ਮਗਨਰੇਗਾ 'ਚ 17 ਲੱਖ ਦੇ ਕਰੀਬ ਗਬਨ ਦਾ ਮਾਮਲਾ, ਡੀਸੀ ਫਰੀਦਕੋਟ ਤੋਂ ਜਾਂਚ ਦੀ ਮੰਗ
ਮਾਮਲਾ ਫਰੀਦਕੋਟ ਜਿਲ੍ਹੇ ਦੇ ਪਿੰਡ ਬੇਗੂਵਾਲਾ ਦੀ ਪੰਚਾਇਤ ਨਾਲ ਜੁੜਿਆ ਹੋਇਆ। ਪਿੰਡ ਦੀ ਔਰਤ ਸਰਪੰਚ ਗੁਰਮੀਤ ਕੌਰ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇਕ ਦਰਖਾਸਤ ਦੇ ਕੇ ਮੰਗ ਕੀਤੀ ਗਈ ਹੈ ਕਿ ਜੋ ਸਾਲ 2023-24 ਵਿਚ ਪਾਸ ਹੋਏ ਜਗਲਾਤ ਵਿਭਾਗ ਦੇ ਪਿੰਡ ਵਿਚ ਨਵੀਂ ਨਰਸਰੀ ਦੀ ਉਸਾਰੀ ਦੇ ਕਾਰਜਾਂ ਵਿਚ ਮਗਨਰੇਗਾ ਸਕੀਮ ਤਹਿਤ ਲਗਾਏ ਗਏ ਕਾਮਿਆ ਦੀਆਂ ਕਥਿਤ ਫਰਜੀ ਹਾਜਰੀਆਂ ਲਗਾਈਆਂ ਗਈਆਂ ਹਨ, ਉਹਨਾਂ ਦੀ ਜਾਂਚ ਹੋਵੇ

ਫਰੀਦਕੋਟ : ਪੰਜਾਬ ਵਿਚ ਵੱਡੇ ਪੱਧਰ ਤੇ ਪਿਛਲੇ ਕਈ ਸਾਲਾਂ ਤੋਂ ਮਗਨਰੇਗਾ ਸਕੀਮ ਤਹਿਤ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਹਨਾਂ ਕਾਰਜਾਂ ਨੂੰ ਪੰਚਾਇਤਾਂ ਰਾਹੀਂ ਚਲਾਇਆ ਜਾ ਰਿਹਾ। ਸਮੇਂ ਸਮੇਂ ਤੇ ਇਹਨਾਂ ਕੰਮਾਂ ਵਿਚ ਛੋਟੇ ਮੋਟੇ ਪੱਧਰ ਤੇ ਊਣਤਾਈਆਂ ਵੀ ਸਾਹਮਣੇ ਆਂਉਂਦੀਆਂ ਰਹਿੰਦੀਆ, ਜਿਨਾਂ ਨੂੰ ਦੂਰ ਕਰਨ ਲਈ ਸਰਕਾਰਾਂ ਅਤੇ ਸੰਬੰਧਿਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਉਪਰਾਲੇ ਕੀਤੇ ਜਾਂਦੇ ਰਹੇ ਹਨ ਪਰ ਇਸ ਵਾਰ ਜੋ ਮਾਮਲਾ ਸਾਹਮਣੇ ਆਇਆ ਉਸ ਨੇ ਪੰਜਾਬ ਅੰਦਰ ਮਗਨਰੇਗਾ ਤਹਿਤ ਹੋਣ ਵਾਲੇ ਵਿਕਾਸ਼ ਕਾਰਜਾਂ ਵਿਚ ਕਿਸ ਤਰਾਂ ਦੇ ਨਾਲ ਕਥਿਤ ਜਾਅਲਸਾਜੀ ਕਰ ਕੇ ਕਥਿਤ ਭ੍ਰਿਸਟਾਚਾਰ ਕੀਤਾ ਜਾ ਰਿਹਾ ਉਸ ਦਾ ਪਤਾ ਚੱਲਿਆ। ਫਰੀਦਕੋਟ ਜਿਲ੍ਹੇ ਦੇ ਇਕ ਪਿੰਡ ਦੀ ਔਰਤ ਸਰਪੰਚ ਅਤੇ ਉਸ ਦੇ ਪਤੀ ਨੇ ਇਸ ਕਥਿਤ ਜਾਅਲਸਾਜੀ ਦਾ ਪਤਾ ਲਗਾਇਆ ਹੈ ਅਤੇ ਉੱਚ ਅਧਿਕਾਰੀਆਂ ਨੂੰ ਲਿਖਤ ਸ਼ਿਕਾਇਤ ਦੇ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਦੋਸੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੀ ਹੈ ਪੂਰਾ ਮਾਮਲਾ?
