ਕਬੂਤਰਾਂ ਨੂੰ ਦਾਣਾ ਪਾਇਆ ਤਾਂ ਜਾਣਾ ਪਊ ਜੇਲ੍ਹ! ਅਦਾਲਤ ਨੇ ਜਾਰੀ ਕੀਤੇ ਆਦੇਸ਼
ਕਬੂਤਰਾਂ ਨੂੰ ਦਾਣਾ ਪਾਉਣ ਵਾਲਿਆਂ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਹੁਣ ਜੋ ਕੋਈ ਵੀ ਕਬੂਤਰਾਂ ਦੇ ਝੁੰਡ ਨੂੰ ਦਾਣੇ ਪਾਏਗਾ, ਉਸ ਦੇ ਖ਼ਿਲਾਫ਼ ਐਫਆਰਆਈ ਦਰਜ ਕੀਤੀ ਜਾਵੇਗੀ।

By : Makhan shah
ਮੁੰਬਈ : ਕਬੂਤਰਾਂ ਨੂੰ ਦਾਣਾ ਪਾਉਣ ਵਾਲਿਆਂ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਹੁਣ ਜੋ ਕੋਈ ਵੀ ਕਬੂਤਰਾਂ ਦੇ ਝੁੰਡ ਨੂੰ ਦਾਣੇ ਪਾਏਗਾ, ਉਸ ਦੇ ਖ਼ਿਲਾਫ਼ ਐਫਆਰਆਈ ਦਰਜ ਕੀਤੀ ਜਾਵੇਗੀ। ਅਦਾਲਤ ਦਾ ਕਹਿਣਾ ਏ ਕਿ ਇੰਝ ਕਰਨ ਦੇ ਨਾਲ ਜਨਤਕ ਪਰੇਸ਼ਾਨੀ ਖੜ੍ਹੀ ਹੁੰਦੀ ਐ ਅਤੇ ਲੋਕਾਂ ਦੀ ਸਿਹਤ ਨੂੰ ਵੀ ਖ਼ਤਰਾ ਹੋਣ ਦੀ ਗੱਲ ਆਖੀ ਜਾ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਪੂਰਾ ਮਾਮਲਾ?
ਤੁਸੀਂ ਅਕਸਰ ਹੀ ਸ਼ਹਿਰਾਂ ਦੇ ਚੌਂਕਾਂ ਜਾਂ ਧਾਰਮਿਕ ਅਸਥਾਨਾਂ ਦੇ ਆਸਪਾਸ ਕਬੂਤਰਾਂ ਦੇ ਝੁੰਡ ਬੈਠੇ ਦੇਖੇ ਹੋਣਗੇ, ਜਿਨ੍ਹਾਂ ਨੂੰ ਲੋਕਾਂ ਵੱਲੋਂ ਦਾਣਾ ਪਾਇਆ ਜਾਂਦਾ ਏ,,, ਪਰ ਹੁਣ ਜੋ ਵੀ ਇਨ੍ਹਾਂ ਕਬੂਤਰਾਂ ਦੇ ਝੁੰਡ ਨੂੰ ਦਾਣਾ ਪਾਵੇਗਾ, ਉਸ ਦੇ ਖ਼ਿਲਾਫ ਸਖ਼ਤ ਕਾਰਵਾਈ ਕਰਦਿਆਂ ਐਫਆਈਆਰ ਦਰਜ ਕੀਤੀ ਜਾਵੇਗੀ। ਦਰਅਸਲ ਇਹ ਆਦੇਸ਼ ਬੰਬੇ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਨੇ।
ਯਾਨੀ ਕਿ ਹੁਣ ਬੰਬੇ ਵਾਲੇ ਆਪਣੇ ਸ਼ਹਿਰ ਵਿਚ ਕਬੂਤਰਾਂ ਦੇ ਝੁੰਡ ਨੂੰ ਦਾਣਾ ਨਹੀਂ ਪਾ ਸਕਣਗੇ। ਬੰਬੇ ਹਾਈਕੋਰਟ ਦੇ ਜਸਟਿਸ ਜੀਐਸ ਕੁਲਕਰਨੀ ਅਤੇ ਜਸਟਿਸ ਆਰਿਫ਼ ਡਾਕਟਰ ਦੀ ਬੈਂਚ ਨੇ ਸੁਣਵਾਈ ਦੌਰਾਨ ਇਹ ਵੱਡੀ ਗੱਲ ਆਖੀ। ਪਸ਼ੂ ਪੇ੍ਰਮੀਆਂ ਦੇ ਇਕ ਸੰਗਠਨ ਵੱਲੋਂ ਦਾਇਰ ਅਰਜ਼ੀ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਆਖਿਆ ਕਿ ਇਹ ਮਾਮਲਾ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਏ ਅਤੇ ਇਹ ਸਾਰੀ ਉਮਰ ਦੇ ਲੋਕਾਂ ਦੀ ਸਿਹਤ ਲਈ ਗੰਭੀਰ ਅਤੇ ਸੰਭਾਵਿਤ ਖ਼ਤਰਾ ਹੈ।
