Begin typing your search above and press return to search.

ਅੰਮ੍ਰਿਤਸਰ ਲਾਗਲੇ ਪਿੰਡ ਦੇ ਥਾਣੇ 'ਤੇ 'ਗ੍ਰੇਨੇਡ ਹਮਲਾ', ਦੋ ਸਾਲਾਂ 'ਚ ਵਾਪਰ ਚੁੱਕੀਆਂ ਅਜਿਹੀਆਂ 15 ਵਾਰਦਾਤਾਂ

ਅੱਜ ਸੋਮਵਾਰ ਨੂੰ ਅੰਮ੍ਰਿਤਸਰ ਦਿਹਾਤੀ ਦੇ ਸਰਹੱਦੀ ਇਲਾਕੇ ਭਿੰਡੀ ਸੈਦਾਂ ਪੁਲਿਸ ਥਾਣੇ ’ਤੇ ਗ੍ਰੇਨੇਡ ਹਮਲੇ ਦੀ ਘਟਨਾ ਵਾਪਰੀ ਹੈ। ਬਾਈਕ ਉੱਤੇ ਸਵਾਰ ਦੋ ਨੌਜਵਾਨਾਂ ਨੇ ਥਾਣੇ ਦੇ ਪਿਛਲੇ ਗੇਟ ਕੋਲ ਇੱਕ ਜਾਂ ਦੋ ਹੈਂਡ ਗ੍ਰੇਨੇਡ ਸੁੱਟੇ ਅਤੇ ਤੁਰੰਤ ਭੱਜ ਗਏ

ਅੰਮ੍ਰਿਤਸਰ ਲਾਗਲੇ ਪਿੰਡ ਦੇ ਥਾਣੇ ਤੇ ਗ੍ਰੇਨੇਡ ਹਮਲਾ, ਦੋ ਸਾਲਾਂ ਚ ਵਾਪਰ ਚੁੱਕੀਆਂ ਅਜਿਹੀਆਂ 15 ਵਾਰਦਾਤਾਂ
X

Mehtab-Ud-DinBy : Mehtab-Ud-Din

  |  30 March 2026 2:55 PM IST

  • whatsapp
  • Telegram

ਬਹੁਤੇ ਮਾਮਲਿਆਂ 'ਚ ਪਾਕਿਸਤਾਨੀ ISI ਦਾ ਹੱਥ

ਅੰਮ੍ਰਿਤਸਰ: ਅੱਜ ਸੋਮਵਾਰ ਨੂੰ ਅੰਮ੍ਰਿਤਸਰ ਦਿਹਾਤੀ ਦੇ ਸਰਹੱਦੀ ਇਲਾਕੇ ਭਿੰਡੀ ਸੈਦਾਂ ਪੁਲਿਸ ਥਾਣੇ ’ਤੇ ਗ੍ਰੇਨੇਡ ਹਮਲੇ ਦੀ ਘਟਨਾ ਵਾਪਰੀ ਹੈ। ਬਾਈਕ ਉੱਤੇ ਸਵਾਰ ਦੋ ਨੌਜਵਾਨਾਂ ਨੇ ਥਾਣੇ ਦੇ ਪਿਛਲੇ ਗੇਟ ਕੋਲ ਇੱਕ ਜਾਂ ਦੋ ਹੈਂਡ ਗ੍ਰੇਨੇਡ ਸੁੱਟੇ ਅਤੇ ਤੁਰੰਤ ਭੱਜ ਗਏ। ਜ਼ੋਰਦਾਰ ਧਮਾਕਾ ਹੋਇਆ, ਜਿਸ ਦੀ ਆਵਾਜ਼ ਇਲਾਕੇ ਵਿਚ ਦੂਰ-ਦੂਰ ਤੱਕ ਸੁਣਾਈ ਦਿੱਤੀ। ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਥਾਣੇ ਦਾ ਗੇਟ ਬੰਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣੇ ਨੂੰ ਵੀ ਕੋਈ ਵੱਡਾ ਨੁਕਸਾਨ ਨਹੀਂ ਹੋਇਆ।