ਮਾਮਲਾ ਫਰੀਦਕੋਟ ਜਿਲ੍ਹੇ ਦੇ ਪਿੰਡ ਬੇਗੂਵਾਲਾ ਦੀ ਪੰਚਾਇਤ ਨਾਲ ਜੁੜਿਆ ਹੋਇਆ। ਪਿੰਡ ਦੀ ਔਰਤ ਸਰਪੰਚ ਗੁਰਮੀਤ ਕੌਰ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇਕ ਦਰਖਾਸਤ ਦੇ ਕੇ ਮੰਗ ਕੀਤੀ ਗਈ ਹੈ ਕਿ ਜੋ ਸਾਲ 2023-24 ਵਿਚ ਪਾਸ ਹੋਏ ਜਗਲਾਤ ਵਿਭਾਗ ਦੇ ਪਿੰਡ ਵਿਚ ਨਵੀਂ ਨਰਸਰੀ ਦੀ ਉਸਾਰੀ ਦੇ ਕਾਰਜਾਂ ਵਿਚ ਮਗਨਰੇਗਾ ਸਕੀਮ ਤਹਿਤ ਲਗਾਏ ਗਏ ਕਾਮਿਆ ਦੀਆਂ ਕਥਿਤ ਫਰਜੀ ਹਾਜਰੀਆਂ ਲਗਾਈਆਂ ਗਈਆਂ ਹਨ, ਉਹਨਾਂ ਦੀ ਜਾਂਚ ਹੋਵੇ ਅਤੇ ਉਹਨਾਂ ਮੰਗ ਕੀਤੀ ਹੈ ਕਿ ਜੋ ਇਹ ਕੰਮਕਾਜ ਵੱਖ ਵੱਖ ਵਰਕ ਆਰਡਰਾਂ ਤਹਿਤ ਹੋਇਆ ਹੈ ਉਸ ਵਿਚ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ ਜਿਸ ਦੀ ਜਾਂਚ ਕਰ ਦੋਸੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਮਗਨਰੇਗਾ ਵਿਭਾਗ ਦੀ ਆਨਲਾਈਨ ਸਾਈਟ ਤੇ ਜੋ ਰੋਜ਼ਾਨਾ ਨਰੇਗਾ ਮਜ਼ਦੂਰਾਂ ਦੀ ਜਾਬ ਕਾਰਡ ਦੇ ਅਧਾਰ ਤੇ ਹਾਜਰੀ ਲਗਦੀ ਹੈ ਉਸ ਦੀ ਕੰਮ ਵਾਲੀ ਥਾਂ ਤੋਂ ਹਾਜਰੀ ਸਮੇਂ ਫੋਟੋ ਆਨਲਾਈਨ ਅਪਲੋਡ ਕਰਨੀ ਲਾਜ਼ਮੀਂ ਹੁੰਦੀ ਹੈ ਪਰ ਜੰਗਲਾਤ ਵਿਭਾਗ ਵਲੋਂ ਨਵੀ ਨਰਸਰੀ ਸਬੰਧੀ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਵਿਚ ਨਰੇਗਾ ਮਜ਼ਦੂਰਾਂ ਦੀ ਹਾਜਰੀ ਲਗਾਉਣ ਸਮੇਂ ਇਕੋ ਦਿਨ ਕਰੀਬ 40 ਤੋਂ 50 ਨਰੇਗਾ ਮਜ਼ਦੂਰਾਂ ਦੀ ਹਾਜਰੀ ਤੇ ਇਕੋ ਫੋਟੋ ਕਥਿਤ ਐਡਿਟ ਕਰ ਕੇ ਅਪਲੋਡ ਕੀਤੀ ਗਈ ਹੈ ਅਤੇ ਅਪਲੋਡਿੰਗ ਦਾ ਸਮਾਂ ਸਵੇਰ ਦੀ ਬਿਜਾਏ ਰਾਤ 7 :30 ਵਜੇ ਤੋਂ ਬਾਅਦ ਦਾ ਹੈ।
