ਸਰਕਾਰੀ ਸਕੂਲ ਦੀ ਵਿਦਿਆਰਥਣ ISRO ਟ੍ਰੇਨਿੰਗ ਪ੍ਰੋਗਰਾਮ ਲਈ ਸਿਲੈਕਟ
ਖਬਰ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਗੋਬਿੰਦਪੁਰ ਖੁਣਖੁਣ ਤੋਂ ਹੈ ਜਿੱਥੇ ਕਿ ਸਰਕਾਰੀ ਹਾਈ ਸਕੂਲ ਚ ਸਿੱਖਿਆ ਹਾਸਲ ਕਰ ਰਹੀ ਇਕ ਵਿਦਿਆਰਥਣ ਦੀ ਇਸਰੋ ਯੁਵਿਕਾ ਸਾਇੰਟਿਸਟ ਟ੍ਰੇਨਿੰਗ ਪ੍ਰੋਗਰਾਮ 2025 ਲਈ ਨਿਯੁਕਤੀ ਹੋਣ ਤੇ ਜਿੱਥੇ ਸਕੂਲ ਚ ਖੁਸ਼ੀ ਪਾਈ ਜਾ ਰਹੀ ਹੈ, ਉਥੇ ਹੀ ਵਿਦਿਆਰਥਣ ਦੇ ਪਰਿਵਾਰ ਚ ਵੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।

ਹੁਸਿ਼ਆਰਪੁਰ : ਖਬਰ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਗੋਬਿੰਦਪੁਰ ਖੁਣਖੁਣ ਤੋਂ ਹੈ ਜਿੱਥੇ ਕਿ ਸਰਕਾਰੀ ਹਾਈ ਸਕੂਲ ਚ ਸਿੱਖਿਆ ਹਾਸਲ ਕਰ ਰਹੀ ਇਕ ਵਿਦਿਆਰਥਣ ਦੀ ਇਸਰੋ ਯੁਵਿਕਾ ਸਾਇੰਟਿਸਟ ਟ੍ਰੇਨਿੰਗ ਪ੍ਰੋਗਰਾਮ 2025 ਲਈ ਨਿਯੁਕਤੀ ਹੋਣ ਤੇ ਜਿੱਥੇ ਸਕੂਲ ਚ ਖੁਸ਼ੀ ਪਾਈ ਜਾ ਰਹੀ ਹੈ, ਉਥੇ ਹੀ ਵਿਦਿਆਰਥਣ ਦੇ ਪਰਿਵਾਰ ਚ ਵੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਵਿਦਿਆਰਥਣ ਅਨਮੋਲਪ੍ਰੀਤ ਕੌਰ ਦੀ ਇਸ ਨਿਯੁਕਤੀ ਤੇ ਸਕੂਲ ਮੁਖੀ ਸਮਰਿਤੂ ਰਾਣਾ, ਸਾਇੰਸ ਅਧਿਆਪਕ ਪਵਨਦੀਪ ਸਮੇਤ ਹੋਰ ਸਕੂਲ ਸਟਾਫ ਨੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਇਆ ਤੇ ਉਸਦੀ ਹੌਸਲਾ ਅਫਜਾਈ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਆਪਣੀ ਇਸ ਉਪਲਬਧੀ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਕੂਲ ਦੇ ਮਿਹਨਤੀ ਸਟਾਫ ਅਤੇ ਸਾਇੰਸ ਅਧਿਆਪਕਾ ਪਵਨਦੀਪ ਵਲੋਂ ਕਰਵਾਈ ਸਖਤ ਅਤੇ ਕਠੋਰ ਮਿਹਨਤ ਸਦਕਾ ਹੀ ਇਹ ਸਭ ਕੁਝ ਸੰਭਵ ਹੋ ਸਕਿਆ ਏ ਜਿਨ੍ਹਾਂ ਵਲੋਂ ਸਮੇਂ ਸਮੇਂ ਤੇ ਉਸਦਾ ਮਾਰਗ ਦਰਸ਼ਨ ਕਰਕੇ ਇਹ ਉਪਲਬਧੀ ਹਾਸਲ ਕਰਵਾਈ ਗਈ ਹੈ। ਵਿਦਿਆਰਥਣ ਦਾ ਕਹਿਣਾ ਹੈ ਕਿ ਉਹ ਭਵਿੱਖ ਚ ਸਾਇੰਟਿਸਟ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ।
ਇਸ ਮੌਕੇ ਸਾਇੰਸ ਅਧਿਆਪਕਾ ਪਵਨਦੀਪ ਦਾ ਕਹਿਣਾ ਹੈ ਕਿ ਅਨਮੋਲਪ੍ਰੀਤ ਕੌਰ ਸਿੱਖਿਆ ਦੇ ਨਾਲ ਨਾਲ ਹੋਰਨਾਂ ਗਤੀਵਿਧੀਆਂ ਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ਤੇ ਹਰ ਖੇਤਰ ਚ ਪੂਰੀ ਤਰ੍ਹਾਂ ਦੇ ਨਿਪੁੰਣ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਕੂਲ ਦੇ 2 ਵਿਦਿਆਰਥੀਆਂ ਦੀ ਇਸ ਟੇ੍ਰਨਿੰਗ ਪ੍ਰੋਗਰਾਮ ਤਹਿਤ ਨਿਯੁਕਤੀ ਹੋ ਚੁੱਕੀ ਹੈ ਤੇ ਪਿਛਲੇ 3 ਸਾਲਾਂ ਤੋਂ ਹੁਸਿ਼ਆਰਪੁਰ ਜਿ਼ਲ੍ਹੇ ਚੋਂ ਉਨ੍ਹਾਂ ਦੇ ਸਕੂਲੀ ਵਿਦਿਆਰਥੀ ਹੀ ਇਸ ਪ੍ਰੋਗਰਾਮ ਲਈ ਨਿਯੁਕਤ ਹੋ ਰਹੇ ਨੇ ਜੋ ਕਿ ਉਨ੍ਹਾਂ ਲਈ ਬਹੁਤ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ।
ਇਸ ਮੌਕੇ ਸਕੂਲ ਮੁਖੀ ਸਮਰਿਤੂ ਰਾਣਾ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਸਟਾਫ ਵਲੋਂ ਸਾਰੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਵਾਈ ਜਾਂਦੀ ਹੈ ਤਾਂ ਜੋ ਕਿ ਵਿਦਿਆਰਥੀ ਸਿੱਖਿਆ ਚ ਅੱਵਲ ਰਹਿਣ ਤੇ ਉਨ੍ਹਾਂ ਦਾ ਭਵਿੱਖ ਸੁਖਾਲਾ ਅਤੇ ਵਧੀਆ ਬਣ ਸਕੇ।