ਭਿੰਡੀ ਸੈਦਾ ਥਾਣੇ ਵਾਲੀ ਘਟਨਾ ਪੰਜਾਬ ਵਿਚ ਪੁਲਿਸ ਥਾਣਿਆਂ ਉੱਤੇ ਚੱਲ ਰਹੀ ਗ੍ਰੇਨੇਡ ਹਮਲਿਆਂ ਦੀ ਲਹਿਰ ਦੀ ਇੱਕ ਨਵੀਂ ਕੜੀ ਹੈ। ਪਿਛਲੇ ਦੋ ਸਾਲਾਂ ਵਿਚ ਇਸ ਤਰ੍ਹਾਂ ਦੀਆਂ 15 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿਚ ਟੈਰਰ ਮੋਡਿਊਲ ਅਤੇ ਵਿਦੇਸ਼ੀ ਹੈਂਡਲਰਾਂ ਦਾ ਹੱਥ ਦੱਸਿਆ ਗਿਆ ਹੈ। ਪੁਲਿਸ ਨੇ ਬਹੁਤੀਆਂ ਘਟਨਾਵਾਂ ਵਿਚ ਸਫਲਤਾ ਹਾਸਲ ਕੀਤੀ ਹੈ, ਪਰ ਹਰ ਨਵੀਂ ਘਟਨਾ ਲੋਕਾਂ ਵਿਚ ਡਰ ਅਤੇ ਸੁਰੱਖਿਆ ਦੀ ਮੰਗ ਵਧਾਉਂਦੀ ਹੈ। ਪੂਰੀ ਤਫਤੀਸ਼ ਤੋਂ ਬਾਅਦ ਹੀ ਇਸ ਘਟਨਾ ਦਾ ਅਸਲ ਚਿਹਰਾ ਸਾਹਮਣੇ ਆਵੇਗਾ।

ਪੁਲਿਸ ਅਧਿਕਾਰੀਆਂ ਨੇ ਘਟਨਾ ਨੂੰ “ਗ੍ਰੇਨੇਡ ਹਮਲਾ” ਤੋਂ ਇਨਕਾਰ ਕਰਦਿਆਂ ਇਸ ਨੂੰ “ਮਾਮੂਲੀ ਧਮਾਕਾ” ਦੱਸਿਆ ਹੈ ਅਤੇ ਪੂਰੀ ਤਫਤੀਸ਼ ਤੋਂ ਬਾਅਦ ਹੀ ਅਸਲ ਕਾਰਨ ਦੱਸਣ ਦਾ ਦਾਅਵਾ ਕੀਤਾ ਹੈ। ਪਰ ਇਸ ਦੇ ਉਲਟ ਕੁਝ ਸਥਾਨਕ ਲੋਕਾਂ ਅਤੇ ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਧਮਾਕਾ ਬਹੁਤ ਤੇਜ਼ ਸੀ ਅਤੇ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਲੋਕਾਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਥਾਣਿਆਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਪੁਲਿਸ ਸੂਤਰਾਂ ਅਨੁਸਾਰ ਇਸ ਪਿੱਛੇ ਸ਼ਰਾਰਤੀ ਅਨਸਰਾਂ ਜਾਂ ਕਿਸੇ ਵੱਡੀ ਸਾਜ਼ਿਸ਼ ਦੀ ਬੋਅ ਵੀ ਵੇਖੀ ਜਾ ਰਹੀ ਹੈ। ਕਿਸੇ ਨਾਰਕੋ-ਟੈਰਰ ਜਾਂ ਖਾਲਿਸਤਾਨੀ ਮੋਡਿਊਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਪਿਛਲੇ ਦੋ ਸਾਲਾਂ ਵਿਚ ਥਾਣਿਆਂ ਤੇ ਪੁਲਿਸ ਉੱਤੇ ਅਜਿਹੀਆਂ ਵਾਰਦਾਤਾਂ ਦੀ ਲੜੀ ਜਿਹੀ ਤੁਰੀ ਹੋਈ ਹੈ। ਪੰਜਾਬ ਵਿਚ ਖਾਸ ਕਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ 2024 ਤੋਂ ਕਈ ਗ੍ਰੇਨੇਡ/ਆਈਈਡੀ ਹਮਲੇ ਹੋਏ ਹਨ। ਇਹਨਾਂ ਵਿਚੋਂ ਬਹੁਤੀਆਂ ਘਟਨਾਵਾਂ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਆਈਐਸਆਈ ਦੀ ਹਮਾਇਤ ਪ੍ਰਾਪਤ ਮੋਡਿਊਲ ਨਾਲ ਜੁੜੀਆਂ ਪਾਈਆਂ ਗਈਆਂ ਹਨ। ਇਸ ਲਈ ਪੁਲਿਸ ਨੇ ਕਈ ਮੋਡਿਊਲ ਢਾਹੇ ਅਤੇ ਗ੍ਰਿਫਤਾਰੀਆਂ ਵੀ ਕੀਤੀਆਂ ਹਨ।