ਅਦਾਲਤ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਹੀ ਬੀਐਮਸੀ ਵੱਲੋਂ ਮਹਾਨਗਰ ਖੇਤਰ ਵਿਚ ਕਿਸੇ ਪੁਰਾਣੇ ਕਬੂਤਰਖ਼ਾਨੇ ਨੂੰ ਸੁੱਟਣ ਦੇ ਕੰਮ ’ਤੇ ਰੋਕ ਲਗਾ ਦਿੱਤੀ ਗਈ ਸੀ। ਅਦਾਲਤ ਨੇ ਇਹ ਵੀ ਆਖਿਆ ਸੀ ਕਿ ਇਨ੍ਹਾਂ ਪੰਛੀਆਂ ਨੂੰ ਦਾਣਾ ਪਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ,,, ਪਰ ਲੋਕ ਬਿਨਾਂ ਮਨਜ਼ੂਰੀ ਦੇ ਕਬੂਤਰਖ਼ਾਨਿਆਂ ਵਿਚ ਲਗਾਤਾਰ ਦਾਣਾ ਪਾ ਰਹੇ ਨੇ। ਅਦਾਲਤ ਦਾ ਕਹਿਣਾ ਏ ਕਿ ਜੋ ਲੋਕ ਪਾਬੰਦੀਆਂ ਦੇ ਬਾਵਜੂਦ ਕਬੂਤਰਾਂ ਨੂੰ ਦਾਣਾ ਪਾਉਣਾ ਜਾਰੀ ਰੱਖਦੇ ਨੇ, ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਏ।
ਇਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਵਿਚ ਕਬੂਤਰਾਂ ਨੂੰ ਲੈ ਕੇ ਐਨਜੀਟੀ ਦੀ ਪ੍ਰਿੰਸੀਪਲ ਬੈਂਚ ਨੇ ਪਿਛਲੇ ਮਹੀਨੇ ਸਰਕਾਰ ਅਤੇ ਹੋਰ ਸਬੰਧਤ ਏਜੰਸੀਆਂ ਨੂੰ ਨੋਟਿਸ ਜਾਰੀ ਕੀਤਾ ਸੀ। ਦਰਅਸਲ ਐਨਜੀਟੀ ਵੱਲੋਂ ਇਹ ਨੋਟਿਸ ਇਕ ਵਿਦਿਆਰਥੀ ਦੀ ਅਰਜ਼ੀ ’ਤੇ ਜਾਰੀ ਕੀਤਾ ਗਿਆ ਸੀ, ਜਿਸ ਨੇ ਆਪਣੀ ਅਰਜ਼ੀ ਵਿਚ ਕਿਹਾ ਸੀ ਕਿ ਕਬੂਤਰਾਂ ਨੂੰ ਦਾਣਾ ਖਿਲਾਉਣ ਅਤੇ ਉਨ੍ਹਾਂ ਦੀ ਗਿਣਤੀ ਵਧਣ ਨਾਲ ਦਿੱਲੀ ਐਨਸੀਆਰ ਵਿਚ ਫੁੱਟਪਾਥ ਅਤੇ ਆਵਾਜਾਈ ਸਥਾਨਾਂ ’ਤੇ ਕਬੂਤਰਾਂ ਦੀਆਂ ਬਿੱਠਾਂ ਵਧ ਜਾਂਦੀਆਂ ਨੇ ਅਤੇ ਜਦੋਂ ਇਨ੍ਹਾਂ ਦੇ ਸੁੱਕ ਜਾਣ ’ਤੇ ਝਾੜੂ ਲਗਾਇਆ ਜਾਂਦਾ ਹੈ ਤਾਂ ਇਨ੍ਹਾਂ ਦੇ ਕਣ ਧੂੜ ਦੇ ਨਾਲ ਮਿਲ ਕੇ ਵਾਤਾਵਰਣ ਨੂੰ ਪ੍ਰਦੂਸ਼ਤ ਕਰਦੇ ਨੇ ਜੋ ਸਿਹਤ ’ਤੇ ਬੁਰਾ ਪ੍ਰਭਾਵ ਪਾਉਂਦੇ ਨੇ। ਇਸ ਨਾਲ ਫੇਫੜਿਆਂ ਦੀਆਂ ਹਾਈਪਰ ਸੈਂਸਟੀਵਿਟੀ ਨਿਊਮੋਨਾਈਟਸ ਅਤੇ ਸਾਹ ਲੈਣ ਵਿਚ ਦਿੱਕਤ ਵਰਗੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ।
ਕਬੂਤਰਾਂ ਦੀਆਂ ਬਿੱਠਾਂ ਦੇ ਸਿਹਤ ਮਾਹਿਰਾਂ ਵੱਲੋਂ ਵੀ ਮਨੁੱਖੀ ਸਿਹਤ ਲਈ ਖ਼ਤਰਨਾਕ ਪ੍ਰਭਾਵ ਦੱਸੇ ਗਏ ਨੇ। ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਸਾਬਕਾ ਡਾਇਰੈਕਟਰ ਡਾ. ਸੁਭਾਸ਼ ਗਿਰੀ ਦਾ ਕਹਿਣਾ ਏ ਕਿ ਕਬੂਤਰ ਦੀ ਬਿੱਠ ਦੇ ਸੰਪਰਕ ਵਿਚ ਆਉਣ ਨਾਲ ਇਨਸਾਨ ਹੋਣ ਵਾਲੇ ਖ਼ਤਰੇ ਉਦੋਂ ਵੱਧ ਹੁੰਦੇ ਨੇ ਜਦੋਂ ਕਬੂਤਰਾਂ ਦੀ ਬਿੱਠ ਸੁੱਕ ਜਾਦੀ ਐ ਅਤੇ ਹਵਾ ਵਿਚ ਫੈਲ ਜਾਂਦੀ ਐ,, ਜੋ ਸਾਹ ਰਾਹੀਂ ਫੇਫੜਿਆਂ ਵਿਚ ਜਾ ਕੇ ਗੰਭੀਰ ਬਿਮਾਰੀਆਂ ਪੈਦਾ ਕਰਦੀ ਐ। ਡਾ. ਸੁਭਾਸ਼ ਗਿਰੀ ਦੇ ਮੁਤਾਬਕ ਕਬੂਤਰਾਂ ਦੀਆਂ ਬਿੱਠਾਂ ਤੋਂ ਕਈ ਬਿਮਾਰੀਆਂ ਹੁੰਦੀਆਂ ਨੇ, ਜਿਵੇਂ ਕਿ
ਹਿਸਟੋਪਲਾਜ਼ਮੋਸਿਸ : ਇਹ ਫੰਗਸ ਦੇ ਬੀਜਾਣੂਆਂ ਨੂੰ ਸਾਹ ਦੇ ਜ਼ਰੀਏ ਅੰਦਰ ਲੈਣ ਨਾਲ ਹੋਣ ਵਾਲਾ ਰੋਗ ਐ ਜੋ ਪੰਛੀਆਂ ਦੇ ਮਲ ਜਾਂ ਫਿਰ ਬਿੱਠਾਂ ਨਾਲ ਦੂਸ਼ਿਤ ਮਿੱਟੀ ਵਿਚ ਪਾਇਆ ਜਾ ਸਕਦਾ ਹੈ।
ਦੂਜਾ ਹੈ ਕ੍ਰਿਪਟੋਕਾਕੋਸਿਸ : ਇਹ ਨਿਓਫਾਰਮੇਸ ਦੇ ਕਾਰਨ ਹੋਣ ਵਾਲਾ ਇਕ ਫੰਗਲ ਇੰਫੈਕਸ਼ਨ ਐ,, ਜੋ ਕਬੂਤਰਾਂ ਦੀ ਬਿੱਠ ਵਿਚ ਪਾਇਆ ਜਾਂਦਾ ਹੈ। ਇਹ ਮੁੱਖ ਤੌਰ ’ਤੇ ਕਮਜ਼ੋਰ ਇਮਿਊਨ ਸਿਸਟਮ ਅਤੇ ਸੈਕੰਡਰੀ ਇੰਫੈਕਸ਼ਨ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਤੀਜਾ ਹੈ ਸਿਟਾਕੋਸਿਸ : ਇਹ ਕਲੈਮਾਈਡੋਫਿਲਾ ਦੇ ਕਾਰਨ ਹੋਣ ਵਾਲਾ ਇਕ ਜੀਵਾਣੂ ਇੰਫੈਕਸ਼ਨ ਐ ਜੋ ਇੰਫੈਕਟਡ ਪੰਛੀਆਂ ਦੀ ਬਿੱਠ ਤੋਂ ਦੂਸ਼ਿਤ ਧੂੜ ਨੂੰ ਸਾਹ ਦੇ ਜ਼ਰੀਏ ਅੰਦਰ ਲੈਣ ਨਾਲ ਫੈਲ ਸਕਦਾ ਹੈ।
ਸੋ ਸਿਹਤ ਮਾਹਿਰਾਂ ਦਾ ਕਹਿਣਾ ਏ ਕਿ ਲੋਕਾਂ ਨੂੰ ਕਬੂਤਰਾਂ ਦੀਆਂ ਬਿੱਠਾਂ ਨਾਲ ਜੁੜੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਏ ਅਤੇ ਸਰਕਾਰ ਨੂੰ ਇਸ ਸਬੰਧੀ ਸਖ਼ਤ ਨਿਯਮ ਲਾਗੂ ਕਰਨੇ ਚਾਹੀਦੇ ਨੇ ਤਾਂ ਜੋ ਪੰਛੀਆਂ ਨੂੰ ਸਿਰਫ਼ ਤੈਅ ਕੀਤੇ ਗਏ ਦੂਰ ਦੁਰਾਡੇ ਇਲਾਕਿਆਂ ਵਿਚ ਹੀ ਦਾਣਾ ਖੁਆਇਆ ਜਾਵੇ।
ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


