ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲ਼ੇ ਝੜਪਾਂ, ਪੁਲਿਸ ਨੇ ਕੀਤੀ ਅੱਥਰੂ ਗੈਸ ਦੀ ਵਰਤੋਂ
ਕਿਸਾਨਾਂ ਨੇ ਅੱਜ ਬੁੱਧਵਾਰ ਨੂੰ ਬਠਿੰਡਾ ਦੇ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਲਾਉਣਾ ਸੀ। ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਪੂਰੀ ਸਖ਼ਤੀ ਦੇ ਰੌਂਅ 'ਚ ਵਿਖਾਈ ਦਿੱਤਾ। ਹੋਰਨਾਂ ਸ਼ਹਿਰਾਂ ਤੇ ਪਿੰਡਾਂ ਤੋਂ ਬਠਿੰਡਾ ਪੁੱਜਣ ਵਾਲ਼ੇ ਸਾਰੇ ਰਾਹਾਂ ਉਤੇ ਪੁਲਿਸ ਨੇ ਨਾਕੇ ਲਾ ਕੇ ਕਿਸਾਨਾਂ ਦੀ ਆਮਦ ਨੂੰ ਰੋਕਿਆ

By : [email protected]
ਕਈ ਕਿਸਾਨ ਰਾਤ ਨੂੰ ਹੀ ਕੀਤੇ ਗ੍ਰਿਫ਼ਤਾਰ
ਬਠਿੰਡਾ: ਕਿਸਾਨਾਂ ਨੇ ਅੱਜ ਬੁੱਧਵਾਰ ਨੂੰ ਬਠਿੰਡਾ ਦੇ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਲਾਉਣਾ ਸੀ। ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਪੂਰੀ ਸਖ਼ਤੀ ਦੇ ਰੌਂਅ 'ਚ ਵਿਖਾਈ ਦਿੱਤਾ। ਹੋਰਨਾਂ ਸ਼ਹਿਰਾਂ ਤੇ ਪਿੰਡਾਂ ਤੋਂ ਬਠਿੰਡਾ ਪੁੱਜਣ ਵਾਲ਼ੇ ਸਾਰੇ ਰਾਹਾਂ ਉਤੇ ਪੁਲਿਸ ਨੇ ਨਾਕੇ ਲਾ ਕੇ ਕਿਸਾਨਾਂ ਦੀ ਆਮਦ ਨੂੰ ਰੋਕਿਆ। ਪਿੰਡ ਜਿਉਂਦ 'ਚ ਤਾਂ ਪੁਲਿਸ ਨੇ ਕਿਸਾਨਾਂ ਉਤੇ ਅਥਰੂ ਗੈਸ ਦੀ ਵੀ ਵਰਤੋਂ ਕੀਤੀ। ਦੋਵੇਂ ਪਾਸਿਓਂ ਇੱਕ–ਦੂਜੇ ਉਤੇ ਪਥਰਾਅ ਵੀ ਕੀਤਾ ਗਿਆ।
ਭੈਣੀ ਬਾਘਾ ਤੇ ਹੋਰਨਾਂ ਕਈ ਪਿੰਡਾਂ 'ਚ ਹਾਲਾਤ ਕਾਫ਼ੀ ਤਣਾਅਪੂਰਨ ਵਿਖਾਈ ਦਿੱਤੇ। ਕਈ ਪਿੰਡਾਂ 'ਚ ਤਾਂ ਪੁਲਿਸ ਨੇ ਕਿਸਾਨ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹੀ ਚੁੱਕ ਲਿਆ। ਉਨ੍ਹਾਂ ਨੂੰ ਨਜ਼ਰਬੰਦ ਰੱਖਿਆ ਗਿਆ। ਪੁਲਿਸ ਦੀ ਇਸ ਕਾਰਵਾਈ ਦਾ ਮੰਤਵ ਸਿਰਫ਼ ਤੇ ਸਿਰਫ਼ ਬਠਿੰਡਾ 'ਚ ਕਿਸਾਨ ਧਰਨਾ ਲੱਗਣ ਤੋਂ ਰੋਕਣਾ ਸੀ।
