ਕੀ ਜਥੇਦਾਰ ਕਾਉਂਕੇ ’ਤੇ ਹੋਇਆ ਜ਼ੁਲਮ ਭੁੱਲ ਗਈ ਸਿੱਖ ਕੌਮ?
ਇਕ ਜਨਵਰੀ ਨੂੰ ਭਾਵੇਂ ਸਾਰੇ ਲੋਕਾਂ ਵੱਲੋਂ ਇਕ ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਜਾਂਦੀਆਂ ਨੇ ਪਰ 31 ਸਾਲ ਪਹਿਲਾਂ ਇਕ ਜਨਵਰੀ 1993 ਨੂੰ ਪੰਜਾਬ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਪੂਰੀ ਸਿੱਖ ਕੌਮ ਵਿਚ ਤਰਥੱਲੀ ਮਚਾ ਕੇ ਰੱਖ ਦਿੱਤੀ ਸੀ,,, ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕਥਿਤ ਤੌਰ ’ਤੇ ਪੁਲਿਸ ਹਿਰਾਸਤ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
By : Makhan shah
ਚੰਡੀਗੜ੍ਹ : ਇਕ ਜਨਵਰੀ ਨੂੰ ਭਾਵੇਂ ਸਾਰੇ ਲੋਕਾਂ ਵੱਲੋਂ ਇਕ ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਜਾਂਦੀਆਂ ਨੇ ਪਰ 31 ਸਾਲ ਪਹਿਲਾਂ ਇਕ ਜਨਵਰੀ 1993 ਨੂੰ ਪੰਜਾਬ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਪੂਰੀ ਸਿੱਖ ਕੌਮ ਵਿਚ ਤਰਥੱਲੀ ਮਚਾ ਕੇ ਰੱਖ ਦਿੱਤੀ ਸੀ,,, ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕਥਿਤ ਤੌਰ ’ਤੇ ਪੁਲਿਸ ਹਿਰਾਸਤ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਉਨ੍ਹਾਂ ਨੂੰ ਸੰਨ 1986 ਵਿਚ ਹੋਏ ਸਰਬੱਤ ਖ਼ਾਲਸਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਗਾਇਆ ਗਿਆ ਸੀ ਪਰ ਦਸੰਬਰ 1992 ਵਿਚ ਜਗਰਾਓਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ,, ਇਸ ਤੋਂ ਬਾਅਦ ਉਨ੍ਹਾਂ ਦੀ ਲਾਸ਼ ਤੱਕ ਨਹੀਂ ਮਿਲ ਸਕੀ। ਪਿਛਲੇ ਸਾਲ ਦਸੰਬਰ 2023 ਵਿਚ ਉਨ੍ਹਾਂ ਦੀ ਪੁਲਿਸ ਹਿਰਾਸਤ ਦੌਰਾਨ ਹੋਈ ਮੌਤ ਬਾਰੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਰਿਪੋਰਟ ਜਨਤਕ ਹੋਣ ਤੋਂ ਬਾਅਦ ਅਕਾਲੀ ਲੀਡਰਸ਼ਿਪ ’ਤੇ ਕਈ ਵੱਡੇ ਸਵਾਲ ਖੜ੍ਹੇ ਹੋਏ ਸੀ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਵਾਪਰੀ ਸੀ ਇਹ ਖ਼ੌਫ਼ਨਾਕ ਘਟਨਾ ਅਤੇ ਇਸ ਨੂੰ ਲੈ ਕੇ ਕੀ ਕਹਿੰਦਾ ਏ ਕਿ ਮਰਹੂਮ ਜਥੇਦਾਰ ਕਾਉਂਕੇ ਦਾ ਪਰਿਵਾਰ।
ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਇਕ ਨਿਧੜਕ ਸਿੱਖ ਆਗੂ ਸਨ, ਜਿਨ੍ਹਾਂ ਨੂੰ 1986 ਵਿਚ ਹੋਏ ਸਰਬੱਤ ਖ਼ਾਲਸਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੇਵਾ ਦਿੱਤੀ ਗਈ ਸੀ। ਜਥੇਦਾਰ ਕਾਉਂਕੇ ਦੇ ਪਰਿਵਾਰ ਮੁਤਾਬਕ ਦਸੰਬਰ 1992 ਵਿਚ ਜਗਰਾਓਂ ਪੁਲਿਸ ਨੇ ਉਨ੍ਹਾਂ ਨੂੰ ਇਕ ਝੂਠੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ, ਇਸ ਦੌਰਾਨ ਉਨ੍ਹਾਂ ’ਤੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਕਿ ਉਹ ਤੁਰਨ ਦੇ ਲਾਇਕ ਵੀ ਨਹੀਂ ਰਹੇ,, ਪਰ ਇਸੇ ਦੌਰਾਨ 1 ਜਨਵਰੀ 1993 ਨੂੰ ਉਨ੍ਹਾਂ ਦੀ ਮੌਤ ਹੋ ਗਈ ਜਦਕਿ ਪੁਲਿਸ ਨੇ ਕਹਾਣੀ ਇਹ ਸੁਣਾਈ ਕਿ ਉਹ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋ ਗਏ। ਮਰਹੂਮ ਜਥੇਦਾਰ ਕਾਉਂਕੇ ਦੇ ਸਪੁੱਤਰ ਹਰੀ ਸਿੰਘ ਕਾਉਂਕੇ ਦਾ ਕਹਿਣਾ ਏ ਕਿ ਉਹ ਕੌਮ ਦੇ ਜਥੇਦਾਰ ਸਨ, ਕੋਈ ਭਗੌੜੇ ਨਹੀਂ।
ਜਿਸ ਸਮੇਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਨਾਲ ਇਹ ਭਾਣਾ ਵਾਪਰਿਆ, ਉਸ ਸਮੇਂ ਉਨ੍ਹਾਂ ਦੇ ਪੁੱਤਰ ਹਰੀ ਸਿੰਘ ਮਹਿਜ਼ 15 ਸਾਲਾਂ ਦੇ ਸਨ। ਹਰੀ ਸਿੰਘ ਨੇ ਭਰੇ ਮਨ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰਾਂ ਨੇ ਸਾਡੀ ਮਦਦ ਤਾਂ ਕੀ ਕਰਨੀ ਸੀ, ਸਗੋਂ ਸਾਨੂੰ ਹਰ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਅਸੀਂ ਕੋਈ ਕਾਨੂੰਨੀ ਲੜਾਈ ਨਾ ਲੜ ਸਕੀਏ,, ਉਨ੍ਹਾਂ ਦੱਸਿਆ ਕਿ ਉਸ ’ਤੇ ਬੰਬ ਧਮਾਕੇ ਦਾ ਕੇਸ ਵੀ ਪਾ ਦਿੱਤਾ ਗਿਆ, ਜਦਕਿ ਉਸ ਦਿਨ ਉਹ ਸਕੂਲ ਵਿਚ ਵੀ ਹਾਜ਼ਰ ਸੀ। ਹਾਲਾਂਕਿ ਬਾਅਦ ਵਿਚ ਉਹ ਇਸ ਕੇਸ ਵਿਚੋਂ ਬਰੀ ਹੋ ਗਏ ਸੀ।
ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ’ਤੇ ਪੁਲਿਸ ਨੇ ਇੰਨਾ ਜ਼ੁਲਮ ਢਾਇਆ ਕਿ ਉਨ੍ਹਾਂ ਦੀਆਂ ਡੰਡੇ ਮਾਰ ਮਾਰ ਕੇ ਲੱਤਾਂ ਤੋੜ ਦਿੱਤੀਆਂ ਗਈਆਂ, ਉਨ੍ਹਾਂ ਦੀ ਇਕ ਅੱਖ ਭੰਨ ਦਿੱਤੀ ਗਈ। ਉਨ੍ਹਾਂ ’ਤੇ ਹੋਏ ਜ਼ੁਲਮ ਕੀ ਕਹਾਣੀ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਉਠਦੀ ਐ। ਉਨ੍ਹਾਂ ਦੇ ਸਪੁੱਤਰ ਹਰੀ ਸਿੰਘ ਦਾ ਕਹਿਣਾ ਏ ਕਿ ਉਹ ਛੋਟੇ ਹੁੰਦੇ ਸੀ ਪਰ ਆਪਣੀ ਮਾਤਾ ਦੇ ਨਾਲ ਥਾਣੇ ਵਿਚ ਪਿਤਾ ਦੀ ਖ਼ਬਰ ਲੈਣ ਜਾਂਦੇ ਰਹਿੰਦੇ ਸੀ, ਉਨ੍ਹਾਂ ਨੂੰ ਮਿਲਣ ਤੱਕ ਨਹੀਂ ਸੀ ਦਿੱਤਾ ਜਾਂਦਾ। ਇਕ ਵਾਰ ਉਹ ਆਪਣੇ ਪਿਤਾ ਨੂੰ ਬਿਸਤਰਾ ਦੇਣ ਲਈ ਗਏ ਪਰ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਉਹ ਬਿਸਤਰਾ ਪੁਲਿਸ ਨੇ ਓਵੇਂ ਜਿਵੇਂ ਮੋੜ ਦਿੱਤਾ, ਜਿਸ ਤੋਂ ਸਾਫ਼ ਪਤਾ ਚਲਦਾ ਸੀ ਕਿ ਉਹ ਬਿਸਤਰਾ ਉਨ੍ਹਾਂ ਨੂੰ ਦਿੱਤਾ ਹੀ ਨਹੀਂ ਗਿਆ ਸੀ।
ਅੱਜ ਵੀ ਜਦੋਂ ਪਰਿਵਾਰ ਪੁਲਿਸ ਦੇ ਉਸ ਤਸ਼ੱਦਦ ਨੂੰ ਯਾਦ ਕਰਦਾ ਏ ਤਾਂ ਉਨ੍ਹਾਂ ਦੀਆਂ ਭੁੱਬਾਂ ਨਿਕਲ ਜਾਂਦੀਆਂ ਨੇ। ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਧਰਮ ਪਤਨੀ ਗੁਰਮੇਲ ਕੌਰ ਉਸ ਮਨਹੂਸ ਘੜੀ ਨੂੰ ਯਾਦ ਕਰਦਿਆ ਕਹਿੰਦੇ ਨੇ ਕਿ 20 ਦਸੰਬਰ 1992 ਨੂੰ ਉਨ੍ਹਾਂ ਦੇ ਦੋਹਤੇ ਦੀ ਮੌਤ ਹੋ ਗਈ ਸੀ ਅਤੇ ਉਸੇ ਦਿਨ ਪੁਲਿਸ ਜਥੇਦਾਰ ਸਾਹਿਬ ਨੂੰ ਚੁੱਕ ਕੇ ਲੈ ਗਈ ਸੀ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਉਹ ਪਿੰਡ ਦੇ ਕੁੱਝ ਮੋਹਤਬਰਾਂ ਨੂੰ ਲੈ ਕੇ ਜਗਰਾਓਂ ਥਾਣੇ ਗਈ ਸੀ, ਪੁਲਿਸ ਨੂੰ ਦੋਹਤੇ ਦੀ ਮੌਤ ਬਾਰੇ ਦੱਸਿਆ ਪਰ ਪੁਲਿਸ ਨੇ ਜਥੇਦਾਰ ਸਾਹਿਬ ਨੂੰ ਛੱਡ ਦਿੱਤਾ ਪਰ 25 ਦਸੰਬਰ ਨੂੰ ਮੁੜ ਪੁਲਿਸ ਦੀ ਧਾੜ ਉਨ੍ਹਾਂ ਦੇ ਘਰ ਆ ਪੁੱਜੀ। ਜਥੇਦਾਰ ਸਾਹਿਬ ਨੂੰ ਕਥਾ ਕਰਦੇ ਸਮੇਂ ਗੁਰੂ ਘਰ ਵਿਚੋਂ ਹੀ ਚੁੱਕ ਕੇ ਲੈ ਗਈ। ਆਪਣੇ ਪਤੀ ਦੇ ਬੋਲ ਹਾਲੇ ਵੀ ਗੁਰਮੇਲ ਕੌਰ ਦੇ ਕਾਲਜੇ ਨੂੰ ਚੀਰਦੇ ਨੇ, ਜਿਹੜੇ ਉਹ ਆਖ਼ਰੀ ਵਾਰ ਪਰਿਵਾਰ ਨੂੰ ਬੋਲ ਕੇ ਗਏ ਸੀ।
ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੇ ਆਪਣੇ ਪਰਿਵਾਰ ਨੂੰ ਜਾਂਦੇ ਸਮੇਂ ਆਖਿਆ ਕਿ ‘‘ਸਰਕਾਰ ਆਪਣੇ ਆਖ਼ਰੀ ਦਾਅ ’ਤੇ ਉਤਰ ਆਈ ਐ, ਹੁਣ ਪੁਲਿਸ ਵਾਲੇ ਆਪਣੀਆਂ ਹੱਦਾਂ ਪਾਰ ਕਰਨਗੇ ਪਰ ਤੁਸੀਂ ਵਾਹਿਗੁਰੂ ’ਤੇ ਅਟੱਲ ਭਰੋਸਾ ਰੱਖਿਓ।’’ ਵਾਕਈ ਜਥੇਦਾਰ ਕਾਉਂਕੇ ਦੇ ਇਹ ਬੋਲ ਸੱਚ ਸਾਬਤ ਹੋ ਗਏ,, ਉਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਜਦੋਂ ਪਰਿਵਾਰ ਨੂੰ ਉਨ੍ਹਾਂ ਦੀ ਸ਼ਹਾਦਤ ਬਾਰੇ ਪਤਾ ਚੱਲਿਆ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪੁਲਿਸ ਦਾ ਖ਼ੌਫ਼ ਇੰਨਾ ਜ਼ਿਆਦਾ ਸੀ ਕਿ ਕੋਈ ਡਰਦਾ ਮਾਰਾ ਖ਼ਬਰ ਸਾਰ ਲੈਣ ਲਈ ਘਰ ਤੱਕ ਨਹੀਂ ਸੀ ਆਉਂਦਾ। ਗੁਰਮੇਲ ਕੌਰ ਦਾ ਕਹਿਣਾ ਏ ਕਿ ਜਦੋਂ ਪੁਲਿਸ ਉਨ੍ਹਾਂ ਦੇ ਘਰ ਪੁੱਜੀ ਤਾਂ ਉਨ੍ਹਾਂ ਇਕ ਪੁਲਿਸ ਵਾਲੇ ਦੀ ਝਾੜ ਵੀ ਪਾਈ ਕਿ ਤੁਸੀਂ ਹੀ ਤਾਂ ਚੁੱਕ ਕੇ ਲੈ ਗਏ ਸੀ,, ਪਰ ਇਕ ਦੂਜੇ ਪੁਲਿਸ ਵਾਲੇ ਨੇ ਉਸ ਨੂੰ ਪੁਲਿਸ ਵਾਲੇ ਨੂੰ ਉਥੋਂ ਪਿੱਛੇ ਕਰ ਦਿੱਤਾ,, ਕਿਉਂਕਿ ਪੁਲਿਸ ਤਾਂ ਕੁੱਝ ਹੋਰ ਹੀ ਝੂਠੀ ਕਹਾਣੀ ਘੜੀ ਬੈਠੀ ਸੀ।
ਇਸੇ ਤਰ੍ਹਾਂ ਇਸ ਖ਼ੌਫ਼ਨਾਕ ਘਟਨਾ ਦੇ ਚਸ਼ਮਦੀਦ ਦਰਸ਼ਨ ਸਿੰਘ ਹਠੂਰ ਜਦੋਂ ਮਰਹੂਮ ਜਥੇਦਾਰ ਕਾਉਂਕੇ ’ਤੇ ਹੋਏ ਤਸ਼ੱਦਦ ਨੂੰ ਬਿਆਨ ਕਰਦੇ ਨੇ ਤਾਂ ਹਰ ਕਿਸੇ ਦੀ ਰੂਹ ਕੰਬ ਉਠਦੀ ਐ। ਦਰਸ਼ਨ ਸਿੰਘ ਹਠੂਰ ਸਾਬਕਾ ਫ਼ੌਜੀ ਸੀ ਅਤੇ ਫ਼ੌਜ ਵਿਚੋਂ ਰਿਟਾਇਰ ਹੋ ਕੇ ਪੁਲਿਸ ਵਿਚ ਭਰਤੀ ਹੋਏ ਸੀ। ਦਰਸ਼ਨ ਸਿੰਘ ਇਕ ਘਟਨਾ ਨੂੰ ਬਿਆਨ ਕਰਦੇ ਹੋਏ ਆਖਦੇ ਨੇ ਕਿ ਐਸਐਸਪੀ ਸਵਰਨ ਸਿੰਘ ਘੋਟਣਾ ਇੰਨਾ ਜ਼ਾਲਮ ਸੀ ਕਿ ਉਸ ਨੇ ਜਥੇਦਾਰ ਸਾਹਿਬ ਦੇ ਠੁੱਡੇ ਮਾਰੇ ਅਤੇ ਕੋਲ ਪਏ ਹੀਟਰ ਨੂੰ ਵੀ ਲੱਤ ਮਾਰ ਕੇ ਪਰ੍ਹਾਂ ਸੁੱਟ ਦਿੱਤਾ ਸੀ,, ਅਤੇ ਇਹ ਆਖਣ ਲੱਗਾ ਕਿ ਦੇਖਲੋ ਤੁਹਾਡੇ ਜਥੇਦਾਰ ਦਾ ਪਿਸ਼ਾਬ ਨਿਕਲ ਗਿਆ,,, ਕੋਲ ਖੜ੍ਹਾ ਇਕ ਐਸਪੀ ਕਹਿਣ ਲੱਗਿਆ ਕਿ ਪਿਸ਼ਾਬ ਨਹੀਂ ਨਿਕਲਿਆ ਜਨਾਬ,, ਇਹ ਤਾਂ ਖ਼ੂਨ ਨਿਕਲਿਆ ਹੈ। ਇਸ ਮਗਰੋਂ ਜ਼ਾਲਮ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਚੁੱਕ ਕੇ ਕੈਂਟਰ ਵਿਚ ਸੁੱਟ ਦਿੱਤਾ ਅਤੇ ਲੈ ਗਏ।
ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਕੋਈ ਛੋਟੀ ਗੱਲ ਨਹੀਂ ਸੀ ਕਿਉਂਕਿ ਜਿਸ ਸਮੇਂ ਉਨ੍ਹਾਂ ’ਤੇ ਇਹ ਤਸ਼ੱਦਦ ਢਾਹਿਆ ਗਿਆ, ਉਸ ਸਮੇਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਸਨ। ਸਿੱਖ ਵਿਰੋਧੀ ਤਾਕਤਾਂ ਨੂੰ ਉਨ੍ਹਾਂ ਦੀ ਇਕੋ ਗੱਲ ਖਟਕਦੀ ਸੀ ਕਿ ਉਹ ਸਿੱਖਾਂ ਨੂੰ ਗੁਰੂ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਦੇ ਸੀ,, ਸਿੱਖ ਵਿਰੋਧੀ ਤਾਕਤਾਂ ਦੀਆਂ ਚਾਲਾਂ ਤੋਂ ਜਾਣੂ ਕਰਵਾਉਂਦੇ ਸੀ। ਜਥੇਦਾਰ ਗੁਰਦੇਵ ਸਿੰਘ ਕਾਉਂਕੇ ’ਤੇ ਪੁਲਿਸ ਤਸ਼ੱਦਦ ਦੀ ਕਹਾਣੀ ਬਿਆਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਏ ਕਿ ਪੁਲਿਸ ਨੇ ਉਨ੍ਹਾਂ ਦੇ ਨਾਲ ਇੰਨੀ ਕਰੂਰਤਾ ਕੀਤੀ ਕਿ ਕੋਈ ਜਾਨਵਰਾਂ ਦੇ ਨਾਲ ਵੀ ਅਜਿਹਾ ਵਤੀਰਾ ਨਹੀਂ ਕਰਦਾ। ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਏ ਕਿ ਪੁਲਿਸ ਨੇ ਉਨ੍ਹਾਂ ਨੂੰ ਜਾਨੋਂ ਮੁਕਾਉਣ ਤੋਂ ਬਾਅਦ ਉਨ੍ਹਾਂ ਦੇ ਲਾਸ਼ ਦੇ ਟੋਟੋ ਟੋਟੇ ਕੀਤੇ ਅਤੇ ਫਿਰ ਫਰਟੀਲਾਈਜ਼ਰ ਦੀਆਂ ਬੋਰੀਆਂ ਵਿਚ ਪਾ ਕੇ ਸਤਲੁਜ ਵਿਚ ਸੁੱਟ ਕੇ ਮੱਛੀਆਂ ਨੂੰ ਖੁਆ ਦਿੱਤੇ ਸੀ।
ਦੱਸ ਦਈਏ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਭਾਵੇਂ ਸਿੱਖ ਕੌਮ ਦੇ ਜਥੇਦਾਰ ਸਨ ਪਰ ਹਾਲੇ ਤੱਕ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਉਨ੍ਹਾਂ ਦੇ ਸਪੁੱਤਰ ਦਾ ਕਹਿਣਾ ਏ ਕਿ ਉਹ ਆਪਣੇ ਪਿਤਾ ਲਈ ਇਨਸਾਫ਼ ਨਹੀਂ ਮੰਗਦੇ, ਬਲਕਿ ਉਹ ਸਿੱਖ ਕੌਮ ਦੇ ਜਥੇਦਾਰ ਲਈ ਇਨਸਾਫ਼ ਮੰਗਦੇ ਨੇ,,, ਪਰ ਪਤਾ ਨਹੀਂ ਉਹ ਦਿਨ ਕਦੋਂ ਆਵੇਗਾ ਜਦੋਂ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਦਾ ਇਨਸਾਫ਼ ਮਿਲੇਗਾ?