰਘ ਬਾਦਲ, ਬਾਦਲ ਦਲ ਦੇ ਵਰਕਿੰਗ ਕਮੇਟੀ ਦੇ ਆਗੂਆਂ ਅਤੇ ਬਾਗੀ ਸੁਧਾਰ ਦਲ ਦੇ ਦੋਸ਼ੀ ਆਗੂਆਂ ਲਈ ਲਿਖਤੀ ਰੂਪ ਵਿਚ ਇਹ ਦਰਜ ਕਰਕੇ ‘ਇਹ ਦੋਵੇ ਧੜਿਆਂ ਦੇ ਕੌਮ ਦੇ ਆਪਣੀਆ ਬਜਰ ਗਲਤੀਆਂ ਦੀ ਬਦੌਲਤ ਦੋਸ਼ੀ ਸਾਬਤ ਹੋ ਚੁੱਕੇ ਆਗੂਆਂ ਨੂੰ ਹੁਣ ਕਿਸੇ ਤਰ੍ਹਾਂ ਦਾ ਕੌਮ ਦੀ ਧਾਰਮਿਕ ਤੇ ਰਾਜਨੀਤਿਕ ਅਗਵਾਈ ਕਰਨ ਦਾ ਹੱਕ ਬਾਕੀ ਨਹੀ ਰਹਿ ਗਿਆ ਅਤੇ ਇਹ ਸਭ ਆਗੂ ਆਪੋ ਆਪਣੇ ਅਸਤੀਫੇ ਦੇ ਕੇ ਆਮ ਸਿੱਖਾਂ ਦੀ ਤਰ੍ਹਾਂ ਵਿਚਰਣਗੇ’ ਸਪੱਸਟ ਕਰ ਦਿੱਤਾ ਸੀ, ਫਿਰ ਭਰਤੀ ਪ੍ਰਕਿਰਿਆ ਸੁਰੂ ਕਰਵਾਉਣ ਅਤੇ ਇਨ੍ਹਾਂ ਦਾਗੀਆਂ ਵਿਚੋ ਹੀ ਫਿਰ ਆਤਮਿਕ ਤੇ ਰਾਜਨੀਤਿਕ ਤੌਰ ਤੇ ਖਤਮ ਹੋ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਜੀਵਤ ਕਰਨ ਦੀ ਕੋਈ ਦਲੀਲ-ਅਪੀਲ ਨਹੀ ਸੀ ਬਚਦੀ।
ਬੇਸੱਕ ਸੁਧਾਰ ਲਹਿਰ ਵਾਲਿਆ ਨੇ ਆਪੋ ਆਪਣੇ ਅਸਤੀਫੇ ਦੇ ਕੇ ਤੇ ਆਪਣੇ ਧੜੇ ਨੂੰ ਭੰਗ ਕਰਕੇ ਹੁਕਮਨਾਮੇ ਨੂੰ ਪੂਰਨ ਕਰ ਦਿੱਤਾ ਸੀ, ਪਰ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੰਮ ਕਰ ਰਹੇ ਬਾਦਲ ਧੜੇ ਦੇ ਦੋਸ਼ੀ ਆਗੂਆਂ ਵਿਚੋ ਕਿਸੇ ਨੇ ਵੀ ਅਸਤੀਫਾ ਨਾ ਦੇ ਕੇ ਅਤੇ ਵਰਕਿੰਗ ਕਮੇਟੀ ਵਿਚ ਪ੍ਰਵਾਨ ਨਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੋਏ ਹੁਕਮਾਂ ਦੀ ਅਵੱਗਿਆ ਹੀ ਨਹੀ ਕੀਤੀ ਬਲਕਿ ਗੈਰ ਸਿਧਾਤਿਕ ਤਰੀਕੇ ਅਪ੍ਰਵਾਨਿਤ ਭਰਤੀ ਕਮੇਟੀ ਦਾ ਐਲਾਨ ਕਰਕੇ ਭਰਤੀ ਸੁਰੂ ਕਰਨ ਦੀ ਪ੍ਰਕਿਰਿਆ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਇਨ੍ਹਾਂ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ-ਸਨਮਾਨ, ਉੱਚ ਮਰਿਯਾਦਾਵਾ ਅਤੇ ਕੌਮੀ ਨਿਯਮਾਂ ਨਾਲ ਕੋਈ ਸਰੋਕਾਰ ਨਹੀ।
ਕੇਵਲ ਤੇ ਕੇਵਲ ਆਪਣੇ ਸਿਆਸੀ ਸਵਾਰਥਾਂ ਭਰੀ ਸਿਆਸੀ ਦੁਕਾਨ ਨੂੰ ਚੱਲਦਾ ਰੱਖਣ ਲਈ, ਦੀ ਲੰਮੇ ਸਮੇ ਤੋ ਧਰਮ ਦੀ ਦੁਰਵਰਤੋ ਕਰਨ ਦੇ ਅਮਲਾਂ ਨੂੰ ਉਸੇ ਤਰ੍ਹਾਂ ਖੁੱਲ੍ਹ ਚਾਹੁੰਦੇ ਹਨ, ਜਿਵੇ ਹੁਣ ਤੱਕ ਸਿਆਸੀ ਤਾਕਤ ਦੇ ਨਸੇ ਵਿਚ ਕਰਦੇ ਆਏ ਹਨ। ਇਸ ਸੋਚ ਦੇ ਗੁਲਾਮ ਬਣੇ ਇਨ੍ਹਾਂ ਦਿਸ਼ਾਹੀਣ ਗੈਰ-ਸਿਧਾਤਿਕ ਲੀਡਰਸਿਪ ਨੇ ਮਾਘੀ ਮੌਕੇ ਉਤੇ ਪਹੁੰਚਣ ਵਾਲੀਆ ਸੰਗਤਾਂ ਨੂੰ ਇਹ ਆਦੇਸ ਦੇ ਕੇ ਕਿ ਸਭ ਪਹਿਲਾ ਪੰਡਾਲ ਵਿਚ ਆਇਓ, ਫਿਰ ਟੁੱਟੀ ਗੰਢੀ ਦੇ ਮਹਾਨ ਅਸਥਾਂਨ ਨੂੰ ਨਤਮਸਤਕ ਹੋਇਓ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਨ੍ਹਾਂ ਲਈ ਗੈਰ ਸਿਧਾਤਿਕ ਸਿਆਸਤ ਪਹਿਲੇ ਨੰਬਰ ਤੇ ਹੈ ਅਤੇ ਧਾਰਮਿਕ ਉੱਚ ਮਰਿਯਾਦਾਵਾ ਤੇ ਅਸੂਲ ਦੂਜੇ ਨੰਬਰ ਤੇ ਹਨ । ਜਦਕਿ ਮੀਰੀ-ਪੀਰੀ ਤਖਤ ਦੇ ਮਹਾਨ ਸਿਧਾਂਤ ਸਾਨੂੰ ਧਰਮ ਨੂੰ ਪਹਿਲੇ ਨੰਬਰ ਤੇ ਅਤੇ ਸਿਆਸਤ ਨੂੰ ਦੂਜੇ ਨੰਬਰ ਤੇ ਰੱਖਣ, ਸਿਆਸਤ ਉਤੇ ਧਰਮ ਦੇ ਮਜਬੂਤ ਕੁੰਡੇ ਦੀ ਪਕੜ ਨੂੰ ਕਾਇਮ ਰੱਖਣ ਦਾ ਹੁਕਮ ਕਰਦੇ ਹਨ।
ਇਸ ਲਈ ਇਹ ਲੋਕ ਉਲਟੀ ਗੰਗਾ ਵਹਾਉਣ ਦੀ ਅਸਫਲ ਕੋਸਿਸ ਕਰ ਰਹੇ ਹਨ। ਇਸ ਲਈ ਖਾਲਸਾ ਪੰਥ ਦੀ ਕੌਮਾਂਤਰੀ ਪੱਧਰ ਦੀ ਸ਼ਾਨ ਸੌਂਕਤ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਦੇ ਵੱਡਮੁੱਲੇ ਵਿਲੱਖਣ ਦੁਨੀਆ ਭਰ ਦੀਆਂ ਕੌਮਾਂ ਨੂੰ ਹੈਰਾਨ ਤੇ ਫਖ਼ਰ ਕਰਨ ਵਾਲੇ ਸਿਧਾਂਤ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਖਾਲਸਾ ਪੰਥ ਲਈ ਇਹ ਜਰੂਰੀ ਹੈ ਕਿ ਉਹ ਆਉਣ ਵਾਲੇ ਸਮੇ ਵਿਚ ਅਜਿਹੇ ਗੈਰ ਸਿਧਾਂਤਿਕ ਸਵਾਰਥੀ ਸਿੱਖ ਲੀਡਰਸਿਪ ਨੂੰ ਕੌਮੀ ਪਲੇਟਫਾਰਮ ਤੋ ਸਦਾ ਲਈ ਵਿਰਵੇ ਕਰਨ ਹਿੱਤ ਅਤੇ ਕੌਮ ਪੱਖੀ ਦ੍ਰਿੜ ਇਰਾਦੇ ਵਾਲੀ ਸਿਧਾਤਾਂ ਤੇ ਪਹਿਰਾ ਦੇਣ ਵਾਲੀ ਸਿੱਖ ਲੀਡਰਸਿਪ ਨੂੰ ਅੱਗੇ ਲਿਆਉਣ ਲਈ ਆਪੋ ਆਪਣੇ ਪ੍ਰਚਾਰ ਤੇ ਪ੍ਰਸਾਰ ਸਾਧਨਾਂ ਰਾਹੀ ਇਸ ਸੱਚੀ ਆਵਾਜ ਨੂੰ ਸੰਸਾਰ ਪੱਧਰ ਤੇ ਉਜਾਗਰ ਕਰਦੇ ਹੋਏ, ਸੁਹਿਰਦ ਲੀਡਰਸਿਪ ਨੂੰ ਇਕਮੰਚ ਤੇ ਇਕੱਠੀ ਕਰਨ ਤੇ ਮੀਰੀ-ਪੀਰੀ ਦੇ ਸਿਧਾਂਤ ਤੇ ਤਖਤ ਦੀ ਅਗਵਾਈ ਹੇਠ ਚੱਲਣ ਲਈ ਮਜਬੂਰ ਕਰ ਸਕਣ ਤਾਂ ਅਸੀ ਇਸ ਦੁਨਿਆਵੀ ਮਿਲੇ ਸਵਾਸਾਂ ਨੂੰ ਪੂਰਨ ਕਰਨ ਤੋ ਪਹਿਲੇ-ਪਹਿਲੇ ਆਪਣੀ ਕੌਮੀ ਤੇ ਇਨਸਾਨੀਅਤ ਪੱਖੀ ਜਿੰਮੇਵਾਰੀ ਨੂੰ ਪੂਰਨ ਕਰਕੇ ਉਸ ਅਕਾਲ ਪੁਰਖ ਦੀ ਕਚਹਿਰੀ ਵਿਚ ਪੇਸ਼ ਹੋਣ ਦੇ ਕਾਬਲ ਬਣ ਸਕਾਂਗੇ।