ਅੱਤਵਾਦੀਆਂ ਦਾ ਮਨੋਰਥ ਕੁਝ ਭਾਰਤੀ ਕਰ ਰਹੇ ਨੇ ਪੂਰਾ?
ਇਹ ਬਹੁਤ ਚੰਗੀ ਗੱਲ ਹੈ ਕਿ ਸਾਡੇ ਦੇਸ਼ 'ਚ ਆਕੇ ਇਸ ਤਰਾਂ ਕਤਲੇਆਮ ਕਰਨ ਵਾਲੇ ਅੱਤਵਾਦੀਆਂ ਨੂੰ ਸਜ਼ਾ ਦੇਣਾ ਜਾਂ ਦਵਾਉਣਾ ਚਾਹੁੰਦੇ ਹਾਂ ਪਰ ਕੁਝ ਸਿਰਫ਼ਿਰੇ ਲੋਕਾਂ ਦੇ ਵਲੋਂ ਐਸੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨਾਲ ਬਦਲਾ ਲੈਣ ਦੀ ਜਗ੍ਹਾ ਏਦਾਂ ਲੱਗਦਾ ਜਿਵੇਂ ਇਹ ਵੀ ਅੱਤਵਾਦੀਆਂ ਦੇ ਹੀ ਸਖਾਲ਼ੇ ਹੋਣ!

ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ): ਪਹਿਲਗਾਮ ਹਮਲੇ ਕਾਰਨ ਪੂਰਾ ਭਾਰਤ ਦੇਸ਼ ਜਿੱਥੇ ਦੁਖਦ ਮਹਿਸੂਸ ਕਰ ਰਿਹਾ ਹੈ ਉੱਥੇ ਹੀ ਭਾਰਤ ਦੇ ਸਾਰੇ ਲੋਕ ਚਾਹੁੰਦੇ ਨੇ ਕਿ ਇਹਨਾਂ ਦਹਿਸ਼ਤਗਰਦੀ ਕਰਨ ਵਾਲੇ ਅੱਤਵਾਦੀਆਂ ਨੂੰ ਸਬਕ ਸਿਖਾਇਆ ਜਾਵੇ ਤੇ ਐਸੀ ਸਜ਼ਾ ਦਿੱਤੀ ਜਾਵੇ ਜਿਸ ਨਾਲ ਉਹਨਾਂ ਵਲੋਂ ਦੁਬਾਰਾ ਏਦਾਂ ਨਿਹੱਥਿਆਂ ਦੇ ਉੱਤੇ ਗੋਲੀਆਂ ਨਾ ਬਰਸਾਈਆਂ ਜਾਣ। ਇਹ ਬਹੁਤ ਚੰਗੀ ਗੱਲ ਹੈ ਕਿ ਸਾਡੇ ਦੇਸ਼ 'ਚ ਆਕੇ ਇਸ ਤਰਾਂ ਕਤਲੇਆਮ ਕਰਨ ਵਾਲੇ ਅੱਤਵਾਦੀਆਂ ਨੂੰ ਸਜ਼ਾ ਦੇਣਾ ਜਾਂ ਦਵਾਉਣਾ ਚਾਹੁੰਦੇ ਹਾਂ ਪਰ ਕੁਝ ਸਿਰਫ਼ਿਰੇ ਲੋਕਾਂ ਦੇ ਵਲੋਂ ਐਸੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨਾਲ ਬਦਲਾ ਲੈਣ ਦੀ ਜਗ੍ਹਾ ਏਦਾਂ ਲੱਗਦਾ ਜਿਵੇਂ ਇਹ ਵੀ ਅੱਤਵਾਦੀਆਂ ਦੇ ਹੀ ਸਖਾਲ਼ੇ ਹੋਣ! ਆਓ ਦੱਸਦੇ ਹਾਂ ਪੂਰਾ ਮਸਲਾ...
