ਉਲਝ ਰਹੀ ਅਕਾਲੀ ਦਲ ਦੀ ਤਾਣੀ, ਸੁਖਬੀਰ ਨਾਲ ਨਾ ਕਿਤੇ ਹੋਜੇ ਊਧਵ ਠਾਕਰੇ ਵਾਲੀ ਕਹਾਣੀ
ਨਵੇਂ ਬਣੇ ਅਕਾਲੀ ਦਲ ਅਤੇ ਸੁਖਬੀਰ ਧੜੇ ਵਿਚਾਲੇ ਅਸਲੀ ਨਕਲੀ ਦੀ ਜੰਗ ਹੋਰ ਤੇਜ਼ ਹੋ ਚੁੱਕੀ ਐ, ਜਿੱਥੇ ਸੁਖਬੀਰ ਧੜੇ ਵੱਲੋਂ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ’ਤੇ ਅਪਰਾਧਿਕ ਕੇਸ ਦਰਜ ਕਰਨ ਦੀ ਗੱਲ ਆਖੀ ਗਈ ਐ, ਉਥੇ ਹੀ ਹੁਣ ਹਰਪ੍ਰੀਤ ਧੜਾ ਵੀ ਠੋਕਵਾਂ ਜਵਾਬ ਦੇਣ ਦੀ ਤਿਆਰੀ ਕਰ ਰਿਹੈ,,,, ਦੇਖੋ ਸਾਡੀ ਇਹ ਖ਼ਾਸ ਰਿਪੋਰਟ

By : Makhan shah
ਚੰਡੀਗੜ੍ਹ : ਨਵੇਂ ਬਣੇ ਅਕਾਲੀ ਦਲ ਅਤੇ ਸੁਖਬੀਰ ਧੜੇ ਵਿਚਾਲੇ ਅਸਲੀ ਨਕਲੀ ਦੀ ਜੰਗ ਹੋਰ ਤੇਜ਼ ਹੋ ਚੁੱਕੀ ਐ, ਜਿੱਥੇ ਸੁਖਬੀਰ ਧੜੇ ਵੱਲੋਂ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ’ਤੇ ਅਪਰਾਧਿਕ ਕੇਸ ਦਰਜ ਕਰਨ ਦੀ ਗੱਲ ਆਖੀ ਗਈ ਐ, ਉਥੇ ਹੀ ਹੁਣ ਹਰਪ੍ਰੀਤ ਧੜਾ ਵੀ ਠੋਕਵਾਂ ਜਵਾਬ ਦੇਣ ਦੀ ਤਿਆਰੀ ਕਰ ਰਿਹੈ,,,, ਦੇਖੋ ਸਾਡੀ ਇਹ ਖ਼ਾਸ ਰਿਪੋਰਟ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਪਰ ਉਨ੍ਹਾਂ ਦੇ ਪ੍ਰਧਾਨ ਬਣਦਿਆਂ ਹੀ ਨਵੀਂਆਂ ਮੁਸੀਬਤਾਂ ਬਾਗ਼ੀ ਧੜੇ ਲਈ ਖੜ੍ਹੀਆਂ ਹੋ ਚੁੱਕੀਆਂ ਨੇ। ਹਾਲਾਂਕਿ ਸੁਖਬੀਰ ਧੜਾ ਵੀ ਟੈਂਸ਼ਨ ਫਰੀ ਨਹੀਂ,, ਉਸ ਨੂੰ ਵੀ ਕਿਤੇ ਨਾ ਕਿਤੇ ਡਰ ਸਤਾ ਰਿਹੈ ਕਿ ਕਿਤੇ ਉਨ੍ਹਾਂ ਦੇ ਨਾਲ ਊਧਵ ਠਾਕਰੇ ਵਾਲੀ ਨਾ ਹੋ ਜਾਵੇ, ਜਿਸ ਕੋਲੋਂ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਖੋਹ ਲਈ ਸੀ। ਇਹ ਡਰ ਕਿਤੇ ਨਾ ਕਿਤੇ ਸੁਖਬੀਰ ਧੜੇ ਵਿਚ ਦਿਖਾਈ ਵੀ ਦੇ ਰਿਹਾ ਹੈ।