ਇਹੀ ਨਹੀ ਮਾਰਚ ਮਹੀਨੇ ਹੋਣ ਵਾਲੇ ਕੰਮ ਤੇ ਸਿਆਲ ਸਮੇਂ ਦੀਆਂ ਕੋਟ ਸਵੈਟਰ ਅਤੇ ਸ਼ਾਲ ਲੈ ਕੇ ਕੰਮ ਕਰਦੇ ਲੋਕਾਂ ਦੀਆਂ ਫੋਟੋ ਅਪਲੋਡ ਕੀਤੀਆਂ ਗਈਆਂ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਔਰਤ ਦੇ ਜੋਬ ਕਾਰਡ ਦੀ ਹਾਜਰੀ ਲੱਗੀ ਹੈ ਅਤੇ ਫੋਟੋ ਮਰਦ ਦੀ ਲੱਗੀ ਹੈ। ਜੋ ਸਿਧੇ ਤੌਰ ਤੇ ਸਰਕਾਰੀ ਪੈਸੇ ਦੀ ਲੁੱਟ ਨੂੰ ਉਜਾਗਰ ਕਰਦਾ ਹੈ। ਇਸ ਮਾਮਲੇ ਦੀ ਅਗਰ ਜਾਂਚ ਹੋਵੇ ਤਾਂ ਪੰਜਾਬ ਪੱਧਰ ਤੇ ਜੰਗਲਾਤ ਵਿਭਾਗ ਨਾਲ ਸਬੰਧਿਤ ਅਜਿਹੇ ਕੰਮਾਂ ਵਿਚ ਵੱਡੇ ਪੱਧਰ ਤੇ ਕਥਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਸਕਦਾ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਸਰਪੰਚ ਗੁਰਪ੍ਰੀਤ ਕੌਰ ਅਤੇ ਉਸ ਦੇ ਪਤੀ ਹਰਮੇਲ ਸਿੰਘ ਨੇ ਸਬੂਤ ਪੇਸ਼ ਕਰਦਿਆ ਦੱਸਿਆ ਮਗਨਰੇਗਾ ਤਹਿਤ ਜੋ ਕੰਮ ਜੰਗਲਾਤ ਵਿਭਾਗ ਵੱਲੋਂ ਕਰਵਾਇਆ ਗਿਆ ਹੈ ਉਸ ਵਿਚ ਜਿੰਨਾਂ ਲੋਕਾਂ ਦੀ ਹਾਜਰੀ ਲਗਾਈ ਗਈ ਹੈ ਉਹ ਪਿੰਡ ਬੇਗੂਵਾਲਾ ਤੋਂ 15 ਤੋਂ 20 ਕਿਲੋ ਮੀਟਰ ਦੂਰੀ ਤੋਂ ਹਨ, ਨਾਲ ਹੀ ਬਹੁਤੇ ਵਰਕਰ ਆਰਡਰਾਂ ਵਿਚ ਇਕੋ ਫੋਟੋ ਦਾ ਇਸਤੇਮਾਲ ਕੀਤਾ ਗਿਆ ਹੇ ਪਰ ਨਾਂਮ ਵੱਖੋ ਵੱਖਰੇ ਹਨ। ਉਹਨਾ ਇਹ ਵੀ ਦੱਸਿਆ ਕਿ ਫੋਟੋਆਂ ਵਿਚ ਕਈ ਥਾਂ ਤੇ ਫੋਟੋ ਵਿਚ ਔਰਤਾਂ ਦੀ ਗਿਣਤੀ ਘੱਟ ਹੈ ਅਤੇ ਹਾਜਰੀ ਵਿਚ ਔਰਤਾਂ ਦੀ ਗਿਣਤੀ ਵੱਧ, ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਹਾਜਰੀਆਂ ਵੀ ਸਵੇਰੇ ਲਗਾਏ ਜਾਣ ਦੀ ਬਿਜਾਏ ਰਾਤ ਸਮੇਂ ਅਪਡੇੇਟ ਕੀਤੀਆ ਗਈਆਂ ਹਨ। ਉਹਨਾਂ ਦੋਸ਼ ਲਗਾਉਂਦਿਆ ਕਿਹਾ ਕਿ ਇਸ ਸਭ ਕੰਮ ਕਾਜ ਦੀ ਦੇਖ-ਰੇਖ ਗ੍ਰਾਮ ਰੋਜਗਾਰ ਸੇਵਕ ਨੇ ਕਰਨੀ ਹੁੰਦੀ ਹੈ ਅਤੇ ਇਸ ਪੂਰੇ ਮਾਮਲੇ ਲਈ ਉਹੀ ਜਿੰਮੇਵਾਰ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਵੀ ਉਕਤ ਹੋਈਆ ਧਾਂਦਲੀਆਂ ਦੀ ਜਾਂਚ ਦੀ ਮੰਗ ਕੀਤੀ।