ਦਰਅਸਲ ਪਹਿਲਗਾਮ ਦੇ ਹਮਲੇ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਭਾਰਤ ਦੇ ਸੰਬੰਧ ਬਹੁਤੇ ਚੰਗੇ ਨਹੀਂ ਜਾਪ ਰਹੇ,ਇਸਦੀ ਵਜ੍ਹਾ ਪਾਕਿਸਤਾਨ 'ਚ ਬਹੁਤ ਸਾਰੇ ਦਹਿਸ਼ਤ ਗਰਦਾਂ ਦੇ ਕੈਂਪਸ ਦਾ ਹੋਣਾ ਤੇ ਉਹਨਾਂ ਦੀ ਪੁਸ਼ਤ-ਪਨਾਹੀ ਕਰਨਾ ਹੈ ਜਿਸਤੋਂ ਬਾਅਦ ਅਸਿੱਧੇ ਰੂਪ 'ਚ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਵਲੋਂ ਇਸ ਗੱਲ ਨੂੰ ਮੰਨਿਆਂ ਵੀ ਗਿਆ ਹੈ (ਇੱਕ ਵਿਦੇਸ਼ੀ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ)
ਐਸੇ ਦਿੱਤੇ ਬਿਆਨਾਂ 'ਤੇ ਭਾਰਤ ਵਾਸੀਆਂ ਨੂੰ ਗੁੱਸਾ ਆਉਣਾ ਲਾਜ਼ਮੀ ਹੈ ਪਰ ਇਹ ਗੁੱਸਾ ਕੱਢਿਆ ਬਹੁਤ ਗ਼ਲਤ ਤਰੀਕੇ ਨਾਲ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ 'ਚ ਕੁੱਝ ਲੋਕ ਕਸ਼ਮੀਰੀ ਲੋਕਾਂ ਨਾਲ ਮਾਰਕੁਟਾਈ ਕਰ ਰਹੇ ਨੇ,ਆਗਰਾ ਤੋਂ ਮਾਮਲਾ ਸਾਹਮਣੇ ਆਇਆ ਕਿ ਗਊ ਰਕਸ਼ਾ ਦਲ ਦੇ ਮੈਂਬਰਾਂ ਨੇ 2 ਨੌਜਵਾਨਾਂ ਨੂੰ ਗੋਲੀਆਂ ਮਾਰਕੇ ਮਾਰ ਦਿੱਤਾ ਇਹ ਪੁੱਛ ਕੇ ਕੀ ਉਹ ਮੁਸਲਮਾਨ ਹੈ।ਇੱਕ ਖ਼ਬਰ ਪੰਜਾਬ ਦੇ ਮੁਹਾਲੀ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਇੱਕ ਕਸ਼ਮੀਰੀ ਲੜਕੀ ਨਾਲ ਬਦਸਲੂਕੀ ਹੋਈ ਹੈ ਜੋ ਕਿ ਪੰਜਾਬ 'ਚ ਪੜ੍ਹਨ ਦੇ ਲਈ ਆਈ ਹੋਈ ਹੈ ਪਰ ਭਲਾ ਹੋਵੇ ਉਹਨਾਂ ਪੰਜਾਬ ਦੇ ਨੌਜਵਾਨਾਂ ਦਾ ਜਿਨ੍ਹਾਂ ਦੇ ਵਲੋਂ ਇਸ ਲੜਕੀ ਨੂੰ ਕਾਲਜ ਦੇ ਹੋਸਟਲ ਵਿੱਚੋਂ ਬਚਾ ਕੇ ਲਿਆਂਦਾ ਗਿਆ।
ਇਹ ਤਾਂ ਕੁੱਝ ਕੁ ਮਾਮਲੇ ਨੇ ਪਰ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਭਾਰਤ ਦੇ ਲੋਕਾਂ ਦੇ ਵਲੋਂ ਕੀਤੀਆਂ ਜਾ ਰਹੀਆਂ ਨੇ ਇਹ ਸੋਚ ਕੇ ਕਿ ਸ਼ਾਇਦ ਇਸ ਤਰੀਕੇ ਉਹ ਅੱਤਵਾਦੀਆਂ ਕੋਲੋਂ ਬਦਲਾ ਲਏ ਲੈਣਗੇ ਜਦਕਿ ਇਸ ਸਭ ਨਾਲ ਉਹ ਇੱਕ ਤਰੀਕੇ ਅੱਤਵਾਦੀਆਂ ਦੇ ਉਸ ਮਨਸੂਬੇ ਨੂੰ ਪੂਰਾ ਕਰ ਰਹੇ ਨੇ ਜਿਸਨੂੰ ਪੂਰਾ ਕਰਨ ਦੇ ਲਈ ਅੱਤਵਾਦੀਆਂ ਦੇ ਵਲੋਂ ਪਹਿਲਗਾਮ ਦੀ ਤਰ੍ਹਾਂ ਇਨਸਾਨੀਅਤ ਦਾ ਘਾਣ ਕਰਨ ਵਾਲਿਆਂ ਬੇਹੱਦ ਖੂੰਖਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਆਹੀ ਤਾਂ ਇਹਨਾਂ ਅੱਤਵਾਦੀਆਂ ਦੇ ਵਲੋਂ ਸੋਚ ਕੇ ਇਹ ਸਭ ਕੀਤਾ ਜਾਂਦਾ ਹੈ ਕਿ ਭਾਰਤ ਦੇ ਆਪਸੀ ਭਾਈਚਾਰਕ ਰਿਸ਼ਤਿਆਂ ਨੂੰ ਨਿਸ਼ਾਨਾ ਬਣਾ ਕੇ ਫੁੱਟ ਪਾਕੇ ਉਹ ਸਭ ਗਤੀਵਿਧੀਆਂ ਕੀਤੀਆਂ ਜਾਣ ਜਿਸ ਨਾਲ ਉਹਨਾਂ ਦੇ ਇਹ ਖ਼ਤਰਨਾਕ ਮਨਸੂਬੇ ਪੂਰੇ ਹੋ ਸਕਣ।ਪਰ ਇਥੇ ਤਾਂ ਆਪਣੇ ਆਪ ਨੂੰ ਵੱਡੇ ਰਾਸ਼ਟਵਾਦੀ ਅਖਵਾਉਣ ਵਾਲੇ ਕੁਝ ਚੁਣਿੰਦਾ ਲੋਕਾਂ ਦੇ ਵਲੋਂ ਕੋਝੀਆਂ ਹਰਕਤਾਂ ਕਰਕੇ ਇਹਨਾਂ ਅੱਤਵਾਦੀਆਂ ਦੇ ਮਨਸੂਬੇ ਅਸਿੱਧੇ ਰੂਪ 'ਚ ਪੂਰੇ ਕੀਤੇ ਜਾ ਰਹੇ ਨੇ।