ਉਂਝ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਐ ਕਿ ਸੁਖਬੀਰ ਧੜਾ ਬੇਸ਼ੱਕ ਹਰਪ੍ਰੀਤ ਧੜੇ ਨੂੰ ਧਮਕੀਆਂ ਅਤੇ ਚਿਤਾਵਨੀਆਂ ਦੇ ਰਿਹਾ ਹੋਵੇ,, ਪਰ ਜੇਕਰ ਹਰਪ੍ਰੀਤ ਧੜੇ ਵੱਲੋਂ ਸੁਖਬੀਰ ਧੜੇ ਨੂੰ ਚਿੱਤ ਕਰਨ ਦੀ ਤਿਆਰ ਕੀਤੀ ਜਾ ਰਹੀ ਯੋਜਨਾ ਕਾਮਯਾਬ ਹੋ ਗਈ ਤਾਂ ਸੁਖਬੀਰ ਧੜੇ ਦੀਆਂ ਚਿਤਾਵਨੀਆਂ ਧਰੀਆਂ ਧਰਾਈਆਂ ਰਹਿ ਜਾਣਗੀਆਂ। ਦਰਅਸਲ ਮਹਾਰਾਸ਼ਟਰ ਵਿਚ ਏਕਨਾਥ ਸ਼ਿੰਦੇ ਨੇ ਊਧਵ ਠਾਕਰੇ ਨੂੰ ਸ਼ਿਵ ਸੈਨਾ ਤੋਂ ਹਟਾਉਣ ਲਈ ਵਿਧਾਨ ਸਭਾ ਨੂੰ ਆਧਾਰ ਬਣਾਇਆ ਅਤੇ ਵਿਧਾਇਕਾਂ ਦਾ ਬਹੁਮਤ ਹਾਸਲ ਕਰਕੇ ਊਧਵ ਨੂੰ ਮਾਤ ਦੇ ਦਿੱਤੀ ਅਤੇ ਊਧਵ ਠਾਕਰੇ ਕੋਲੋਂ ਚੋਣ ਨਿਸ਼ਾਨ ਤੱਕ ਖੋਹ ਲਿਆ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵੀ ਬਣੇ। ਹਾਲਾਂਕਿ ਦਫ਼ਤਰ, ਪਾਰਟੀ ਦਾ ਅਖ਼ਬਾਰ ਸਮੇਤ ਕੁੱਝ ਚੀਜ਼ਾਂ ਪਹਿਲਾਂ ਦੀ ਤਰ੍ਹਾਂ ਊਧਵ ਠਾਕਰੇ ਦੇ ਕੋਲ ਹੀ ਨੇ।
ਹੁਣ ਗੱਲ ਕਰਦੇ ਆਂ,, ਪੰਜਾਬ ਵਿਚਲੇ ਅਕਾਲੀ ਦਲ ਨਾਲ ਜੁੜੇ ਮਾਮਲੇ ਦੀ,, ਇਸ ਮਾਮਲੇ ਵਿਚ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਤਿੰਨ ਵਿਧਾਇਕ ਸੀ, ਜਿਨ੍ਹਾਂ ਵਿਚੋਂ ਸਿਰਫ਼ ਇਕ ਵਿਧਾਇਕ ਗਨੀਵ ਕੌਰ ਹੀ ਇਸ ਸਮੇਂ ਸੁਖਬੀਰ ਧੜੇ ਨਾਲ ਖੜ੍ਹ ਸਕਦੀ ਐ, ਜਦਕਿ ਦੂਜੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਹਰਪ੍ਰੀਤ ਧੜੇ ਨਾਲ ਚੱਲ ਰਹੇ ਨੇ,, ਰਹੀ ਗੱਲ ਤੀਜੇ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਦੀ, ਉਹ ਬੇਸ਼ੱਕ ਇਸ ਸਮੇਂ ਆਮ ਆਦਮੀ ਪਾਰਟੀ ਨਾਲ ਕੰਮ ਕਰ ਰਹੇ ਨੇ ਪਰ ਅਧਿਕਾਰਕ ਤੌਰ ’ਤੇ ਹਾਲੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਵਿਧਾਇਕ ਨੇ।
ਕੁੱਝ ਮਾਹਿਰਾਂ ਦਾ ਕਹਿਣਾ ਏ ਕਿ ਜੇਕਰ ਡਾ. ਸੁੱਖੀ ਵਾਪਸੀ ਕਰਕੇ ਹਰਪ੍ਰੀਤ ਧੜੇ ਵਿਚ ਸ਼ਾਮਲ ਹੁੰਦੇ ਨੇ ਅਤੇ ਹਰਪ੍ਰੀਤ ਧੜਾ ਏਕਨਾਥ ਸ਼ਿੰਦੇ ਦੀ ਤਰ੍ਹਾਂ ਚੋਣ ਕਮਿਸ਼ਨ ਕੋਲ ਪਹੁੰਚ ਕਰਦਾ ਏ ਤਾਂ ਸੁਖਬੀਰ ਧੜੇ ਲਈ ਮੁਸੀਬਤ ਖੜ੍ਹੀ ਹੋ ਸਕਦੀ ਐ। ਏਕਨਾਥ ਸ਼ਿੰਦੇ ਨੇ ਆਹ ਪੈਂਤੜਾ ਵਰਤ ਕੇ ਊਧਵ ਠਾਕਰੇ ਕੋਲੋਂ ਸਣੇ ਚੋਣ ਨਿਸ਼ਾਨ ਸ਼ਿਵ ਸੈਨਾ ਖੋਹ ਲਈ ਸੀ। ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਐ ਕਿ ਹਰਪ੍ਰੀਤ ਧੜੇ ਵੱਲੋਂ ਅੰਦਰੂਨੀ ਤੌਰ ’ਤੇ ਵੱਡੀ ਯੋਜਨਾਬੰਦੀ ਤਿਆਰ ਕੀਤੀ ਜਾ ਰਹੀ ਐ।
ਇੱਥੇ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਵੀ ਜ਼ਰੂਰ ਕਰਨੀ ਬਣਦੀ ਐ,, ਜਿਸ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੂਰੇ ਤਨੋਂ ਮਨੋਂ ਸੁਖਬੀਰ ਬਾਦਲ ਧੜੇ ਨਾਲ ਡਟੇ ਹੋਏ ਨੇ। ਬੀਤੇ ਕੱਲ੍ਹ ਪ੍ਰੈੱਸ ਕਾਨਫਰੰਸ ਦੌਰਾਨ ਉਹ ਹਰਪ੍ਰੀਤ ਧੜੇ ਨੂੰ ਲਾਹਣਤਾਂ ਪਾ ਰਹੇ ਸੀ,, ਨਾਲੇ ਇਹ ਆਖ ਰਹੇ ਸੀ ਕਿ ਉਹ ਤਾਂ ਦੋਵੇਂ ਧੜਿਆਂ ਨੂੰ ਇਕ ਥਾਂ ਇਕੱਠਾ ਕਰਨਾ ਚਾਹੁੰਦੇ ਸੀ ਪਰ ਜਦੋਂ ਉਨ੍ਹਾਂ ਦੇਖਿਆ ਕਿ ਪਾਣੀ ਸਿਰੋਂ ਉਪਰ ਹੋ ਰਿਹਾ ਤਾਂ ਉਹ ਅਸਤੀਫ਼ਾ ਦੇ ਕੇ ਪਾਸੇ ਹੋ ਗਏ।
ਤੁਹਾਨੂੰ ਯਾਦ ਹੀ ਹੋਵੇਗਾ, ਜਦੋਂ ਧਾਮੀ ਸਾਬ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਤੋਂ ਇਸ ਕਰਕੇ ਭਗੌੜੇ ਹੋ ਗਏ ਸੀ ਕਿ ਸੱਤ ਮੈਂਬਰੀ ਕਮੇਟੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਖਿੱਲਰ ਗਈ ਸੀ। ਇਹ ਚਾਲ ਨਹੀਂ ਸੀ ਤਾਂ ਹੋਰ ਕੀ ਸੀ,, ਕਿ ਨਾ ਰਹੇਗਾ ਬਾਂਸ ਅਤੇ ਨਾ ਵੱਜੇਗੀ ਬਾਂਸਰੀ। ਉਨ੍ਹਾਂ ਦੇ ਨਾਲ ਪੰਥ ਦੇ ਇਕ ਵੱਡੇ ਆਗੂ ਮੰਨੇ ਜਾਂਦੇ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਵੀ ਰਲੇ ਹੋਏ ਸੀ। ਉਸ ਦੌਰਾਨ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਖ਼ੁਦ ਧਾਮੀ ਸਾਬ੍ਹ ਦੇ ਘਰ ਪਹੁੰਚ ਕੇ ਬੇਨਤੀ ਕੀਤੀ ਸੀ ਕਿ ਉਹ ਸੱਤ ਮੈਂਬਰੀ ਕਮੇਟੀ ਵਿਚ ਵਾਪਸ ਆਉਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਵਿਚ ਯੋਗਦਾਨ ਦੇਣ,, ਪਰ ਧਾਮੀ ਸਾਬ੍ਹ ਨੇ ਜਥੇਦਾਰ ਸਾਹਿਬ ਦੀ ਇਕ ਨਹੀਂ ਸੁਣੀ,, ਉਹ ਮਾਂਹ ਦੇ ਆਟੇ ਵਾਂਗ ਆਕੜ ਕੇ ਬੈਠ ਗਏ।