23 ਨਵੰਬਰ, 2024 ਨੂੰ ਅਜਨਾਲਾ ਪੁਲਿਸ ਥਾਣੇ ਦੇ ਬਾਹਰ 1.5 ਕਿਲੋ ਆਰਡੀਐਕਸ ਰੱਖਿਆ ਗਿਆ ਸੀ ਪਰ ਉਹ ਫਟਿਆ ਨਹੀਂ ਸੀ। ਦੋ ਦਸੰਬਰ, 2024 ਨੂੰ ਨਵਾਂਸ਼ਹਿਰ ਵਿਚ ਅੰਸਾਰੋ ਪੁਲਿਸ ਪੋਸਟ ’ਤੇ ਗ੍ਰੇਨੇਡ ਸੁੱਟਿਆ ਗਿਆ ਪਰ ਉਹ ਵੀ ਫਟਿਆ ਨਹੀਂ ਸੀ। ਚਾਰ ਦਸੰਬਰ, 2024 ਨੂੰ ਮਜੀਠਾ ਪੁਲਿਸ ਥਾਣਾ (ਅੰਮ੍ਰਿਤਸਰ) ’ਤੇ ਤਾਕਤਵਰ ਗ੍ਰੇਨੇਡ ਧਮਾਕਾ ਹੋਈਆਂ ਸਨ। ਥਾਣੇ ਦੀਆਂ ਖਿੜਕੀਆਂ ਟੁੱਟ ਗਈਆਂ ਸਨ ਪਰ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਹਿ ਗਿਆ ਸੀ।

13 ਦਸੰਬਰ, 2024 ਨੂੰ ਬਟਾਲ਼ਾ ਲਾਗਲੇ ਘਣੀਏ–ਕੇ–ਬਾਂਗਰ ਪੁਲਿਸ ਥਾਣਾ ’ਤੇ ਗ੍ਰੇਨੇਡ ਸੁੱਟਿਆ ਗਿਆ ਸੀ ਪਰ ਉਹ ਫਟਿਆ ਨਹੀਂ ਸੀ। ਫਿਰ 17 ਦਸੰਬਰ, 2024 ਨੂੰ ਅੰਮ੍ਰਿਤਸਰ ਸਥਿਤ ਇਸਲਾਮਾਬਾਦ ਪੁਲਿਸ ਥਾਣਾ ’ਤੇ ਤੇਜ਼ ਧਮਾਕਾ ਹੋਇਆ ਸੀ ਪੁਲਿਸ ਨੇ ਬਾਅਦ ਵਿਚ ਇਸ ਧਮਾਕੇ ਨੂੰ ਬੱਬਰ ਖ਼ਾਲਸਾ ਇੰਟਰਨੈਸ਼ਨਲ ਮੋਡਿਊਲ ਅਤੇ ਗੈਂਗਸਟਰ ਜੀਵਨ ਫੌਜੀ ਨਾਲ਼ ਜੋੜਿਆ ਸੀ। ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।

