Begin typing your search above and press return to search.

ਰਾਜਪਾਲ ਕਟਾਰੀਆ ਨੇ ਜਹਾਜ਼ ਹਵੇਲੀ ਦਾ ਕੀਤਾ ਵਿਸ਼ੇਸ਼ ਦੌਰਾ

ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਸਰਹਿੰਦ ਵਿਖੇ ਇਤਿਹਾਸਕ ‘ਜਹਾਜ਼ ਹਵੇਲੀ’ ਦੇ ਚੱਲ ਰਹੇ ਨਿਰਮਾਣ ਅਤੇ ਮੁਰੰਮਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਹਵੇਲੀ ਨੂੰ ਦੀਵਾਨ ਟੋਡਰ ਮੱਲ ਦੀ ਹਵੇਲੀ ਦੇ ਨਾਂਅ ਨਾਲ਼ ਵੀ ਜਾਣਿਆ ਜਾਂਦਾ ਹੈ

ਰਾਜਪਾਲ ਕਟਾਰੀਆ ਨੇ ਜਹਾਜ਼ ਹਵੇਲੀ ਦਾ ਕੀਤਾ ਵਿਸ਼ੇਸ਼ ਦੌਰਾ
X

Mehtab-Ud-DinBy : Mehtab-Ud-Din

  |  11 April 2026 5:21 PM IST

  • whatsapp
  • Telegram

ਸਰਹਿੰਦ 'ਚ ਸਥਾਪਤ ਹੈ ਦੀਵਾਨ ਟੋਡਰ ਮੱਲ ਦੀ ਹਵੇਲੀ

ਇਤਿਹਾਸਕ ਵਿਰਾਸਤਾਂ ਨੂੰ ਸਾਂਭਣਾ ਜ਼ਰੂਰੀ: ਰਾਜਪਾਲ ਕਟਾਰੀਆ

ਸਰਹਿੰਦ: ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਸਰਹਿੰਦ ਵਿਖੇ ਇਤਿਹਾਸਕ ‘ਜਹਾਜ਼ ਹਵੇਲੀ’ ਦੇ ਚੱਲ ਰਹੇ ਨਿਰਮਾਣ ਅਤੇ ਮੁਰੰਮਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਹਵੇਲੀ ਨੂੰ ਦੀਵਾਨ ਟੋਡਰ ਮੱਲ ਦੀ ਹਵੇਲੀ ਦੇ ਨਾਂਅ ਨਾਲ਼ ਵੀ ਜਾਣਿਆ ਜਾਂਦਾ ਹੈ। ਇਹ ਹਵੇਲੀ ਸਿੱਖ ਇਤਿਹਾਸ ਦੀ ਇੱਕ ਅਨਮੋਲ ਵਿਰਾਸਤ ਹੈ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ ਅਤੇ ਸਾਂਭਣ ਲਈ ਵੱਡੇ ਪੱਧਰ 'ਤੇ ਕੰਮ ਚੱਲ ਰਿਹਾ ਹੈ।

ਆਪਣੇ ਇਸ ਦੌਰੇ ਦੌਰਾਨ ਰਾਜਪਾਲ ਸਾਹਿਬ ਨੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਅਧਿਕਾਰੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਹਵੇਲੀ ਦੇ ਨਿਰਮਾਣ ਲਈ ਅਪਣਾਈ ਜਾ ਰਹੀ ਤਕਨੀਕ, ਵਰਤੀ ਜਾ ਰਹੀ ਇਤਿਹਾਸਕ ਉਸਾਰੀ ਸਮੱਗਰੀ ਅਤੇ ਪੂਰੇ ਪ੍ਰੋਜੈਕਟ ਬਾਰੇ ਵਿਚਾਰ ਵਟਾਂਦਰਾ ਕੀਤਾ। ਰਾਜਪਾਲ ਨੇ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਇਸ ਉੱਦਮ ਦੀ ਖੁਲ੍ਹ ਕੇ ਸ਼ਲਾਘਾ ਕੀਤੀ।

ਇਸ ਮੌਕੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸਸਕਾਰ ਲਈ ਨਵਾਬ ਵਜ਼ੀਰ ਖਾਂ ਪਾਸੋਂ ਖਰੀਦੀ ਗਈ ਇਹ ਜਗ੍ਹਾ ਦੁਨੀਆਂ ਦੀ ਸਭ ਤੋਂ ਕੀਮਤੀ ਜਗ੍ਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਜਗ੍ਹਾ ਲਈ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਭੁਗਤਾਨ ਕੀਤਾ ਸੀ – ਇਸ ਤਰ੍ਹਾਂ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਹੋਰ ਨਹੀਂ ਮਿਲਦੀ। ਇਸ ਤੋਂ ਵੱਡੀ ਕੁਰਬਾਨੀ ਅਤੇ ਸ਼ਰਧਾ ਹੋਰ ਕਿਸੇ ਤੋਂ ਨਹੀਂ ਹੋ ਸਕਦੀ।

ਤਦ ਦੀਵਾਨ ਟੋਡਰ ਮੱਲ ਨੂੰ ਨਵਾਬ ਵਜ਼ੀਰ ਖ਼ਾਂ ਨੂੰ ਸੋਨੇ ਦੀਆਂ 78 ਹਜ਼ਾਰ ਅਸ਼ਰਫ਼ੀਆ ਅਦਾ ਕਰਨੀਆਂ ਪਈਆਂ ਸਨ; ਜਿਨ੍ਹਾਂ ਦਾ ਅੱਜ ਦੀ ਤਰੀਕ ਵਿੱਚ ਮੁੱਲ ਕਈ ਅਰਬਾਂ–ਖਰਬਾਂ ਰੁਪਏ ਤੱਕ ਚਲਾ ਜਾਵੇਗਾ।