ਕਈ ਕਿਸਾਨ ਆਗੂਆਂ ਨੂੰ ਤਾਂ ਉਨ੍ਹਾਂ ਦੇ ਘਰਾਂ ਅੰਦਰ ਹੀ ਨਜ਼ਰਬੰਦ ਕੀਤੇ ਜਾਣ ਦੀ ਵੀ ਖ਼ਬਰ ਹੈ।
ਪਿੰਡ ਜਿਉਂਦ 'ਚ ਕਿਸਾਨਾਂ ਤੇ ਪੁਲਿਸ ਵਿਚਾਲ਼ੇ ਹੋਈਆਂ ਤਿੱਖੀਆਂ ਤੇ ਹਿੰਸਕ ਝੜਪਾਂ ਦੀ ਵਿਡੀਓ ਬੜੀ ਤੇਜ਼ੀ ਨਾਲ਼ ਵਾਇਰਲ ਹੋ ਰਹੀ ਹੈ। ਇੱਥੇ ਦੱਸ ਦੇਈਏ ਕਿ ਕਿਸਾਨ ਆਪਣੇ ਸਾਥੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਹਨ। ਦੋ ਕਿਸਾਨ ਆਗੂ ਤਾਂ ਪਿਛਲੇ ਨੌਂ ਮਹੀਨਿਆਂ ਤੋਂ ਹਿਰਾਸਤ 'ਚ ਚੱਲ ਰਹੇ ਹਨ। ਅੱਜ ਦੇ ਇਸ ਧਰਨੇ ਦਾ ਸੱਦਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਦਿੱਤਾ ਗਿਆ ਸੀ।
ਕਿਸਾਨਾਂ ਨੇ ਪਹਿਲਾਂ ਪੰਜਾਬ ਸਰਕਾਰ ਨੂੰ 14 ਫ਼ਰਵਰੀ ਤੱਕ ਮੰਗਾਂ ਮੰਨਣ ਦਾ ਅਲਟੀਮੇਟ ਦਿੱਤਾ ਸੀ। ਉਸ ਤੋਂ ਬਾਅਦ ਫਿਰ ਅੱਜ ਬੁੱਧਵਾਰ 18 ਫ਼ਰਵਰੀ ਨੂੰ ਬਠਿੰਡਾ ਦੇ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਲਾਉਣ ਦਾ ਸੱਦਾ ਦਿੱਤਾ ਗਿਆ ਸੀ।
ਪਿੰਡ ਜਿਉਂਦ 'ਚ ਗੜਬੜੀ ਇਸ ਲਈ ਵੱਧ ਹੋਈ ਕਿਉਂਕਿ ਇਸੇ ਪਿੰਡ ਦੇ ਕਿਸਾਨ ਸ਼ਗਨਦੀਪ ਸਿੰਘ ਨੂੰ ਪਿਛਲੇ 9 ਮਹੀਨਿਆਂ ਤੋਂ ਹਿਰਾਸਤ 'ਚ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਪਿੰਡ ਚਾਉਕੇ ਦੇ ਬਲਦੇਵ ਸਿੰਘ ਵੀ ਇੰਝ ਹੀ ਹਿਰਾਸਤ ਵਿੱਚ ਹਨ।
ਹੁਣ ਕਿਸਾਨ ਆਗੂਆਂ ਨੇ ਅਗਲੇਰੀ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਸੰਘਰਸ਼ ਨੂੰ ਇੰਝ ਹੀ ਸਖ਼ਤੀ ਨਾਲ਼ ਦਬਾਉਣ ਦੀਆਂ ਪ੍ਰਸ਼ਾਸਨਿਕ ਕੋਸ਼ਿਸ਼ਾਂ ਜਾਰੀ ਰਹੀਆਂ, ਤਾਂ ਅੰਦੋਲਨ ਨੂੰ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ।