18 ਦਸੰਬਰ, 2024 ਨੂੰ ਗੁਰਦਾਸਪੁਰ ਜ਼ਿਲ੍ਹੇ 'ਚ ਬਖਸ਼ੀਵਾਲਾ ਪੁਲਿਸ ਚੈੱਕ ਪੋਸਟ ’ਤੇ ਗ੍ਰੇਨੇਡ ਧਮਾਕਾ ਹੋਇਆ ਸੀ। ਫਰਵਰੀ 2025 'ਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਫਤਿਹਗੜ੍ਹ ਚੂੜੀਆਂ ਪੁਲਿਸ ਚੌਕੀ ’ਤੇ ਧਮਾਕਾ — ਪੁਲਿਸ ਨੇ ਤਦ ਵੀ ਗ੍ਰੇਨੇਡ ਤੋਂ ਇਨਕਾਰ ਕੀਤਾ ਸੀ ਪਰ ਲੋਕਾਂ ਨੇ ਤੇਜ਼ ਆਵਾਜ਼ ਦੱਸੀ ਸੀ।

ਮਾਰਚ 2025 ਦੌਰਾਨ ਅੰਮ੍ਰਿਤਸਰ ਵਿਚ ਇੱਕ ਮੰਦਰ ’ਤੇ ਗ੍ਰੇਨੇਡ ਹਮਲਾ। ਅਕਤੂਬਰ 2025 'ਚ ਅੰਮ੍ਰਿਤਸਰ ਵਿਚ ਰਾਕੇਟ ਪ੍ਰੋਪੈਲਡ ਗ੍ਰੇਨੇਡ ਸਮੇਤ ਇੱਕ ਟੈਰਰ ਮੋਡਿਊਲ ਢਾਹਿਆ ਗਿਆ। ਜਨਵਰੀ-ਮਾਰਚ 2026 'ਚ ਐਨਆਈਏ ਨੇ ਅੰਮ੍ਰਿਤਸਰ ਗ੍ਰੇਨੇਡ ਕੇਸ ਵਿਚ ਬਾਰਡਰ ਜ਼ਿਲ੍ਹਿਆਂ ਵਿਚ ਛਾਪੇ ਮਾਰੇ।

ਇਨ੍ਹਾਂ ਘਟਨਾਵਾਂ ਵਿਚੋਂ ਬਹੁਤੀਆਂ ਵਿਚ ਪੁਲਿਸ ਨੇ ਬਾਈਕ ਸਵਾਰ ਨੌਜਵਾਨਾਂ ਨੂੰ ਮੁੱਖ ਸ਼ੱਕੀ ਦੱਸਿਆ ਅਤੇ ਬਾਅਦ ਵਿਚ ਗ੍ਰਿਫਤਾਰੀਆਂ ਕੀਤੀਆਂ। ਇਹ ਸਭ ਘਟਨਾਵਾਂ ਵਿਦੇਸ਼ੀ ਹੈਂਡਲਰਾਂ ਨਾਲ ਜੁੜੀਆਂ ਪਾਈਆਂ ਗਈਆਂ ਹਨ। ਖ਼ਾਸ ਤੌਰ 'ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਦਾ ਹੱਥ ਦੱਸਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਦੱਸਿਆ ਕਿ 2024 ਦੀਆਂ 8-10 ਘਟਨਾਵਾਂ ਵਿਚੋਂ ਬਹੁਤੀਆਂ ਸੁਲਝਾ ਲਈਆਂ ਗਈਆਂ ਹਨ। ਫਿਰ ਵੀ 2025-26 ਵਿਚ ਨਾਕਾਮ ਕੀਤੀਆਂ ਘਟਨਾਵਾਂ ਤੋਂ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਹਮਲਿਆਂ ਦਾ ਖਤਰਾ ਬਰਕਰਾਰ ਹੈ।

ਇਸ ਘਟਨਾ ਤੋਂ ਬਾਅਦ ਆਮ ਲੋਕਾਂ ਵਿਚ ਡਰ ਵਧ ਗਿਆ ਹੈ। ਲੋਕ ਥਾਣਿਆਂ ਦੀ ਸੁਰੱਖਿਆ ਵਧਾਉਣ, ਸੀਸੀਟੀਵੀ ਅਤੇ ਸੈਂਟ੍ਰਲ ਫੋਰਸਿਜ਼ ਤਾਇਨਾਤ ਕਰਨ ਅਤੇ ਬਾਰਡਰ ਇਲਾਕਿਆਂ ਵਿਚ ਨਿਗਰਾਨੀ ਤੇਜ਼ ਕਰਨ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਘਟਨਾ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

Next Story
ਤਾਜ਼ਾ ਖਬਰਾਂ
Share it