ਰਾਜਪਾਲ ਨੇ ਫਾਊਂਡੇਸ਼ਨ ਵੱਲੋਂ ਇਸ ਇਤਿਹਾਸਕ ਵਿਰਾਸਤ ਨੂੰ ਬਚਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਵੀ ਭਰਪੂਰ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੰਮਾਂ ਨਾਲ ਸਾਡੀਆਂ ਨਵੀਆਂ ਪੀੜ੍ਹੀਆਂ ਆਪਣੀਆਂ ਜੜ੍ਹਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣਗੀਆਂ।

ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ਼ ਹਾਜ਼ਰ ਰਹਿਣ ਵਾਲਿਆਂ ਵਿੱਚ ਇਹ ਸ਼ਖ਼ਸੀਅਤਾਂ ਸ਼ਾਮਲ ਸਨ: ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਦਰਸ਼ਨ ਸਿੰਘ, ਲਖਵਿੰਦਰ ਸਿੰਘ, ਮੈਨੇਜਰ ਸੁਰਿੰਦਰ ਸਿੰਘ, ਮੁੱਖ ਇੰਜਨੀਅਰ ਨਮਤਾ ਜਸਪਾਲ, ਮਹਾਰਾਣੀ ਪ੍ਰੀਤੀ ਸਿੰਘ ਨਾਭਾ, ਕ੍ਰਿਪਾਲ ਸਿੰਘ ਬਲਾਕੀਪੁਰ, ਸੰਨਮੀਤ ਸਿੰਘ, ਮੀਤ ਗੁਰਦੇਵ ਅਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਸ਼ਖਸੀਅਤਾਂ ਮੌਜੂਦ ਸਨ।

‘ਜਹਾਜ਼ ਹਵੇਲੀ’ ਉਸ ਇਤਿਹਾਸਕ ਥਾਂ 'ਤੇ ਬਣੀ ਹੈ ਜਿੱਥੇ 1704 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸਸਕਾਰ ਹੋਇਆ ਸੀ। ਦੀਵਾਨ ਟੋਡਰ ਮੱਲ ਇੱਕ ਅਮੀਰ ਜੈਨ ਵਪਾਰੀ ਅਤੇ ਸਿੱਖ ਗੁਰੂਆਂ ਦੇ ਸੱਚੇ ਸ਼ਰਧਾਲੂ ਸਨ। ਉਨ੍ਹਾਂ ਨੇ ਇਸ ਥਾਂ ਲਈ ਬਹੁਤ ਵੱਡੀ ਕੀਮਤ ਚੁਕਾਈ ਅਤੇ ਆਪਣੀ ਸ਼ਰਧਾ ਨਾਲ ਇਸ ਇਤਿਹਾਸ ਨੂੰ ਅਮਰ ਬਣਾ ਦਿੱਤਾ। ਹਵੇਲੀ ਦਾ ਆਕਾਰ ਜਹਾਜ਼ ਵਰਗਾ ਹੋਣ ਕਰਕੇ ਇਸ ਨੂੰ ‘ਜਹਾਜ਼ ਹਵੇਲੀ’ ਵੀ ਕਿਹਾ ਜਾਂਦਾ ਹੈ। ਇਸ ਨੂੰ ਮੁੜ ਤੋਂ ਇਤਿਹਾਸਕ ਰੂਪ ਵਿੱਚ ਬਣਾਉਣ ਦਾ ਕੰਮ ਫਾਊਂਡੇਸ਼ਨ ਵੱਲੋਂ ਚੱਲ ਰਿਹਾ ਹੈ ਤਾਂ ਜੋ ਇਹ ਥਾਂ ਭਵਿੱਖ ਵਿੱਚ ਵੀ ਸਾਡੀਆਂ ਯਾਦਾਂ ਅਤੇ ਸ਼ਰਧਾ ਨੂੰ ਜਿਉਂਦਾ ਰੱਖ ਸਕੇ।

ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਇਸ ਉਪਰਾਲੇ ਨੂੰ ਹੱਲਾਸ਼ੇਰੀ ਦੇਣ ਨਾਲ ਇਤਿਹਾਸਕ ਵਿਰਾਸਤ ਨੂੰ ਸਾਂਭਣ ਅਤੇ ਸੰਭਾਲਣ ਲਈ ਇੱਕ ਨਵੀਂ ਊਰਜਾ ਮਿਲੀ ਹੈ। ਇਸ ਤਰ੍ਹਾਂ ਦੇ ਕਦਮ ਨਾ ਸਿਰਫ਼ ਇਤਿਹਾਸ ਨੂੰ ਬਚਾਉਂਦੇ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ।

ਜਹਾਜ਼ ਹਵੇਲੀ ਇੱਕ ਇਮਾਰਤ ਨਹੀਂ, ਇੱਕ ਜੀਵੰਤ ਇਤਿਹਾਸ ਹੈ – ਸ਼ਹਾਦਤ, ਸ਼ਰਧਾ ਅਤੇ ਕੁਰਬਾਨੀ ਦਾ ਪ੍ਰਤੀਕ। ਇਸ ਨੂੰ ਸਾਂਭਣ ਲਈ ਹਰ ਉੱਦਮ ਨੂੰ ਸਮਰਥਨ ਮਿਲਣਾ ਚਾਹੀਦਾ ਹੈ।

Next Story
ਤਾਜ਼ਾ ਖਬਰਾਂ
Share it