ਇਸ ਮਗਰੋਂ ਕੁੱਝ ਅਕਾਲੀ ਆਗੂ ਵੀ ਉਨ੍ਹਾਂ ਨੂੰ ਮਨਾਉਣ ਲਈ ਗਏ,, ਪਰ ਸੱਤ ਮੈਂਬਰੀ ਕਮੇਟੀ ਵਾਸਤੇ ਨਹੀਂ,, ਬਲਕਿ ਸ਼੍ਰੋਮਣੀ ਕਮੇਟੀ ਵਿਚ ਵਾਪਸੀ ਵਾਸਤੇ ਮਨਾਉਣ ਗਏ ਸੀ, ਕਿਉਂਕਿ ਧਾਮੀ ਸਾਬ੍ਹ ਨੇ ਐਸਜੀਪੀਸੀ ਦੇ ਪ੍ਰਧਾਨ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਅਕਾਲੀ ਆਗੂਆਂ ਦੇ ਜਾਣ ਤੋਂ ਬਾਅਦ ਵੀ ਧਾਮੀ ਸਾਬ੍ਹ ਨਹੀਂ ਮੰਨੇ,, ਫਿਰ ਸੁਖਬੀਰ ਬਾਦਲ ਖ਼ੁਦ ਧਾਮੀ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਗਏ। ਜਿਸ ਤੋਂ ਬਾਅਦ ਧਾਮੀ ਸਾਬ੍ਹ ਮੰਨ ਗਏ। ਯਾਨੀ ਕਿ ਉਨ੍ਹਾਂ ਨੇ ਸਾਫ਼ ਦਿਖਾ ਦਿੱਤਾ ਕਿ ਉਨ੍ਹਾਂ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕੀ ਔਕਾਤ ਐ?
ਫਿਰ ਵੀ ਦੇਖੋ, ਉਨ੍ਹਾਂ ਨੇ,, ਐਸਜੀਪੀਸੀ ਦੀ ਪ੍ਰਧਾਨਗੀ ਤਾਂ ਮੁੜ ਤੋਂ ਸਾਂਭ ਲਈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਹੁਕਮਨਾਮੇ ਤਹਿਤ ਗਠਿਤ ਕੀਤੀ ਸੱਤ ਮੈਂਬਰੀ ਕਮੇਟੀ ਵਿਚ ਵਾਪਸੀ ਨਹੀਂ ਕੀਤੀ। ਆਖ਼ਰਕਾਰ ਜਥੇਦਾਰ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਨਾ ਹੋਵੇ, ਇਸ ਕਰਕੇ ਪੰਜ ਮੈਂਬਰੀ ਕਮੇਟੀ ਨੂੰ ਕੰਮ ਕਰਨ ਦਾ ਹੁਕਮ ਦੇ ਦਿੱਤਾ ਸੀ।
ਹੋਰ ਤਾਂ ਹੋਰ ਜਦੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ, ਉਨ੍ਹਾਂ ਨੂੰ ਵੀ ਪੱਤਰਕਾਰਾਂ ਨੇ 2 ਦਸੰਬਰ ਦੇ ਫ਼ੈਸਲੇ ਬਾਰੇ ਸਵਾਲ ਕੀਤੇ ਸੀ, ਜਿਨ੍ਹਾਂ ਦੇ ਜਵਾਬ ਵਿਚ ਜਥੇਦਾਰ ਗੜਗੱਜ ਨੇ ਸਾਫ਼ ਸ਼ਬਦਾਂ ਵਿਚ ਆਖਿਆ ਕਿ ਜੋ 2 ਦਸੰਬਰ ਦਾ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੋਇਆ ਸੀ, ਉਹ ਓਵੇਂ ਜਿਵੇਂ ਲਾਗੂ ਰਹੇਗਾ ਅਤੇ ਉਸ ਨਾਲ ਕੋਈ ਵੀ ਛੇੜਛਾੜ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਨੂੰ ਕਰਨ ਦਾ ਹੱਕ ਐ।
ਹੁਣ ਧਾਮੀ ਸਾਬ੍ਹ ’ਤੇ ਫਿਰ ਵਾਪਸ ਆਓਨੇ ਆਂ,,,, ਬੇਸ਼ੱਕ ਇਹ ਧਾਮੀ ਸਾਬ੍ਹ ਬਾਰੇ ਇਹ ਕਿਹਾ ਜਾਂਦੈ ਕਿ ਉਹ ਬਹੁਤ ਸਿਆਣੇ ਅਤੇ ਸੁਲਝੇ ਹੋਏ ਪੰਥਪ੍ਰਸਤ ਆਗੂ ਨੇ,,, ਪਰ ਇਸ ਫੈਸਲੇ ਵਿਚ ਧਾਮੀ ਸਾਬ੍ਹ ਨੇ ਕਿੰਨੀ ਕੁ ਪੰਥਪ੍ਰਸਤੀ ਦਿਖਾਈ,, ਇਹ ਲੋਕ ਬਾਖ਼ੂਬੀ ਸਮਝ ਸਕਦੇ ਨੇ। ਧਾਮੀ ਸਾਬ੍ਹ ਨੇ ਕੱਲ੍ਹ ਦੀ ਪ੍ਰੈੱਸ ਕਾਨਫਰੰਸ ਵਿਚ ਸਾਫ਼ ਝੂਠ ਬੋਲਿਆ ਕਿ ਉਨ੍ਹਾਂ ਨੇ ਜਦੋਂ ਐਸਜੀਪੀਸੀ ਤੋਂ ਅਸਤੀਫ਼ਾ ਦੇ ਦਿੱਤਾ ਸੀ,,ਜੋ ਉਨ੍ਹਾਂ ਨੇ ਰਿਜੈਕਟ ਕਰ ਦਿੱਤਾ ਸੀ, ਉਦੋਂ ਹੀ ਸੱਤ ਮੈਂਬਰੀ ਕਮੇਟੀ ਤੋਂ ਵੀ ਦਿੱਤਾ ਸੀ, ਜੋ ਕੁੱਝ ਕਰਨਾ ਸੀ ਜਥੇਦਾਰ ਸਾਹਿਬ ਨੇ ਉਦੋਂ ਹੀ ਕਰ ਦਿੰਦੇ, ਉਹ ਕਿਹੜਾ ਫ਼ੈਸਲੇ ਤੋਂ ਬਾਹਰ ਸੀ।
ਹੁਣ ਵਾਪਸ ਅਕਾਲੀ ਦਲ ਦੇ ਮੁੱਦੇ ’ਤੇ ਆਓਨੇ ਆਂ,, ਜਿਨ੍ਹਾਂ ਵਿਚ ਅਸਲੀ ਨਕਲੀ ਦੀ ਜ਼ਬਰਦਸਤ ਲੜਾਈ ਸ਼ੁਰੂ ਹੋ ਚੁੱਕੀ ਐ। ਸੁਖਬੀਰ ਧੜੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਾਰੇ ਪੰਜ ਮੈਂਬਰੀ ਕਮੇਟੀ ਵਾਲਿਆਂ ’ਤੇ ਸਿੱਧਮ ਸਿੱਧੀ ਐਫਆਈਆਰ ਕਰਵਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਐ। ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਤੋਂ ਬਾਅਦ ਹੁਣ ਲੁਧਿਆਣਾ ਤੋਂ ਅਕਾਲੀ ਆਗੂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦਾ ਕਹਿਣਾ ਏ ਕਿ ਹਰਪ੍ਰੀਤ ਧੜੇ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਹੀਂ ਵਰਤ ਸਕਦੇ,, ਇਹ ਇਕ ਅਪਰਾਧ ਐ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਰਜਿਸਟਰਡ ਇਕ ਪਾਰਟੀ ਐ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਉਨ੍ਹਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਖ਼ੁਦ ਐਫਆਰਆਈ ਦਰਜ ਕਰਵਾਉਣਗੇ ਅਤੇ ਫਿਰ ਪੁਲਿਸ ਦੇਖੇਗੀ,, ਇਨ੍ਹਾਂ ਦਾ ਕੀ ਕਰਨਾ ਏ।
ਉਧਰ ਹਰਪ੍ਰੀਤ ਧੜੇ ਵੱਲੋਂ ਹੁਣ ਕੋਰ ਕਮੇਟੀ ਸਮੇਤ ਹੋਰ ਕਮੇਟੀਆ ਬਣਾਉਣ ਦੀ ਅਗਲੀ ਤਿਆਰੀ ਕੀਤੀ ਜਾ ਰਹੀ ਐ, ਜਿਸ ਦੇ ਲਈ ਪਰਮਿੰਦਰ ਸਿੰਘ ਢੀਂਡਸਾ ਦੇ ਘਰ ਜਲਦ ਮੀਟਿੰਗ ਹੋਣ ਦੀ ਜਾਣਕਾਰੀ ਮਿਲ ਰਹੀ ਐ। ਨਾਲ ਹੀ ਇਹ ਵੀ ਖ਼ਬਰਾਂ ਆ ਰਹੀਆਂ ਨੇ ਕਿ ਇਸ ਦੌਰਾਨ ਕਈ ਵੱਡੇ ਵਕੀਲਾਂ ਸਮੇਤ ਹੋਰ ਕੁੱਝ ਕਾਨੂੰਨੀ ਮਾਹਿਰਾਂ ਦੀ ਰਾਇ ਲਈ ਜਾ ਰਹੀ ਐ ਕਿ ਇਸ ਮਾਮਲੇ ਵਿਚ ਕਿਵੇਂ ਅੱਗੇ ਵਧਿਆ ਜਾਵੇ। ਸੂਤਰਾਂ ਤੋਂ ਇਹ ਵੀ ਪਤਾ ਚੱਲ ਰਿਹਾ ਏ ਕਿ ਸਰਕਾਰ ਨਾਲ ਜੁੜੇ ਕੁੱਝ ਆਗੂ ਵੀ ਇਸ ਮਾਮਲੇ ਵਿਚ ਹਰਪ੍ਰੀਤ ਧੜੇ ਦਾ ਸਾਥ ਦੇ ਸਕਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਵੀ ਚਾਹੁੰਦੀ ਐ ਕਿ ਸੁਖਬੀਰ ਬਾਦਲ ਨੂੰ ਚੰਗੀ ਤਰ੍ਹਾਂ ਖੁੱਡੇ ਲਾਈਨ ਲਾਇਆ ਜਾਵੇ।
ਮੌਜੂਦਾ ਸਮੇਂ ਜਿਸ ਤਰ੍ਹਾਂ ਨਾਲ ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਏ, ਇਸ ਤੋਂ ਇੰਝ ਜਾਪਦਾ ਏ ਕਿ ਇਹ ਲੜਾਈ ਲੰਬੀ ਜ਼ਰੂਰ ਚੱਲੇਗੀ,, ਕੋਰਟ ਕਚਹਿਰੀਆਂ ਦੇ ਚੱਕਰ ਪੈਣਗੇ,, ਚੋਣ ਕਮਿਸ਼ਨ ਦਫ਼ਤਰ ਦੇ ਗੇੜੇ ਵੱਜਣਗੇ,, ਪਰ 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਇਸ ਗੱਲ ਦਾ ਨਿਤਾਰਾ ਹੋ ਜਾਵੇਗਾ ਕਿ ਕਿਹੜਾ ਅਕਾਲੀ ਦਲ ਅਸਲੀ ਅਤੇ ਕਿਹੜਾ ਨਕਲੀ?
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