ਇਸ ਪੂਰੇ ਮਾਮਲੇ ਸੰਬੰਧੀ ਜਦ ਬੀਡੀਪੀਓ ਫਰੀਦਕੋਟ ਸਰਬਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਅਧੀਨ ਹੋਣ ਵਾਲੇ ਹਰ ਤਰਾਂ ਦੇ ਮਗਨਰੇਗਾ ਦੇ ਕੰਮ ਭਾਵੇਂ ਉਹ ਪੰਚਾਇਤ ਦੇ ਹੋਣ ਜਾਂ ਕਿਸੇ ਵਿਭਾਗ ਦੇ ਹੋਣ ਸਭ ਦੀ ਦੇਖ ਰੇਖ ਦੀ ਜਿੰਮੇਵਾਰੀ (ਜੀ.ਆਰ.ਐਸ.) ਗ੍ਰਾਮ ਰੋਜਗਾਰ ਸੇਵਕ ਦੀ ਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਕੁਝ ਗਲਤ ਹੋਇਆ ਅਤੇ ਉਸ ਸੰਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਜਾਂਚ ਕਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਪੂਰੇ ਮਾਮਲੇ ਸੰਬੰਧੀ ਜਦ ਏ.ਡੀ.ਸੀ. ਵਿਕਾਸ਼ ਨਿਰਭਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਉਹਨਾਂ ਨੂੰ ਪਿੰਡ ਬੇਗੂਵਾਲਾ ਦੀ ਪੰਚਾਇਤ ਵੱਲੋਂ ਨਰੇਗਾ ਸੰਬੰਧੀ ਸ਼ਿਕਾਇਤ ਮਾਰਕ ਹੋਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਾਂਚ ਵਿਚ ਜੋ ਵੀ ਤੱਥ ਸਾਹਮਣੇ ਆਂਉਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੁਣ ਵੇਖਣਾਂ ਹੋਵੇਗਾ ਕਿ ਪਿੰਡ ਦੇ ਔਰਤ ਸਰਪੰਚ ਵੱਲੋਂ ਉਜਾਗਰ ਕੀਤੇ ਗਏ ਇਸ ਭ੍ਰਿਸਟਾਚਾਰ ਲਈ ਕੌਣ ਜਿੰਮੇਵਾਰ ਸਾਬਤ ਹੁੰਦਾ ਹੈ ਅਤੇ ਉਸ ਖਿਲਾਫ ਕਿਹੜੀ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ।